ਰਾਸ਼ਟਰਪਤੀ ਡੋਨਾਲਡ ਟਰੰਪ ਦੇ ਐਲਾਨਾਂ ਦੇ ਉਲਟ , ਕੁਝ ਲੋਕਾਂ ਦਾ ਦਾਅਵਾ ਹੈ ਕਿ ਈਰਾਨ ਵਿਚ ਨਿਜ਼ਾਮ-ਤਬਦੀਲੀ ਨਾ ਤਾਂ ਹੋਈ ਹੈ ਤੇ ਨਾ ਹੋ ਹੀ ਸਕਦੀ ਹੈ।
ਦੋਵਾਂ ਪੱਖਾਂ ਦਾ ਇਹ ਇਕ ਬਹੁਤ ਵੱਡਾ ਦਾਅਵਾ ਹੈ । ਇਸ ਨੂੰ ਨਜ਼ਦੀਕ ਤੋਂ ਵੇਖਣ ਅਤੇ ਘੋਖਣ ਤੋਂ ਬਾਅਦ ਕੁਝ ਦਿਲਚਸਪ ਨਤੀਜੇ ਸਾਹਮਣੇ ਆ ਸਕਦੇ ਹਨ ਪਰ ਉਸ ਵਾਸਤੇ ਸਭ ਤੋਂ ਪਹਿਲੀ ਸ਼ਰਤ ਇਹ ਹੈ ਕਿ ਆਪਣਾ ਮਨ ਖੁੱਲ੍ਹਾ ਰੱਖਿਆ ਜਾਏ ਅਤੇ ਇਹ ਜ਼ਿੱਦ ਛੱਡ ਦਿੱਤੀ ਜਾਏ ਕਿ ਇਤਿਹਾਸਕ ਤੱਥਾਂ ਦੇ ਨਤੀਜੇ ਸਾਡੇ ਮਨ ਭਾਉਂਦੇ ਹੀ ਹੋਣ।
ਈਰਾਨ ਵਿਚ ਨਿਜ਼ਾਮ ਤਬਦੀਲੀ ਹੋਈ ਕਿ ਨਹੀਂ ? ਇਹ ਸਵਾਲ ਕਰਨ ਤੋਂ ਪਹਿਲਾਂ ਲੋੜ ਹੈ ਕਿ ਆਪਾਂ ਨਿਜ਼ਾਮ ਦੀ ਪਰਿਭਾਸ਼ਾ ਨੂੰ ਸਮਝੀਏ ਤੇ ਆਪਾਂ ਸਾਰੇ ਕਿਸੇ ਇਕ ਪਰਿਭਾਸ਼ਾ ’ਤੇ ਸਹਿਮਤ ਹੋਈਏ।
ਨਿਜ਼ਾਮ ਕੀ ਹੁੰਦਾ ਹੈ? ਕੀ ਨਿਜ਼ਾਮ ਕੋਈ ਸਫ਼ੈਦ ਸੰਗਮਰਮਰ ਜਾਂ ਲਾਲ ਪੱਥਰ ਦੀ ਬੁਲੰਦ ਇਮਾਰਤ ਹੁੰਦੀ ਹੈ - ਜਿਵੇਂ ਲਾਲ ਕਿਲਾ ਜਾਂ ਅਮਰੀਕੀ ਰਾਸ਼ਟਰਪਤੀ ਦਾ ਸਰਕਾਰੀ ਨਿਵਾਸ ਅਸਥਾਨ - ਵ੍ਹਾਈਟ ਹਾਊਸ? ਜਾਂ ਕੀ ਨਿਜ਼ਾਮ ਸਿਰਫ ਕੁਝ ਬੰਦਿਆਂ ਦਾ ਇਕ ਸਮੂਹ ਹੁੰਦਾ ਹੈ ਜੋ ਅੰਨ੍ਹੀ ਸਿਆਸੀ ਜਾਂ ਫ਼ੌਜੀ ਤਾਕਤ ਜਾਂ ਨੈਤਿਕ ਭਰੋਸੇਯੋਗਤਾ ਜਾਂ ਸਮੂਹਿਕ ਜਮਹੂਰੀ ਮਕਬੂਲੀਅਤ ਜਾਂ ਇਨ੍ਹਾਂ ਵਿਚੋਂ ਕੁਝ ਇਕ ਦੇ ਸੁਮੇਲ ਦੇ ਆਧਾਰ ’ਤੇ ਤਾਕਤ ਦੀ ਕਮਾਨ ਆਪਣੇ ਹੱਥ ਵਿਚ ਲਈ ਬੈਠਾ ਹੋਏ?
ਜਾਂ ਕੀ ਨਿਜ਼ਾਮ ਮਨੁੱਖੀ ਸਰੀਰਾਂ ਤੇ ਇੱਛਾ ਸ਼ਕਤੀ ਦਾ ਸੁਮੇਲ ਹੁੰਦਾ ਹੈ ? ਜੇ ਬੌਧਿਕ ਬਾਰੀਕੀਆਂ ਤੋਂ ਪਰ੍ਹਾਂ ਹਟ ਕੇ ਵੇਖੀਏ ਤਾਂ ਇਕ ਖਾਸ ਵਿਧੀ ਰਾਹੀਂ ਸੱਤਾ ਦੇ ਗਲਿਆਰਿਆਂ ਉਤੇ ਕਾਬਜ਼ ਇਨਸਾਨਾਂ ਦੇ ਇਕ ਸਮੂਹ ਅਤੇ ਉਸ ਸਮੂਹ ਵੱਲੋਂ ਨਾਫ਼ਿਸ ਕੀਤੇ ਸਿਸਟਮ ਨੂੰ ਹੀ ਨਿਜ਼ਾਮ ਕਿਹਾ ਜਾਂਦਾ ਹੈ।
ਹੁਣ ਵੇਖਦੇ ਹਾਂ ਕ ਈਰਾਨ ਦਾ ਮੌਜੂਦਾ ਨਿਜ਼ਾਮ ਕਿੱਥੇ ਖੜ੍ਹਾ ਹੈ ।
ਅਮਰੀਕਾ ਨੇ ਈਰਾਨ ਦੇ ਪੁਰਾਣੇ ਨਿਜ਼ਾਮ ਦੇ ਸਾਰੇ ਨਹੀਂ ਤਾਂ ਸੁਪਰੀਮ ਲੀਡਰ ਸਮੇਤ ਭਾਰੀ ਬਹੁਗਿਣਤੀ ਵਿਚ ਲੱਗਭਗ ਉਹ ਸਾਰੇ ਬੰਦੇ ਮਾਰ ਹੀ ਦਿੱਤੇ ਹਨ ਜੋ ਉਸ ਕੱਟੜ ਇਬ੍ਰਾਹਿਮਿਕ ਸੋਚ ਵਿਚਲੇ ਇਸਲਾਮਿਕ ਨਿਜ਼ਾਮ ਦੇ ਵਫ਼ਾਦਾਰ ਸਨ। ਇਸ ਨਾਲ ਇਕ ਨਵਾਂ ਨਿਜ਼ਾਮ ਖੁਦ-ਬ-ਖ਼ੁਦ ਹੋਂਦ ਵਿਚ ਆ ਚੁੱਕਾ ਹੈ। ਪੁਰਾਣੇ ਸੁਪਰੀਮ ਲੀਡਰ ਸਮੇਤ ਸਮੁੱਚਾ ਪੁਰਾਣਾ ਢਾਂਚਾ ਬੰਬਾਂ ਤੇ ਮਿਜ਼ਾਈਲਾਂ ਨਾਲ ਖਤਮ ਕਰ ਕੇ ਅਮਰੀਕਾ ਨੇ ਸੁਚੇਤ ਜਾਂ ਅਚੇਤ ਨਵੇਂ ਨਿਜ਼ਾਮ ਵਾਲਿਆਂ ਲਈ ਸਿਆਸੀ ਰਾਹ ਤਾਂ ਪੂਰੀ ਤਰ੍ਹਾਂ ਮੋਕਲਾ ਕਰ ਹੀ ਦਿੱਤਾ ਹੈ ।
ਵੇਖਣਾ ਇਹ ਹੈ ਕਿ ਕੀ ਇਹ ਨਵੇਂ ਚਿਹਰੇ ਪੁਰਾਣੇ ਨਿਜ਼ਾਮ ਦੇ ਸੁਭਾਅ ਅਤੇ ਨੀਤੀਆਂ ਦਾ ਹੀ ਨਵਾਂ ਰੂਪ ਹਨ ਜਾਂ ਗੱਲ ਕੁਝ ਹੋਰ ਹੀ ਹੈ। ਇਹ ਵੀ ਸੰਭਵ ਹੈ ਕਿ ਮੌਜੂਦਾ ਸੱਤਾਧਾਰੀ ਲੋਕ ਕੁਝ ਦੇਰ ਤੱਕ ਵਿਖਾਵਾ ਤਾਂ ਪੁਰਾਣੇ ਨਿਜ਼ਾਮ ਦੀਆਂ ਨੀਤੀਆਂ ਉੱਤੇ ਪਹਿਰਾ ਦੇਣ ਦਾ ਹੀ ਕਰਨ ਕਿਉਂਕਿ ਉਹ ਸਿਆਸੀ ਮਜਬੂਰੀ ਹੋਵੇਗੀ ਪਰ ਹੌਲੀ ਹੌਲੀ ਇਸ ਨਵੇਂ ਨਿਜ਼ਾਮ ਦੀ ਨਵੀਂ ਸੋਚ ਅਤੇ ਪਹੁੰਚ ਸਾਹਮਣੇ ਆਉਣ ਲੱਗੇ।
ਜਿਹੜੇ ਨਵੇਂ ਚਿਹਰੇ ਹਨ, ਉਨ੍ਹਾਂ ਵਿਚੋਂ ਕੁਝ ਇਕ ਨੂੰ ਛੱਡ ਕੇ ਪੁਰਾਣੇ ਨਿਜ਼ਾਮ ਦੌਰਾਨ ਇਨ੍ਹਾਂ ਵਿਚੋਂ ਬਹੁਤੇ ਖੁਦ ਖੂੰਜੇ ਲੱਗੇ ਹੋਏ ਸਨ। ਹੁਣ ਰੱਬ ਜਾਣੇ ਕਿੰਨਾ ਕੁ ਸੱਚ ਹੈ ਪਰ ਇਕ ਬਿਰਤਾਂਤ ਇਹ ਵੀ ਗਰਦਿਸ਼ ਕਰ ਰਿਹਾ ਹੈ ਕਿ ਸ਼ਾਇਦ ਇਨ੍ਹਾਂ ਨੇ ਹੀ ਚੁੱਪ-ਚਪੀਤੇ ਅਮਰੀਕਾ ਨਾਲ ਰਲ ਕੇ ਪੁਰਾਣੇ ਤਾਨਾਸ਼ਾਹ ਮਰਵਾ ਦਿੱਤੇ ਹੋਣ । ਇਸ ਵਿਚ ਸਚਾਈ ਹੈ ਜਾਂ ਨਹੀਂ - ਕਹਿਣਾ ਮੁਸ਼ਕਿਲ ਹੈ ਪਰ ਕੁਝ ਭੇਤਭਰੇ ਤੱਥ ਧਿਆਨ ਜ਼ਰੂਰ ਮੰਗਦੇ ਹਨ, ਜਿਨ੍ਹਾਂ ਦੇ ਹੱਕ ਅਤੇ ਵਿਰੋਧ ਵਿਚ ਬਰਾਬਰ ਦੇ ਤੱਥ ਤੇ ਦਲੀਲਾਂ ਪੇਸ਼ ਕੀਤੀਆਂ ਜਾ ਸਕਦੀਆਂ ਹਨ।
ਇਹ ਗੱਲ ਬੜੀ ਹੀ ਭੇਤਭਰੀ ਹੈ ਕਿ ਕਿਸੇ ਨੂੰ ਵੀ ਇਸ ਗੱਲ ਦੀ ਸੂਹ ਨਾ ਲੱਗੇ ਕਿ ਪੁਰਾਣੇ ਆਗੂ ਇੰਨੀ ਆਸਾਨੀ ਨਾਲ ਕਿਵੇਂ ਮਾਰੇ ਗਏ ਅਤੇ ਨਵਿਆਂ ਨੂੰ ਮਾਰਨ ਵਿਚ ਅਮਰੀਕਾ ਤੇ ਇਜ਼ਰਾਈਲ ਨੂੰ ਕੀ ਮੁਸ਼ਕਿਲ ਪੇਸ਼ ਆਈ।
ਇਕ ਪ੍ਰਭਾਵ ਇਹ ਵੀ ਹੈ ਕਿ ਨਿਜ਼ਾਮ ਸੱਚ-ਮੁੱਚ ਬਦਲ ਚੁੱਕਾ ਹੈ ਪਰ ਇਹ ਗੱਲ ਜ਼ਾਹਿਰ ਕਰਨੀ ਨਾ ਅਮਰੀਕਾ ਦੇ ਹਿਤ ਵਿਚ ਹੈ ਤੇ ਨਾ ਈਰਾਨ ਦੇ ਮੌਜੂਦਾ ਨਿਜ਼ਾਮ ਦੇ ਹੱਕ ਵਿਚ। ਈਰਾਨ ਦੇ ਲੋਕ ਨਵੇਂ ਨਿਜ਼ਾਮ ਵਾਲਿਆਂ ਨੂੰ ਗੱਦਾਰ ਨਾ ਕਹਿਣ , ਇਸ ਲਈ ਰਲ-ਮਿਲ ਕੇ ਇਕ ਅਜਿਹੀ ਜੰਗ ਚਲਾਈ ਜਾ ਰਹੀ ਹੈ ਜਿਸ ਵਿਚ ਅਮਰੀਕਾ ਨਵੇਂ ਨਿਜ਼ਾਮ ਦੇ ਕਿਸੇ ਚਪੜਾਸੀ ਤੱਕ ਨੂੰ ਵੀ ਨਹੀਂ ਮਾਰ ਰਿਹਾ - ਇਸ ਦਲੀਲ ਨੂੰ ਖਾਰਜ ਕਰਨਾ ਓਨਾ ਹੀ ਸੌਖਾ ਹੈ ਜਿੰਨਾ ਇਸਨੂੰ ਸਾਬਤ ਕਰਨਾ। ਇਸ ਲਈ ਇਸ ਦਲੀਲ ’ਤੇ ਇਸ ਸੰਭਾਵਨਾ ਨੂੰ ਮੁੱਢੋਂ ਖਾਰਜ ਕਰਨਾ ਇਕਪਾਸੜ ਜਲਦਬਾਜ਼ੀ ਹੀ ਅਖਵਾਇਗੀ।
ਅਮਰੀਕਾ ਤੇ ਇਸਰਾਈਲ ਦੇ ਉਹ ਖੁਫੀਆ ਹਥਕੰਡੇ ਜਿਹੜੇ ਈਰਾਨ ਦੇ ਸੁਪਰੀਮ ਲੀਡਰ, ਫੌਜ ਦੇ ਮੁਖੀ , ਸਭ ਤੋਂ ਵੱਡੇ ਵੱਡੇ ਫ਼ੌਜੀ ਅਫ਼ਸਰ ਜਿਵੇਂ ਇੰਟੈਲੀਜੈਂਸ ਮੁਖੀ ਸਮੇਤ ਪੁਰਾਣੇ ਨਿਜ਼ਾਮ ਦੇ ਲਗਭਗ ਸਾਰੇ ਦੇ ਸਾਰੇ ਮੈਂਬਰਾਂ ਨੂੰ ਉਹਨਾ ਦੇ ਘਰਾਂ ਦੇ ਅੰਦਰ ਤੱਕ ਜਾ ਕੇ ਆਰਾਮ ਨਾਲ ਕਤਲ ਕਰ ਸਕਦਾ ਹੈ , ਤਾਂ ਜੇ ਉਹ ਚਾਹੇ ਤਾਂ ਉਸ ਲਈ ਮੌਜੂਦਾ ਨਿਜ਼ਾਮ ਦੇ ਕਿਸੇ ਭੀ ਆਗੂ ਨੂੰ ਮਾਰ ਮੁਕਾਉਣਾ ਕਿੰਨਾ ਕੁ ਮੁਸ਼ਕਿਲ ਹੋਏਗਾ। ? ਪਰ ਪਹਿਲੀ ਕਤਾਰ ਤਾਂ ਛੱਡੋ , ਅਮਰੀਕਾ ਅਤੇ ਇਜ਼ਰਾਈਲ ਰਲ ਕੇ ਈਰਾਨ ਦੇ ਮੌਜੂਦਾ ਨਿਜ਼ਾਮ ਦੇ ਕਿਸੇ ਤੀਜੇ ਚੌਥੇ ਦਰਜੇ ਦੇ ਆਗੂ ਜਾਂ ਅਫਸਰ ਤੱਕ ਨੂੰ ਹੱਥ ਨਹੀਂ ਲਾ ਰਹੇ। ਕਿਉਂ ?
ਅਮਰੀਕਾ-ਇਜ਼ਰਾਈਲ ਇਹ ਪ੍ਰਭਾਵ ਦੇ ਰਹੇ ਹਨ ਕਿ ਈਰਾਨ ਦਾ ਪਹਿਲੀ ਕਤਾਰ ਦਾ ਆਗੂ ਤਾਂ ਛੱਡੋ , ਤੀਜੇ-ਚੌਥੇ ਦਰਜੇ ਦਾ ਸਿਆਸੀ ਲੀਡਰ ਜਾਂ ਫ਼ੌਜੀ ਅਫ਼ਸਰ ਵੀ ਉਨ੍ਹਾਂ ਦੇ ਹੱਥ ਨਹੀਂ ਲੱਗ ਰਿਹਾ। । ਇਵੇਂ ਪ੍ਰਭਾਵ ਦਿੱਤਾ ਜਾ ਰਿਹਾ ਹੈ ਕਿ ਜੰਗ ਦੇ ਚੌਥੇ ਦਿਨ ਹੀ ਅਮਰੀਕਾ- ਇਜ਼ਰਾਈਲ ਦੀਆਂ ਸਾਰੀਆਂ ਖੁਫ਼ੀਆ ਤੰਤਰੀ ਤਾਕਤਾਂ ਛੁੱਟੀ ’ਤੇ ਚਲੀਆਂ ਗਈਆਂ ਹੋਣ ਤੇ ਹੁਣ ਇਹ ਬਿਨਾਂ ਤਲਵਾਰ ਹੀ ਜੰਗ ਲੜ ਰਹੇ ਹਨ। ਸਦਕੇ ਜਾਈਏ । ਅਮਰੀਕਾ-ਇਜ਼ਰਾਈਲ ਦੇ ਇਸ ਅੰਦਾਜ਼ ’ਤੇ ਉਹ ਸ਼ੇਅਰ ਐਨ ਢੁਕਦਾ ਹੈ ਕਿ-
ਇਸ ਸਾਦਗੀ ਪੇ ਕੌਨ ਨਾ ਮਰ ਜਾਏ ਐ ਖ਼ੁਦਾ
ਲੜਤੇ ਹੈਂ , ਔਰ ਹਾਥ ਮੇ ਤਲਵਾਰ ਭੀ ਨਹੀਂ। “
ਉਧਰ ਈਰਾਨ, ਚੀਨ, ਰੂਸ, ਹਿਜ਼ਬੁੱਲਾ, ਹਮਾਸ ਤੇ ਕਈ ਹੋਰ ਤਾਕਤਾਂ ਰਲ ਕੇ ਵੀ ਅਮਰੀਕਾ ਜਾਂ ਇਜ਼ਰਾਈਲ ਦਾ ਕੋਈ ਤੀਜੇ ਦਰਜੇ ਦਾ ਨਾਮਵਰ ਫ਼ੌਜੀ ਮਾਰਨ ਦਾ ਦਾਅਵਾ ਵੀ ਨਹੀਂ ਕਰ ਰਹੇ।
ਹੁਣ ਤਾਂ ਕਮਾਲ ਹੀ ਹੋ ਗਈ। ਈਰਾਨ ਕਹਿੰਦਾ ਕਿ ਮੈਂ ਹੋਰਮੁਜ਼ ਬੰਦ ਕਰ ਦਿੱਤੀ। ਇਸ ਦੇ ਜਵਾਬ ਵਿਚ ਬਣਦਾ ਤਾਂ ਇਹ ਸੀ ਕਿ ਅਮਰੀਕਾ ਕਹਿੰਦਾ ਕਿ ਮੈਂ ਖੁੱਲ੍ਹਵਾਊਂਗਾ। ਉਲਟਾ ਅਮਰੀਕਾ ਇਹ ਕਹਿ ਰਿਹਾ ਕਿ ਹੋਰਮੁਜ਼ ਨੂੰ ਬੰਦ ਕਰਨ ਵਾਲਾ ਈਰਾਨੀ ਫ਼ੈਸਲਾ ਪੂਰੀ ਤਰ੍ਹਾਂ ਲਾਗੂ ਕਰਨ ਲਈ ਮੈਂ ਵੀ ਮਦਦ ਕਰੂੰਗਾ। ਅਮਰੀਕਾ ਨੇ ਈਰਾਨ ਵੱਲੋਂ ਬੰਦ ਕੀਤੀ ਹੋਰਮੁਜ਼ ਬੰਦ ਕਰ ਦਿੱਤੀ । ਅਮਰੀਕਾ ਅਤੇ ਈਰਾਨ ਦਾ ਨਵਾਂ ਨਿਜ਼ਾਮ ਹੋਰਮੁਜ਼ ਨੂੰ ਬੰਦ ਰੱਖਣ ਲਈ ਪੂਰੀ ਤਰ੍ਹਾਂ ਸਹਿਮਤ ਸਾਫ ਦਿਖਾਈ ਦੇ ਰਿਹਾ ਹੈ। ਯਾਨੀ ਦੋਵਾਂ ਦਾ ਇਕ ਹੀ ਟੀਚਾ।
ਇਹ ਸਾਰਾ ਕੁਝ ਈਰਾਨ ਦਾ ਨਵਾਂ ਨਿਜ਼ਾਮ ਤੇ ਅਮਰੀਕਾ ਕਰ ਰਹੇ ਹਨ। ਫਿਰ ਜੰਗ ਕਾਹਦੀ ਹੋਈ? ਤੇ ਟਰੰਪ ਦੀ ਦੇਖਣ ਨੂੰ ਬੇਤੁਕੀ ਨਜ਼ਰ ਆਉਂਦੀ ਬਿਆਨਬਾਜ਼ੀ ਤੇ ਈਰਾਨੀਆਂ ਦੇ ਫੋਕੇ ਦਮਗਜ਼ੇ ਕਿਸ ਲਈ?
ਪੁਰਾਣੇ ਨਿਜ਼ਾਮ ਨੂੰ ਬੁਰੀ ਤਰ੍ਹਾਂ ਨੇਸਤੋ ਨਾਬੂਦ ਕਰਨ ਤੋਂ ਬਾਅਦ ਇਹ ਜ਼ਰੂਰੀ ਹੈ ਕਿ ਨਵੇਂ ਨਿਜ਼ਾਮ ਨੂੰ ਅਮਰੀਕਾ ਵਿਰੁੱਧ ਫਤਹਿ ਦਿਖਾ ਕੇ ਉਸ ਨੂੰ ਈਰਾਨੀਆਂ ਦੇ ਮਨਾਂ ਵਿਚ ਬਾ-ਇੱਜ਼ਤ ਸਥਾਪਤ ਕੀਤਾ ਜਾਏ। ਇਸ ਲਈ ਤੇਜ਼ ਬੁੱਧੀ ਵਾਲੇ ਨੀਤੀ ਘਾੜਿਆਂ ਦੀ ਲੋੜ ਹੁੰਦੀ ਹੈ।
ਇਸ ਵਕਤ ਸਾਡੇ ਦੇਸ਼ ਵਿਚ ਕਈ ਪੱਤਰਕਾਰਾਂ , ਬੁਧੀਜੀਵੀਆਂ ਤੇ ਟਿੱਪਣੀਕਾਰਾਂ ਦਾ ਅਮਰੀਕਾ-ਇਜ਼ਰਾਈਲ ਜਾਂ ਈਰਾਨ ਵਿਚੋਂ ਕਿਸੇ ਇਕ ਨਾਲ ਜਜ਼ਬਾਤੀ ਜਾਂ ਵਿਚਾਰਧਾਰਕ ਲਗਾਓ ਜਾਂ ਟਕਰਾਅ ਸਾਫ ਨਜ਼ਰ ਆਉਂਦਾ ਹੈ। ਜਜ਼ਬਾਤੀ ਲਗਾਓ ਜਾਂ ਵਿਰੋਧ ਦੀ ਕਦਰ ਤਾਂ ਕੀਤੀ ਜਾ ਸਕਦੀ ਹੈ ਤੇ ਕੀਤੀ ਵੀ ਜਾਣੀ ਚਾਹੀਦੀ ਹੈ ਪਰ ਉਨ੍ਹਾਂ ਜਜ਼ਬਾਤੀ ਦਲੀਲਾਂ ਦੇ ਆਧਾਰ ਉੱਤੇ ਕਿਸੇ ਨਿਰਪੱਖ ਇਤਿਹਾਸਕ ਨਤੀਜਿਆਂ ’ਤੇ ਪਹੁੰਚਣਾ ਖ਼ਤਰੇ ਤੋਂ ਖਾਲੀ ਨਹੀਂ। ਉਨ੍ਹਾਂ ਦਲੀਲਾਂ ਨੂੰ ਆਧਾਰ ਬਣਾ ਕੇ ਬੀਤੇ ਇਤਿਹਾਸ ਬਾਰੇ ਜਾਂ ਭਵਿੱਖ ਬਾਰੇ ਫਤਵੇ ਜਾਰੀ ਕਰਨਾ ਬਚਕਾਨਾ ਮਾਨਸਿਕਤਾ ਦੀ ਪਛਾਣ ਹੈ।
ਸਾਡੇ ਮੁਲਕ ਅੰਦਰਲੇ ਈਰਾਨ ਪ੍ਰੇਮੀਆਂ ਨੂੰ ਇਹ ਗੱਲ ਸਮਝਾਉਣੀ ਬਹੁਤ ਔਖਾ ਕੰਮ ਹੈ ਕਿ ਈਰਾਨ ਨਾਲ ਇਸ਼ਕ ਇਕ ਚੀਜ਼ ਹੈ ਤੇ ਈਰਾਨ ਦੇ ਸਾਸ਼ਕਾਂ ਨਾਲ ਅੰਨ੍ਹਾ ਪਿਆਰ ਦੂਜੀ ਚੀਜ਼। ਆਪਣੇ ਮੁਲਕ ਅੰਦਰ ਤਾਂ ਇਹ ਲੋਕ ਜ਼ੋਰ ਦੇ ਕੇ ਆਖਦੇ ਹਨ ਕਿ ਭਾਰਤ ਸਰਕਾਰ ਤੇ ਭਾਰਤ ਦੇਸ਼ ਦੋ ਚੀਜ਼ਾਂ ਹਨ ਤੇ ਸਰਕਾਰ ਦਾ ਵਿਰੋਧ ਦੇਸ਼ ਦਾ ਵਿਰੋਧ ਨਹੀਂ ਹੁੰਦਾ ਪਰ ਇਹ ਹੀ ਲੋਕ ਈਰਾਨ ਦੇ ਹਾਕਮਾਂ ਦੇ ਕਿਸੇ ਵੀ ਫ਼ੈਸਲੇ ਦੀ ਨੁਕਤਾਚੀਨੀ ਨੂੰ ਈਰਾਨ ਦਾ ਵਿਰੋਧ ਦੱਸਦੇ ਹਨ।
ਇਤਿਹਾਸ ਨਾ ਤਾਂ ਈਰਾਨ ਦਾ ਦੀਵਾਨਾ ਹੈ ਨਾ ਅਮਰੀਕਾ ਜਾਂ ਇਜ਼ਰਾਈਲ ਜਾਂ ਚੀਨ ਜਾਂ ਭਾਰਤ ਜਾਂ ਪਾਕਿਸਤਾਨ ਦਾ ਗੁਲਾਮ। ਇਤਿਹਾਸ ਨਾ ਪੰਥ ਦਰਦੀ ਹੈ ਨਾ ਪੰਥ ਵਿਰੋਧੀ। ਨਾ ਹਿੰਦੂ ਪੱਖੀ ਹੈ ਨਾ ਹਿੰਦੂ ਵਿਰੋਧੀ। ਇਤਿਹਾਸ ਦੇ ਕਟਘਰੇ ਵਿਚ ਖ਼ਾਲਸਾ ਪੰਥ , ਹਿੰਦੂ ਧਰਮ , ਦੀਨ- ਏ-ਇਸਲਾਮ, ਯਹੂਦੀਅਤ, ਈਸਾਈਅਤ , ਬੌਧ ਵਿਚਾਰਧਾਰਾ , ਸਾਮਵਾਦ, ਸਾਮਰਾਜਵਾਦ - ਸਭ ਇਕੋ ਕਤਾਰ ਵਿਚ ਖੜ੍ਹੇ ਹਨ। ਇਤਿਹਾਸ ਸਭ ਨਾਲ ਮੁਹੱਬਤ ਕਰਦਾ ਹੈ। ਇਸੇ ਲਈ ਇਸ ਦਾ ਨਾ ਕੋਈ ਫੇਵਰਿਟ ਹੁੰਦਾ ਤਾਂ ਨਾ ਹੀ ਕੋਈ ਵੈਰੀ। ਇਸੇ ਲਈ ਇਤਿਹਾਸ ਅੱਜ ਤੁਹਾਡਾ ਆਸ਼ਿਕ ਤੇ ਕੱਲ ਤੁਹਾਡਾ ਦੁਸ਼ਮਣ ਨਜ਼ਰ ਆਏਗਾ। ਅਸਲ ਵਿਚ ਉਹ ਨਾ ਦੋਸਤ ਹੈ ਨਾ ਦੁਸ਼ਮਣ । ਉਹ ਰੱਬ ਵਾਂਗ ਨਿਰਪੱਖ ਹੈ।
ਆਪਾਂ ਚਾਹੁੰਦੇ ਹਾਂ ਕਿ ਸਾਡੇ ਫਤਵਿਆਂ ਵਿਚ ਇਤਿਹਾਸ ਸਾਡੀ ਆਵਾਜ਼ ਵਿਚ ਆਵਾਜ਼ ਮਿਲਾਏ। ਈਰਾਨ-ਇਜ਼ਰਾਈਲ-ਅਮਰੀਕਾ ਬਾਰੇ ਆਪਣੀ ਆਪਣੀ ਜ਼ਿੱਦ ਨੂੰ “ ਇਨਸਾਫ਼ ਪਸੰਦੀ, ਰੌਸ਼ਨਖਿਆਲੀ” ਵਰਗੇ ਨਾਮ ਦੇਣਾ ਇਸੇ ਚਾਹਤ ਦਾ ਹਿੱਸਾ ਹੈ। ਇਸ ਲਈ ਇਸ ਲੇਖ ਵਿਚ ਸਿਰਫ ਕੁਝ ਤੱਥ ਪੇਸ਼ ਕੀਤੇ ਹਨ। ਇਨ੍ਹਾਂ ਤੱਥਾਂ ਨੂੰ ਖੋਜ ਕੇ ਇਤਿਹਾਸਕ ਸੱਚ ਦੀ ਤਲਾਸ਼ ਹੀ ਸ਼ੁਰੂ ਕੀਤੀ ਜਾ ਸਕਦੀ ਹੈ। ਤਲਾਸ਼ ਤੱਕ ਹੀ ਸੀਮਤ ਰਿਹਾ ਜਾਏ ਤੇ ਦਾਅਵਿਆਂ ਜਾਂ ਫਤਵਿਆਂ ਤੋਂ ਗੁਰੇਜ਼ ਕੀਤਾ ਜਾਏ ਤਾਂ ਬਿਹਤਰ ਹੋਵੇਗਾ।
ਹਰਚਰਨ ਬੈਂਸ
ਕਥਿਤ ਵੀ.ਆਈ.ਪੀਜ਼ ਨੂੰ ਆਮ ਲੋਕਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ
NEXT STORY