ਸਾਡੀ ਮੌਜੂਦਾ ਸਿੱਖਿਆ ਵਿਵਸਥਾ ਇਕ ਅਜਿਹਾ ਜਾਲ ਬਣ ਗਈ ਹੈ, ਜਿਸ ’ਚ ਲੱਖਾਂ-ਕਰੋੜਾਂ ਨੌਜਵਾਨ ਫਸ ਰਹੇ ਹਨ। ਇਹ ਪ੍ਰਣਾਲੀ ਨਾ ਤਾਂ ਸੱਚਾ ਹੁਨਰ ਵਿਕਸਿਤ ਕਰਦੀ ਹੈ ਅਤੇ ਨਾ ਹੀ ਨਵੀਨਤਾ ਨੂੰ ਉਤਸ਼ਾਹਿਤ। ਸਗੋਂ ਇਹ ਵਿਦਿਆਰਥੀਆਂ ਨੂੰ ਇਕ ਸਾਂਚੇ ’ਚ ਢਾਲ ਕੇ ਇਕ ਔਸਤ ਜੀਵਨ ਵੱਲ ਧੱਕ ਰਹੀ ਹੈ। ਬਦਲਾਅ ਦੀ ਮੰਗ ਹੁਣ ਨਾ ਸਿਰਫ਼ ਜ਼ਰੂਰੀ, ਸਗੋਂ ਲਾਜ਼ਮੀ ਬਣ ਚੁੱਕੀ ਹੈ। ਤਾਂ ਅਜਿਹਾ ਕੀ ਕੀਤਾ ਜਾਵੇ ਕਿ ਦੇਸ਼ ਦੀ ਨੌਜਵਾਨ ਪੀੜ੍ਹੀ ਸਿੱਖਿਅਤ ਵੀ ਬਣੇ ਅਤੇ ਆਪਣੀ ਪਸੰਦ ਦੇ ਖੇਤਰ ’ਚ ਮਾਹਿਰ ਵੀ।
ਸਫ਼ਲ ਉੱਦਮੀਆਂ ਦੀਆਂ ਕਹਾਣੀਆਂ ਗਵਾਹ ਹਨ ਕਿ ਵੱਡੀਆਂ ਕੰਪਨੀਆਂ ਦੇ ਸੰਸਥਾਪਕਾਂ ਨੇ ਅਕਸਰ ਰਵਾਇਤੀ ਸਿੱਖਿਆ ਦੇ ਇਸ ਜਾਲ ਤੋਂ ਖ਼ੁਦ ਨੂੰ ਬਚਾਇਆ। ਉਨ੍ਹਾਂ ਦੀ ਸਫ਼ਲਤਾ ਦਾ ਰਾਜ਼ ਰੱਟਾ ਮਾਰਨ ਜਾਂ ਪ੍ਰੀਖਿਆ ’ਚ ਅੰਕ ਲਿਆਉਣ ’ਚ ਨਹੀਂ, ਸਗੋਂ ਵਿਵਹਾਰਕ ਸੋਚ, ਜੋਖਮ ਲੈਣ ਦੀ ਸਮਰੱਥਾ ਅਤੇ ਨਿਰੰਤਰ ਸਿੱਖਣ ’ਚ ਲੁਕਿਆ ਹੈ। ਜਿੱਥੇ ਅਮੀਰ ਬੱਚੇ ਬਿਹਤਰ ਸਾਧਨਾਂ ਅਤੇ ਵਾਧੂ ਕੋਚਿੰਗ ਦੇ ਨਾਲ ਅੱਗੇ ਵਧਦੇ ਹਨ, ਉੱਥੇ ਹੀ ਗਰੀਬ ਪਰਿਵਾਰਾਂ ਦੇ ਬੱਚੇ ਸੀਮਤ ਮੌਕਿਆਂ ’ਚ ਸੰਘਰਸ਼ ਕਰਦੇ ਰਹਿ ਜਾਂਦੇ ਹਨ।
ਸਿੱਖਿਆ ਦੀ ਇਸ ਵਿਵਸਥਾ ’ਚ ਰਚਨਾਤਮਕਤਾ ਨੂੰ ਕੁਚਲਿਆ ਜਾ ਰਿਹਾ ਹੈ। ਉਦਾਹਰਣ ਲਈ, ਜ਼ਿਆਦਾਤਰ ਜਮਾਤਾਂ ’ਚ ਬੱਚਿਆਂ ਨੂੰ ਸਾਧਾਰਨ ਦ੍ਰਿਸ਼ ਬਣਾਉਣ ਜਾਂ ਮਿਆਰੀ ਉੱਤਰ ਲਿਖਣ ਲਈ ਕਿਹਾ ਜਾਂਦਾ ਹੈ, ਨਾ ਕਿ ਸੁਤੰਤਰ ਸੋਚ ਵਿਕਸਿਤ ਕਰਨ ਲਈ। ਨਤੀਜੇ ਵਜੋਂ, ਉਹ ਕਿਸੇ ਵੱਡੇ ਕਾਰਖਾਨੇ ਦੀ ਅਸੈਂਬਲੀ ਲਾਈਨ ’ਚੋਂ ਨਿਕਲਣ ਵਾਲੇ ਉਤਪਾਦਾਂ ਵਾਂਗ ਇਕੋ ਜਿਹੇ ਬਣ ਜਾਂਦੇ ਹਨ। ‘ਤਾਰੇ ਜ਼ਮੀਨ ਪਰ’ ਅਤੇ ‘ਥ੍ਰੀ ਇਡੀਅਟਸ’ ਵਰਗੀਆਂ ਫ਼ਿਲਮਾਂ ਭਾਵੇਂ ਸਫ਼ਲਤਾ ਨਾਲੋਂ ਬਿਹਤਰ ਉੱਤਮਤਾ ਦਾ ਸੰਦੇਸ਼ ਦਿੰਦੀਆਂ ਹੋਣ, ਪਰ ਸਮਾਜ ਅਤੇ ਪਰਿਵਾਰ ਅਜੇ ਵੀ ਫੀਸਦੀ ਅਤੇ ਰੈਂਕਿੰਗ ਦੀ ਦੌੜ ’ਚ ਬੱਚਿਆਂ ਨੂੰ ਧੱਕ ਰਹੇ ਹਨ। ਅਜਿਹੇ ’ਚ ਜੀਵਨ ਨੂੰ ‘ਦੌੜ’ ਦੱਸ ਕੇ ਤਣਾਅ ਵਧਾਇਆ ਜਾ ਰਿਹਾ ਹੈ, ਜਦੋਂ ਕਿ ਅਸਲ ’ਚ ਹਰ ਬੱਚੇ ਦੀ ਆਪਣੀ ਰਫਤਾਰ ਅਤੇ ਪ੍ਰਤਿਭਾ ਹੁੰਦੀ ਹੈ, ਜਿਸ ਵੱਲ ਕੋਈ ਧਿਆਨ ਹੀ ਨਹੀਂ ਦਿੰਦਾ।
ਪਰ ਕੁਝ ਅਪਵਾਦਾਂ ਨੂੰ ਛੱਡ ਕੇ ਜਮਾਤਾਂ ਅਜੇ ਵੀ ਸੌ ਸਾਲ ਪੁਰਾਣੀ ਸ਼ੈਲੀ ’ਚ ਚੱਲ ਰਹੀਆਂ ਹਨ। ਬੋਰਡ, ਚਾਕ ਅਤੇ ਰੱਟਾ-ਆਧਾਰਿਤ ਪੜ੍ਹਾਈ ਵਿਦਿਆਰਥੀਆਂ ਨੂੰ ਭਵਿੱਖ ਲਈ ਤਿਆਰ ਨਹੀਂ ਕਰ ਪਾ ਰਹੀ। ਅਲਬਰਟ ਆਈਨਸਟਾਈਨ ਦੀ ਮਸ਼ਹੂਰ ਉਦਾਹਰਣ ਇੱਥੇ ਪੂਰੀ ਤਰ੍ਹਾਂ ਢੁੱਕਦੀ ਹੈ—ਮੱਛੀ ਨੂੰ ਰੁੱਖ ’ਤੇ ਚੜ੍ਹਨ ਦੀ ਪ੍ਰੀਖਿਆ ਦੇ ਕੇ ਉਸ ਦੀ ਬੁੱਧੀ ਦਾ ਮੁਲਾਂਕਣ ਕਰਨਾ ਬੇਇਨਸਾਫ਼ੀ ਹੈ। ਹਰ ਬੱਚੇ ਦੀ ਪ੍ਰਤਿਭਾ ਵੱਖ-ਵੱਖ ਖੇਤਰਾਂ ’ਚ ਹੁੰਦੀ ਹੈ, ਪਰ ‘ਇੱਕ ਸਾਈਜ਼ ਸਭ ਨੂੰ ਫਿੱਟ’ ਵਾਲੀ ਪ੍ਰਣਾਲੀ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦੀ ਹੈ।
ਜ਼ਿਕਰਯੋਗ ਹੈ ਕਿ ਇਸ ਵਿਵਸਥਾ ਦੀਆਂ ਜੜ੍ਹਾਂ ਬ੍ਰਿਟਿਸ਼ ਕਾਲ ਨਾਲ ਜੁੜੀਆਂ ਹੋਈਆਂ ਹਨ, ਜਦੋਂ 1835 ’ਚ ਇਕ ਨੀਤੀ ਬਣਾਈ ਗਈ ਸੀ, ਜਿਸ ਦਾ ਉਦੇਸ਼ ਸੱਚਾ ਸਸ਼ਕਤੀਕਰਨ ਨਹੀਂ ਸਗੋਂ ਆਗਿਆਕਾਰੀ ਨਾਗਰਿਕ ਤਿਆਰ ਕਰਨਾ ਸੀ। ਅੱਜ ਵੀ ਸਕੂਲ-ਕਾਲਜ ਉਨ੍ਹਾਂ ਪਹਿਲਾਂ ਤੋਂ ਨਿਰਧਾਰਤ ਭੂਮਿਕਾਵਾਂ ਲਈ ਗ੍ਰੈਜੂਏਟ ਤਿਆਰ ਕਰ ਰਹੇ ਹਨ, ਨਾ ਕਿ ਨਵੇਂ ਖੋਜੀ ਜਾਂ ਆਗੂ। ਗ੍ਰੇਡਿੰਗ ਸਿਸਟਮ ਬੁੱਧੀਮਤਾ ਨੂੰ ਸਿਰਫ਼ ਪ੍ਰੀਖਿਆ ਦੇ ਅੰਕਾਂ ਤੱਕ ਸੀਮਤ ਕਰ ਦਿੰਦਾ ਹੈ, ਜਦੋਂ ਕਿ ਗੱਲਬਾਤ, ਸਮਝੌਤਾ ਹੁਨਰ ਅਤੇ ਸਮੱਸਿਆ-ਹੱਲ ਵਰਗੇ ਜੀਵਨ ਦੇ ਮਹੱਤਵਪੂਰਨ ਗੁਣਾਂ ਦੀ ਅਣਦੇਖੀ ਕੀਤੀ ਜਾਂਦੀ ਹੈ।
ਅਜਿਹੇ ’ਚ ਇਨ੍ਹਾਂ ਸਭ ਦੇ ਨਤੀਜੇ ਭਿਆਨਕ ਹਨ। ਗ੍ਰੈਜੂਏਟਾਂ ’ਚੋਂ ਅੱਧੇ ਤੋਂ ਵੱਧ ਨੌਕਰੀ ਦੇ ਯੋਗ ਨਹੀਂ ਪਾਏ ਜਾਂਦੇ। ਕਾਰਪੋਰੇਟ ਜਗਤ ’ਚ ਪ੍ਰਵੇਸ਼ ਕਰਨ ਤੋਂ ਬਾਅਦ ਗੱਲਬਾਤ ਦੀ ਕਮੀ, ਸਕਾਰਾਤਮਕ ਪਹੁੰਚ ਦੀ ਕਮੀ ਅਤੇ ਲਗਾਤਾਰ ਸਿੱਖਣ ਦੀ ਇੱਛਾ ਦੀ ਕਮੀ ਸਾਹਮਣੇ ਆ ਜਾਂਦੀ ਹੈ। ਜਰਮਨੀ ਵਰਗੇ ਦੇਸ਼ਾਂ ’ਚ ਦੋਹਰੀ ਸਿੱਖਿਆ ਪ੍ਰਣਾਲੀ ਹੈ, ਜਿੱਥੇ ਸਿਧਾਂਤਕ ਗਿਆਨ ਦੇ ਨਾਲ ਵਿਵਹਾਰਕ ਅਨੁਭਵ ਜੁੜਿਆ ਹੁੰਦਾ ਹੈ। ਪਰ ਸਾਡੇ ਇੱਥੇ ਵਿਦਿਆਰਥੀ ਗ੍ਰੈਜੂਏਟ ਹੋਣ ਤੱਕ ਸਿਰਫ਼ ਕਿਤਾਬੀ ਗਿਆਨ ’ਤੇ ਹੀ ਨਿਰਭਰ ਰਹਿੰਦੇ ਹਨ। ਨਤੀਜੇ ਵਜੋਂ, ਚੰਗੇ ਅੰਕ ਲਿਆਉਣ ਵਾਲੇ ਵਿਦਿਆਰਥੀ ਵੀ ਬੇਰੁਜ਼ਗਾਰੀ ਦਾ ਸ਼ਿਕਾਰ ਹੋ ਜਾਂਦੇ ਹਨ।
ਤੁਹਾਨੂੰ ਯਾਦ ਹੋਵੇਗਾ ਜਦੋਂ 2025 ’ਚ ਰਾਜਸਥਾਨ ਦੇ ਚਪੜਾਸੀ/ਚੌਥੇ ਦਰਜੇ ਦੇ ਕਰਮਚਾਰੀਆਂ ਦੀਆਂ 53,000 ਅਸਾਮੀਆਂ ਦੀ ਭਰਤੀ ਲਈ ਕਰੀਬ 25 ਲੱਖ ਨੌਜਵਾਨਾਂ ਨੇ ਅਪਲਾਈ ਕੀਤਾ ਸੀ। ਇਨ੍ਹਾਂ ’ਚੋਂ ਲਗਭਗ 85 ਤੋਂ 90 ਫੀਸਦੀ ਉਮੀਦਵਾਰ ਉੱਚ ਸਿੱਖਿਅਤ (ਗ੍ਰੈਜੂਏਟ, ਪੋਸਟ-ਗ੍ਰੈਜੂਏਟ, ਬੀ. ਟੈਕ. ਅਤੇ ਪੀਐੱਚ. ਡੀ.) ਸਨ। ਇਸ ਜਾਲ ਦਾ ਸਭ ਤੋਂ ਦਰਦਨਾਕ ਪਹਿਲੂ ਮਾਨਸਿਕ ਸਿਹਤ ’ਤੇ ਪੈਣ ਵਾਲਾ ਪ੍ਰਭਾਵ ਹੈ। ਨੌਕਰੀ ਨਾ ਮਿਲਣ ਦੀ ਨਿਰਾਸ਼ਾ ਕਾਰਨ ਹਰ ਸਾਲ ਹਜ਼ਾਰਾਂ ਵਿਦਿਆਰਥੀ ਖ਼ੁਦਕੁਸ਼ੀ ਕਰ ਲੈਂਦੇ ਹਨ ਜਾਂ ਅਪਰਾਧ ਦਾ ਰਸਤਾ ਅਪਣਾ ਲੈਂਦੇ ਹਨ। ਆਈ. ਆਈ. ਟੀ. ਵਰਗੀਆਂ ਵੱਕਾਰੀ ਸੰਸਥਾਵਾਂ ’ਚ ਦਾਖਲਾ ਲੈਣ ਦੀ ਦੌੜ ’ਚ ਨਿੱਜੀ ਰੁਚੀ ਅਤੇ ਸਮਰੱਥਾ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ, ਜਿਸ ਨਾਲ ਸਾੜਾ ਅਤੇ ਨਿਰਾਸ਼ਾ ਵਧਦੀ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸਿੱਖਿਆ ਡਿਗਰੀ-ਕੇਂਦ੍ਰਿਤ ਹੋ ਗਈ ਹੈ, ਹੁਨਰ ਕੇਂਦ੍ਰਿਤ ਨਹੀਂ।
ਇਸ ਲਈ ਸਮਾਂ ਆ ਗਿਆ ਹੈ ਕਿ ਅਸੀਂ ਡਿਗਰੀ ਤੋਂ ਹੁਨਰ ਵੱਲ ਮੁੜੀਏ। ਰੱਟਾ ਮਾਰਨ ਦੀ ਬਜਾਏ ਸੰਕਲਪਿਕ ਸਮਝ, ਵਿਵਹਾਰਕ ਉਦਾਹਰਣਾਂ ਅਤੇ ਸਮੱਸਿਆ-ਹੱਲ ’ਤੇ ਜ਼ੋਰ ਦਿੱਤਾ ਜਾਵੇ। ਵਿੱਤੀ ਸਿੱਖਿਆ ਲਾਜ਼ਮੀ ਹੋਵੇ। ਬੱਚਿਆਂ ਨੂੰ ਐਸੇਟ-ਲਾਇਬਿਲਟੀ ਦਾ ਫਰਕ, ਮਹਿੰਗਾਈ ਨਾਲ ਲੜਨਾ, ਨਿਵੇਸ਼ ਬਨਾਮ ਖ਼ਰਚ ਅਤੇ ਜਲਦੀ ਬੱਚਤ ਕਰਨ ਦਾ ਮਹੱਤਵ ਸਿਖਾਇਆ ਜਾਵੇ। ਸਕੂਲਾਂ ’ਚ ਕੋਡਿੰਗ, ਆਰਟੀਫੀਸ਼ੀਅਲ ਇੰਟੈਲੀਜੈਂਸ, ਡਿਜੀਟਲ ਮਾਰਕੀਟਿੰਗ ਅਤੇ ਆਰਥਿਕ ਮਾਮਲਿਆਂ ਵਰਗੇ ਭਵਿੱਖਮੁਖੀ ਵਿਸ਼ਿਆਂ ਨੂੰ ਵੀ ਸ਼ਾਮਲ ਕੀਤਾ ਜਾਵੇ।
ਇਸ ਦੇ ਨਾਲ ਹੀ ਬਿਜ਼ਨੈੱਸ ਸਿਮੂਲੇਸ਼ਨ ਪ੍ਰਾਜੈਕਟ ਸ਼ੁਰੂ ਕੀਤੇ ਜਾਣ, ਤਾਂ ਜੋ ਬੱਚੇ ਨੌਕਰੀ ਮੰਗਣ ਵਾਲੇ ਨਹੀਂ, ਸਗੋਂ ਨੌਕਰੀਆਂ ਪੈਦਾ ਕਰਨ ਵਾਲੇ ਬਣਨ। ਜੋਖਮ ਲੈਣ ਦੀ ਸਮਰੱਥਾ ਵਿਕਸਿਤ ਕਰਨ ਲਈ ਗਣਨਾ-ਆਧਾਰਿਤ ਪ੍ਰਯੋਗਾਂ ਨੂੰ ਉਤਸ਼ਾਹ ਮਿਲੇ। ਸਾਡੇ ਅਧਿਆਪਕ ਇਸ ਵਿਵਸਥਾ ਦੀ ਰੀੜ੍ਹ ਦੀ ਹੱਡੀ ਹਨ, ਇਸ ਲਈ ਉਨ੍ਹਾਂ ਦੀ ਨਿਯਮਤ ਸਿਖਲਾਈ, ਆਧੁਨਿਕ ਉਪਕਰਨਾਂ ਨਾਲ ਲੈਸ ਹੋਣਾ ਅਤੇ ਕਾਰਗੁਜ਼ਾਰੀ-ਆਧਾਰਿਤ ਮੁਲਾਂਕਣ ਜ਼ਰੂਰੀ ਹੈ।
ਅੱਜ ਦੇ ਭੱਜ-ਦੌੜ ਵਾਲੇ ਯੁੱਗ ’ਚ ਮਾਨਸਿਕ ਸਿਹਤ ਅਤੇ ਜੀਵਨ ਹੁਨਰ ਵੀ ਸਿੱਖਿਆ ਦਾ ਹਿੱਸਾ ਬਣਨ। ਬੱਚੇ ਗਣਿਤ ਤਾਂ ਸਿੱਖਦੇ ਹਨ ਪਰ ਤਣਾਅ ਪ੍ਰਬੰਧਨ ਨਹੀਂ। ਸਮਾਂ ਪ੍ਰਬੰਧਨ, ਨਾਗਰਿਕਤਾ ਦੀ ਭਾਵਨਾ, ਗੱਲਬਾਤ ਦਾ ਹੁਨਰ 7ਵੀਂ ਜਮਾਤ ਤੋਂ ਲਾਜ਼ਮੀ ਹੋਵੇ। ਸਿੱਖਿਆ ਦਾ ਉਦੇਸ਼ ਸਿਰਫ਼ ਨੌਕਰੀ ਦਿਵਾਉਣਾ ਨਹੀਂ, ਸਗੋਂ ਚਰਿੱਤਰ ਨਿਰਮਾਣ, ਰਚਨਾਤਮਕਤਾ ਅਤੇ ਸੁਤੰਤਰ ਸੋਚ ਵਿਕਸਿਤ ਕਰਨਾ ਹੋਣਾ ਚਾਹੀਦਾ ਹੈ।
ਮੌਜੂਦਾ ਸਿੱਖਿਆ ਪ੍ਰਣਾਲੀ ਨੇ ਲੱਖਾਂ ਨੌਜਵਾਨਾਂ ਨੂੰ ਔਸਤ ਜੀਵਨ ਵੱਲ ਧੱਕਿਆ ਹੈ, ਪਰ ਜਾਗਰੂਕਤਾ ਅਤੇ ਸੁਧਾਰਾਂ ਨਾਲ ਅਸੀਂ ਇਸ ਜਾਲ ’ਚੋਂ ਬਾਹਰ ਨਿਕਲ ਸਕਦੇ ਹਾਂ। ਸਰਕਾਰ, ਸਿੱਖਿਆ ਸ਼ਾਸਤਰੀਆਂ, ਮਾਪਿਆਂ ਅਤੇ ਸਮਾਜ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ। ਉਦੋਂ ਹੀ ਸਾਡਾ ਨੌਜਵਾਨ ਵਰਗ ਨਾ ਸਿਰਫ਼ ਆਤਮਨਿਰਭਰ ਬਣੇਗਾ, ਸਗੋਂ ਰਾਸ਼ਟਰ ਨਿਰਮਾਣ ’ਚ ਯੋਗਦਾਨ ਪਾਵੇਗਾ।
ਰਜਨੀਸ਼ ਕਪੂਰ
ਮੋਦੀ ਦੇ ਸੱਦੇ ਦਾ ਵਿਰੋਧ ਅਤੇ ਆਲੋਚਨਾਵਾਂ ਸਿਰਫ਼ ਸਿਆਸੀ
NEXT STORY