ਉੱਤਰ ਪ੍ਰਦੇਸ਼ ਦੇ ਗੋਰਖਪੁਰ ’ਚ ਚੌਥੀ ਜਮਾਤ ’ਚ ਪੜ੍ਹਨ ਵਾਲੇ ਇਕ ਬੱਚੇ ਨੇ ਆਪਣੀ ਭੈਣ ਦੀ ਅਸ਼ਲੀਲ ਵੀਡੀਓ ਬਣਾਈ। ਉਸ ਨਾਲ ਅਸ਼ਲੀਲ ਹਰਕਤਾਂ ਵੀ ਕੀਤੀਆਂ। ਅਚਾਨਕ ਮਾਂ ਕਮਰੇ ’ਚ ਆਈ, ਤਾਂ ਉਸ ਨੇ ਬੱਚੇ ਨੂੰ ਅਜਿਹਾ ਕਰਦੇ ਦੇਖਿਆ। ਮੋਬਾਈਲ ’ਤੇ ਪੋਰਨ ਚੱਲ ਰਿਹਾ ਸੀ। ਉਸ ਨੇ ਆਪਣੀ ਅਧਿਆਪਕਾ ਦਾ ਵੀ ਬਹੁਤ ਗੰਦਾ ਚਿੱਤਰ ਬਣਾਇਆ ਸੀ। ਆਪਣੇ ਨਾਲ ਪੜ੍ਹਨ ਵਾਲੀਆਂ ਬੱਚੀਆਂ ਨਾਲ ਵੀ ਗਲਤ ਹਰਕਤਾਂ ਕਰਦਾ ਸੀ। ਦੱਸਿਆ ਗਿਆ ਕਿ ਬੱਚਾ ਮੋਬਾਈਲ ’ਤੇ ਬਹੁਤ ਪੋਰਨ ਦੇਖਦਾ ਸੀ। ਸਕੂਲ ਪ੍ਰਸ਼ਾਸਨ ਨੂੰ ਜਦੋਂ ਇਸ ਬਾਰੇ ਪਤਾ ਲੱਗਾ, ਤਾਂ ਬੱਚੇ ਨੂੰ ਸਕੂਲ ਤੋਂ ਕੱਢ ਦਿੱਤਾ ਗਿਆ। ਮਾਤਾ-ਪਿਤਾ ਨੂੰ ਬੁਲਾ ਕੇ ਸਲਾਹ ਦਿੱਤੀ ਗਈ ਕਿ ਉਹ ਬੱਚੇ ਦਾ ਕਿਸੇ ਮਾਨਸਿਕ ਰੋਗਾਂ ਸਬੰਧੀ ਡਾਕਟਰ ਤੋਂ ਇਲਾਜ ਕਰਵਾਉਣ। ਬੱਚੇ ਦਾ ਇਲਾਜ ਚੱਲ ਰਿਹਾ ਹੈ।
ਇਹ ਖ਼ਬਰ ਨਾ ਕੇਵਲ ਡਰਾਉਣੀ ਹੈ ਸਗੋਂ ਚਿੰਤਾ ਪੈਦਾ ਕਰਦੀ ਹੈ। ਇਸ ਪੂਰੀ ਘਟਨਾ ਦਾ ਉਸ ਦੇ ਘਰ ਵਾਲਿਆਂ ’ਚ ਕੀ ਪ੍ਰਭਾਵ ਪਿਆ ਹੋਵੇਗਾ, ਸਕੂਲ ਤੋਂ ਕੱਢੇ ਜਾਣ ’ਤੇ ਬੱਚਾ ਕੀ ਸੋਚਦਾ ਹੋਵੇਗਾ, ਨੇੜੇ -ਤੇੜੇ ਦੇ ਲੋਕ ਉਸ ਨੂੰ ਦੇਖ ਕੇ ਕਿਵੇਂ ਰਿਐਕਟ ਕਰਦੇ ਹੋਣਗੇ।
ਆਖਿਰ ਚੌਥੀ ਜਮਾਤ ’ਚ ਪੜ੍ਹਨ ਵਾਲੇ ਬੱਚੇ ਦੀ ਉਮਰ ਵੀ ਕਿੰਨੀ ਹੋਵੇਗੀ। ਉਹ ਮੋਬਾਈਲ ’ਚ ਕੀ ਦੇਖਦਾ ਹੈ ਕਿ ਮਾਤਾ-ਪਿਤਾ ਨੂੰ ਪਤਾ ਵੀ ਨਹੀਂ ਚੱਲਿਆ। ਜਿਸ ਤਕਨੀਕ ਨੂੰ ਬੱਚਿਆਂ, ਅੱਲ੍ਹੜਾਂ ਅਤੇ ਨੌਜਵਾਨਾਂ ਲਈ ਰੱਬ ਵਾਂਗ ਪੇਸ਼ ਕੀਤਾ ਗਿਆ, ਆਖਿਰ ਉਹ ਕੀ ਕਰ ਰਹੀ ਹੈ। ਕੁਝ ਸਾਲ ਪਹਿਲਾਂ ਮੁੰਬਈ ’ਚ ਇਕ ਛੋਟੀ ਬੱਚੀ ਨਾਲ ਜਬਰ-ਜ਼ਨਾਹ ਦੇ ਅਪਰਾਧ ’ਚ ਕਈ ਬੱਚੇ ਫੜੇ ਗਏ ਸਨ, ਜਿਨ੍ਹਾਂ ’ਚ ਇਕ ਦੀ ਉਮਰ 9 ਸਾਲ ਸੀ।
ਇਕ ਪਾਸੇ ਤਕਨੀਕ ਬੱਚਿਆਂ ਨੂੰ ਉਹ ਸਭ ਦਿਖਾ ਰਹੀ ਹੈ, ਜਿਸ ਨੂੰ ਜਾਣਨ ਦੀ ਉਮਰ ਉਨ੍ਹਾਂ ਦੀ ਨਹੀਂ ਹੈ। ਹਰ ਗਿਆਨ ਦੀ ਇਕ ਉਮਰ ਹੁੰਦੀ ਹੈ। ਉਮਰ ਤੋਂ ਪਹਿਲਾਂ ਦਿੱਤਾ ਗਿਆ ਗਿਆਨ ਘਾਤਕ ਵੀ ਹੁੰਦਾ ਹੈ। ਦੂਜੇ ਪਾਸੇ ਇਨ੍ਹਾਂ ਵੱਡੀਆਂ ਤਕਨੀਕੀ ਕੰਪਨੀਆਂ ਕੋਲੋਂ ਜਦੋਂ ਬੱਚਿਆਂ ਨੂੰ ਦਿਖਾਏ ਜਾਣ ਵਾਲੇ ਇਸ ਤਰ੍ਹਾਂ ਦੇ ਕੰਟੈਂਟ ’ਤੇ ਸਵਾਲ ਪੁੱਛਿਆ ਜਾਂਦਾ ਹੈ, ਤਾਂ ਉਹ ਇਹ ਕਹਿ ਕੇ ਬਚਣ ਦੀ ਕੋਸ਼ਿਸ਼ ਕਰਦੀਆਂ ਹਨ ਕਿ ਉਹ ਤਾਂ ਬਸ ਸਰਵਿਸ ਪ੍ਰੋਵਾਈਡਰ ਹਨ। ਇਹ ਬਹਾਨੇਬਾਜ਼ੀ ਵੀ ਖੂਬ ਹੈ। ਓਏ ਭਰਾਵੋ, ਤੁਸੀਂ ਆਪਣੀਆਂ ਕੰਪਨੀਆਂ ਤੋਂ ਅਰਬਾਂ-ਖਰਬਾਂ ਕਮਾ ਰਹੇ ਹੋ ਅਤੇ ਜਦੋਂ ਜ਼ਿੰਮੇਵਾਰੀ ਲੈਣ ਦੀ ਗੱਲ ਆਉਂਦੀ ਹੈ, ਤਾਂ ਤਰ੍ਹਾਂ-ਤਰ੍ਹਾਂ ਦੇ ਬਹਾਨੇ ਬਣਾਉਂਦੇ ਹੋ।
ਕੀ ਕੋਈ ਕੈਮਿਸਟ ਸਰਵਿਸ ਪ੍ਰੋਵਾਈਡਰ ਹੋਣ ਦੇ ਨਾਤੇ ਗਲਤ ਜਾਂ ਐਕਸਪਾਇਰੀ ਡੇਟ ਦੀ ਦਵਾਈ ਵੇਚ ਦੇਵੇ, ਜੇ ਦਵਾਈ ਕਿਸੇ ਨੂੰ ਰਿਐਕਟ ਕਰ ਜਾਵੇ, ਤਾਂ ਕੀ ਆਪਣੀ ਇਸ ਜ਼ਿੰਮੇਵਾਰੀ ਤੋਂ ਇਹ ਕਹਿ ਕੇ ਬਚ ਸਕਦਾ ਹੈ ਕਿ ਦਵਾਈ ਉਸ ਨੇ ਨਹੀਂ ਬਣਾਈ ਹੈ, ਉਹ ਤਾਂ ਬਸ ਉਸ ਨੂੰ ਵੇਚ ਰਿਹਾ ਸੀ, ਸਰਵਿਸ ਪ੍ਰੋਵਾਈਡਰ ਸੀ। ਪੈਸੇ ਕਮਾਉਣ ਦੀ ਹੋੜ ਇੰਨੀ ਜ਼ਿਆਦਾ ਹੈ ਕਿ ਇਹ ਵੀ ਨਹੀਂ ਸੋਚਿਆ ਜਾਂਦਾ ਕਿ ਇਸ ਨਾਲ ਬੱਚਿਆਂ ਦੇ ਦਿਮਾਗ ’ਤੇ ਕੀ ਪ੍ਰਭਾਵ ਪਵੇਗਾ।
ਪਰਿਵਾਰ ’ਚ ਵੀ ਇਨ੍ਹੀਂ ਦਿਨੀਂ ਹਾਲਤ ਇਹ ਹੈ ਕਿ ਪਰਿਵਾਰ ’ਚ ਰਹਿਣ ਵਾਲੇ ਮਾਤਾ-ਪਿਤਾ, ਦੋ ਬੱਚੇ ਜਾਂ ਇਕ ਬੱਚਾ ਹੈ। ਕੁਝ ਘਰਾਂ ’ਚ ਹੋ ਸਕਦਾ ਹੈ ਬਜ਼ੁਰਗ ਵੀ ਹੋਣ। ਸ਼ਹਿਰਾਂ ’ਚ ਹੁਣ ਜ਼ਿਆਦਾਤਰ ਮਾਤਾ-ਪਿਤਾ ਕੰਮ ਤੋਂ ਬਾਹਰ ਚਲੇ ਜਾਂਦੇ ਹਨ। ਬੱਚੇ ਘਰੇਲੂ ਸਹਾਇਕ, ਸਹਾਇਕਾਵਾਂ ਜਾਂ ਡੇ ਕੇਅਰ ਸੈਂਟਰ ਦੇ ਭਰੋਸੇ ਰਹਿੰਦੇ ਹਨ। ਆਮ ਤੌਰ ’ਤੇ ਮਾਤਾ-ਪਿਤਾ ਘੱਟ ਉਮਰ ਦੇ ਬੱਚਿਆਂ ਨੂੰ ਉਨ੍ਹਾਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਮੋਬਾਈਲ ਦੇ ਦਿੰਦੇ ਹਨ, ਜਿਸ ਨਾਲ ਕਿ ਕਿਸੇ ਐਮਰਜੈਂਸੀ ਦੀ ਸਥਿਤੀ ’ਚ ਉਹ ਸੰਪਰਕ ਕਰ ਸਕਣ। ਜਦੋਂ ਘਰ ’ਚ ਬੱਚਿਆਂ ਨਾਲ ਪਰਿਵਾਰ ਦੇ ਮੈਂਬਰ ਨਹੀਂ ਹਨ, ਤਾਂ ਕਿਵੇਂ ਪਤਾ ਲੱਗੇਗਾ ਕਿ ਉਹ ਮੋਬਾਈਲ ’ਤੇ ਕੀ ਦੇਖ ਰਹੇ ਹਨ। ਜੇ ਘਰ ਦੇ ਮੈਂਬਰ ਹੋਣ ਵੀ, ਤਾਂ ਚੌਵੀ ਘੰਟੇ ਕਿਵੇਂ ਪਤਾ ਲੱਗ ਸਕਦਾ ਹੈ ਕਿ ਬੱਚਾ ਕੀ ਕਰ ਰਿਹਾ ਹੈ।
ਫਿਰ ਆਪਣੇ ਦੇਸ਼ ’ਚ ਬੱਚਿਆਂ ਦੇ ਵਿਕਾਸ ਲਈ ਜ਼ਰੂਰੀ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਹਰ ਗੱਲ ’ਤੇ ਟੋਕਿਆ ਨਹੀਂ ਜਾਣਾ ਚਾਹੀਦਾ। ਉਨ੍ਹਾਂ ਦੀ ਨਿਜਤਾ ਦਾ ਸਨਮਾਨ ਵੀ ਕਰਨਾ ਚਾਹੀਦਾ ਹੈ। ਇਸ ਲਈ ਅੱਜ ਦੇ ਮਾਪੇ ਬੱਚੇ ਨਾਲ ਕੋਈ ਖਾਸ ਸਵਾਲ-ਜਵਾਬ ਨਹੀਂ ਕਰਦੇ। ਕਈ ਲੋਕ ਕਹਿੰਦੇ ਹਨ ਕਿ ਅਸੀਂ ਤਾਂ ਆਪਣੇ ਬੱਚੇ ਨੂੰ ਮੋਬਾਈਲ ਨਹੀਂ ਦੇਣਾ ਚਾਹੁੰਦੇ ਪਰ ਜਦੋਂ ਸਾਰੇ ਦੋਸਤਾਂ ਕੋਲ ਹੈ ਅਤੇ ਉਹ ਵੀ ਮੰਗ ਰਿਹਾ ਹੈ, ਤਾਂ ਕੀ ਕਰੀਏ। ਕਿਉਂਕਿ ਜਿਸ ਬੱਚੇ ਕੋਲ ਇਹ ਨਹੀਂ, ਉਸ ਦਾ ਖੂਬ ਮਜ਼ਾਕ ਵੀ ਉਡਾਇਆ ਜਾਂਦਾ ਹੈ। ਉਸ ਨੂੰ ਦੋਸਤ ਲੋਕ ਇਕ ਤਰ੍ਹਾਂ ਨਾਲ ਆਪਣੇ ਗਰੁੱਪ ਤੋਂ ਬਾਹਰ ਕਰ ਦਿੰਦੇ ਹਨ। ਬੱਚੇ ਨੂੰ ਸਕੂਲ ਭੇਜ ਕੇ ਸੋਚ ਲਿਆ ਜਾਂਦਾ ਹੈ ਕਿ ਉੱਥੇ ਬੱਚਾ ਕੀ ਕਰ ਰਿਹਾ ਹੈ, ਇਸ ਦੀ ਜ਼ਿੰਮੇਵਾਰੀ ਸਕੂਲ ਦੀ ਹੈ ਪਰ ਜਿਸ ਤਰ੍ਹਾਂ ਘਰ ਵਾਲੇ ਹਰ ਵੇਲੇ ਬੱਚੇ ਨੂੰ ਟਰੈਕ ਨਹੀਂ ਕਰ ਸਕਦੇ, ਉਸੇ ਤਰ੍ਹਾਂ ਸਕੂਲ ’ਚ ਅਧਿਆਪਕ-ਅਧਿਆਪਕਾਵਾਂ ਨੂੰ ਵੀ ਬਹੁਤ ਕੰਮ ਰਹਿੰਦਾ ਹੈ।
ਇਨ੍ਹੀਂ ਦਿਨੀਂ ਬੱਚਿਆਂ ਦੇ ਸਕ੍ਰੀਨ ਟਾਈਮ ਘਟਾਉਣ ਦੀਆਂ ਗੱਲਾਂ ਦੁਨੀਆ ਭਰ ’ਚ ਚੱਲ ਰਹੀਆਂ ਹਨ। ਹਾਲ ਹੀ ’ਚ ਯੂਰਪੀਨ ਯੂਨੀਅਨ ਦੀ ਮੁਖੀ ਉਰਸੁਲਾ ਵੋਨ ਡਰਲੇਨ ਨੇ ਕਿਹਾ ਕਿ ਇਸ ਸੰਘ ’ਚ ਸ਼ਾਮਲ ਦੇਸ਼ਾਂ ਨੂੰ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ’ਤੇ ਰੋਕ ਲਗਾ ਦੇਣੀ ਚਾਹੀਦੀ ਹੈ। ਆਸਟ੍ਰੇਲੀਆ ਤਾਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਸੋਸ਼ਲ ਮੀਡੀਆ ’ਤੇ ਹੋਣ ’ਤੇ ਪਹਿਲਾਂ ਹੀ ਪਾਬੰਦੀ ਲਗਾ ਚੁੱਕਾ ਹੈ। ਆਪਣੇ ਦੇਸ਼ ’ਚ ਅਣਗਿਣਤ ਬੱਚਿਆਂ ਅਤੇ ਅੱਲ੍ਹੜਾਂ ਕੋਲ ਸਮਾਰਟਫੋਨ ਹਨ। ਉਹ ਉਨ੍ਹਾਂ ’ਤੇ ਕੀ ਦੇਖ ਰਹੇ ਹਨ, ਕੀ ਸਿੱਖ ਰਹੇ ਹਨ, ਇਸ ਨੂੰ ਜਾਣਨਾ-ਪਰਖਣਾ ਵਾਕਈ ਮੁਸ਼ਕਿਲ ਹੈ।
ਅਜਿਹੇ ’ਚ ਇਸ ਲੇਖਿਕਾ ਦੀ ਵੀ ਸਮਝ ’ਚ ਨਹੀਂ ਆਉਂਦਾ ਕਿ ਕਿਵੇਂ ਅਸੀਂ ਆਪਣੇ ਬੱਚਿਆਂ ਨੂੰ ਦਿਮਾਗੀ ਪ੍ਰਦੂਸ਼ਣ ਤੋਂ ਬਚਾਈਏ। ਉਨ੍ਹਾਂ ਨੂੰ ਪੋਰਨ ਅਤੇ ਅਸ਼ਲੀਲ ਸਮੱਗਰੀ ਤੋਂ ਦੂਰ ਰੱਖ ਸਕੀਏ। ਪੋਰਨ ਇੰਡਸਟਰੀ ਅਰਬਾਂ-ਖਰਬਾਂ ਦੀ ਹੈ। ਆਪਣੇ ਦੇਸ਼ ’ਚ ਇਸ ਦਾ ਵੱਡਾ ਦਰਸ਼ਕ ਵਰਗ ਮੌਜੂਦ ਹੈ। ਇਸ ’ਚ ਬੱਚੇ ਵੀ ਸ਼ਾਮਲ ਹਨ।
ਤਕਨੀਕ ਨੂੰ ਰੋਕ ਨਹੀਂ ਸਕਦੇ ਪਰ ਇਸ ’ਤੇ ਲਗਾਮ ਲਗਾ ਸਕਦੇ ਹਾਂ। ਰੈਗੂਲੇਟ ਕੀਤਾ ਜਾ ਸਕਦਾ ਹੈ। ਇੰਨੀ ਵੱਡੀ ਆਬਾਦੀ ਲਈ ਇਹ ਹੋਵੇ ਕਿਵੇਂ, ਇਸ ’ਤੇ ਸੋਚਣਾ ਹੈ।
- ਸ਼ਮਾ ਸ਼ਰਮਾ
ਭਾਰਤ ਦੇ ‘ਬ੍ਰਿਕਸ ਵਰ੍ਹੇ’ ਦੀਆਂ ਪ੍ਰਾਪਤੀਆਂ
NEXT STORY