ਦੇਸ਼ ’ਚ ਪਟਾਕਿਆਂ ਦੀ ਖਪਤ ਕਾਫ਼ੀ ਜ਼ਿਆਦਾ ਹੋਣ ਕਾਰਨ ਨਾਜਾਇਜ਼ ਪਟਾਕੇ ਬਣਾਉਣ ਵਾਲੇ ਛੋਟੇ-ਵੱਡੇ ਸੈਂਕੜੇ ਕਾਰਖਾਨੇ ਦੇਸ਼ ’ਚ ਚੱਲ ਰਹੇ ਹਨ। ਇੱਥੇ ਗੈਰ-ਸਿਖਲਾਈ ਪ੍ਰਾਪਤ ਅਤੇ ਗੈਰ-ਤਜਰਬੇਕਾਰ ਮਜ਼ਦੂਰਾਂ ਕੋਲੋਂ ਕੰਮ ਕਰਵਾਇਆ ਜਾਂਦਾ ਹੈ, ਜਿਨ੍ਹਾਂ ’ਚ ਵੱਡੀ ਗਿਣਤੀ ’ਚ ਗ਼ਰੀਬ ਪਰਿਵਾਰਾਂ ਦੀਆਂ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ, ਜੋ ਇਨ੍ਹਾਂ ਨਾਜਾਇਜ਼ ਕਾਰਖਾਨਿਆਂ ’ਚ ਹੋਣ ਵਾਲੇ ਧਮਾਕਿਆਂ ਕਾਰਨ ਮੌਤ ਦੇ ਮੂੰਹ ’ਚ ਜਾ ਰਹੇ ਹਨ। ਜਿਨ੍ਹਾਂ ਦੀਆਂ ਇਸੇ ਸਾਲ ਦੀਆਂ ਪਿਛਲੇ ਸਾਢੇ ਪੰਜ ਮਹਿਨਿਆਂ ’ਚ ਸਾਹਮਣੇ ਆਈਆਂ ਕੁਝ ਘਟਨਾਵਾਂ ਹੇਠਾਂ ਦਰਜ ਹਨ :
* 14 ਮਈ ਨੂੰ ‘ਦੇਵਾਸ’ (ਮੱਧ ਪ੍ਰਦੇਸ਼) ਦੇ ‘ਟੌਂਕ ਕਲਾ’ ਪਿੰਡ ’ਚ ਇਕ ਨਾਜਾਇਜ਼ ਪਟਾਕਾ ਫੈਕਟਰੀ ’ਚ ਹੋਏ ਧਮਾਕੇ ਦੇ ਨਤੀਜੇ ਵਜੋਂ ਉੱਥੇ ਕੰਮ ਕਰ ਰਹੇ 3 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 27 ਹੋਰ ਜ਼ਖਮੀ ਹੋ ਗਏ।
* 27 ਮਈ ਨੂੰ ‘ਅੰਮ੍ਰਿਤਸਰ’ (ਪੰਜਾਬ) ’ਚ ‘ਅਸ਼ੋਕ ਨਗਰ’ ਵਿਖੇ ਇਕ ਤਿੰਨ-ਮੰਜ਼ਿਲਾ ਇਮਾਰਤ ’ਚ ਚੱਲ ਰਹੀ ਨਾਜਾਇਜ਼ ਪਟਾਕਾ ਫੈਕਟਰੀ ’ਚ ਧਮਾਕੇ ਕਾਰਨ ਮਕਾਨ ਨੂੰ ਅੱਗ ਲੱਗ ਜਾਣ ਨਾਲ ਇਕ ਔਰਤ ਦੀ ਮੌਤ ਹੋ ਗਈ ਅਤੇ 2 ਹੋਰ ਵਿਅਕਤੀ ਝੁਲਸ ਗਏ।
* 31 ਮਈ ਨੂੰ ‘ਕਾਸਗੰਜ’ (ਉੱਤਰ ਪ੍ਰਦੇਸ਼) ਦੇ ‘ਪਟੀਆ’ ਪਿੰਡ ’ਚ ਚੱਲ ਰਹੀ ਇਕ ਨਾਜਾਇਜ਼ ਪਟਾਕਾ ਬਣਾਉਣ ਵਾਲੀ ਫੈਕਟਰੀ ’ਚ ਅੱਗ ਲੱਗ ਜਾਣ ਕਾਰਨ ਉੱਥੇ ਕੰਮ ਕਰ ਰਹੇ 5 ਮਜ਼ਦੂਰ ਗੰਭੀਰ ਰੂਪ ’ਚ ਝੁਲਸ ਗਏ।
* 9 ਜੂਨ ਨੂੰ ‘ਜੈਪੁਰ’ (ਰਾਜਸਥਾਨ) ਦੇ ‘ਖੋਹ ਨਾਗੋਰੀਆਨ’ ’ਚ ਇਕ ਰਿਹਾਇਸ਼ੀ ਇਲਾਕੇ ’ਚ ਸਥਿਤ ਨਾਜਾਇਜ਼ ਪਟਾਕਾ ਗੋਦਾਮ ’ਚ ਲੱਗੀ ਭਿਆਨਕ ਅੱਗ ਕਾਰਨ ਹੋਏ ਧਮਾਕੇ ’ਚ 8 ਵਿਅਕਤੀਅਾਂ ਦੀ ਮੌਤ ਹੋ ਗਈ।
* 15 ਜੂਨ ਨੂੰ ‘ਲਖਨਊ’ (ਉੱਤਰ ਪ੍ਰਦੇਸ਼) ਦੇ ‘ਦੇਵਤੀ’ ਪਿੰਡ ’ਚ ਸਥਿਤ ਇਕ ਪਟਾਕਿਆਂ ਦੇ ਗੋਦਾਮ ’ਚ ਅੱਗ ਲੱਗਣ ਕਾਰਨ ਹੋਏ ਧਮਾਕੇ ’ਚ ਇਕ ਔਰਤ ਦੀ ਮੌਤ ਹੋ ਗਈ ਅਤੇ ਇਕ ਨੌਜਵਾਨ ਗੰਭੀਰ ਰੂਪ ’ਚ ਝੁਲਸ ਗਿਆ।
* 18 ਜੁਲਾਈ ਨੂੰ ‘ਅਹਿਮਦਾਬਾਦ’ (ਗੁਜਰਾਤ) ਦੇ ‘ਮਹਿਮੂਦਪੁਰਾ’ ਇਲਾਕੇ ’ਚ ਸਥਿਤ ਇਕ ਨਾਜਾਇਜ਼ ਪਟਾਕਾ ਫੈਕਟਰੀ ’ਚ ਜ਼ੋਰਦਾਰ ਧਮਾਕੇ ਨਾਲ ਅੱਗ ਲੱਗ ਗਈ। ਧਮਾਕਾ ਇੰਨਾ ਭਿਆਨਕ ਸੀ ਕਿ 5 ਕਿਲੋਮੀਟਰ ਦੂਰ ਤੱਕ ਇਸ ਦੀ ਆਵਾਜ਼ ਸੁਣਾਈ ਦਿੱਤੀ। ਇਸ ’ਚ ਇਕ ਔਰਤ ਸਮੇਤ 9 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 15 ਤੋਂ ਵੱਧ ਮਜ਼ਦੂਰ ਗੰਭੀਰ ਰੂਪ ’ਚ ਝੁਲਸ ਗਏ।
* 24 ਜੁਲਾਈ ਨੂੰ ‘ਗੰਗੋਹ’ (ਸਹਾਰਨਪੁਰ, ਉੱਤਰ ਪ੍ਰਦੇਸ਼) ’ਚ ਇਕ ਗੈਰ-ਕਾਨੂੰਨੀ ਪਟਾਕਾ ਫੈਕਟਰੀ ’ਚ ਭਾਰੀ ਧਮਾਕੇ ਨਾਲ 2 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਕਈ ਵਿਅਕਤੀ ਝੁਲਸ ਗਏ।
* 31 ਅਗਸਤ ਨੂੰ ‘ਕੌਸ਼ਾਂਬੀ’ (ਉੱਤਰ ਪ੍ਰਦੇਸ਼) ’ਚ ਸਥਿਤ ਇਕ ਨਾਜਾਇਜ਼ ਪਟਾਕਾ ਫੈਕਟਰੀ ’ਚ ਹੋਏ ਭਿਆਨਕ ਧਮਾਕੇ ਦੇ ਨਤੀਜੇ ਵਜੋਂ ਫੈਕਟਰੀ ਪੂਰੀ ਤਰ੍ਹਾਂ ਢਹਿ ਗਈ ਅਤੇ ਆਸ-ਪਾਸ ਦੇ ਕਈ ਮਕਾਨ ਵੀ ਨੁਕਸਾਨੇ ਗਏ। ਇਸ ਹਾਦਸੇ ’ਚ 11 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 22 ਹੋਰ ਬੁਰੀ ਤਰ੍ਹਾਂ ਝੁਲਸ ਗਏ।
* 5-6 ਅਕਤੂਬਰ ਦੀ ਦਰਮਿਆਨੀ ਰਾਤ ਨੂੰ ‘ਹਿੰਗੋਲੀ’ (ਮਹਾਰਾਸ਼ਟਰ) ’ਚ ਸਥਿਤ ਇਕ ਪਟਾਕਿਆਂ ਦੇ ਗੋਦਾਮ ’ਚ ਅਚਾਨਕ ਭਿਆਨਕ ਅੱਗ ਲੱਗ ਜਾਣ ਨਾਲ ਹੋਏ ਧਮਾਕਿਆਂ ਨਾਲ ਸਾਰਾ ਇਲਾਕਾ ਦਹਿਲ ਗਿਆ ਅਤੇ ਉੱਥੇ ਖੜ੍ਹੀ ਫਾਇਰ ਬ੍ਰਿਗੇਡ ਦੀ ਇਕ ਗੱਡੀ ਵੀ ਸੜ ਗਈ। ਇਸ ਦੁਰਘਟਨਾ ’ਚ 2 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 7 ਤੋਂ ਵੱਧ ਹੋਰ ਵਿਅਕਤੀ ਗੰਭੀਰ ਰੂਪ ’ਚ ਝੁਲਸ ਗਏ।
* 16 ਅਕਤੂਬਰ ਨੂੰ ‘ਵਾਰਾਣਸੀ’ (ਉੱਤਰ ਪ੍ਰਦੇਸ਼) ’ਚ ਇਕ ਮਕਾਨ ’ਚ ਰੱਖੀ ਵਿਸਫੋਟਕ ਸਮੱਗਰੀ ਅਤੇ ਪਟਾਕਿਆਂ ਕਾਰਨ ਹੋਏ ਭਿਆਨਕ ਧਮਾਕੇ ਨਾਲ ਮਕਾਨ ਦਾ ਇਕ ਹਿੱਸਾ ਡਿੱਗ ਗਿਆ।
* 23 ਅਕਤੂਬਰ ਨੂੰ ‘ਸਵਾਨ’ (ਬਿਹਾਰ) ਦੇ ‘ਅਲਮਾਪੁਰ’ ’ਚ ਨਾਜਾਇਜ਼ ਢੰਗ ਨਾਲ ਪਟਾਕੇ ਬਣਾਉਣ ਵਾਲੀ ਫੈਕਟਰੀ ’ਚ ਧਮਾਕੇ ਦੇ ਨਤੀਜੇ ਵਜੋਂ ਉੱਥੇ ਕੰਮ ਕਰ ਰਹੇ ਇਕੋ ਪਰਿਵਾਰ ਦੇ 7 ਮੈਂਬਰਾਂ ਸਮੇਤ 8 ਵਿਅਕਤੀਅਾਂ ਦੀ ਮੌਤ ਹੋ ਗਈ। ਮ੍ਰਿਤਕਾਂ ’ਚ ਇਕ ਪਤੀ-ਪਤਨੀ ਵੀ ਸ਼ਾਮਲ ਹਨ। ਧਮਾਕਾ ਇੰਨਾ ਭਿਆਨਕ ਸੀ ਕਿ ਮਕਾਨ ਪੂਰੀ ਤਰ੍ਹਾਂ ਢਹਿ ਗਿਆ ਅਤੇ ਕਈ ਮ੍ਰਿਤਕਾਂ ਦੇ ਸਰੀਰ ਦੇ ਟੁਕੜੇ 300 ਮੀਟਰ ਦੂਰ ਤੱਕ ਜਾ ਕੇ ਡਿੱਗੇ।
* 23 ਅਕਤੂਬਰ ਨੂੰ ਹੀ ‘ਅਲਵਰ’ (ਰਾਜਸਥਾਨ) ’ਚ ਸ਼ਹਿਰ ਦੇ ਵਿਚਾਲੇ ਸਥਿਤ ਤਿਲਕ ਮਾਰਕੀਟ ’ਚ ਇਕ ਕੱਪੜੇ ਦੀ ਦੁਕਾਨ ਦੀ ਆੜ ’ਚ ਚੱਲ ਰਹੇ ਪਟਾਕਿਆਂ ਦੇ ਨਾਜਾਇਜ਼ ਗੋਦਾਮ ’ਚ ਅੱਗ ਲੱਗ ਜਾਣ ਨਾਲ ਹੋਏ ਧਮਾਕਿਆਂ ਨਾਲ ਇਲਾਕੇ ’ਚ ਤਰਥੱਲੀ ਮੱਚ ਗਈ।
ਨਾਜਾਇਜ਼ ਪਟਾਕਾ ਫੈਕਟਰੀਆਂ ਦੇ ਮਾਲਕਾਂ ਵੱਲੋਂ ਗੈਰ-ਤਜਰਬੇਕਾਰ ਲੋਕਾਂ ਕੋਲੋਂ ਪਟਾਕੇ ਬਣਵਾਉਣ ਵਰਗੇ ਖ਼ਤਰਨਾਕ ਕੰਮ ਕਰਵਾਉਣ ਨਾਲ ਹੋਣ ਵਾਲੇ ਹਾਦਸਿਆਂ ਦੀਆਂ ਇਹ ਤਾਂ ਸਿਰਫ ਕੁਝ ਉਦਾਹਰਣਾਂ ਹਨ। ਇਹ ਘਟਨਾਵਾਂ ਰੋਜ਼ੀ-ਰੋਟੀ ਲਈ ਲੋਕਾਂ ਵੱਲੋਂ ਜਾਨ ਜੋਖ਼ਮ ’ਚ ਪਾਉਣ ਦੀ ਮਜਬੂਰੀ ਅਤੇ ਇਸ ਤੱਥ ਦਾ ਸਬੂਤ ਹਨ ਕਿ ਕਿਸ ਤਰ੍ਹਾਂ ਅਜਿਹੀਆਂ ਨਾਜਾਇਜ਼ ਗਤੀਵਿਧੀਆਂ ਲਗਾਤਾਰ ਜਾਰੀ ਹਨ।
ਇਸ ਲਈ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਪ੍ਰਸ਼ਾਸਨ ਨੂੰ ਚੁਸਤ ਕਰਨ ਅਤੇ ਸੁਰੱਖਿਆ ਸਬੰਧੀ ਨਿਯਮਾਂ ਦੀ ਉਲੰਘਣਾ ਕਰ ਕੇ ਨਾਜਾਇਜ਼ ਪਟਾਕਾ ਕਾਰਖਾਨੇ ਚਲਾਉਣ ਵਾਲਿਆਂ ਅਤੇ ਇਨ੍ਹਾਂ ਨੂੰ ਚੱਲਣ ਦੇਣ ਲਈ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੇ ਜਾਣ ਦੀ ਲੋੜ ਹੈ।
—ਵਿਜੇ ਕੁਮਾਰ
ਕੂੜਾ ਪ੍ਰਬੰਧਨ ਅਤੇ ‘ਸਰਕੂਲਰ ਇਕਾਨਮੀ’
NEXT STORY