ਪੰਜਾਬ ਮੁਗਲ ਧਾੜਵੀਆਂ ਅਤੇ ਅੰਗਰੇਜਾਂ ਦੇ ਸਮੇਂ ਤੋਂ ਲੈ ਕੇ ਹਕੂਮਤਾਂ ਦਾ ਸੰਤਾਪ ਹਢਾਉਂਦਾ ਆ ਰਿਹਾ ਹੈ। ਸੰਨ 1947 ਦੀ ਵੰਡ ਤੋਂ ਹੁਣ ਤੱਕ 69 ਵਰਿਆਂ ਦੇ ਸਮੇਂ ਦੌਰਾਨ ਭਾਰਤ ਦੇ ਸਰਹੱਦੀ ਰਾਜ ਪੰਜਾਬ ਨੇ ਲਗਭਗ ਆਪਣਾ ਅੱਧੇ ਨਾਲੋਂ ਵੱਧ ਸਮਾਂ ਦਹਿਸ਼ਤ ਦੀ ਛਾਇਆ ਹੇਠ ਗੁਜਾਰਿਆ ਹੈ। ਸੰਨ 1947 ਚ ਦੇਸ਼ ਦੀ ਵੰਡ ਸਮੇਂ ਮਨੁੱਖੀ ਜਾਨਾਂ ਦੇ ਵੱਢ-ਵੱਢ ਕੇ ਕੀਤੇ ਗਏ ਘਾਣ, ਪਕਿਸਤਾਨ ਤੋਂ ਲੁੱਕ-ਛਿਪ ਅਤੇ ਆਪਣੀਆਂ ਜਾਨਾਂ ਬਚਾ ਕੇ ਪਰਤੇ ਸ਼ਰਨਾਰਥੀਆਂ ਨੂੰ ਪੰਜਾਬ 'ਚ ਵਸਾਉਣ ਦਾ ਹੀਲਾ ਕੀਤਾ ਗਿਆ। ਸੰਨ 1965 ਅਤੇ 1971 ਦੀਆਂ ਜੰਗਾਂ ਚ ਪੰਜਾਬ ਦਾ ਵਿਆਪਕ ਨੁਕਸਾਨ ਹੋਇਆ। ਇਸ ਪਿੱਛੋ ਪੰਜਾਬ ਅੰਦਰ ਚੱਲੀ ਨਸ਼ਕਲੀ ਲਹਿਰ ਦੌਰਾਨ ਵੀ ਨਿਰਦੋਸ਼ ਪੰਜਾਬੀਆਂ ਦਾ ਘਾਣ ਹੋਇਆ।
1984 ਵਿਚ ਇੰਦਰਾ ਗਾਂਧੀ ਦੇ ਕਤਲ ਪਿੱਛੋ ਦੇਸ਼ ਦੇ ਵੱਖ ਵੱਖ ਹਿੱਸਿਆ ਵਿਚ ਹਜਾਰਾਂ ਨਿਰਦੋਸ਼ ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ ਅਤੇ ਫਿਰ 1984 ਤੋਂ ਲੈ ਕੇ 1994 ਤੱਕ ਦਾ ਖੌਫਨਾਕ ਖੂਨੀਦੌਰ ਤੇ ਦਹਿਸ਼ਤਗਰਦੀ ਵਾਲਾ ਮਾਹੌਲ ਪੰਜਾਬ ਨੇ ਆਪਣੇ ਪਿੰਡੇ ਤੇ ਹੰਢਾਇਆ ਹੈ। ਬਹੁਤ ਸਾਰੀ ਦਹਿਸ਼ਤ ਅਤੇ ਖੂਨੀਦੌਰਾਂ ਚੋਂ ਗੁਜ਼ਰਨ ਵਾਲਾ ਪੰਜਾਬ ਹੁਣ ਫਿਰ ਮੰਦਭਾਗੇ ਸਮੇਂ ਅਤੇ ਸਿਆਸਤ ਦੀਆਂ ਮਾਰੂ ਨੀਤੀਆਂ ਚ ਜਕੜਦਾ ਜਾ ਰਿਹਾ ਹੈ। ਹੁਣ ਫਿਰ ਇਹ ਗੰਭੀਰਤਾ ਨਾਲ ਵੇਖਣ ਅਤੇ ਸੋਚਣ ਦੀ ਲੋੜ ਹੈ ਕਿ ਸਿਆਸੀਕਰਨ ਅਤੇ ਆਪਾਧਾਪੀ ਚੌਧਰ ਦੀ ਭੁੱਖ ਕਾਰਨ ਪੰਜਾਬ ਵਿਚ ਅਮਨ-ਸਾਂਤੀ ਅਤੇ ਕਾਨੂੰਨ ਵਿਵਸਥਾ ਕਿੰਨੀ ਕੁ ਸਹੀ ਹੈ। ਪੰਜਾਬ ਦੇ ਵਿਚ ਅੰਦਰੋ ਅੰਦਰੀ ਬਣੇ ਗੈਂਗਾ ਦੀ ਦਹਿਸ਼ਤ ਦਾ ਪਰਛਾਵਾਂ ਸੂਝਵਾਨ, ਸਰਮਾਏਦਾਰ, ਵਪਾਰੀ ਵਰਗ ਆਦਿ ਤੇ ਹਮੇਸ਼ਾ ਛਾਇਆ ਰਹਿੰਦਾ ਹੈ। ਰੁਪਇਆਂ ਦੀ ਫਰੋਤੀ ਲਈ ਦਿਨੋ ਦਿਨ ਪੰਜਾਬ ਵਿਚ ਵਧ ਰਹੇ ਅਗਵਾ ਕਰਨ ਦੇ ਕਾਂਢ ਤੋਂ ਉਕਤ ਵਰਗ ਨੂੰ ਆਪਣੇ ਸਕੂਲ ਗਏ ਬੱਚੇ ਨੂੰ ਕੋਈ ਅਗਵਾ ਕਰਕੇ ਨਾ ਲੈ ਜਾਵੇ ਦਾ ਡਰ ਹਮੇਸਾ ਸਤਾਉਂਦਾ ਰਹਿੰਦਾ ਹੈ। ਕੁਝ ਪੰਜਾਬ ਵਿਚ ਅਜਿਹੇ ਗਿਰੋਹ ਵੀ ਸਰਗਰਮ ਹੋ ਗਏ ਹਨ ਜੋ ਬੱਚਿਆਂ ਨੂੰ ਅਗਵਾ ਕਰਨ ਪਿੱਛੋ ਅਨੈਤਿਕ ਕੰਮਾਂ ਲਈ ਵਰਤਦੇ ਹਨ। ਉਦਾਹਰਨ ਦੇ ਤੌਰ ਤੇ ਫਰੀਦਕੋਟ ਵਿਚੋ ਬੱਚਿਆਂ ਨੂੰ ਵੱਡੀ ਗਿਣਤੀ ਚ ਅਗਵਾ ਕਰਨ ਦੀਆਂ ਘਟਨਾਵਾਂ ਵਾਪਰੀਆਂ ਹਨ।
ਅਚਾਨਕ ਗੁੰਮ ਹੋਏ ਬੱਚਿਆਂ ਦੇ ਮਾਪਿਆਂ ਅਤੇ ਹੋਰ ਇੰਨਸਾਫ ਪਸੰਦ ਲੋਕਾਂ ਨੇ ਇਸ ਮੰਗ ਨੂੰ ਲੈ ਕੇ ਤਕੜਾ ਸ਼ੰਘਰਸ ਵੀ ਲੜਿਆ ਪਰ ਪੁਲਸ ਗੁੰਮ ਹੋਏ ਬੱਚਿਆਂ ਦਾ ਖੁਰਾ-ਖੋਜ ਲੱਭਣ ਵਿਚ ਨਾਕਾਮ ਸਾਬਤ ਹੋਈ। ਕਾਲਜ ਗਏ ਨੌਜਵਾਨ ਪੁੱਤਰਾਂ ਦਾ ਬਹੁਤ ਸਾਰੇ ਮਾਪਿਆਂ ਨੂੰ ਇਸ ਗੱਲ ਦਾ ਫਿਕਰ ਸਤਾ ਰਿਹਾ ਹੁੰਦਾ ਹੈ ਕਿ ਉਨ੍ਹਾਂ ਦਾ ਪੁੱਤਰ ਕਿਸੇ ਗੈਂਗ ਗਰੋਹ ਵਿਚ ਨਾ ਸ਼ਾਮਲ ਹੋ ਜਾਵੇ ਜਾਂ ਕਿਸੇ ਨਿਸ਼ੇੜੀਆਂ ਦੀ ਸੰਗਤ 'ਚ ਰਲ ਕੇ ਨਸ਼ੇ ਦਾ ਆਦੀ ਨਾ ਬਣ ਜਾਵੇ। ਅਸੀ ਵੇਖਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਦੌਰਾਨ ਪੰਚਾਇਤੀ ਚੋਣਾਂ ਮਈ 2003, ਉੱਪ ਚੋਣ ਨਵੰਬਰ 2004 ਅਤੇ 2005 ਵਿਚ ਅਜਨਾਲਾ ਹਲਕੇ ਦੀ ਉੱਪ ਚੋਣ ਨੇ ਅਪਰਾਧੀ ਅਨਸਰਾਂ ਦੀ ਮੰਗ ਇੰਨੀ ਵਧਾ ਦਿੱਤੀ ਕੇ ਕੁਝ ਲੋਕਾਂ ਨੇ ਉਸ ਸਮੇਂ ਤੋਂ ਹੀ ਪੇਸ਼ਾਵਰ ਅਪਰਾਧੀ ਬਣਨ ਦਾ ਰਾਹ ਚੁਣ ਲਿਆ। ਬਹੁਤ ਸਾਰੇ ਕਸਬਿਆਂ, ਸ਼ਹਿਰਾਂ ਅਤੇ ਨਗਰਾਂ ਵਿਚ ਅਪਰਾਧੀਆਂ ਨੇ ਆਪਣੇ ਗੈਂਗ (ਟੋਲੇ) ਬਣਾ ਲਏ। ਇਨ੍ਹਾਂ ਗੈਂਗਾ ਵਿਚ ਬੇਰੁਜਗਾਰੀ ਦੇ ਭੰਨੇ ਨੌਜਵਾਨ ਸ਼ਾਮਿਲ ਹੋਏ। ਇਨ੍ਹਾਂ ਲੱਠਮਾਰ ਟੋਲਿਆਂ ਨੇ ਸਮੇਂ ਦੇ ਨਾਲ-ਨਾਲ ਲੋਕਾਂ ਤੇ ਆਪਣੀ ਦਹਿਸ਼ਤ ਪਾਉਣੀ ਸ਼ੁਰੂ ਕਰ ਦਿੱੱਤੀ। ਵਿਧਾਨ ਸਭਾ ਚੋਣਾਂ 2007 ਚ ਵੀ ਇਨ੍ਹਾਂ ਟੋਲਿਆਂ ਦਾ ਕਾਫੀ ਬੋਲਬਾਲਾ ਰਿਹਾ ਅਤੇ ਪ੍ਰਕਾਸ ਸਿੰਘ ਬਾਦਲ ਦੇ ਰਾਜ ਦੌਰਾਨ ਪੰਜਾਬ ਵਿਚ ਵਿਧਾਨ ਸਭਾ 2012 ਵਿਚ ਹੋਈਆਂ ਚੋਣਾਂ ਦੌਰਾਨ ਲੰਬੀ ਹਲਕੇ ਚ ਪੈਂਦੇ ਪਿੰਡ ਮਾਨਾ ਵਿਚ ਸੱਤਾਧਾਰੀ ਅਕਾਲੀ ਦਲ ਅਤੇ ਕਾਂਗਰਸ ਦੇ ਹਮਾਇਤੀਆਂ ਦਰਮਿਆਨ ਜਬਰਦਸਤ ਲੜਾਈ ਹੋਈ, ਜਿਸ 'ਚ ਕਈ ਗੱਡੀਆਂ ਨੂੰ ਵੀ ਅੱਗ ਦੀ ਭੇਂਟ ਚੜ੍ਹਾ ਦਿੱਤਾ ਗਿਆ। ਇਹ ਗੈਂਗ ਫਰੋਤੀਆਂ ਲੈਣ, ਜਮੀਨਾਂ-ਪਲਾਟਾਂ ਤੇ ਕਬਜ਼ੇ ਕਰਨ, ਸ਼ਹਿਰਾਂ ਅਤੇ ਪਿੰਡਾਂ ਵਿਚ ਨਿੱਜੀ ਦੁਸ਼ਮਣੀ ਵਾਲੀ ਲੜਾਈ ਚ ਕਿਸੇ ਦੀ ਧਿਰ ਬਣਨ ਅਤੇ ਚੋਣਾਂ ਦੌਰਾਨ ਪੋਲਿੰਗ ਬੂਥਾਂ ਤੇ ਦਹਿਸ਼ਤ ਦਾ ਮਹੌਲ ਬਣਾਉਨ ਦਾ ਕੰਮ ਕਰਦੇ ਹਨ। ਇਨ੍ਹਾਂ ਨੂੰ ਅਜਿਹਾ ਕਰਨ ਲਈ ਹਮੇਸ਼ਾ ਸਤਾਧਾਰੀ ਧਿਰ ਦਾ ਥਾਪੜਾ ਪ੍ਰਾਪਤ ਹੁੰਦਾ ਹੈ। ਅਜਿਹੇ ਗੈਂਗਾ ਦਾ ਹਿੱਸਾ ਬਣੇ ਨੌਜਵਾਨਾਂ ਨੂੰ ਪੈਸੇ ਅਤੇ ਜੀਵਨ ਦੀਆਂ ਹੋਰ ਸੁੱਖ ਸਹੂਲਤਾਂ ਬੜੇ ਸੌਖੇ ਢੰਗ ਨਾਲ ਪ੍ਰਾਪਤ ਹੋ ਜਾਂਦੀਆਂ ਹਨ, ਇਸ ਕਾਰਨ ਇੰਨਾਂ ਗੈਂਗਾ ਵਿਚ ਦਿਨ ਦਿਨੋ ਨਿਰੰਤਰ ਵਾਧਾ ਹੋ ਰਿਹਾ ਹੈ। ਹੁਣ ਹਾਲਾਤ ਇੱਥੋ ਤੱਕ ਪੁੱਜ ਗਏ ਹਨ ਕਿ ਇੰਨ੍ਹਾਂ ਟੋਲਿਆਂ ਦੀ ਆਪਸੀ ਖਹਿਬਾਜ਼ੀ ਸਾਹਮਣੇ ਆ ਰਹੀ ਹੈ ਜੋ ਇੱਕ ਦੂਜੇ ਦੇ ਖੂਨ ਖਰਾਬਾ ਕਰਨ ਤੱਕ ਪੁੱਜ ਜਾਂਦੀ ਹੈ। ਅਜਿਹੇ ਅਪਰਾਧੀਆਂ ਦੀਆਂ ਗੈਰ ਸਮਾਜੀ ਕਾਰਵਾਈਆਂ ਨੂੰ ਪੰਜਾਬ ਸਰਕਾਰ 'ਚ ਲੋਕਾਂ ਦੇ ਚੁਣੇ ਹੋਏ ਨੁਮਾਇਦੇ ਅਤੇ ਪੁਲਸ ਸਭ ਮੂਕ ਦਰਸ਼ਕ ਬਣ ਕੇ ਵੇਖ ਰਹੇ ਹਨ। ਇਨ੍ਹਾਂ ਗੈਂਗਾ ਨੇ ਬਕਾਇਦਾ ਆਪਣੇ ਵਿਆਕਤੀਆਂ ਦੀ ਹੈਸੀਅਤ ਦੇ ਹਿਸਾਬ ਨਾਲ ਵਰਗ ਵੰਡ ਕੀਤੀ ਹੋਈ ਹੈ ਜੋ ਲੜਾਈ ਝਗੜੇ ਤੇ ਜਾਣ ਸਮੇਂ ਕਾਫੀ ਮੋਟੀ ਰਕਮ ਵਸੂਲਦੇ ਹਨ। ਪਿਛੇ ਜਿਹੇ ਤਲਵੰਡੀ ਦੀ ਜਿਮਨੀ ਚੋਣਾਂ ਵਿਚ ਵੀ ਦਹਿਸ਼ਤ ਅਤੇ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਸੀ।
ਪਿਛਲੇ ਮਹੀਨੇ 13 ਅਤੇ 14 ਅਗਸਤ ਦੀ ਰਾਤ ਨੂੰ ਲਹਿਰਾ ਮੁਹੱਬਤ ਕੋਲ ਇਕ ਕਾਰ ਪਲਟੀ ਜਿਸ ਵਿਚੋ ਪੁਲਸ ਨੂੰ ਗੈਰ ਕਾਨੂੰਨੀ ਸਮਗਰੀ ਮਿਲੀ ਉਹ ਕਾਰ ਕਾਫੀ ਦਿਨ ਅਖਬਾਰਾਂ ਦੀਆਂ ਮੇਨ ਸੁਰਖੀਆਂ ਚ ਰਹੀ ਅਤੇ ਕਾਫੀ ਦਿਨ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ ਪਰ ਹੋਇਆ ਸਭ ਕੁਝ ਉਲਟ, ਮਾਲਕ ਕਾਰ ਲੈ ਗਏ ਮਾਮਲਾ ਦਰਜ ਹੋਇਆ ਅਣਪਛਾਤਿਆਂ ਤੇ ਇਸ ਤੋਂ ਸਾਫ ਝਲਕਦਾ ਹੈ ਕਿ ਲੋਕਾਂ ਦੀ ਚੁਣੀ ਹੋਈ ਸਰਕਾਰ ਲੋਕਾਂ ਨਾਲ ਕਿੰਨਾ ਕੁ ਵਫਾ ਕਰ ਰਹੀ ਹੈ। ਦੂਜੇ ਪਾਸੇ ਪੁਲਸ ਨੇ ਇਸ ਮਾਮਲੇ ਦੀ ਅਸਲ ਸੱਚਾਈ ਲੋਕਾਂ ਸਾਹਮਣੇ ਰੱਖਣ ਦੀ ਜੁਅਰਤ ਨਹੀਂ ਕੀਤੀ। ਇਸ ਨੂੰ ਕਹਿੰਦੇ ਹਨ “ਤਕੜੇ ਦਾ ਸੱਤੀਂ ਵੀਹੀਂ ਸੌ”। ਜਦੋਂ ਕਿਸੇ ਰਾਜ ਦੀ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਕਿਸੇ ਮਾਮਲੇ ਤੇ ਅਮਨ ਕਾਨੂੰਨ ਨੂੰ ਤੋੜਨ ਵਿਚ ਸਿੱਧੇ ਜਾਂ ਅਸਿੱਧੇ ਤੌਰ ਤੇ ਭਾਈਵਾਲ ਹੋਵੇ ਤਾਂ ਲੋਕਾਂ ਦੀ ਜਾਨਮਾਲ ਦੀ ਰਾਖੀ ਕਰਨ ਵਾਲੇ ਪ੍ਰਸ਼ਾਸਨ ਅਧਿਕਾਰੀ ਇਮਾਨਦਾਰ ਨਹੀ ਰਹਿ ਸਕਦੇ ਜਿਸ ਦੇ ਸਿੱਟੇ ਵਜੋਂ ਸਮਾਜ ਵਿਰੋਧੀ ਅਨਸਰ ਆਮ ਲੋਕਾਂ ਦਾ ਜਿਉਣਾਂ ਦੁੱਭਰ ਕਰਨ ਵਾਲੇ ਅਪਰਾਧ ਸ਼ੁਰੂ ਕਰ ਦਿੰਦੇ ਹਨ। ਹੁਣ ਮੌਜੂਦਾ ਸਰਕਾਰ ਦੇ ਰਾਜ ਵਿਚ ਮਾੜੇ ਅਨਸਰਾਂ ਵਲੋਂ ਬੱਚੇ ਅਗਵਾ ਕਰਨਾ, ਲੁੱਟਾਂ-ਖੋਹਾਂ, ਬਲਾਤਕਾਰ, ਲੜਕੀਆਂ ਨਾਲ ਛੇੜਛਾੜ, ਆਤਮ ਹੱਤਿਆ, ਕਰਜ਼ਈਆਂ ਕਿਸਾਨਾਂ ਵਲੋਂ ਕੀਤੀਆਂ ਜਾ ਰਹੀਆਂ ਖੁਦਕਸ਼ੀਆਂ, ਲੋਕਤੰਤਰ ਦਾ ਚੌਥਾ ਥੰਮ ਮੰਨੇ ਜਾਂਦੇ ਪੱਤਰਕਾਰਾਂ ਦੀ ਕੁੱਟਮਾਰ, ਆਪਣੇ ਹੱਕ ਲਈ ਸੰਘਰਸ਼ ਕਰ ਰਹੀਆ ਔਰਤਾਂ ਨੂੰ ਸੜਕ ਤੇ ਸ਼ਰੇਆਮ ਕੁੱਟਣਾ, ਅਧਿਆਪਕ ਵਰਗ ਦੀਆਂ ਮਹਿਲਾਵਾਂ ਜੋ ਬੀਬਾ ਹਰਸਿਮਰਤ ਕੌਰ ਨੂੰ ਮਿਲਣ ਜਾ ਰਹੀਆਂ ਦੇ ਇਕ ਮੰਤਰੀ ਵਲੋਂ ਥੱਪੜ ਮਾਰਨਾ, ਨਬਾਲਿਗ ਕੁੜੀਆਂ ਨਾਲ ਹੋ ਰਹੇ ਬਲਾਤਕਾਰ, ਰਾਤ ਸਮੇ ਸੜਕਾਂ ਤੇ ਸੌ ਰੁਪਇਆਂ ਖਾਤਰ ਬੰਦੇ ਦਾ ਕਤਲ ਕਰ ਦੇਣਾ, ਦਿਨੋ ਦਿਨ ਵਧ ਰਹੀ ਵਾਹਨਾ ਦੀ ਚੋਰੀ, ਡਕੈਤੀ ਦੀਆਂ ਅਨੇਕਾਂ ਘਟਨਾਵਾਂ ਲਾਲਚ ਵੱਸ ਹੋ ਕੇ ਕੀਤੀਆਂ ਅਗਵਾਕਾਰਾਂ ਵਲੋਂ ਚੁੱਕ ਕੇ ਫਰੋਤੀ ਮੰਗਣਾਂ ਪੰਜਾਬ ਸਰਕਾਰ ਦੀ ਪ੍ਰਸ਼ਾਸਨਿਕ ਕਾਰਜੁਗਾਰੀ ਬਾਰੇ ਇਹ ਅਹਿਸਾਸ ਕਰਵਾਉਦਾ ਹੈ ਕਿ ਜਿਵੇ ਹੁਣ ਇਸ ਪੰਜਾਬ 'ਚ ਇਕ ਗੁੰਡਾ ਰਾਜ ਬਣ ਗਿਆ ਹੋਵੇ। ਲੋਕਤੰਤਰ ਦਾ ਚੌਥਾ ਥੰਮ ਮੰਨੇ ਜਾਂਦੇ ਪੱਤਰਕਾਰਾਂ ਨੂੰ ਪੰਜਾਬ ਵਿਚ ਨਹੀਂ ਬਖਸ਼ਿਆ ਜਾ ਰਿਹਾ। ਬੀਤੇ ਦਿਨੀ ਥਾਣਾ ਦਿਆਲਪੁਰਾ ਚ ਇਕ ਧਰਨੇ ਦੀ ਕਵਰੇਜ ਕਰ ਰਹੇ ਕੁਝ ਪੱਤਰਕਾਰਾਂ ਤੇ ਪੁਲਸ ਨੇ ਬਿਨਾਂ ਵਜ੍ਹਾ ਹੀ ਡਾਗਾਂ ਵਰ੍ਹਾਂ ਦਿੱਤੀਆਂ। ਇਸ ਤੋਂ ਸਾਫ ਹੁੰਦਾ ਹੈ ਕਿ ਸੱਚਾਈ ਬਿਆਨ ਕਰਨ ਵਾਲੇ ਪੱਤਰਕਾਰਾਂ ਨੂੰ ਵੀ ਡਾਂਗ ਦੇ ਜੋਰ ਨਾਲ ਦਿਵਾਉਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ। ਪੰਜਾਬ ਦੇ ਨਾਲ ਲੱਗਦੇ ਹਰਿਆਣਾ, ਰਾਜਸਥਾਨ ਦੀਆਂ ਹੱਦਾਂ ਤੋਂ ਨਸ਼ਿਆਂ ਦੇ ਅਦਾਨ-ਪਦਾਨ ਕਰਨ ਦੀਆਂ ਖਬਰਾਂ ਅਖਬਾਰਾਂ ਵਿਚ ਰੋਜ਼ਾਨਾਂ ਪੜ੍ਹਣ ਨੂੰ ਮਿਲਦੀਆਂ ਹਨ। ਬੇਰੁਜਗਾਰੀ ਕਾਰਨ ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਦਲ-ਦਲ ਵਿਚ ਬੁਰੀ ਤਰ੍ਹਾਂ ਧਸ ਚੁੱਕੀ ਹੈ। ਅਜਿਹੇ ਨੌਜਵਾਨ ਨਸ਼ੇ ਦੀ ਪੂਰਤੀ ਲਈ ਲੁੱਟਾਂ ਖੋਹਾਂ, ਅਗਵਾਕਾਰੀ ਇੱਥੋ ਤੱਕ ਕਿ ਕਈ ਵਾਰੀ ਕਤਲ ਵੀ ਕਰ ਦਿੰਦੇ ਹਨ। ਅਜਿਹੇ ਮਾਹੌਲ ਵਿਚ ਲੋਕ ਡਰ ਡਰ ਕੇ ਦਿਨ ਕਟੀ ਕਰਦੇ ਹਨ। ਪੰਜਾਬ ਦੀ ਮੁੱਢ ਤੋਂ ਹੀ ਇਹ ਤ੍ਰਸਾਦੀ ਰਹੀ ਹੈ ਕਿ ਇੱਥੇ ਕਿਸੇ ਵੀ ਸਰਕਾਰ ਨੇ ਬੇਰੁਜਗਾਰ ਨੌਜਵਾਨਾਂ ਨੂੰ ਵਿਆਪਕ ਪੱਧਰ ਤੇ ਰੋਜਗਾਰ ਦੇਣ ਦੇ ਉਪਰਾਲੇ ਨਹੀ ਕੀਤੇ। ਪੰਜਾਬ ਵਿੱਚ ਬੇਰੁਜਗਾਰੀ ਦੇ ਭੰਨੇ ਨੌਜਵਾਨਾਂ ਦੀਆਂ ਹੇੜਾਂ ਆਮ ਵੇਖੀਆਂ ਜਾ ਸਕਦੀਆਂ ਹਨ ਜੋ ਇਕ ਸੱਭਿਅਕ ਸਮਾਜ ਲਈ ਵੱਡਾ ਖਤਰਾ ਬਣ ਗਈਆਂ ਹਨ। ਪੰਜਾਬ ਚ ਜਿਧਰ ਵੀ ਨਿਗਾਹ ਮਾਰੋ ਉਸੇ ਚੌਂਕ ਚ ਬੇਰੁਜਗਾਰਾਂ ਤੇ ਸਮਾਜ ਦੇ ਹੋਰ ਹੱਕ ਮੰਗਦੇ ਲੋਕਾਂ ਦੇ ਧਰਨੇ, ਭੁੱਖ ਹੜਤਾਲਾਂ ਨਜ਼ਰੀ ਪੈਂਦੀਆਂ ਹਨ।
ਬੇਰੁਜਗਾਰੀ ਕਾਰਨ ਹੀ ਨੌਜਵਾਨ ਪੀੜ੍ਹੀ ਨਸ਼ਿਆਂ ਅਤੇ ਹੋਰ ਗੈਰ-ਸਮਾਜੀ ਕੰਮਾਂ ਵਿਚ ਪੈ ਗਈ ਹੈ। ਦਿਸ਼ਾਹੀਨ ਰਾਜਨੀਤੀ ਕਰਕੇ ਹੀ ਬੇਰੁਜਗਾਰ ਨੌਜਵਾਨ ਕਿਰਾਏਦਾਰ ਅਪਰਾਧੀ ਬਣ ਰਿਹਾ ਹੈ। ਪੰਜਾਬ ਦੇ ਥਾਣਿਆਂ ਵਿਚ ਜਿਆਦਾਤਰ ਮੌਜੂਦਾ ਸਰਕਾਰ ਦੇ ਜਥੇਦਾਰਾਂ ਦਾ ਦਬਦਬਾ ਹੈ ਕਿਉਂਕਿ ਪੁਲਸ ਨੇ ਨਹੀਂ ਜਥੇਦਾਰ ਨੇ ਹੀ ਦੱਸਣਾ ਹੈ ਕਿ ਕਿਸ ਧਿਰ ਤੇ ਪਰਚਾ ਦਰਜ ਕੀਤਾ ਜਾਣਾ ਚਾਹੀਦਾ ਹੈ। ਜੇਕਰ ਜਥੇਦਾਰ ਚਾਹੇ ਤਾਂ ਸਾਰਾ ਮਾਮਲਾ ਠੰਡੇ ਬਸਤੇ ਸੁੱਟ ਦਿੱਤਾ ਜਾਂਦਾ ਹੈ। ਇਨਸਾਫ ਨਾ ਮਿਲਦਾ ਵੇਖ ਲੋਕਾਂ ਨੂੰ ਲਾਸਾਂ ਸੜਕਾਂ ਤੇ ਰੱਖ ਕੇ ਇਨਸਾਫ ਲੈਣਾ ਪੈ ਰਿਹਾ ਹੈ। ਪੰਜਾਬ ਦੀ ਗਿਰਾਵਟ ਵੱਲ ਜਾ ਰਹੀ ਸਿਆਸਤ ਦੇ ਨਾਲ ਨਾਲ ਪੰਜਾਬ ਪੁਲਸ ਦੀ ਬਦ-ਇੰਤਜਾਮੀ ਦਾ ਆਲਮ ਇਹ ਹੈ ਕਿ ਬੀਤੇ ਸਮੇਂ ਇਕ ਗੈਂਗ ਦੇ ਨੌਜਵਾਨ ਨੂੰ ਪੁਲਸ ਪੇਸ਼ੀ ਭਗਤਾਉਣ ਲਈ ਲਿਜਾ ਰਹੀ ਸੀ ਤਾਂ ਕਿਸੇ ਦੂਸਰੇ ਗੈਂਗ ਨੇ ਪੁਲਸ ਦੀ ਹਿਰਾਸਤ ਵਿਚ ਹੀ ਜੀਟੀ ਰੋਡ ਤੇ ਸ਼ਰੇਆਮ ਗੋਲੀਆਂ ਨਾਲ ਮਾਰ ਦਿੱਤਾ, ਪੰਜਾਬ ਪੁਲਸ ਦੇ ਨੌਜਵਾਨ ਮੂਕ ਦਰਸ਼ਕ ਬਣਕੇ ਤਮਾਸ਼ਾ ਵੇਖਦੇ ਰਹੇ। ਪੰਜਾਬ ਪੁਲਸ ਨੂੰ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨ ਲਈ ਦਿੱਤੀ ਹੋਈ ਸਿਖਲਾਈ ਖੂਹ ਖਾਤੇ ਹੀ ਪੈ ਗਈ। ਜਦੋਂ ਪੁਲਸ ਤੋਂ ਹੀ ਬੰਦਾਂ ਖੋਹ ਕੇ ਮਾਰਿਆ ਜਾ ਸਕਦਾ ਹੈ ਤਾਂ ਕੀ ਇਹ ਪੁਲਸ ਆਮ ਪਬਲਿਕ ਦੀ ਰਾਖੀ ਕਰਨ ਦੇ ਯੋਗ ਹੈ ? ਅਜਿਹੇ ਵਰਤਾਰੇ ਪ੍ਰਤੀ ਪੰਜਾਬ ਸਰਕਾਰ ਢਿੱਲਮੱਠ ਵਰਤ ਕੇ ਇਕ ਤੀਰ ਨਾਲ ਕਈ ਨਿਸ਼ਾਨੇ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ । ਮੌਜੂਦਾ ਸਰਕਾਰ ਕੋਲ ਅਜੇ ਵੀ ਮੌਕਾ ਹੈ ਕਿ ਪੰਜਾਬ ਦੇ ਮੌਜੂਦਾ ਪ੍ਰਸਾਸਨਿਕ ਅਤੇ ਅਮਨ ਕਾਨੂੰਨ ਦੀ ਸਥਿਤੀ ਤੇ ਤਸੱਲੀ ਜਾਹਿਰ ਕਰਨ ਦੀ ਬਜਾਏ ਸਵੈ-ਪੜਤਾਲ ਕੀਤੀ ਜਾਣੀ ਚਾਹੀਦੀ ਹੈ।
ਗੁਰਜੀਵਨ ਸਿੰਘ ਸਿੱਧੂ ਨਥਾਣਾ
ਪਿੰਡ ਨਥਾਣਾ, ਜਿਲ੍ਹਾ ਬਠਿੰਡਾ
ਪੰਜਾਬ: 151102
ਮੋਬਾਇਲ: 09417079435
ਮੇਲ : jivansidhus0gmail.com
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ। ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈ ਨਦੀਆਂ ਦਾ ਪਾਣੀ
NEXT STORY