ਹਾਲ ਹੀ ’ਚ ‘ਰਾਜੀਵ’ ਨਾਂ ਦੇ ਇਕ ਲੜਕੇ ਵਿਰੁੱਧ ਸੋਸ਼ਲ ਮੀਡੀਆ ਰਾਹੀਂ 16 ਸਾਲ ਦੀ ਇਕ ਨਾਬਾਲਗ ਲੜਕੀ ਨਾਲ ਦੋਸਤੀ ਕਰਨ ਪਿੱਛੋਂ ਉਸ ਨੂੰ ਆਪਣੇ ਪ੍ਰੇਮ ਜਾਲ ’ਚ ਫਸਾ ਕੇ ਵੇਸਵਾਗਿਰੀ ’ਚ ਧੱਕਣ, ਉਸ ਦਾ ਸੈਕਸ ਸ਼ੋਸ਼ਣ ਅਤੇ ਅਗਵਾ ਕਰ ਲੈਣ ਦੇ ਦੋਸ਼ ’ਚ ਕੇਸ ਦਰਜ ਕੀਤਾ ਗਿਆ।
ਦੋਸ਼ ਹੈ ਕਿ ਲੜਕੀ ਨੂੰ ਮੱਧ ਪ੍ਰਦੇਸ਼ ਲਿਜਾ ਕੇ ਕਈ ਦਿਨਾਂ ਤਕ ਉਥੇ ਹੀ ਰੱਖ ਕੇ ‘ਰਾਜੀਵ’ ਅਤੇ ਹੋਰ ਲੋਕਾਂ ਨੇ ਉਸ ਦਾ ਸੈਕਸ ਸ਼ੋਸ਼ਣ ਕੀਤਾ। ਉਹ ਵੱਖ-ਵੱਖ ਮਰਦਾਂ ਨੂੰ ਉਸ ਕੰਪਲੈਕਸ ’ਚ ਲਿਆਉਂਦਾ ਸੀ, ਜਿੱਥੇ ਉਸ ਨੂੰ ਕੈਦ ਕਰ ਕੇ ਰੱਖਿਆ ਗਿਆ ਸੀ ਅਤੇ ਉਸ ਨੂੰ ਸੈਕਸ ਸੰਤੁਸ਼ਟੀ ਲਈ ਇਨ੍ਹਾਂ ਮਰਦਾਂ ਸਾਹਮਣੇ ਪੇਸ਼ ਕੀਤਾ ਜਾਂਦਾ ਸੀ। ਇਸ ਕੰਮ ’ਚ ਉਸ ਦੀ ਮਾਂ ਨੇ ਉਸ ਦੀ ਸਹਾਇਤਾ ਕੀਤੀ। ਇੰਨਾ ਹੀ ਨਹੀਂ, ਉਨ੍ਹਾਂ ਨੇ 45 ਸਾਲਾ ਇਕ ਵਿਅਕਤੀ ਕੋਲੋਂ ਪੈਸੇ ਲੈ ਕੇ ਉਸ ਨਾਲ ਵਿਆਹ ਕਰਨ ਲਈ ਵੀ ਅੱਲ੍ਹੜ ਨੂੰ ਮਜਬੂਰ ਕੀਤਾ।
ਇਸੇ ਸਬੰਧ ’ਚ ਦੋਸ਼ੀ ਲੜਕੇ ਦੀ ਮਾਂ ‘ਕਮਲੇਸ਼ ਦੇਵੀ’ ਵੱਲੋਂ ਦਾਇਰ ਕੀਤੀ ਗਈ ਜ਼ਮਾਨਤ ਦੀ ਪਟੀਸ਼ਨ ਰੱਦ ਕਰਦੇ ਹੋਏ ਦਿੱਲੀ ਹਾਈਕੋਰਟ ਦੀ ਜਸਟਿਸ ‘ਸਵਰਨਕਾਂਤਾ ਸ਼ਰਮਾ’ ਨੇ ਅਹਿਮ ਟਿੱਪਣੀ ਕਰਦਿਆਂ ਕਿਹਾ :
‘‘ਅੱਜ ਦੇ ਦੌਰ ’ਚ ਨਾਬਾਲਗਾਂ ਨੂੰ ਸਿਰਫ ‘ਚੰਗੀ ਛੋਹ’ ਅਤੇ ‘ਬੁਰੀ ਛੋਹ’ ਬਾਰੇ ਜਾਣਕਾਰੀ ਦੇਣਾ ਹੀ ਕਾਫੀ ਨਹੀਂ, ਸਗੋਂ ਉਨ੍ਹਾਂ ਨੂੰ ਆਭਾਸੀ ਛੋਹ (ਵਰਚੁਅਲ ਟੱਚ) ਦੇ ਵਧਦੇ ਰੁਝਾਨ ਅਤੇ ਇਸ ਦੇ ਸੰਭਾਵਿਤ ਖਤਰਿਆਂ ਬਾਰੇ ਸਿੱਖਿਅਤ ਕਰਨਾ ਵੀ ਜ਼ਰੂਰੀ ਹੈ।’’
‘‘ਇਸ ’ਚ ਉਨ੍ਹਾਂ ਨੂੰ ਉਚਿਤ ਆਨਲਾਈਨ ਵਿਹਾਰ ਸਿਖਾਉਣਾ, ਹਿੰਸਕ ਵਿਹਾਰ ਦੇ ਸੰਕੇਤਾਂ ਨੂੰ ਪਛਾਣਨਾ ਅਤੇ ਭੇਦ ਕਾਇਮ ਰੱਖਣ ਵਾਲੀਆਂ ਸੈਟਿੰਗਜ਼ ਅਤੇ ਆਨਲਾਈਨ ਸੀਮਾਵਾਂ ਦਾ ਮਹੱਤਵ ਸਮਝਾਉਣਾ ਸ਼ਾਮਲ ਹੈ।’’
‘‘ਜਿਸ ਤਰ੍ਹਾਂ ਬੱਚਿਆਂ ਨੂੰ ਭੌਤਿਕ ਦੁਨੀਆ ’ਚ ਸਾਵਧਾਨੀ ਵਰਤਣੀ ਸਿਖਾਈ ਜਾਂਦੀ ਹੈ, ਉਸੇ ਤਰ੍ਹਾਂ ਉਨ੍ਹਾਂ ਨੂੰ ਆਨਲਾਈਨ ਸੰਪਰਕਾਂ ਦੀ ਭਰੋਸੇਯੋਗਤਾ ਨੂੰ ਪਰਖਣ ਅਤੇ ਆਪਣੀ ਨਿੱਜੀ ਜਾਣਕਾਰੀ ਦੀ ਸੁਰੱਖਿਆ ਲਈ ਸਿੱਖਿਅਤ ਕਰਨਾ ਵੀ ਸਿਖਾਇਆ ਜਾਣਾ ਚਾਹੀਦਾ ਹੈ।’’
ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਕੂਲਾਂ, ਕਾਲਜਾਂ, ਦਿੱਲੀ ਰਾਜ ਕਾਨੂੰਨੀ ਸੇਵਾ ਅਥਾਰਿਟੀ ਅਤੇ ਦਿੱਲੀ ਨਿਆਂਇਕ ਅਕਾਦਮੀ ਵਰਗੇ ਹਿੱਤਧਾਰਕਾਂ ਨੂੰ ਇਸ ਮਾਮਲੇ ’ਚ ਪ੍ਰੋਗਰਾਮ, ਵਰਕਸ਼ਾਪਾਂ ਅਤੇ ਸੰਮੇਲਨ ਕਰਨ ਲਈ ਹੁਕਮ ਦਿੱਤਾ ਜਾਣਾ ਚਾਹੀਦਾ ਹੈ।
ਨਾਬਾਲਗ ਦੇ ਸੈਕਸ ਸ਼ੋਸ਼ਣ ਨੂੰ ਲੈ ਕੇ ਜਸਟਿਸ ‘ਸਵਰਨਕਾਂਤਾ ਸ਼ਰਮਾ’ ਦੀ ਟਿੱਪਣੀ ’ਤੇ ਅਮਲ ਕਰਨ ਨਾਲ ਨਾਬਾਲਗਾਂ ਨੂੰ ਕਿਸੇ ਹੱਦ ਤਕ ਸੈਕਸ ਸ਼ੋਸ਼ਣ ਦੇ ਸ਼ਿਕਾਰ ਹੋਣ ਤੋਂ ਬਚਾਉਣ ’ਚ ਸਹਾਇਤਾ ਮਿਲ ਸਕਦੀ ਹੈ। ਇਸ ਲਈ ਉਨ੍ਹਾਂ ਦੀਆਂ ਕਹੀਆਂ ਗੱਲਾਂ ਦਾ ਵੱਧ ਤੋਂ ਵੱਧ ਪ੍ਰਚਾਰ ਕਰਨਾ ਜ਼ਰੂਰੀ ਹੈ।
–ਵਿਜੇ ਕੁਮਾਰ
ਪਾਣੀ ਦੀ ਪਰਵਾਹ ਕਰਨ ਵਾਲੇ
NEXT STORY