ਅੱਜ ਮਨੁੱਖ ਨੇ ਵਿਗਿਆਨ ਅਤੇ ਤਕਨੀਕ ਦੇ ਖੇਤਰ ’ਚ ਬਹੁਤ ਵਿਕਾਸ ਕੀਤਾ ਹੈ। ਸਾਡੇ ਸਭ ਦੀ ਜ਼ਿੰਦਗੀ ਵਿਗਿਆਨਕ ਖੋਜਾਂ ਅਤੇ ਆਧੁਨਿਕ ਸਮੇਂ ਦੀ ਤਕਨੀਕ ’ਤੇ ਨਿਰਭਰ ਕਰਦੀ ਹੈ। ਵਿਗਿਆਨ ਅਤੇ ਟੈਕਨਾਲੋਜੀ ਨੇ ਲੋਕਾਂ ਦੇ ਜੀਵਨ ਨੂੰ ਵੱਡੇ ਪੱਧਰ ’ਤੇ ਪ੍ਰਭਾਵਿਤ ਕੀਤਾ ਹੈ। ਇਸ ਨੇ ਜੀਵਨ ਨੂੰ ਸੌਖਾ ਅਤੇ ਤੇਜ਼ ਬਣਾ ਦਿੱਤਾ ਹੈ। ਹੁਣ ਤਕਨੀਕ ਤੋਂ ਬਿਨਾਂ ਰਹਿ ਸਕਣਾ ਅਸੰਭਵ ਹੋ ਗਿਆ ਹੈ। ਇਸ ਨੇ ਸਾਡੀ ਜ਼ਿੰਦਗੀ ਨੂੰ ਸੌਖਾ ਬਣਾ ਦਿੱਤਾ ਹੈ।
ਨਵੀਆਂ ਖੋਜਾਂ ਨੇ ਸਾਨੂੰ ਬਹੁਤ ਲਾਭ ਪਹੁੰਚਾਇਆ ਹੈ। ਸਾਡੇ ਚਾਰੇ ਪਾਸੇ ਕਈ ਤਕਨੀਕਾਂ ਮੌਜੂਦ ਹਨ। ਮੋਬਾਈਲ ਫੋਨ, ਟੀ. ਵੀ., ਕੰਪਿਊਟਰ, ਇੰਟਰਨੈੱਟ, ਓਵਨ, ਫਰਿੱਜ, ਵਾਸ਼ਿੰਗ ਮਸ਼ੀਨ, ਪਾਣੀ ਕੱਢਣ ਵਾਲੀ ਮੋਟਰ, ਜਹਾਜ਼, ਮੋਟਰਸਾਈਕਲ, ਰੇਲਗੱਡੀ, ਬੱਸ, ਆਵਾਜਾਈ ਦੇ ਸਾਧਨ ਆਦਿ ਸਭ ਕੁਝ ਆਧੁਨਿਕ ਤਕਨੀਕ ਦੀ ਮਦਦ ਨਾਲ ਸੰਭਵ ਹੋ ਸਕਿਆ ਹੈ। ਨਵੀਂ ਤਰ੍ਹਾਂ ਦੀਆਂ ਦਵਾਈਆਂ ਅਤੇ ਮੈਡੀਕਲ ਉਪਕਰਨਾਂ ਦੀ ਮਦਦ ਨਾਲ ਹੁਣ ਗੁੰਝਲਦਾਰ ਰੋਗਾਂ ਦਾ ਇਲਾਜ ਵੀ ਸੰਭਵ ਹੋ ਗਿਆ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਅੱਜ ਦੇ ਸਮਾਜ ਵਿਚ ਆਧੁਨਿਕ ਤਕਨੀਕ ਤੋਂ ਬਿਨਾਂ ਸਾਡਾ ਜੀਵਨ ਸੰਭਵ ਨਹੀਂ ਹੈ।
ਭਾਰਤ ਨੇ ਆਪਣਾ ਪਹਿਲਾ ਪ੍ਰਮਾਣੂ ਬੰਬ ਦਾ ਪ੍ਰੀਖਣ 1974 ’ਚ ਕੀਤਾ ਸੀ। 1998 ’ਚ ਭਾਰਤ ਨੇ ਰਾਜਸਥਾਨ ਦੇ ਪੋਖਰਣ ਪ੍ਰੀਖਣ ਲੜੀ ’ਚ 5 ਪ੍ਰਮਾਣੂ ਪ੍ਰੀਖਣ ਸਫਲਤਾਪੂਰਵਕ ਕੀਤੇ ਸਨ। ਇੰਝ ਕਰਨ ਨਾਲ ਭਾਰਤ ਪ੍ਰਮਾਣੂ ਕਲੱਬ ’ਚ ਸ਼ਾਮਲ ਹੋਣ ਵਾਲਾ 6ਵਾਂ ਦੇਸ਼ ਬਣ ਗਿਆ। ਇਸ ਦਿਨ ਭਾਰਤ ਨੇ ਪੂਰੀ ਦੁਨੀਆ ’ਚ ਆਪਣੀ ਟੈਕਨਾਲੋਜੀ ਦੀ ਸਮਰੱਥਾ ਦਾ ਲੋਹਾ ਮੰਨਵਾ ਲਿਆ ਸੀ। ਇਸ ਦਿਨ ਨੂੰ ਪੀੜ੍ਹੀਆਂ ਤੱਕ ਯਾਦਗਾਰੀ ਬਣਾਉਣ ਅਤੇ ਭਾਰਤ ਦੇ ਮਹਾਨ ਵਿਗਿਆਨੀਆਂ ਦੀ ਸਖਤ ਮਿਹਨਤ ਨੂੰ ਸਤਿਕਾਰ ਦੇਣ ਲਈ ਰਾਸ਼ਟਰੀ ਟੈਕਨਾਲੋਜੀ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ ਗਈ।
ਆਧੁਨਿਕ ਸਮੇਂ ’ਚ ਸਾਡੀ ਜ਼ਿੰਦਗੀ ਨੂੰ ਸੌਖਾ ਬਣਾਉਣ ’ਚ ਟੈਕਨਾਲੋਜੀ ਦਾ ਇਕ ਬਹੁਤ ਵੱਡਾ ਹੱਥ ਰਿਹਾ ਹੈ। ਟੈਕਨਾਲੋਜੀ ਕਾਰਨ ਹੀ ਅੱਜ ਘਰ ’ਚ ਬੈਠ ਕੇ ਹਰ ਤਰ੍ਹਾਂ ਦੇ ਕੰਮ ਮਿੰਟਾਂ ’ਚ ਹੀ ਹੋ ਜਾਂਦੇ ਹਨ। ਕੋਈ ਵੀ ਕੰਮ ਹੋਵੇ, ਭਾਵੇਂ ਉਹ ਟਿਕਟ ਬੁੱਕ ਕਰਵਾਉਣ ਦਾ ਹੋਵੇ, ਇੰਟਰਨੈੱਟ ਰਾਹੀਂ ਸਿੱਖਿਆ ਹਾਸਲ ਕਰਨ ਦਾ ਹੋਵੇ ਜਾਂ ਵਪਾਰ ਕਰਨ ਦਾ ਹੋਵੇ, ਸਭ ਕੰਮ ਟੈਕਨਾਲੋਜੀ ਰਾਹੀਂ ਹੋ ਜਾਂਦੇ ਹਨ।
ਇਕ ਪਾਸੇ ਤਾਂ ਇਹ ਸੋਮੇ ਸਾਨੂੰ ਸਹੂਲਤਾਂ ਮੁਹੱਈਆ ਕਰਵਾਉਂਦੇ ਹਨ ਪਰ ਦੂਜੇ ਪਾਸੇ ਇਨ੍ਹਾਂ ਕਾਰਨ ਕਈ ਤਰ੍ਹਾਂ ਦੇ ਨੁਕਸਾਨ ਵੀ ਹੋ ਰਹੇ ਹਨ। ਤਕਨੀਕ ਨੇ ਚੀਜ਼ਾਂ ਨੂੰ ਬਦਲ ਦਿੱਤਾ ਹੈ ਪਰ ਵਿਚਾਰ ਕਰਨ ਲਈ ਕੁਝ ਨਾਂਹਪੱਖੀ ਪਹਿਲੂ ਵੀ ਹਨ। ਟੈਕਨਾਲੋਜੀ ਵਿਚ ਕੁਝ ਗੱਲਾਂ ਹੱਕ ’ਚ ਤੇ ਕੁਝ ਵਿਰੁੱਧ ਹਨ। ਸੀਕ੍ਰੇਸੀ ਸਭ ਤੋਂ ਵੱਡੀ ਚਿੰਤਾ ਹੈ, ਜਿਸ ਨੂੰ ਤਕਨੀਕ ਨੇ ਸਾਹਮਣੇ ਲਿਆਂਦਾ ਹੈ। ਡਿਜੀਟਲ ਤਕਨੀਕ ਦਾ ਭਾਵ ਇਹ ਹੈ ਕਿ ਭਾਰੀ ਮਾਤਰਾ ’ਚ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ। ਇਸ ਵਿਚ ਵਿਅਕਤੀਆਂ ਅਤੇ ਸੰਗਠਨਾਂ ਸਬੰਧੀ ਨਿੱਜੀ ਜਾਣਕਾਰੀ ਸ਼ਾਮਲ ਹੈ। ਇਸ ਜਾਣਕਾਰੀ ਨੂੰ ਸੁਰੱਖਿਅਤ ਰੱਖਣਾ ਇਕ ਚੁਣੌਤੀ ਭਰਿਆ ਕੰਮ ਹੈ। ਇਕ ਗਲਤੀ ਜਾਂ ਡਾਟਾ ਦੀ ਸਵੈ-ਇੱਛੁਕ ਉਲੰਘਣਾ ਦਾ ਮਤਲਬ ਇਹ ਹੈ ਕਿ ਨਿੱਜੀ ਜਾਣਕਾਰੀ ਹੈਕਰਜ਼ ਅਤੇ ਅੱਤਵਾਦੀਆਂ ਆਦਿ ਦੇ ਹੱਥਾਂ ’ਚ ਆ ਰਹੀ ਹੈ।
ਦੂਜੇ ਪਾਸੇ, ਟੈਕਨਾਲੋਜੀ ਦੀ ਆਮਦ ਪਿੱਛੋਂ ਅਸਲ ਜ਼ਿੰਦਗੀ ਦਾ ਸੰਪਰਕ ਘੱਟ ਹੁੰਦਾ ਜਾ ਰਿਹਾ ਹੈ। ਲੋਕ ਆਹਮੋ-ਸਾਹਮਣੇ ਗੱਲਬਾਤ ਕਰਨ ਦੀ ਬਜਾਏ ਆਨਲਾਈਨ ਮਿਲਣ ਅਤੇ ਵਧਾਈਆਂ ਦੇਣ ਦਾ ਰੁਝਾਨ ਰੱਖਦੇ ਹਨ। ਇਹ ਵੱਖਵਾਦ ਅਤੇ ਸਮਾਜ ਤੋਂ ਦੂਰ ਹੋਣ ਦੀ ਭਾਵਨਾ ਦਾ ਸਿੱਟਾ ਹੈ। ਕਈ ਅਧਿਐਨਾਂ ਨੇ ਸੁਝਾਅ ਦਿੱਤਾ ਹੈ ਕਿ ਸਮਾਜ ਨਾਲ ਘੱਟ ਸੰਪਰਕ ਨੇ ਸਮਾਜਿਕ ਚਿੰਤਾ ਵਰਗੇ ਕਈ ਤਰ੍ਹਾਂ ਦੇ ਮਾਨਸਿਕ ਸਿਹਤ ਵਾਲੇ ਮੁੱਦੇ ਅੱਗੇ ਵਧਾਏ ਹਨ।
ਟੈਕਨਾਲੋਜੀ ਦੇ ਵੱਖ-ਵੱਖ ਲਾਭਾਂ ਨਾਲ ਹੀ ਵਿਚਾਰ ਕਰਨ ਲਈ ਕੁਝ ਨਾਂਹਪੱਖੀ ਪੱਖ ਵੀ ਹਨ, ਜਿਵੇਂ ਵਧਦੇ ਸੰਚਾਲਨ ਕਾਰਨ ਨੌਕਰੀ ਦੀ ਅਸੁਰੱਖਿਆ, ਗੈਜੇਟਸ ਦੀ ਆਦਤ, ਜ਼ਿੰਦਗੀ ਦੀਆਂ ਘਟਨਾਵਾਂ ਦਾ ਘੱਟ ਤਜਰਬਾ ਆਦਿ ਹਨ। ਟੈਕਨਾਲੋਜੀ ਦੇ ਲਾਭ ਜਾਂ ਨੁਕਸਾਨ ਤਾਂ ਮਨੁੱਖ ਦੇ ਹੱਥਾਂ ’ਚ ਹਨ। ਇਨ੍ਹਾਂ ਸਹੂਲਤਾਂ ਅਤੇ ਟੈਕਨਾਲੋਜੀ ਦੀ ਵਰਤੋਂ ਆਪਣੀ ਲੋੜ ਮੁਤਾਬਕ ਕਰੋ। ਇਸ ਦੀ ਦੁਰਵਰਤੋਂ ਨਾ ਕਰੋ ਤਾਂ ਜੋ ਭਵਿੱਖ ’ਚ ਮਾੜੇ ਅਸਰ ਨੂੰ ਨਾ ਸਹਿਣਾ ਪਵੇ।
ਲਲਿਤ ਗੁਪਤਾ
ਅਮਰੀਕਾ ਦੀ ਕਦੇ ਹਾਂ ਕਦੇ ਨਾਂਹ ’ਚ ਕੀ ਫਿਲਸਤੀਨ ’ਤੇ ਇਜ਼ਰਾਈਲ ਦਾ ਕਬਜ਼ਾ ਹੋਣ ਹੀ ਵਾਲਾ ਹੈ?
NEXT STORY