ਹਿੰਸਕ ਅਰਾਜਕਤਾ ਅਤੇ ਸੰਵਿਧਾਨ ਦੇ ਵਿਰੋਧ ਨੂੰ ਬੌਧਿਕ ਸਮਰਥਨ ਦੇਣ ਵਾਲੇ ‘ਦਿਮਾਗੀ ਨਕਸਲ’ ਹੁੰਦੇ ਹਨ।
15 ਅਗਸਤ, 2026 ਨੂੰ ਆਪਣੇ 12ਵੇਂ ਭਾਸ਼ਣ ’ਚ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ ਨਾਗਰਿਕਾਂ ਨੂੰ ਦਿਮਾਗੀ ਨਕਸਲਵਾਦ ਤੋਂ ਬਚਣ ਦੀ ਅਪੀਲ ਕੀਤੀ। ਦਿਮਾਗੀ ਨਕਸਲ ਆਮ ਨਕਸਲੀਆਂ ਵਾਂਗ ਜੰਗਲ ’ਚ ਹਥਿਆਰ ਲੈ ਕੇ ਨਹੀਂ ਘੁੰਮਦੇ। ਸਗੋਂ ਇਹ ਸਾਡੇ ਆਸ-ਪਾਸ ਹੀ ਰਹਿ ਕੇ, ਲੋਕਾਂ ਨੂੰ ਸੰਵਿਧਾਨ, ਸਰਕਾਰ ਅਤੇ ਸਮਾਜ ਦੇ ਪ੍ਰਤੀ ਭੜਕਾਉਂਦੇ ਹਨ।
ਇਹ ਲੋਕਾਂ ਨੂੰ ਆਪਣੀ ਬੌਧਿਕ ਸਮਰੱਥਾ ਦੀ ਵਰਤੋਂ ਕਰ ਕੇ ਆਪਣੀਆਂ ਗੱਲਾਂ ਦੇ ਜਾਲ ’ਚ ਫਸਾ ਕੇ ਉਨ੍ਹਾਂ ਨੂੰ ਭਰਮਾਉਂਦੇ ਹਨ। ਇਸ ਸ਼ਬਦ ਦੀ ਵਰਤੋਂ ਉਨ੍ਹਾਂ ਲੋਕਾਂ ਲਈ ਕੀਤੀ ਜਾਂਦੀ ਹੈ ਜੋ ਸਿੱਧੇ ਹਥਿਆਰ ਨਹੀਂ ਚੁੱਕਦੇ, ਸਗੋਂ ਖੱਬੇਪੱਖੀ ਅੱਤਵਾਦ ਦੀ ਵਿਚਾਰਧਾਰਾ ਦਾ ਸਮਰਥਨ ਕਰਦੇ ਹਨ। ਸਰਕਾਰ ਅਤੇ ਸਮਰਥਕਾਂ ਦਾ ਮੰਨਣਾ ਹੈ ਕਿ ਇਹ ਲੋਕ ਔਖੇ ਨੈਰੇਟਿਵ ਘੜ ਕੇ ਨੌਜਵਾਨਾਂ ਨੂੰ ਗੁੰਮਰਾਹ ਕਰਦੇ ਹਨ। ਕਿਉਂਕਿ ਇਹ ਇਕ ਵਿਚਾਰਕ ਸਰੋਤ ਹੈ, ਇਸ ਲਈ ਜ਼ਿਆਦਾ ਖ਼ਤਰਨਾਕ ਵੀ ਹੈ।
ਵਿਚਾਰ ਅਟੱਲ ਹੁੰਦੇ ਹਨ। ਵਿਅਕਤੀ ਸਮਾਪਤ ਹੋ ਜਾਂਦੇ ਹਨ। ਵਿਚਾਰਾਂ ’ਚ ਪੁਨਰ ਵਿਅਕਤੀ ਨਿਰਮਾਣ ਦੀ ਸਮਰੱਥਾ ਹੁੰਦੀ ਹੈ। ਇਹ ਹਾਂਪੱਖੀ ਅਤੇ ਨਾਂਹਪੱਖੀ ਦੋਵਾਂ ਕਿਸਮਾਂ ਦੇ ਵਿਅਕਤੀਆਂ ਅਤੇ ਸੰਗਠਨਾਂ ਨੂੰ ਜਨਮ ਦੇ ਸਕਦੇ ਹਨ। ਖੱਬੇਪੱਖੀ ਅੱਤਵਾਦ ਨੂੰ ਨਕਸਲਵਾਦ ਦਾ ਨਾਂ ਦਿੱਤਾ ਗਿਆ ਹੈ। ਇਕ ਸੂਬੇ ਅਤੇ ਸਮਾਜ ਦੇ ਵਿਰੁੱਧ ਛੇੜੀ ਗਈ ਅਰਾਜਕ ਬਗਾਵਤ ਹੈ, ਜਿਸ ਦੀਆਂ ਕੁਝ ਰਾਜਨੀਤਿਕ ਮੰਗਾਂ ਅਤੇ ਮਾਨਤਾਵਾਂ ਵੀ ਹਨ। ਇਸ ਦੀ ਕਾਰਜ ਪ੍ਰਣਾਲੀ ਵੀ ਅੱਤਵਾਦੀ ਸੰਗਠਨਾਂ ਵਰਗੀ ਹੀ ਹੈ।
ਨਕਸਲਵਾਦ ਦੀ ਬਿਜਾਈ ਲੋਕਾਂ ਦੇ ਦਿਮਾਗ ’ਚ ਸਭ ਤੋਂ ਪਹਿਲਾਂ ਕੀਤੀ ਜਾਂਦੀ ਹੈ। ਮਾਰਚ 2026 ਨੂੰ ਟੀਚਾ ਬਣਾ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਗਲੀ ਨਕਸਲਵਾਦ ਦਾ ਲੱਕ ਤੋੜ ਦਿੱਤਾ, ਹੁਣ ਉਹ ਲਗਭਗ ਖਤਮ ਹੋ ਗਿਆ ਹੈ ਪਰ ਦਿਮਾਗੀ ਨਕਸਲ ਉਹ ‘ਰਕਤਬੀਜ’ ਹਨ ਜੋ ਫਿਰ ਤੋਂ ਨਵੇਂ ਹੱਥਾਂ ’ਚ ਬੰਦੂਕ ਫੜਾ ਦੇਣਗੇ।
ਦਿਮਾਗੀ ਨਕਸਲ ‘ਟੂਲਕਿੱਟ’ ਨਕਸਲੀ ਅੱਤਵਾਦ ਦੋ-ਮੂੰਹੇ ਸੱਪ ਵਾਂਗ ਹੈ। ਜਿਸ ਦਾ ਇਕ ਸਿਰ ਤਾਂ ਜੰਗਲਾਂ ’ਚ ਰਹਿ ਕੇ ਸੂਬਾ, ਸੰਵਿਧਾਨ, ਸਰਕਾਰ ਅਤੇ ਸਮਾਜ ਦੇ ਵਿਰੁੱਧ ਸ਼ਸਤਰਬੰਦ ਹਿੰਸਾ ’ਚ ਸ਼ਾਮਲ ਹੁੰਦਾ ਹੈ। ਤਾਂ ਦੂਜਾ ਸਿਰ ਸ਼ਹਿਰੀ ਸਮਾਜ ’ਚ ਘੁਲ-ਮਿਲ ਜਾਂਦਾ ਹੈ, ਉਹ ਆਮ ਜੀਵਨ ਜਿਊਂਦੇ ਹੋਏ, ਜ਼ਿਆਦਾਤਰ ਸਰਕਾਰੀ ਖ਼ਜ਼ਾਨੇ ਤੋਂ ਤਨਖ਼ਾਹ, ਗ੍ਰਾਂਟ ਜਾਂ ਹੋਰ ਪ੍ਰਕਾਰ ਦਾ ਮਾਣਭੱਤਾ ਲੈ ਕੇ ਵੱਡੀ ਐਸ਼ ਦਾ ਜੀਵਨ ਜਿਊਂਦੇ ਹਨ।
ਇਹ ‘ਵਾਈਟ ਕਾਲਰ’ ਰੁਜ਼ਗਾਰ ਨੂੰ ਆਪਣਾ ਟੀਚਾ ਬਣਾਉਂਦੇ ਹਨ। ਇਨ੍ਹਾਂ ਨੂੰ ਤੁਸੀਂ ਡਾਕਟਰ, ਵਕੀਲ, ਅਧਿਆਪਕ, ਪੱਤਰਕਾਰ, ਜੱਜ, ਐੱਨ. ਜੀ. ਓ. ਸੰਚਾਲਕ ਅਤੇ ਵਰਕਰ, ਖੱਬੇਪੱਖੀ ਸਿਆਸੀ ਝੁਕਾਅ ਵਾਲੇ ਨੇਤਾ ਵਰਗੇ ਕਿਸੇ ਵੀ ਰੂਪ ’ਚ ਲੁਕ ਕੇ ਨਕਸਲੀਆਂ ਨੂੰ ਬੌਧਿਕ, ਆਰਥਿਕ, ਸਿਆਸੀ ਅਤੇ ਅੰਤਰਰਾਸ਼ਟਰੀ ਸਹਾਇਤਾ, ਸੂਚਨਾ ਅਤੇ ਨੈੱਟਵਰਕ ਮੁਹੱਈਆ ਕਰਵਾਉਂਦੇ ਹੋ।
ਕਿਉਂਕਿ ਇਹ ਪ੍ਰਤੱਖ ਤੌਰ ’ਤੇ ਸਰੀਰਕ ਨਕਸਲਵਾਦ ’ਚ ਸ਼ਾਮਲ ਨਹੀਂ ਹੁੰਦੇ, ਇਸ ਲਈ ਇਹ ਆਪਣੇ ਦਿਮਾਗ ’ਚ ਹਿੰਸਾ, ਹੱਤਿਆ, ਸਾਜ਼ਿਸ਼ ਅਤੇ ਬੌਧਿਕ ਸਵੀਕ੍ਰਿਤੀ ਨਿਰਮਾਣ ਕਰਨ ਦਾ ਕਾਰਜ ਕਰਦੇ ਰਹਿੰਦੇ ਹਨ। ਇਹ ਬੜੀ ਹੁਸ਼ਿਆਰੀ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਤੋੜ ਕੇ ਉਨ੍ਹਾਂ ਨੂੰ ਨਾਟਕ, ਕਵਿਤਾ, ਕਹਾਣੀ, ਚਰਚਾ ਮੰਡਲਾਂ, ਗੋਸ਼ਟੀਆਂ ਆਦਿ ਕਲਾ ਅਤੇ ਬੌਧਿਕ ਮਾਧਿਅਮਾਂ ਨਾਲ ਆਕਰਸ਼ਿਤ ਕਰਦੇ ਹਨ।
ਕਿਉਂਕਿ ਉਪਰੋਕਤ ਸਮਾਜ ਦਾ ਅਨਿੱਖੜਵਾਂ ਅੰਗ ਹੈ, ਤਾਂ ਆਮ ਜਨਤਾ ਨੂੰ ਇਸ ’ਚ ਕੋਈ ਸਮੱਸਿਆ ਨਹੀਂ ਦਿਸਦੀ। ਇਸੇ ਨੂੰ ਦਿਮਾਗੀ ਨਕਸਲਵਾਦ ਕਿਹਾ ਜਾਂਦਾ ਹੈ। ਇਹ ਜੰਗਲ ’ਚ ਲੜ ਰਹੇ ਨਕਸਲੀਆਂ ਨਾਲੋਂ ਜ਼ਿਆਦਾ ਖ਼ਤਰਨਾਕ ਹੈ।
ਭ੍ਰਿਸ਼ਟ ਅਤੇ ਬੇਈਮਾਨ ਤੰਤਰ ਦਾ ਯੋਗਦਾਨ
ਇਹ ਕਹਿੰਦੇ ਹੋਏ ਇਸ ਗੱਲ ਨੂੰ ਨਕਾਰਨਾ ਨਹੀਂ ਹੈ ਕਿ ਅਜੇ ਤੱਕ ਸਾਡੀਆਂ ਸਰਕਾਰਾਂ ਨੇ ਸਮਾਜ ਨੂੰ ਸਿੱਖਿਆ, ਸਿਹਤ ਅਤੇ ਮੂਲਭੂਤ ਸਹੂਲਤਾਂ ਤੱਕ ਪਹੁੰਚਾਉਣ ’ਚ ਸਫ਼ਲਤਾ ਹਾਸਲ ਨਹੀਂ ਕੀਤੀ ਹੈ। ਮੁੱਖ ਧਾਰਾ ਦੀ ਲੋਕਤੰਤਰੀ ਰਾਜਨੀਤੀ ਨੇ ਸੱਤਾ ਦੀ ਦੁਰਵਰਤੋਂ ਕਰ ਕੇ ਗ਼ਰੀਬ, ਕਿਸਾਨ, ਮਜ਼ਦੂਰ ਅਤੇ ਵਣਵਾਸੀ ਭਾਈਚਾਰਿਆਂ ਨਾਲ ਵੱਡਾ ਅਨਿਆਂ ਕੀਤਾ ਹੈ। ਪ੍ਰਸ਼ਾਸਨਿਕ ਤੰਤਰ ਉਨ੍ਹਾਂ ਦੇ ਰੱਖਿਅਕ ਘੱਟ ਅਤੇ ਖਾ ਜਾਣ ਵਾਲੇ ਜ਼ਿਆਦਾ ਹਨ।
ਅਥਾਹ ਭ੍ਰਿਸ਼ਟਾਚਾਰ ’ਚ ਡੁੱਬਿਆ ਲੋਕਤੰਤਰ ਆਮ ਲੋਕਾਂ ਲਈ ਬੇਮਾਇਨੇ ਸਾਬਤ ਹੁੰਦਾ ਹੈ। ਸਿਆਸੀ ਪਾਰਟੀਆਂ ਦਾ ਇਕੋ-ਇਕ ਉਦੇਸ਼ ਵੋਟ ਪਾ ਕੇ ਸੱਤਾ ਪ੍ਰਾਪਤ ਕਰਨਾ ਹੀ ਰਹਿ ਜਾਣ ਕਾਰਨ ਲੋਕਤੰਤਰ ਦੇ ਵਿਕਾਸ ਦਾ ਫਲ ਕੁਝ ਅਮੀਰਾਂ, ਉਦਯੋਗਪਤੀਆਂ ਅਤੇ ਸੱਤਾਧਾਰੀ ਲੋਕਾਂ ਤੱਕ ਹੀ ਸੀਮਤ ਰਹਿ ਜਾਂਦਾ ਹੈ। ਇਹ ਵੀ ਓਨਾ ਹੀ ਖ਼ਤਰਨਾਕ ਹੈ, ਜਿੰਨੀ ਨਕਸਲੀ ਹਿੰਸਾ।
ਦੇਸ਼ ’ਚ 79ਸਾਲਾਂ ਦੀ ਆਜ਼ਾਦੀ ਤੋਂ ਬਾਅਦ ਵੀ ਭੁੱਖ, ਡਰ, ਭ੍ਰਿਸ਼ਟਾਚਾਰ ਅਤੇ ਭਾਈ-ਭਤੀਜਾਵਾਦ ਇਸ ਤਰ੍ਹਾਂ ਹਾਵੀ ਹੈ ਕਿ ਆਮ ਗ਼ਰੀਬ, ਦਲਿਤ ਅਤੇ ਆਦਿਵਾਸੀ ਨੂੰ ਆਜ਼ਾਦੀ ਅਤੇ ਸੰਵਿਧਾਨ ਦੋਵੇਂ ਹੀ ਅਰਥਹੀਣ ਲੱਗਦੇ ਹਨ।
ਉਸੇ ਨਿਰਾਸ਼ਾ ਦਾ ਲਾਭ ਉਠਾਉਂਦੇ ਹੋਏ ਨਕਸਲੀ ਅੱਤਵਾਦੀ ਸੰਗਠਨ ਉਨ੍ਹਾਂ ਨੂੰ ਤੁਰੰਤ ਨਿਆਂ ਲਈ ਉਕਸਾਉਂਦੇ ਹਨ। ਲੋਕਾਂ (ਖ਼ਾਸ ਕਰਕੇ ਨੌਜਵਾਨਾਂ) ਦਾ ‘ਬ੍ਰੇਨਵਾਸ਼’ ਕਰ ਕੇ ਉਨ੍ਹਾਂ ਨੂੰ ਹਥਿਆਰ ਚੁੱਕਣ ਲਈ ਪ੍ਰੇਰਿਤ ਕਰਦੇ ਹਨ। ਇਹ ਕੰਮ ਕਰਨ ਵਾਲਾ ਜੁੜਿਆ ਬੁੱਧੀਜੀਵੀ ਵਰਗ ਹੈ, ਜੋ ਸ਼ਹਿਰੀ ਹਿੱਸਿਆਂ ’ਚ ਰਹਿੰਦਾ ਹੈ। ਇਨ੍ਹਾਂ ਨੂੰ ‘ਅਰਬਨ ਨਕਸਲ’ ਕਿਹਾ ਜਾਂਦਾ ਹੈ।
ਨਕਸਲੀ ਉਦੇਸ਼ : ਇਨ੍ਹਾਂ ਦਾ ਉਦੇਸ਼ ਨੀਤੀਆਂ ਨੂੰ ਪ੍ਰਭਾਵਿਤ ਕਰਨਾ ਅਤੇ ਦੇਸ਼ ਦੀ ਆਰਥਿਕ ਤਰੱਕੀ ’ਚ ਰੁਕਾਵਟ ਪਾਉਣਾ ਦੱਸਿਆ ਗਿਆ ਹੈ। ਇਸ ਦੇ ਮਾਧਿਅਮ ਨਾਲ ਉਹ ਰਾਸ਼ਟਰ ਵਿਰੋਧੀ ਅਤੇ ਸਮਾਜ ਨੂੰ ਤਬਾਹ ਕਰਨ ਵਾਲੀਆਂ ਸ਼ਕਤੀਆਂ ਲਈ ਸਮਰਥਨ ਅਤੇ ਸਾਧਨ ਦੋਵੇਂ ਮੁਹੱਈਆ ਕਰਦੇ ਹਨ।
ਕੋਈ ਵੀ ਦੇਸ਼ ਜਾਂ ਸਮਾਜ ਪੂਰੀ ਤਰ੍ਹਾਂ ਸਹੀ ਨਹੀਂ ਹੁੰਦਾ। ਉਸ ’ਚ ਕਮੀਆਂ ਰਹਿੰਦੀਆਂ ਹਨ ਜਾਂ ਸਮੇਂ ਦੇ ਨਾਲ ਕਈ ਚੀਜ਼ਾਂ ਗੈਰ-ਪ੍ਰਸੰਗਿਕ ਵੀ ਹੋ ਕੇ ਬਦਲਾਅ ਦੀ ਮੰਗ ਕਰਦੀਆਂ ਹਨ। ਉਸ ਦਾ ਹੱਲ ਭਾਰਤ ਦੀ ਸੰਵਿਧਾਨਕ ਵਿਵਸਥਾ ਅਤੇ ਸਮਾਜ ’ਚ ਮੁਹੱਈਆ ਹੈ ਪਰ ਇਹ ਅੱਧੀਆਂ-ਅਧੂਰੀਆਂ ਗੱਲਾਂ ਅਤੇ ਅੱਧੇ-ਸੱਚ ਭਰੇ ਵਿਸ਼ਲੇਸ਼ਣਾਂ ਨਾਲ ਲੋਕਾਂ ਨੂੰ ਗੁੰਮਰਾਹ ਕਰ ਕੇ ਉਨ੍ਹਾਂ ਨੂੰ ਹਿੰਸਾ ਅਤੇ ਅਰਾਜਕਤਾ ਲਈ ਭੜਕਾਉਂਦੇ ਹਨ।
ਮਜ਼ੇਦਾਰ ਗੱਲ ਇਹ ਹੈ ਕਿ ਇਹ ਖ਼ੁਦ ਸਰਕਾਰੀ ਖ਼ਰਚਿਆਂ ਅਤੇ ਸਮਾਜ ਦੇ ਸਾਧਨਾਂ ਦਾ ਪ੍ਰਯੋਗ ਕਰ ਕੇ ਐਸ਼ੋ-ਆਰਾਮ ਨਾਲ ਜਿਊਂਦੇ ਹਨ। ਇਨ੍ਹਾਂ ਦੇ ਬੱਚੇ ਸ਼ਾਇਦ ਹੀ ਇਸ ਪ੍ਰਕਾਰ ਦੀਆਂ ਗੱਲਾਂ ’ਚ ਸ਼ਾਮਲ ਹੁੰਦੇ ਹਨ। ਇਸ ਲਈ ਆਮ ਜਨਤਾ ਨੂੰ ਇਨ੍ਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ।
ਦਿਮਾਗੀ ਨਕਸਲ ਆਪਣੇ ਜ਼ਹਿਰੀਲੇ ਏਜੰਡੇ ਨੂੰ ਲਾਗੂ ਕਰਨ ਲਈ ਲੋਕਾਂ ਤੋਂ ਵਿਚਾਰਕ ਸਮਰਥਨ ਦੀ ਅਪੀਲ ਕਰਦੇ ਹਨ। ਇਸ ਨੂੰ ਵੀ ਤੈਅ ਟੀਚੇ ਨਾਲ ਸਮਾਪਤ ਕਰਨਾ ਹੋਵੇਗਾ।
ਦਿਮਾਗੀ ਨਕਸਲਵਾਦ ਮਨੁੱਖੀ ਸਰੀਰ ’ਚ ਕੈਂਸਰ ਸੈੱਲ ਵਾਂਗ ਮੁਖੌਟਾ ਪਾ ਕੇ ਸਮਾਜ ਅਤੇ ਸਰਕਾਰਾਂ ਨੂੰ ਧੋਖੇ ’ਚ ਰੱਖ ਕੇ ਹੌਲੀ-ਹੌਲੀ ਖ਼ਤਮ ਕਰ ਕੇ ਇਕ ਦਿਨ ਮਾਰ ਦਿੰਦਾ ਹੈ।
ਅਖੀਰ ਸਿਰਫ਼ ਜੰਗਲ ਦੇ ਬੰਦੂਕਧਾਰੀ ਨਕਸਲੀ ਦੇ ਆਤਮ-ਸਮਰਪਣ ਜਾਂ ਖ਼ਾਤਮੇ ਨਾਲ ਖੱਬੇਪੱਖੀ ਅੱਤਵਾਦ ਸਮਾਪਤ ਨਹੀਂ ਹੋਵੇਗਾ। ਇਸ ਨੂੰ ਇਕ ਵਿਚਾਰਕ ਯੁੱਧ ਦੇ ਪੱਧਰ ’ਤੇ ਵੀ ਲੜਨਾ ਓਨਾ ਹੀ ਜ਼ਰੂਰੀ ਹੈ। ਬੱਸ ਇਕ ਗੱਲ ਦੀ ਸਾਵਧਾਨੀ ਰਹੇ, ਕਿ ਇਸ ਦੀ ਆੜ ’ਚ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ, ਸਰਕਾਰਾਂ ਅਤੇ ਸਿਆਸੀ ਆਗੂਆਂ ਦੀ ਆਲੋਚਨਾ ਅਤੇ ਸਰਕਾਰੀ ਕਰਮਚਾਰੀਆਂ ਦੇ ਭ੍ਰਿਸ਼ਟਾਚਾਰ ਦੇ ਵਿਰੁੱਧ ਉੱਠਦੀਆਂ ਆਵਾਜ਼ਾਂ ਦੇ ਘਾਣ ਦਾ ਵਿਚਾਰ ਵੀ ਨਾ ਬਣਨ ਦਿੱਤਾ ਜਾਵੇ।
— ਰਵੀ ਰਮੇਸ਼ਚੰਦਰ, ਜੇ.ਐੱਨ.ਯੂ.
ਅਸਲੀ ਸਿੱਖਿਆ ਉਹ ਹੈ ਜੋ ਸਾਡੇ ਕੰਮ ਅਤੇ ਵਿਵਹਾਰ ’ਚ ਝਲਕੇ
NEXT STORY