ਹਰ ਸਾਲ, ਮਾਨਸੂਨ ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਹੋਰ ਹਿਮਾਲੀਆਈ ਖੇਤਰਾਂ ’ਚ ਹਰੀਆਂ-ਭਰੀਆਂ ਵਾਦੀਆਂ, ਭਰੇ ਹੋਏ ਦਰਿਆਵਾਂ ਅਤੇ ਸ਼ਾਨਦਾਰ ਦ੍ਰਿਸ਼ਾਂ ਦੇ ਵਾਅਦੇ ਨਾਲ ਆਉਂਦਾ ਹੈ ਅਤੇ ਹਰ ਸਾਲ, ਲਗਭਗ ਇਕ ਜਾਣੀ-ਪਛਾਣੀ ਸਕ੍ਰਿਪਟ ਵਾਂਗ, ਉਹੀ ਤ੍ਰਾਸਦੀ ਸਾਹਮਣੇ ਆਉਂਦੀ ਹੈ।
ਸੜਕਾਂ ਜ਼ਮੀਨ ਖਿਸਕਣ ਕਾਰਨ ਹੇਠਾਂ ਗਾਇਬ ਹੋ ਜਾਂਦੀਆਂ ਹਨ, ਪੁਲ ਨੁਕਸਾਨੇ ਜਾਂਦੇ ਹਨ, ਦਰਿਆ ਖ਼ਤਰਨਾਕ ਰੂਪ ਨਾਲ ਭਰ ਜਾਂਦੇ ਹਨ ਅਤੇ ਸੈਲਾਨੀ ਫਸ ਜਾਂਦੇ ਹਨ। ਸੰਵੇਦਨਸ਼ੀਲ ਢਲਾਣਾਂ ’ਤੇ ਰਹਿਣ ਵਾਲੇ ਪਰਿਵਾਰ ਰਾਤਾਂ ਜਾਗ ਕੇ ਇਹ ਸੋਚਦਿਆਂ ਬਿਤਾਉਂਦੇ ਹਨ ਕਿ ਉਨ੍ਹਾਂ ਦੇ ਉੱਪਰ ਦਾ ਪਹਾੜ ਟਿਕੇਗਾ ਜਾਂ ਨਹੀਂ।
ਸਵਾਲ ਹੁਣ ਇਹ ਨਹੀਂ ਹੈ ਕਿ ਭਾਰੀ ਬਾਰਿਸ਼ ਹੋਵੇਗੀ ਜਾਂ ਨਹੀਂ। ਉਹ ਹੋਵੇਗੀ। ਅਸਲੀ ਸਵਾਲ ਇਹ ਹੈ ਕਿ ਅਸੀਂ ਅਜੇ ਵੀ ਇੰਨੀ ਵਾਰ ਇਸ ਲਈ ਤਿਆਰ ਕਿਉਂ ਨਹੀਂ ਮਿਲਦੇ।
ਸਮੱਸਿਆ ਦਾ ਪੈਮਾਨਾ ਇਸ ਸਾਲ ਫਿਰ ਤੋਂ ਦਿਖਾਈ ਦੇ ਰਿਹਾ ਹੈ। ਹਿਮਾਚਲ ਪ੍ਰਦੇਸ਼ ’ਚ, ਮਾਨਸੂਨ ਨਾਲ ਹੋਣ ਵਾਲੀਆਂ ਮੌਤਾਂ ਅਤੇ ਨੁਕਸਾਨ ਪਹਿਲਾਂ ਹੀ ਖ਼ਤਰਨਾਕ ਪੱਧਰ ’ਤੇ ਪਹੁੰਚ ਚੁੱਕੇ ਹਨ, ਜਿਸ ’ਚ ਸਰਕਾਰੀ ਅੰਕੜਿਆਂ ਅਨੁਸਾਰ 15 ਅਗਸਤ ਤੱਕ 183 ਮੌਤਾਂ ਅਤੇ 972 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਦਰਜ ਕੀਤਾ ਗਿਆ ਹੈ। ਉੱਤਰਾਖੰਡ ’ਚ, ਜ਼ਮੀਨ ਖਿਸਕਣ ਅਤੇ ਮਲਬੇ ਕਾਰਨ ਦਰਜਨਾਂ ਸੜਕਾਂ ਵਾਰ-ਵਾਰ ਬੰਦ ਹੋ ਚੁੱਕੀਆਂ ਹਨ; ਜੁਲਾਈ ’ਚ ਇਕ ਸਮੇਂ ’ਤੇ 69 ਸੜਕਾਂ ਪੂਰੀ ਤਰ੍ਹਾਂ ਬੰਦ ਸਨ।
ਇਹ ਸਿਰਫ ਅੰਕੜੇ ਨਹੀਂ ਹਨ। ਹਰ ਰੁਕੀ ਹੋਈ ਸੜਕ ਕਾਰਨ ਇਕ ਪਰਿਵਾਰ ਹਸਪਤਾਲ ਨਹੀਂ ਪਹੁੰਚ ਪਾ ਰਿਹਾ ਹੈ, ਇਕ ਦੁਕਾਨਦਾਰ ਨੂੰ ਸਾਮਾਨ ਦੀ ਸਪਲਾਈ ਨਹੀਂ ਮਿਲ ਪਾ ਰਹੀ ਹੈ, ਇਕ ਹੋਟਲ ਮਾਲਕ ਆਪਣੀ ਬੁਕਿੰਗ ਗੁਆ ਰਿਹਾ ਹੈ, ਇਕ ਕਿਸਾਨ ਆਪਣੀ ਫ਼ਸਲ ਨੂੰ ਬਾਜ਼ਾਰ ਨਹੀਂ ਲੈ ਕੇ ਜਾ ਸਕਦਾ ਅਤੇ ਇਕ ਸੈਲਾਨੀ ਇਹ ਸੋਚ ਰਿਹਾ ਹੈ ਕਿ ਅੱਗੇ ਦੀ ਸੜਕ ਸੁਰੱਖਿਅਤ ਹੈ ਜਾਂ ਨਹੀਂ।
ਸਭ ਤੋਂ ਵੱਡੀ ਨਾਕਾਮੀ ਇਹ ਹੈ ਕਿ ਮਾਨਸੂਨ ਕੋਈ ਅਣਕਿਆਸੀ ਘਟਨਾ ਨਹੀਂ ਹੈ। ਸਰਕਾਰਾਂ ਨੂੰ ਮਹੀਨੇ ਪਹਿਲਾਂ ਤੋਂ ਪਤਾ ਹੁੰਦਾ ਹੈ ਕਿ ਜੂਨ ਤੋਂ ਸਤੰਬਰ ਤੱਕ ਭਾਰੀ ਬਾਰਿਸ਼ ਹੋਵੇਗੀ। ਉਹ ਜਾਣਦੀਆਂ ਹਨ ਕਿ ਕਿਹੜੀਆਂ ਸੜਕਾਂ ਸੰਵੇਦਨਸ਼ੀਲ ਹਨ। ਉਹ ਜਾਣਦੀਆਂ ਹਨ ਕਿ ਪਿਛਲੇ ਸਮੇਂ ’ਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਕਿੱਥੇ ਹੋਈਆਂ ਸਨ। ਉਹ ਜਾਣਦੀਆਂ ਹਨ ਕਿ ਕਿਹੜੀਆਂ ਢਲਾਣਾਂ ਅਸਥਿਰ ਹਨ ਅਤੇ ਕਿਹੜੇ ਪੁਲ ਤੇ ਜਲ ਨਿਕਾਸ ਪ੍ਰਣਾਲੀਆਂ ਵਾਰ-ਵਾਰ ਨਾਕਾਮ ਹੁੰਦੀਆਂ ਹਨ।
ਫਿਰ ਵੀ ਜ਼ਿਆਦਾਤਰ ਕਾਰਵਾਈ ਆਫ਼ਤ ਆਉਣ ਤੋਂ ਬਾਅਦ ਹੀ ਸ਼ੁਰੂ ਹੁੰਦੀ ਹੈ। ਸੜਕਾਂ ਬੰਦ ਹੋਣ ਤੋਂ ਬਾਅਦ ਸਾਫ਼ ਕੀਤੀਆਂ ਜਾਂਦੀਆਂ ਹਨ। ਢਲਾਣਾਂ ਦੇ ਢਹਿਣ ਤੋਂ ਬਾਅਦ ਸੁਰੱਖਿਆ ਕੰਧਾਂ (ਰਿਟੇਨਿੰਗ ਵਾਲਜ਼) ’ਤੇ ਚਰਚਾ ਹੁੰਦੀ ਹੈ। ਸੜਕਾਂ ’ਚ ਪਾਣੀ ਭਰਨ ਤੋਂ ਬਾਅਦ ਨਾਲਿਆਂ ਦੀ ਸਫ਼ਾਈ ਕੀਤੀ ਜਾਂਦੀ ਹੈ। ਸੈਂਕੜੇ ਲੋਕਾਂ ਦੇ ਪਹਿਲਾਂ ਹੀ ਸੜਕਾਂ ’ਤੇ ਹੋਣ ਤੋਂ ਬਾਅਦ ਸੈਲਾਨੀਆਂ ਨੂੰ ਯਾਤਰਾ ਨਾ ਕਰਨ ਦੀ ਚਿਤਾਵਨੀ ਦਿੱਤੀ ਜਾਂਦੀ ਹੈ।
ਪਹਿਲੀ ਲੋੜ ਹਰ ਸੰਵੇਦਨਸ਼ੀਲ ਪਹਾੜੀ ਸੜਕ ਦਾ ਇਕ ਯੋਗ ਮਾਨਸੂਨ-ਅਗਾਊਂ ਆਡਿਟ ਹੈ। ਸੜਕਾਂ ਦੀ ਜਾਂਚ ਸਿਰਫ ਖੱਡਿਆਂ ਲਈ ਨਹੀਂ ਕੀਤੀ ਜਾਣੀ ਚਾਹੀਦੀ। ਇੰਜੀਨੀਅਰਾਂ ਨੂੰ ਢਲਾਣਾਂ, ਜਲ ਨਿਕਾਸ, ਕਲਵਰਟ, ਰਿਟੇਨਿੰਗ ਵਾਲਜ਼, ਪੁਲਾਂ ਅਤੇ ਉਨ੍ਹਾਂ ਖੇਤਰਾਂ ਦੀ ਜਾਂਚ ਕਰਨੀ ਚਾਹੀਦੀ ਹੈ ਜਿੱਥੇ ਪਹਿਲਾਂ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ।
ਸਰਕਾਰ ਨੂੰ ਮਾਨਸੂਨ ਸ਼ੁਰੂ ਹੋਣ ਤੋਂ ਪਹਿਲਾਂ ਨਿਸ਼ਾਨਦੇਹੀ ਕੀਤੇ ਖ਼ਤਰੇ ਵਾਲੇ ਬਿੰਦੂਆਂ ’ਤੇ ਸਥਾਈ ਟੀਮਾਂ ਅਤੇ ਮਿੱਟੀ ਹਟਾਉਣ ਵਾਲੇ ਉਪਕਰਨਾਂ/ਮਸ਼ੀਨਰੀ ਨੂੰ ਵੀ ਤਾਇਨਾਤ ਰੱਖਣਾ ਚਾਹੀਦਾ ਹੈ। ਉੱਤਰਾਖੰਡ ਦਾ ਲੋਕ ਨਿਰਮਾਣ ਵਿਭਾਗ (ਪੀ. ਡਬਲਯੂ. ਡੀ.) ਸੜਕ ਬਹਾਲੀ ਲਈ ਬਦਲਵੇਂ ਮਾਰਗਾਂ, ਮਸ਼ੀਨਰੀ, ਮਜ਼ਦੂਰਾਂ ਅਤੇ ਉਪਕਰਨਾਂ ਦੀ ਜਾਣਕਾਰੀ ਪਹਿਲਾਂ ਤੋਂ ਹੀ ਰੱਖਦਾ ਹੈ।
ਪਹਾੜ ਲੱਖਾਂ ਸੈਲਾਨੀਆਂ ਨੂੰ ਆਕਰਸ਼ਿਤ ਕਰਦੇ ਹਨ ਅਤੇ ਸੈਰ-ਸਪਾਟਾ ਕਈ ਪਹਾੜੀ ਭਾਈਚਾਰਿਆਂ ਦੀ ਆਰਥਿਕ ਜੀਵਨ-ਰੇਖਾ ਹੈ। ਇਕੱਲੇ ਮਸੂਰੀ ’ਚ 2024 ’ਚ 21 ਲੱਖ ਤੋਂ ਵੱਧ ਸੈਲਾਨੀ ਦਰਜ ਕੀਤੇ ਗਏ। ਜਦੋਂ ਸੜਕਾਂ ਬੰਦ ਹੁੰਦੀਆਂ ਹਨ, ਤਾਂ ਸੈਲਾਨੀਆਂ ਨੂੰ ਪ੍ਰੇਸ਼ਾਨੀ ਹੁੰਦੀ ਹੈ—ਪਰ ਉਨ੍ਹਾਂ ਲੋਕਾਂ ਨੂੰ ਵੀ ਹੁੰਦੀ ਹੈ ਜਿਨ੍ਹਾਂ ਦੀ ਰੋਜ਼ੀ-ਰੋਟੀ ਉਨ੍ਹਾਂ ’ਤੇ ਨਿਰਭਰ ਕਰਦੀ ਹੈ।
ਹੋਟਲਾਂ ਦੀਆਂ ਬੁਕਿੰਗਾਂ ਰੱਦ ਹੋ ਜਾਂਦੀਆਂ ਹਨ। ਰੈਸਟੋਰੈਂਟ ਖ਼ਾਲੀ ਰਹਿੰਦੇ ਹਨ। ਟੈਕਸੀ ਚਾਲਕਾਂ ਦੀ ਕਮਾਈ ਦੇ ਦਿਨ ਬੰਦ ਹੋ ਜਾਂਦੇ ਹਨ। ਸਥਾਨਕ ਉਤਪਾਦ ਵੇਚਣ ਵਾਲੇ ਦੁਕਾਨਦਾਰਾਂ ਦੇ ਗਾਹਕ ਗਾਇਬ ਹੋ ਜਾਂਦੇ ਹਨ। ਗਾਈਡ, ਪੋਰਟਰ ਅਤੇ ਛੋਟੇ ਹੋਮਸਟੇਅ ਤੁਰੰਤ ਪ੍ਰਭਾਵਿਤ ਹੁੰਦੇ ਹਨ।
ਇਸ ਲਈ ਸੈਲਾਨੀਆਂ ਲਈ ਇਕ ਬਹੁਤ ਮਜ਼ਬੂਤ ਚਿਤਾਵਨੀ ਪ੍ਰਣਾਲੀ ਹੋਣੀ ਚਾਹੀਦੀ ਹੈ : ਲਾਈਵ ਸੜਕ-ਸਥਿਤੀ ਦੀ ਜਾਣਕਾਰੀ, ਬਹੁਤ ਭਾਰੀ ਬਾਰਿਸ਼ ਦੌਰਾਨ ਲਾਜ਼ਮੀ ਅਲਰਟ, ਕਿਨ੍ਹਾਂ ਮਾਰਗਾਂ ਤੋਂ ਬਚਣਾ ਚਾਹੀਦਾ ਹੈ, ਇਸ ’ਤੇ ਸਪੱਸ਼ਟ ਸਲਾਹ ਅਤੇ ਜੋਖਮ ਅਸਲ ’ਚ ਵਧੇਰੇ ਹੋਣ ’ਤੇ ਸੈਲਾਨੀਆਂ ਦੀ ਆਵਾਜਾਈ ’ਤੇ ਅਸਥਾਈ ਰੋਕ।
ਵਿਕਾਸ ਨੂੰ ਹਰੇਕ ਘਾਟੀ ਅਤੇ ਢਲਾਣ ਦੀ ਸਮਰੱਥਾ ਅਨੁਸਾਰ ਹੋਣਾ ਚਾਹੀਦਾ ਹੈ। ਨਿਰਮਾਣ ਦੀ ਪ੍ਰਵਾਨਗੀ ਸਿਰਫ ਜ਼ਮੀਨ ਦੀ ਮਲਕੀਅਤ ਦੇ ਆਧਾਰ ’ਤੇ ਨਹੀਂ, ਸਗੋਂ ਭੂ-ਵਿਗਿਆਨਕ ਅਤੇ ਵਾਤਾਵਰਣਕ ਸੁਰੱਖਿਆ ਦੇ ਆਧਾਰ ’ਤੇ ਦਿੱਤੀ ਜਾਣੀ ਚਾਹੀਦੀ ਹੈ। ਕਿਸੇ ਵੀ ਹੋਟਲ, ਘਰ, ਸੜਕ ਜਾਂ ਕਾਰੋਬਾਰੀ ਪ੍ਰਾਜੈਕਟ ਨੂੰ ਅਜਿਹੇ ਖੇਤਰ ’ਚ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਜਿਸ ਨੂੰ ਖ਼ਤਰਨਾਕ ਰੂਪ ’ਚ ਅਸਥਿਰ ਵਜੋਂ ਪਛਾਣਿਆ ਗਿਆ ਹੋਵੇ।
ਜੇਕਰ ਕੋਈ ਸੜਕ ਹਰ ਸਾਲ ਇਕੋ ਬਿੰਦੂ ’ਤੇ ਰੁੜ੍ਹ ਜਾਂਦੀ ਹੈ, ਤਾਂ ਇਸ ਦਾ ਹੱਲ ਸਿਰਫ ਹਰ ਸਾਲ ਇਸ ਨੂੰ ਫਿਰ ਤੋਂ ਬਣਾਉਣਾ ਨਹੀਂ ਹੋ ਸਕਦਾ। ਜੇਕਰ ਕੋਈ ਢਲਾਣ ਵਾਰ-ਵਾਰ ਢਹਿ ਜਾਂਦੀ ਹੈ, ਤਾਂ ਸਵਾਲ ਇਹ ਹੋਣਾ ਚਾਹੀਦਾ ਹੈ ਕਿ ਇਹ ਕਿਉਂ ਢਹਿ ਰਹੀ ਹੈ ਅਤੇ ਕੀ ਸੜਕ ਨੂੰ ਮੁੜ ਡਿਜ਼ਾਈਨ ਕਰਨ ਦੀ ਲੋੜ ਹੈ। ਜੇਕਰ ਕੋਈ ਬਸਤੀ ਵਾਰ-ਵਾਰ ਹੜ੍ਹ ਦੀ ਚਪੇਟ ’ਚ ਆਉਂਦੀ ਹੈ, ਤਾਂ ਅਣਗਿਣਤ ਮੁਆਵਜ਼ਾ ਦੇਣ ਦੀ ਤੁਲਨਾ ’ਚ ਮੁੜ-ਵਸੇਬਾ ਜਾਂ ਸੁਰੱਖਿਆਤਮਕ ਇੰਜੀਨੀਅਰਿੰਗ ਵੱਧ ਸਮਝਦਾਰੀ ਭਰੀ ਹੋ ਸਕਦੀ ਹੈ।
ਭਾਰਤ ਦੇ ਹਿਮਾਲੀਆਈ ਸੂਬਿਆਂ ਨੂੰ ਮੌਸਮ ਬਾਰੇ ਪੇਸ਼ਗੀ ਅਨੁਮਾਨ, ਭੂ-ਵਿਗਿਆਨਕ ਮੈਪਿੰਗ, ਉਪਗ੍ਰਹਿ-ਨਿਗਰਾਨੀ, ਸਥਾਨਕ ਚਿਤਾਵਨੀ ਪ੍ਰਣਾਲੀਆਂ, ਮਜ਼ਬੂਤ ਜਲ ਨਿਕਾਸੀ, ਢਲਾਣ ਦੀ ਟਿਕਾਊ, ਸੁਰੱਖਿਅਤ ਉਸਾਰੀ ਅਤੇ ਤੇਜ਼ੀ ਨਾਲ ਨਿਕਾਸੀ ਦੀਆਂ ਯੋਜਨਾਵਾਂ ਨੂੰ ਮਿਲਾ ਕੇ ਇਕ ਸਥਾਈ ਮਾਨਸੂਨ ਲਚਕੀਲੇਪਨ ਪ੍ਰੋਗਰਾਮ ਦੀ ਲੋੜ ਹੈ।
ਪਹਾੜ ਹਮੇਸ਼ਾ ਕੁਦਰਤ ਪ੍ਰਤੀ ਸੰਵੇਦਨਸ਼ੀਲ ਰਹਿਣਗੇ ਪਰ ਇਨਸਾਨ ਉਸ ਸੰਵੇਦਨਸ਼ੀਲਤਾ ਨੂੰ ਮਾੜਾ ਨਹੀਂ ਬਣਾ ਸਕਦੇ। ਪਹਾੜਾਂ ’ਚ ਚੰਗੇ ਸ਼ਾਸਨ ਦਾ ਅਸਲ ਪੈਮਾਨਾ ਇਹ ਨਹੀਂ ਹੋਣਾ ਚਾਹੀਦਾ ਕਿ ਸਰਕਾਰ ਜ਼ਮੀਨ ਖਿਸਕਣ ਤੋਂ ਬਾਅਦ ਸੜਕਾਂ ਨੂੰ ਕਿੰਨੀ ਜਲਦੀ ਸਾਫ ਕਰਵਾਉਂਦੀ ਹੈ। ਹੋਣਾ ਇਹ ਚਾਹੀਦਾ ਹੈ ਕਿ ਉਸ ਨੇ ਉਸ ਜ਼ਮੀਨ ਖਿਸਕਣ ਨੂੰ ਆਫਤ ਬਣਨ ਤੋਂ ਰੋਕਣ ਲਈ ਪਹਿਲਾਂ ਹੀ ਢੁੱਕਵੇਂ ਉਪਾਅ ਕੀਤੇ ਸਨ।
- ਦੇਵੀ ਚੇਰੀਅਨ
ਜੈੱਨ-ਜ਼ੀ ਦੀ ਭਾਸ਼ਾ ਤੋਂ ਪਰ੍ਹੇ, ਉਨ੍ਹਾਂ ਮੁਤਾਬਕ ਢਲਣਾ
NEXT STORY