ਭਾਰਤ ’ਚ ਭੋਜਨ ਦੀ ਸੰਸਕ੍ਰਿਤੀ ਲੰਬੇ ਸਮੇਂ ਤੱਕ ਸੁਆਦ, ਪਰੰਪਰਾ ਅਤੇ ਪੇਟ ਭਰਨ ਦੀ ਲੋੜ ਦੇ ਆਲੇ-ਦੁਆਲੇ ਕੇਂਦਰਿਤ ਰਹੀ ਹੈ ਪਰ ਪਿਛਲੇ ਕੁਝ ਸਾਲਾਂ ’ਚ ਪੋਸ਼ਣ ਪ੍ਰਤੀ ਵਧਦੀ ਜਾਗਰੂਕਤਾ ਨੇ ਉਪਭੋਗਤਾਵਾਂ ਦੀਆਂ ਤਰਜੀਹਾਂ ਨੂੰ ਬਦਲਣਾ ਸ਼ੁਰੂ ਕਰ ਦਿੱਤਾ ਹੈ। ਖਾਸ ਤੌਰ ’ਤੇ ਪ੍ਰੋਟੀਨ ਹੁਣ ਸਿਰਫ਼ ਬਾਡੀ ਬਿਲਡਰਾਂ, ਜਿਮ ਜਾਣ ਵਾਲਿਆਂ ਜਾਂ ਅਥਲੀਟਾਂ ਤੱਕ ਸੀਮਤ ਪੋਸ਼ਕ ਤੱਤ ਨਹੀਂ ਰਿਹਾ, ਸਗੋਂ ਆਮ ਭਾਰਤੀ ਪਰਿਵਾਰਾਂ ਦੇ ਰੋਜ਼ਾਨਾ ਭੋਜਨ ਅਤੇ ਖਰੀਦਦਾਰੀ ਦੇ ਫ਼ੈਸਲਿਆਂ ਦਾ ਹਿੱਸਾ ਬਣਦਾ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਅੱਜ ਭਾਰਤ ’ਚ ਪ੍ਰੋਟੀਨ ਆਧਾਰਿਤ ਖਾਧ ਉਤਪਾਦਾਂ ਦਾ ਬਾਜ਼ਾਰ ਤੇਜ਼ੀ ਨਾਲ ਵਿਸਥਾਰ ਕਰ ਰਿਹਾ ਹੈ ਅਤੇ ਕੰਪਨੀਆਂ ਇਸ ਨੂੰ ਨਵੇਂ ਉਪਭੋਗਤਾ ਰੁਝਾਨ ਵਜੋਂ ਦੇਖ ਰਹੀਆਂ ਹਨ।
ਮਾਰਕੀਟ ਰਿਸਰਚ ਫਰਮ ‘ਰੈੱਡਸੀਰ’ ਦੀ ਰਿਪੋਰਟ ਅਨੁਸਾਰ, ਦੇਸ਼ ਦੀ ਲਗਭਗ 80 ਫ਼ੀਸਦੀ ਜੈੱਨ-ਜ਼ੀ ਆਬਾਦੀ ਪ੍ਰੋਟੀਨ ਨੂੰ ਜ਼ਰੂਰੀ ਪੋਸ਼ਕ ਤੱਤ ਮੰਨਦੀ ਹੈ। ਇਹ ਅੰਕੜਾ ਦੱਸਦਾ ਹੈ ਕਿ ਨਵੀਂ ਪੀੜ੍ਹੀ ਸਿਰਫ ਸੁਆਦ ਨਹੀਂ, ਸਗੋਂ ਭੋਜਨ ਦੇ ਪੋਸ਼ਣ ਮੁੱਲ ਨੂੰ ਵੀ ਮਹੱਤਵ ਦੇਣ ਲੱਗੀ ਹੈ। ਇਸ ਬਦਲਦੀ ਸੋਚ ਦਾ ਨਤੀਜਾ ਹੈ ਕਿ ਸਾਲ 2024 ਤੋਂ 2025 ਦੇ ਵਿਚਾਲੇ ਕੁਇੱਕ-ਕਮਰਸ ਪਲੇਟਫਾਰਮ ’ਤੇ ਉਪਲਬਧ ਪ੍ਰੋਟੀਨ ਸਪਲੀਮੈਂਟਸ ਅਤੇ ਪ੍ਰੋਟੀਨ ਆਧਾਰਿਤ ਉਤਪਾਦਾਂ ਦੀ ਗਿਣਤੀ ’ਚ 230 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਸ਼ਹਿਰੀਕਰਨ, ਡਿਜੀਟਲ ਮੀਡੀਆ, ਫਿਟਨੈੱਸ ਸੰਸਕ੍ਰਿਤੀ ਅਤੇ ਸਿਹਤ ਸੰਬੰਧੀ ਜਾਗਰੂਕਤਾ ਨੇ ਭਾਰਤੀ ਖਪਤਕਾਰਾਂ ਦੇ ਵਿਵਹਾਰ ’ਚ ਮਹੱਤਵਪੂਰਨ ਤਬਦੀਲੀਆਂ ਕੀਤੀਆਂ ਹਨ। ਸੋਸ਼ਲ ਮੀਡੀਆ ’ਤੇ ਫਿਟਨੈੱਸ ਇਨਫਲੂਐਂਸਰਾਂ, ਸਿਹਤ ਮਾਹਿਰਾਂ ਅਤੇ ਖੇਡ ਜਗਤ ਦੇ ਸਿਤਾਰਿਆਂ ਦੁਆਰਾ ਪ੍ਰੋਟੀਨ ਦੇ ਮਹੱਤਵ ’ਤੇ ਲਗਾਤਾਰ ਦਿੱਤੇ ਜਾ ਰਹੇ ਸੁਨੇਹਿਆਂ ਨੇ ਲੋਕਾਂ ਨੂੰ ਇਸ ਪੋਸ਼ਕ ਤੱਤ ਪ੍ਰਤੀ ਜਾਗਰੂਕ ਬਣਾਇਆ ਹੈ। ਕੋਵਿਡ-19 ਮਹਾਮਾਰੀ ਤੋਂ ਬਾਅਦ ਲੋਕਾਂ ’ਚ ਪ੍ਰਤੀਰੋਧਕ ਪ੍ਰਣਾਲੀ, ਮਾਸਪੇਸ਼ੀਆਂ ਦੀ ਮਜ਼ਬੂਤੀ ਅਤੇ ਸਮੁੱਚੀ ਸਿਹਤ ਨੂੰ ਲੈ ਕੇ ਚਿੰਤਾ ਵਧੀ ਹੈ। ਨਤੀਜੇ ਵਜੋਂ, ਪ੍ਰੋਟੀਨ ਨੂੰ ਸਰੀਰ ਦੀ ਮੁਰੰਮਤ, ਊਰਜਾ ਸੰਤੁਲਨ ਅਤੇ ਰੋਗ ਪ੍ਰਤੀਰੋਧਕ ਸਮਰੱਥਾ ਨਾਲ ਜੋੜ ਕੇ ਦੇਖਿਆ ਜਾਣ ਲੱਗਾ ਹੈ। ਹੁਣ ਗ੍ਰਹਿਣੀਆਂ, ਸੀਨੀਅਰ ਸਿਟੀਜ਼ਨ, ਵਿਦਿਆਰਥੀ ਅਤੇ ਕੰਮਕਾਜੀ ਪੇਸ਼ੇਵਰ ਵੀ ਪ੍ਰੋਟੀਨ ਯੁਕਤ ਖਾਧ ਪਦਾਰਥਾਂ ਦੀ ਭਾਲ ਕਰ ਰਹੇ ਹਨ।
ਇਹੀ ਕਾਰਨ ਹੈ ਕਿ ਦੁੱਧ, ਦਹੀਂ, ਪਨੀਰ, ਬ੍ਰੈੱਡ, ਸੀਰੀਅਲਸ, ਪੀਣ ਵਾਲੇ ਪਦਾਰਥ, ਸਨੈਕਸ, ਬਿਸਕੁਟ ਅਤੇ ਇੱਥੋਂ ਤੱਕ ਕਿ ਆਈਸਕ੍ਰੀਮ ਤੱਕ ਨੂੰ ‘ਹਾਈ-ਪ੍ਰੋਟੀਨ’ ਟੈਗ ਨਾਲ ਬਾਜ਼ਾਰ ’ਚ ਉਤਾਰਿਆ ਜਾ ਰਿਹਾ ਹੈ। ਆਮ ਫੈਟਸ ਤੋਂ ਦੁੱਗਣਾ ਮਹਿੰਗਾ ਵਿਕ ਰਿਹਾ ਹਾਈ-ਪ੍ਰੋਟੀਨ ਦਾ ਟੈਗ ਲੱਗਾ ਖਾਣਾ ਬਾਜ਼ਾਰ ’ਤੇ ਪੂਰੀ ਤਰ੍ਹਾਂ ਹਾਵੀ ਹੈ। ਹੁਣ ਮਾਮਲਾ ਸਿਰਫ਼ ਸਿਹਤ ਦੀ ਲੋੜ ਦਾ ਨਹੀਂ, ਸਗੋਂ ਗਾਹਕਾਂ ਲਈ ਜੇਬ ਢਿੱਲੀ ਕਰਨ ਦੀ ਮਜਬੂਰੀ ਬਣ ਗਿਆ ਹੈ।
ਦਰਅਸਲ, ਭਾਰਤ ਵਿਸ਼ਵ ਦੀ ਸਭ ਤੋਂ ਜਵਾਨ ਆਬਾਦੀ ਵਾਲੇ ਦੇਸ਼ਾਂ ’ਚੋਂ ਇਕ ਹੈ। ਵਧਦੀ ਆਮਦਨ, ਸਿਹਤ ਪ੍ਰਤੀ ਸੁਚੇਤ ਮੱਧ ਵਰਗ ਅਤੇ ਡਿਜੀਟਲ ਖਰੀਦਦਾਰੀ ਦੀ ਸਹੂਲਤ ਨੇ ਪ੍ਰੋਟੀਨ ਉਦਯੋਗ ਲਈ ਵਿਸ਼ਾਲ ਮੌਕੇ ਪੈਦਾ ਕੀਤੇ ਹਨ। ਕੁਇੱਕ-ਕਮਰਸ ਪਲੇਟਫਾਰਮ ਨੇ ਪ੍ਰੋਟੀਨ ਉਤਪਾਦਾਂ ਦੀ ਪਹੁੰਚ ਨੂੰ ਆਸਾਨ ਬਣਾਇਆ ਹੈ। ਕੰਜ਼ਿਊਮਰ ਇੰਟੈਲੀਜੈਂਸ ਫਰਮ ‘ਐੱਨ. ਆਈ. ਕਿਊ.’ (ਸਾਬਕਾ ਨਾਂ ਨੀਲਸਨ ਆਈ. ਕਿਊ.) ਅਨੁਸਾਰ, 37 ਫੀਸਦੀ ਭਾਰਤੀ ਅਗਲੇ 12 ਮਹੀਨਿਆਂ ’ਚ ਆਪਣੀ ਡਾਈਟ ’ਚ ਪਲਾਂਟ-ਬੇਸਡ ਪ੍ਰੋਟੀਨ ਦੀ ਮਾਤਰਾ ਵਧਾਉਣਾ ਚਾਹੁੰਦੇ ਹਨ। ਇਹ ਰੁਝਾਨ ਖੁਰਾਕ ਉਦਯੋਗ ਲਈ ਨਵੇਂ ਉਤਪਾਦ ਵਿਕਸਿਤ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ।
ਅੱਜ ਦਾ ਖਪਤਕਾਰ ਸਿਰਫ ਭੋਜਨ ਨਹੀਂ ਖਰੀਦ ਰਿਹਾ, ਸਗੋਂ ਉਹ ਸਿਹਤ, ਸਹੂਲਤ ਅਤੇ ਜੀਵਨਸ਼ੈਲੀ ਖਰੀਦ ਰਿਹਾ ਹੈ। ਪ੍ਰੋਟੀਨ ਬਾਰ, ਗ੍ਰੀਕ ਯੋਗਰਟ, ਪ੍ਰੋਟੀਨ ਡ੍ਰਿੰਕਸ ਅਤੇ ਹਾਈ-ਪ੍ਰੋਟੀਨ ਸਨੈਕਸ ਦੀ ਲੋਕਪ੍ਰਿਯਤਾ ਇਸੇ ਪਰਿਵਰਤਨ ਦਾ ਨਤੀਜਾ ਹੈ। ਰਿਪੋਰਟ ਅਨੁਸਾਰ, ਰੋਜ਼ਾਨਾ ਕਸਰਤ ਕਰਨ ਵਾਲੀ ਜੈੱਨ-ਜ਼ੀ ਆਬਾਦੀ ਦੇ ਲਗਭਗ 40 ਫੀਸਦੀ ਲੋਕ ਪ੍ਰੋਟੀਨ ਦੇ ਬਦਲਵੇਂ ਸਰੋਤਾਂ ਨੂੰ ਪਸੰਦ ਕਰ ਰਹੇ ਹਨ। ਹੁਣ ਖਪਤਕਾਰ ਉਤਪਾਦ ਖਰੀਦਦੇ ਸਮੇਂ ਸਿਰਫ ਕੀਮਤ ਨਹੀਂ ਦੇਖਦੇ, ਸਗੋਂ ਇਸ ਦੇ ਪੋਸ਼ਣ ਲੇਬਲ, ਪ੍ਰੋਟੀਨ ਦੀ ਮਾਤਰਾ ਅਤੇ ਸਿਹਤ ਸੰਬੰਧੀ ਦਾਅਵਿਆਂ ਦਾ ਵੀ ਮੁਲਾਂਕਣ ਕਰਦੇ ਹਨ। ਹਾਲਾਂਕਿ, ਇਹ ਜਾਗਰੂਕਤਾ ਅਜੇ ਸੀਮਤ ਹੈ ਅਤੇ ਬਹੁਤ ਸਾਰੇ ਲੋਕ ‘ਹਾਈ-ਪ੍ਰੋਟੀਨ’ ਵਰਗੇ ਮਾਰਕੀਟਿੰਗ ਸ਼ਬਦਾਂ ਤੋਂ ਪ੍ਰਭਾਵਿਤ ਹੋ ਕੇ ਫ਼ੈਸਲੇ ਲੈਂਦੇ ਹਨ।
ਭਾਰਤ ’ਚ ਪ੍ਰੋਟੀਨ ਬਾਜ਼ਾਰ ਦੀ ਤੇਜ਼ੀ ਨਾਲ ਵਧਦੀ ਲੋਕਪ੍ਰਿਯਤਾ ਦੇ ਵਿਚਾਲੇ ਇਹ ਸਵਾਲ ਮਹੱਤਵਪੂਰਨ ਹੈ ਕਿ ਕੀ ਅਸਲ ’ਚ ਦੇਸ਼ ’ਚ ਪ੍ਰੋਟੀਨ ਦੀ ਇੰਨੀ ਵੱਡੀ ਘਾਟ ਹੈ? ਭਾਰਤੀ ਆਯੁਰਵਿਗਿਆਨ ਖੋਜ ਪ੍ਰੀਸ਼ਦ (ਆਈ. ਸੀ. ਐੱਮ. ਆਰ.) ਅਤੇ ਰਾਸ਼ਟਰੀ ਪੋਸ਼ਣ ਸੰਸਥਾਨ (ਐੱਨ. ਆਈ. ਐੱਨ.) ਦੁਆਰਾ ਜਾਰੀ ਡਾਈਟਰੀ ਗਾਈਡਲਾਈਨਜ਼ 2024 ਅਨੁਸਾਰ, ਇਕ ਸਿਹਤਮੰਦ ਵਿਅਕਤੀ ਨੂੰ ਪ੍ਰਤੀ ਦਿਨ ਪ੍ਰਤੀ ਕਿਲੋਗ੍ਰਾਮ ਵਜ਼ਨ ਲਈ ਲਗਭਗ 0.83 ਗ੍ਰਾਮ ਪ੍ਰੋਟੀਨ ਦੀ ਲੋੜ ਹੁੰਦੀ ਹੈ। ਭਾਵ ਜੇਕਰ ਕਿਸੇ ਵਿਅਕਤੀ ਦਾ ਵਜ਼ਨ 60 ਕਿਲੋਗ੍ਰਾਮ ਹੈ, ਤਾਂ ਉਸ ਨੂੰ ਪ੍ਰਤੀ ਦਿਨ ਲਗਭਗ 50 ਗ੍ਰਾਮ ਪ੍ਰੋਟੀਨ ਦੀ ਲੋੜ ਹੋਵੇਗੀ। ਮਹੱਤਵਪੂਰਨ ਗੱਲ ਇਹ ਹੈ ਕਿ ਆਈ. ਸੀ. ਐੱਮ. ਆਰ., ਐੱਨ. ਆਈ. ਐੱਨ. ਆਮ ਜਨਤਾ ਲਈ ਪ੍ਰੋਟੀਨ ਸਪਲੀਮੈਂਟਸ ਨੂੰ ਜ਼ਰੂਰੀ ਨਹੀਂ ਮੰਨਦੇ। ਸੰਸਥਾ ਸੰਤੁਲਿਤ ਅਤੇ ਵਿਭਿੰਨ ਆਹਾਰ ਨੂੰ ਹੀ ਕਾਫ਼ੀ ਮੰਨਦੀ ਹੈ। ਭਾਰਤੀ ਥਾਲੀ ’ਚ ਪਹਿਲਾਂ ਹੀ ਪ੍ਰੋਟੀਨ ਦੇ ਕਈ ਸ਼ਾਨਦਾਰ ਸਰੋਤ ਮੌਜੂਦ ਹਨ, ਜਿਸ ’ਚ ਦਾਲਾਂ ਅਤੇ ਫਲੀਆਂ, ਦੁੱਧ ਅਤੇ ਦਹੀਂ, ਪਨੀਰ, ਸੋਇਆਬੀਨ, ਆਂਡੇ, ਮੱਛੀ ਅਤੇ ਮਾਸ, ਮੂੰਗਫਲੀ, ਬਦਾਮ ਅਤੇ ਹੋਰ ਨਟਸ, ਬੀਜ (ਅਲਸੀ, ਚੀਆ, ਸੂਰਜਮੁਖੀ) ਆਦਿ ਸ਼ਾਮਲ ਹਨ। ਇਸ ਦ੍ਰਿਸ਼ਟੀਕੋਣ ਤੋਂ ਦੇਖਿਆ ਜਾਵੇ ਤਾਂ ਸਮੱਸਿਆ ਸਿਰਫ ਪ੍ਰੋਟੀਨ ਦੀ ਉਪਲਬਧਤਾ ਨਹੀਂ, ਸਗੋਂ ਸੰਤੁਲਿਤ ਆਹਾਰ ਸੰਬੰਧੀ ਜਾਣਕਾਰੀ ਦੀ ਘਾਟ ਵੀ ਹੈ।
ਦਰਅਸਲ, ਪ੍ਰੋਟੀਨ ਬਾਜ਼ਾਰ ਦੇ ਵਿਸਥਾਰ ਨਾਲ ਕਈ ਚੁਣੌਤੀਆਂ ਵੀ ਸਾਹਮਣੇ ਆ ਰਹੀਆਂ ਹਨ। ਅਨੇਕ ਉਪਭੋਗਤਾ ਮੰਨਣ ਲੱਗੇ ਹਨ ਕਿ ਸਿਰਫ ਸਪਲੀਮੈਂਟ ਜਾਂ ਪੈਕਡ ਹਾਈ-ਪ੍ਰੋਟੀਨ ਖੁਰਾਕ ਪਦਾਰਥ ਹੀ ਲੋੜੀਂਦਾ ਪ੍ਰੋਟੀਨ ਪ੍ਰਦਾਨ ਕਰ ਸਕਦੇ ਹਨ। ਇਹੀ ਕਾਰਨ ਹੈ ਕਿ ਅੱਜ ਕਈ ਕੰਪਨੀਆਂ ‘ਹਾਈ-ਪ੍ਰੋਟੀਨ’ ਟੈਗ ਦੀ ਵਰਤੋਂ ਕਰਕੇ ਉਤਪਾਦਾਂ ਨੂੰ ਆਮ ਉਤਪਾਦਾਂ ਦੀ ਤੁਲਨਾ ’ਚ ਕਾਫ਼ੀ ਵੱਧ ਕੀਮਤ ’ਤੇ ਵੇਚ ਰਹੀਆਂ ਹਨ। ਕਈ ਮਾਮਲਿਆਂ ’ਚ ਉਤਪਾਦ ’ਚ ਪ੍ਰੋਟੀਨ ਦੀ ਮਾਤਰਾ ਮੁਕਾਬਲਤਨ ਘੱਟ ਹੁੰਦੀ ਹੈ ਪਰ ਖਪਤਕਾਰ ਸਿਰਫ ਲੇਬਲ ਦੇਖ ਕੇ ਉਸ ਨੂੰ ਵੱਧ ਪੌਸ਼ਟਿਕ ਮੰਨ ਲੈਂਦੇ ਹਨ।
ਭਾਰਤ ’ਚ ਪ੍ਰੋਟੀਨ ਬਾਜ਼ਾਰ ਦਾ ਵਿਸਥਾਰ ਸਿਹਤ ਅਤੇ ਪੋਸ਼ਣ ਦੇ ਖੇਤਰ ’ਚ ਸਕਾਰਾਤਮਕ ਤਬਦੀਲੀ ਦਾ ਸੰਕੇਤ ਹੈ। ਜੇਕਰ ਇਸ ਦਾ ਵਿਕਾਸ ਵਿਗਿਆਨਕ ਜਾਣਕਾਰੀ, ਪਾਰਦਰਸ਼ੀ ਲੇਬਲਿੰਗ ਅਤੇ ਉਪਭੋਗਤਾ ਸਿੱਖਿਆ ਦੇ ਨਾਲ ਹੁੰਦਾ ਹੈ, ਤਾਂ ਇਹ ਦੇਸ਼ ’ਚ ਪੋਸ਼ਣ ਪੱਧਰ ਸੁਧਾਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਅ ਸਕਦਾ ਹੈ। ਸਰਕਾਰ, ਸਿਹਤ ਸੰਸਥਾਵਾਂ ਅਤੇ ਖੁਰਾਕ ਕੰਪਨੀਆਂ ਨੂੰ ਮਿਲ ਕੇ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਉਪਭੋਗਤਾਵਾਂ ਨੂੰ ਸਹੀ ਜਾਣਕਾਰੀ ਮਿਲੇ। ਸਕੂਲਾਂ, ਕਾਲਜਾਂ ਅਤੇ ਕਮਿਊਨਿਟੀ ਸਿਹਤ ਪ੍ਰੋਗਰਾਮਾਂ ਦੇ ਮਾਧਿਅਮ ਨਾਲ ਸੰਤੁਲਿਤ ਆਹਾਰ ਦੇ ਮਹੱਤਵ ਨੂੰ ਉਤਸ਼ਾਹ ਦੇਣਾ ਜ਼ਰੂਰੀ ਹੈ।
—ਰਿਸ਼ਭ ਮਿਸ਼ਰਾ
ਮਮਤਾ ਵੱਲੋਂ ਇੰਡੀਆ ਗੱਠਜੋੜ ਦੇ ਮੈਂਬਰਾਂ ਨੂੰ ਇਕਜੁੱਟ ਹੋਣ ਦਾ ਸੱਦਾ
NEXT STORY