ਰਿਤੁਪਰਣ ਦਵੇ
ਦਰਅਸਲ, ਸਾਡੇ ਦੇਸ਼ ਵਿਚ ਅਤੇ ਆਮ ਤੌਰ ’ਤੇ ਹਰ ਜਗ੍ਹਾ ਸੱਤਾ ਉਸ ਦੇ ਮੁਖੀ ਦੇ ਨਾਂ ਨਾਲ ਜ਼ਿਆਦਾ ਜਾਣੀ ਜਾਂਦੀ ਹੈ। ਇਹ ਸੱਚ ਵੀ ਹੈ, ਜਦੋਂ ਜਿਥੇ ਜੋ ਸੱਤਾ ਉੱਤੇ ਬਿਰਾਜਮਾਨ ਹੁੰਦਾ ਹੈ, ਉਸੇ ਦੇ ਨਾਂ ਦੀ ਸਰਕਾਰ ਕਹਾਉਂਦੀ ਹੈ ਪਰ ਸਾਡੇ ਇਥੇ ਅਜਿਹਾ ਕਦੇ ਨਹੀਂ ਦੇਖਿਆ ਗਿਆ ਕਿ ਕਿਸੇ ਸੂਬੇ ਦੇ ਭਵਿੱਖ ਦੇ ਗੱਦੀਨਸ਼ੀਨ ਦਾ ਨਾਂ ਸਾਢੇ ਤਿੰਨ ਸਾਲ ਪਹਿਲਾਂ ਹੀ ਲਿਖ ਦਿੱਤਾ ਜਾਵੇ। ਹੈੈਰਾਨੀ ਤਾਂ ਜ਼ਰੂਰ ਹੁੰਦੀ ਹੈ ਪਰ ਮੱਧ ਪ੍ਰਦੇਸ਼ ਵਿਚ ਅਜਿਹਾ ਹੋਇਆ ਹੈ, ਜੋ ਹੁਣ ਸਾਹਮਣੇ ਹੈ। ਨਿਸ਼ਚਿਤ ਤੌਰ ’ਤੇ ਕਾਂਗਰਸ ਪਾਰਟੀ ਦੀ ਉੱਚ ਲੀਡਰਸ਼ਿਪ ਨੂੰ ਕਮਲਨਾਥ ਦੀ ਪਰਖ ਸੀ। ਇਸੇ ਲਈ ਤਾਂ ਉਨ੍ਹਾਂ ਨੂੰ 11 ਜੂਨ 2016 ਨੂੰ ਰਾਜ ਸਭਾ ਚੋਣਾਂ ਦੌਰਾਨ ਮੱਧ ਪ੍ਰਦੇਸ਼ ਤੋਂ ਕਾਂਗਰਸੀ ਉਮੀਦਵਾਰ, ਸੁਪਰੀਮ ਕੋਰਟ ਦੇ ਮੰਨੇ-ਪ੍ਰਮੰਨੇ ਵਕੀਲ ਅਤੇ ਸਾਬਕਾ ਐਡੀਸ਼ਨਲ ਸਾਲਿਸਟਰ ਜਨਰਲ ਵਿਵੇਕ ਤਨਖਾ ਨੂੰ ਜਿਤਾਉਣ ਦੀ ਜ਼ਿੰਮੇਵਾਰੀ ਸੌਂਪੀ। ਇਹ ਉਹ ਦੌਰ ਸੀ, ਜਦੋਂ ਇਥੇ ਭਾਜਪਾ ਆਪਣੇ ਪੂਰੇ ਸਰੂਰ ’ਤੇ ਸੀ। ਪੂਰੇ ਪ੍ਰਦੇਸ਼ ਵਿਚ ਸ਼ਿਵਰਾਜ ਦਾ ਬੋਲਬਾਲਾ ਸੀ। ਉਦੋਂ ਕਮਲਨਾਥ ਦੀ ਰੁਚੀ ਆਪਣੇ ਸੰਸਦੀ ਖੇਤਰ ਛਿੰਦਵਾੜਾ ਤੋਂ ਇਲਾਵਾ ਕੇਂਦਰ ਦੀ ਰਾਜਨੀਤੀ ’ਚ ਜ਼ਿਆਦਾ ਸੀ। ਉਨ੍ਹਾਂ ਨੇ ਹਾਈਕਮਾਨ ਦਾ ਇਸ਼ਾਰਾ ਸਮਝਿਆ ਅਤੇ ਆਪਣੇ ਹੁਨਰ ਦਾ ਕ੍ਰਿਸ਼ਮਾ ਦਿਖਾਇਆ। ਨਤੀਜਾ ਸਾਹਮਣੇ ਸੀ। ਕਾਂਗਰਸ ਉਮੀਦਵਾਰ ਵਿਵੇਕ ਤਨਖਾ ਨੂੰ ਸਭ ਤੋਂ ਜ਼ਿਆਦਾ 62 ਵੋਟਾਂ ਮਿਲੀਆਂ, ਜਦਕਿ ਭਾਜਪਾ ਦੇ ਅਨਿਲ ਮਾਧਵ ਦਵੇ ਅਤੇ ਐੱਮ. ਜੇ. ਅਕਬਰ ਨੂੰ 58-58 ਵੋਟਾਂ ਮਿਲੀਆਂ। ਉਥੇ ਹੀ ਭਾਜਪਾ ਸਮਰਥਿਤ ਆਜ਼ਾਦ ਵਿਨੋਦ ਗੋਂਟੀਆ ਚੋਣ ਹਾਰ ਗਏ, ਜਿਨ੍ਹਾਂ ਨੂੰ ਸਿਰਫ 50 ਵੋਟਾਂ ਮਿਲੀਆਂ। ਇਸ ਤਰ੍ਹਾਂ ਪ੍ਰਦੇਸ਼ ਦੀ ਰਾਜਨੀਤੀ ਵਿਚ ਕਮਲਨਾਥ ਨੇ ਆਪਣੀ ਅਹਿਮੀਅਤ ਨਾਲ ਸਭ ਨੂੰ ਇਕ ਵਾਰ ਫਿਰ ਰੂ-ਬ-ਰੂ ਕਰਵਾਇਆ। ਉਨ੍ਹਾਂ ਦੀਆਂ ਕੋਸ਼ਿਸ਼ਾਂ ਨੇ ਬਸਪਾ ਦੀਆਂ ਸਾਰੀਆਂ 4 ਵੋਟਾਂ ਕਾਂਗਰਸ ਦੇ ਪੱਖ ’ਚ ਕਰਵਾਉਣ ਦੀ ਜੁਗਤ ਲੜਾਈ, ਸਗੋਂ ਇਕ ਆਜ਼ਾਦ ਵੋਟ ਵੀ ਦਿਵਾਈ। ਇਸ ਨਾਲ ਉਨ੍ਹਾਂ ਦਾ ਪ੍ਰਦੇਸ਼ ਦੀ ਰਾਜਨੀਤੀ ਵਿਚ ਕੱਦ ਅਚਾਨਕ ਵਧ ਗਿਆ ਅਤੇ ਉਦੋਂ ਇਹ ਅੰਦਾਜ਼ਾ ਹੋ ਗਿਆ ਸੀ ਕਿ 2018 ਦੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੂੰ ਪ੍ਰਦੇਸ਼ ਵਿਚ ਇਕ ਮਜ਼ਬੂਤ ਚਿਹਰਾ ਮਿਲ ਗਿਆ ਹੈ, ਜੋ ਮੁੱਖ ਮੰਤਰੀ ਵੀ ਹੋਵੇਗਾ।
ਹੋਇਆ ਵੀ ਇਹੀ, 26 ਅਪ੍ਰੈਲ 2018 ਨੂੰ ਕਮਲਨਾਥ ਪ੍ਰਦੇਸ਼ ਕਾਂਗਰਸ ਪ੍ਰਧਾਨ ਐਲਾਨ ਦਿੱਤੇ ਗਏ। ਉਦੋਂ ਅਣਐਲਾਨੇ ਹੀ ਸਹੀ ਪਰ ਤੈਅ ਮੰਨਿਆ ਜਾਣ ਲੱਗਾ ਕਿ ਉਹੀ ਕਾਂਗਰਸ ਵਲੋਂ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਹੋਣਗੇ। ਉਂਝ ਤਾਂ ਕਮਲਨਾਥ ਦੀ ਸਿਆਸੀ ਸੂਝਬੂਝ ਲਗਾਤਾਰ ਚਾਰ ਦਹਾਕਿਆਂ ਤੋਂ ਕਿਤੇ ਨਾ ਕਿਤੇ ਦਿਸਦੀ ਰਹੀ, 1980 ’ਚ ਉਸ ਸਮੇਂ ਵੀ ਸਾਫ ਦਿਸ ਗਈ ਸੀ, ਜਦੋਂ ਮੁੱਖ ਮੰਤਰੀ ਅਹੁਦੇ ਦੀ ਰੇਸ ’ਚ ਹੋ ਕੇ ਵੀ ਉਨ੍ਹਾਂ ਨੇ ਆਪਣੇ ਸਮਰਥਕ 42 ਵਿਧਾਇਕਾਂ ਦੀਆਂ ਵੋਟਾਂ ਅਰਜੁਨ ਸਿੰਘ ਨੂੰ ਦਿਵਾ ਕੇ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾ ਦਿੱਤਾ ਅਤੇ ਉਦੋਂ ਦੇ ਕੱਦਾਵਰ ਨੇਤਾ ਸ਼ਿਵਭਾਨੂ ਸੋਲੰਕੀ ਨੂੰ ਹਰਾਇਆ। ਇਸੇ ਤਰ੍ਹਾਂ 1993 ’ਚ ਵੀ ਉਨ੍ਹਾਂ ਦਾ ਰਣਨੀਤਕ ਕੌਸ਼ਲ ਫਿਰ ਦੇਖਣ ਨੂੰ ਮਿਲਿਆ, ਜਦੋਂ ਦਿੱਗਵਿਜੇ ਸਿੰਘ ਨੂੰ ਮੁੱਖ ਮੰਤਰੀ ਬਣਾਉਣ ’ਚ ਵੀ ਜ਼ਬਰਦਸਤ ਭੂਮਿਕਾ ਨਿਭਾਈ। ਇਨ੍ਹਾਂ ਹੀ ਖੂਬੀਆਂ ਨੇ ਉਨ੍ਹਾਂ ਨੂੰ ਕਾਫੀ ਉੱਚੀ ਸੋਚ ਦਾ ਕੱਦਾਵਰ ਅਤੇ ਲੋਕਪ੍ਰਿਯ ਨੇਤਾ ਬਣਾ ਦਿੱਤਾ। ਵਿਰੋਧ, ਵਿਰੋਧੀਆਂ ਅਤੇ ਗੁੱਟਬਾਜ਼ੀ ਦੀ ਪਰਵਾਹ ਕੀਤੇ ਬਿਨਾਂ ਕੰਮ ਵਿਚ ਵਿਸ਼ਵਾਸ ਰੱਖਣ ਵਾਲੇ ਕਮਲਨਾਥ ਨੇ ਸਿਰਫ ਸਾਲ ਭਰ ਵਿਚ ਆਪਣੇ ਕੰਮ ਨਾਲ ਸਭ ਨੂੰ ਚਿੱਤ ਕਰ ਦਿੱਤਾ। ਭੋਪਾਲ ਵਿਚ ਰਹਿਣ ’ਤੇ ਸਵੇਰੇ 10 ਵਜੇ ਬਿਨਾਂ ਨਾਗਾ ਦਫਤਰ ਪਹੁੰਚ ਕੇ ਦੇਰ ਰਾਤ ਤਕ ਲਗਾਤਾਰ ਕੰਮ ਕਰਨਾ, ਇਕ-ਇਕ ਫਾਈਲ ਪੜ੍ਹਨਾ, ਚਰਚਾ ਕਰ ਕੇ ਫੈਸਲਾ ਲੈਣ ਨਾਲ ਪ੍ਰਸ਼ਾਸਨਿਕ ਹਲਕਿਆਂ ’ਚ ਵੀ ਜ਼ਬਰਦਸਤ ਕਸਾਵਟ ਆਈ। ਘੱਟ ਹੀ ਲੋਕਾਂ ਨੂੰ ਪਤਾ ਹੋਵੇਗਾ ਕਿ ਹਾਲ ਹੀ ਵਿਚ ਮਹਾਰਾਸ਼ਟਰ ਦਾ ਸਿਆਸੀ ਸੰਕਟ ਸੁਲਝਾਉਣ ਅਤੇ ਐੱਨ. ਸੀ. ਪੀ., ਸ਼ਿਵ ਸੈਨਾ ਅਤੇ ਕਾਂਗਰਸ ਨੂੰ ਨਾਲ ਲੈਣ ਵਿਚ ਵੀ ਉਨ੍ਹਾਂ ਦੀ ਖਾਸ ਭੂਮਿਕਾ ਸੀ।
ਲੋਕਾਂ ਨੂੰ ਦੋ ਵੱਡੀਆਂ ਰਾਹਤਾਂ
17 ਦਸੰਬਰ 2018 ਨੂੰ ਪ੍ਰਦੇਸ਼ ਦੀ ਵਾਗਡੋਰ ਸੰਭਾਲਦੇ ਹੀ ਤਾਬੜ-ਤੋੜ ਕੰਮਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ। ਆਮ ਲੋਕਾਂ ਲਈ ਸਭ ਤੋਂ ਵੱਡੀ ਰਾਹਤ ਬਿਜਲੀ ਬਿੱਲ ਵਿਚ ਭਾਰੀ ਕਮੀ ਨਾਲ ਮਿਲੀ, ਜਿਸ ਵਿਚ 100 ਯੂਨਿਟ 100 ਰੁਪਏ ਅਤੇ 150 ਯੂਨਿਟਸ ਦਾ ਵੱਖਰਾ ਸਲੈਬ ਬਣਾ ਕੇ ਰਾਹਤ ਦਿੱਤੀ। ਇਸ ਨਾਲ ਲੋਕਾਂ ਵਿਚ ਗੈਰ-ਜ਼ਰੂਰੀ ਬਿਜਲੀ ਖਪਤ ਨੂੰ ਲੈ ਕੇ ਜਾਗਰੂਕਤਾ ਵਧੀ, ਉਥੇ ਹੀ ਜੇਬ ਵੀ ਘੱਟ ਖਾਲੀ ਹੋਣ ਲੱਗੀ। ਸਹੁੰ ਚੁੱਕਦਿਆਂ ਹੀ ਕਿਸਾਨ ਕਰਜ਼ਾ ਮੁਆਫੀ ਦਾ ਵਚਨ ਨਿਭਾਇਆ। ਜੈ ਕਿਸਾਨ ਫਸਲ ਕਰਜ਼ਾ ਮੁਆਫੀ ਯੋਜਨਾ ਵਿਚ 20 ਲੱਖ ਤੋਂ ਵੱਧ ਕਿਸਾਨਾਂ ਦੀ 7154 ਕਰੋੜ ਰੁਪਏ ਦੀ ਕਰਜ਼ਾ ਮੁਆਫੀ ਕੀਤੀ, ਉਥੇ ਹੀ 12 ਲੱਖ ਤੋਂ ਵੱਧ ਕਿਸਾਨਾਂ ਦੀ 11675 ਕਰੋੜ ਰੁਪਏ ਦੀ ਕਰਜ਼ਾ ਮੁਆਫੀ ਦੀ ਤਿਆਰੀ ਹੈ। ਮਾਲੀਆ ਵਧਾਉਣ ਦੇ ਪੁਰਾਣੇ ਸਾਰੇ ਰਿਕਾਰਡ ਤੋੜ ਕੇ ਆਪਣੀ ਉੱਚੀ ਸੋਚ ਤੋਂ ਪ੍ਰਦੇਸ਼ ਨੂੰ ਜਾਣੂ ਕਰਵਾਇਆ। ਬੀਤੇ ਸਾਲਾਂ ’ਚ ਰੇਤ ਤੋਂ ਸਿਰਫ 220 ਤੋਂ 250 ਕਰੋੜ ਰੁਪਏ ਦੀ ਆਮਦਨ ਹੁੰਦੀ ਸੀ, ਜੋ ਹੁਣ 1200 ਕਰੋੜ ਰੁਪਏ ਤੋਂ ਵੀ ਉੱਪਰ ਪਹੁੰਚੇਗੀ। ਪੰਨਾ ਦੀ ਬੰਦਰ ਹੀਰਾ ਖਾਨ ਤੋਂ ਸੂਬੇ ਨੂੰ ਹਰ ਸਾਲ 520 ਕਰੋੜ ਰੁਪਏ ਵੱਖਰੇ ਮਿਲਣ ਦੀ ਉਮੀਦ ਹੈ। ਪਾਣੀ ਦੀ ਸਮੱਸਿਆ ਦੀ ਗੰਭੀਰਤਾ ਨੂੰ ਦੇਖਦੇ ਹੋਏ ਨਦੀਆਂ ਦੀ ‘ਪੁਨਰ ਜੀਵਨ ਯੋਜਨਾ’ ਨੂੰ ਖਾਸੀ ਤਵੱਜੋ ਦਿੱਤੀ ਗਈ, ਜਿਸ ਵਿਚ ਨਾਜਾਇਜ਼ ਮਾਈਨਿੰਗ ਕਾਰਣ ਸੁੱਕੀਆਂ ਨਦੀਆਂ ਸ਼ਾਮਿਲ ਹਨ। ਮੀਂਹ ਦੇ ਪਾਣੀ ਦੀ ਸੰਭਾਲ ਲਈ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ।
ਮੱਧ ਪ੍ਰਦੇਸ਼ ਵਿਚ ਮੈਟਰੋ ਪ੍ਰਾਜਕਟ ਨੂੰ ਤੇਜ਼ੀ ਨਾਲ ਮੂਰਤ ਰੂਪ ਦੇਣ ਦੀ ਤਿਆਰੀ ਹੈ। ਇੰਦੌਰ ਅਤੇ ਭੋਪਾਲ ਵਿਚ ਜੰਗੀ ਪੱਧਰ ’ਤੇ ਕੰਮ ਸ਼ੁਰੂ ਹੈ। ਵੱਡੇ ਮਹਾਨਗਰਾਂ ਦੀ ਤਰਜ਼ ’ਤੇ ਜਲਦ ਹੀ ਇਥੇ ਮੈਟਰੋ ਦੌੜਦੀ ਦਿਸੇਗੀ। ਕਮਜ਼ੋਰਾਂ ਲਈ ਘੱਟ ਸਮੇਂ ਵਿਚ ਢੇਰਾਂ ਕੰਮ ਦੱਸਦੇ ਹਨ ਕਿ ਮੁੱਖ ਮੰਤਰੀ ਕਮਲਨਾਥ ਸਭ ਬਾਰੇ ਸੋਚਦੇ ਹਨ। ਬੁਢਾਪਾ ਪੈਨਸ਼ਨ 300 ਤੋਂ ਵਧਾ ਕੇ 600 ਰੁਪਏ, ਗਰੀਬ ਲੜਕੀਆਂ ਦੇ ਵਿਆਹ ਅਤੇ ਨਿਕਾਹ ਦੀ ਰਾਸ਼ੀ 28000 ਤੋਂ ਵਧਾ ਕੇ 51000 ਰੁਪਏ ਕਰਨਾ, ਆਦਿਵਾਸੀ ਸਮਾਜ ਨੂੰ ਸ਼ਾਹੂਕਾਰ ਕਰਜ਼ਿਆਂ ਤੋਂ ਮੁਕਤੀ ਦਿਵਾਉਣਾ ਹਿੰਮਤੀ ਕੰਮ ਹੈ। ਸਥਾਨਕ ਬੇਰੋਜ਼ਗਾਰਾਂ ਨੂੰ 70 ਫੀਸਦੀ ਰੋਜ਼ਗਾਰ ਗਾਰੰਟੀ ਦੇਣ ਲਈ ਅਕਤੂਬਰ ਵਿਚ ਮੈਗਨੀਫਿਸੈਂਟ ਮੱਧ ਪ੍ਰਦੇਸ਼ ਦੇ ਆਯੋਜਨ ਵਿਚ ਕਰੀਬ 900 ਮੰਨੇ-ਪ੍ਰਮੰਨੇ ਉਦਯੋਗਪਤੀ ਸ਼ਾਮਿਲ ਹੋਏ ਅਤੇ 7 ਦੇਸ਼ਾਂ ਨੇ ਨਿਵੇਸ਼ ਦੀ ਹਾਮੀ ਭਰੀ। ਇਸ ਨਾਲ ਜਿਥੇ 20 ਲੱਖ ਰੋਜ਼ਗਾਰ ਦੇ ਮੌਕੇ ਬਣਨਗੇ, ਉਥੇ ਹੀ ਮੱਧ ਪ੍ਰਦੇਸ਼ ਵਿਚ ਸਿਰਫ 11 ਮਹੀਨਿਆਂ ਵਿਚ ਬੇਰੋਜ਼ਗਾਰੀ ਦੀ ਦਰ 2.8 ਫੀਸਦੀ ਘਟ ਕੇ 4.2 ਫੀਸਦੀ ਰਹਿ ਗਈ, ਜੋ 2018 ’ਚ 7 ਫੀਸਦੀ ਸੀ, ਜਦਕਿ ਦੇਸ਼ ਵਿਚ ਬਹੁਤ ਤੇਜ਼ੀ ਨਾਲ ਵਧੀ ਹੈ। ਮੱਧ ਪ੍ਰਦੇਸ਼ ਵਿਚ ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨੋਮੀ (ਸੀ. ਐੱਮ. ਈ.) ਦੀ ਰਿਪੋਰਟ ਵੀ ਇਹੀ ਕਹਿੰਦੀ ਹੈ। ਸੋਲਰ ਰੂਫ ਟਾਪ ਪ੍ਰਾਜੈਕਟ ਵਿਚ ਮੱਧ ਪ੍ਰਦੇਸ਼ ਬਹੁਤ ਅੱਗੇ ਨਿਕਲ ਗਿਆ ਅਤੇ ਇਕ ਸਾਲ ਵਿਚ ਗਰਿੱਡ ਕੁਨੈਕਟਿਡ ਪ੍ਰਾਜੈਕਟ ਵਿਚ 670 ਮੈਗਾਵਾਟ ਸਮਰੱਥਾ ਵਧੀ ਹੈ। 645 ਮੈਗਾਵਾਟ ਦੇ ਸੌਰ ਪ੍ਰਾਜੈਕਟ ਅਤੇ 25 ਮੈਗਾਵਾਟ ਦੇ ਬਾਇਓਮਾਸ ਪ੍ਰਾਜੈਕਟ ਵੀ ਸਥਾਪਿਤ ਹੋਏ।
ਸਾਫਟ ਹਿੰਦੂਤਵ ਦੇ ਰਾਹ ’ਤੇ ਚੱਲ ਰਹੇ ਕਮਲਨਾਥ
ਸਾਫਟ ਹਿੰਦੂਤਵ ਦੇ ਰਾਹ ’ਤੇ ਚੱਲ ਕੇ ਕਮਲਨਾਥ ਨੇ ਖ਼ੁਦ ਨੂੰ ਸਭ ਤੋਂ ਵੱਡਾ ਗਊ ਭਗਤ ਵੀ ਸਾਬਿਤ ਕੀਤਾ। ਉਨ੍ਹਾਂ ਨੇ ਪਹਿਲਾਂ ਰਾਮਵਣ ਗਮਨ ਪਥ ਅਤੇ ਫਿਰ 1000 ਗਊਸ਼ਾਲਾਵਾਂ ਬਣਾਉਣ ਦਾ ਫੈਸਲਾ ਕੀਤਾ। ਉਥੇ ਹੀ ਉੱਜੈਨ ਮਹਾਕਾਲ ਮੰਦਰ ਦੇ ਵਿਕਾਸ ਲਈ 300 ਕਰੋੜ, ਓਮਕਾਰੇਸ਼ਵਰ ਲਈ 156 ਕਰੋੜ ਅਤੇ ਖੰਡਵਾ ਦੇ ਧੂਣੀ ਵਾਲੇ ਦਾਦਾ ਜੀ ਸਥਲ ’ਚ 1932 ਤੋਂ ਚੱਲੇ ਆ ਰਹੇ ਵਿਵਾਦ ਨੂੰ ਆਪਸੀ ਸਹਿਮਤੀ ਨਾਲ ਨਿਪਟਾਉਣ ਅਤੇ ਸਰਕਾਰ ਵਲੋਂ ਹਾਸਿਲ ਕਰਨ ਜਾਂ ਸਰਕਾਰ ਵਲੋਂ ਹਾਸਿਲ ਕਰਨ ਦੀ ਗੱਲ ਕਹਿ ਕੇ ਉਥੇ ਵੀ ਤਮਾਮ ਵਿਕਾਸ ਦੀਆਂ ਸੰਭਾਵਨਾਵਾਂ ਨੂੰ ਖੋਲ੍ਹਣਾ, ਉਹ ਕੰਮ ਹਨ, ਜੋ ਉਨ੍ਹਾਂ ਦੀ ਇਕ ਵੱਖਰੀ ਦਿੱਖ ਬਣਾਉਂਦੇ ਹਨ। ਛਿੰਦਵਾੜਾ ਦੇ ਸਿਮਰੀਆ ’ਚ 101 ਫੁੱਟ ਦੀ ਵਿਸ਼ਾਲ ਹਨੂਮਾਨ ਦੀ ਮੂਰਤੀ ਦੀ ਸਥਾਪਨਾ ਵੀ ਇਹੋ ਸੰਕੇਤ ਹੈ। ਪ੍ਰਦੇਸ਼ ਦੇ ਵਿਦਿਆਰਥੀ-ਵਿਦਿਆਰਥਣਾਂ ਲਈ ਨਵੀਂ ਸਿੱਖਿਆ ਵਿਵਸਥਾ ਹੋਵੇ, ਇਸ ਲਈ ਐੱਨ. ਸੀ. ਈ. ਆਰ. ਟੀ. ਸਿਲੇਬਸ ਲਾਗੂ ਕੀਤਾ ਗਿਆ, ਜੋ 2021-22 ਤਕ 9ਵੀਂ ਤੋਂ 12ਵੀਂ ਤਕ ਲਾਗੂ ਹੋ ਜਾਵੇਗਾ। ਮਿਆਰੀ ਸਿੱਖਿਆ ਦੀ ਮਨਸ਼ਾ ਨੇ ਅਧਿਆਪਨ ਨਾਲ ਜੁੜੇ ਉਨ੍ਹਾਂ ਸਰਕਾਰੀ ਅਧਿਆਪਕਾਂ ਦੀ ਨੀਂਦ ਉਡਾ ਦਿੱਤੀ, ਜੋ ਸਿਰਫ ਤਨਖਾਹ ਲਈ ਨੌਕਰੀ ਕਰਦੇ ਸਨ ਅਤੇ ਪੜ੍ਹਾਉਣ ਦੀ ਬਜਾਏ ਤਮਾਮ ਦਫਤਰਾਂ ਵਿਚ ਬਾਬੂਗਿਰੀ ਕਰ ਕੇ ਸਾਈਡ ਇਨਕਮ ’ਤੇ ਜ਼ਿਆਦਾ ਧਿਆਨ ਦਿੰਦੇ ਸਨ। ਦੋ ਵਾਰ ਨਿਪੁੰਨਤਾ ਪ੍ਰੀਖਿਆ ਵਿਚ ਗਾਈਡ ਲੈ ਕੇ ਵੀ ਫੇਲ ਹੋਏ ਅਧਿਆਪਕਾਂ ਦੀ ਜਬਰੀ ਰਿਟਾਇਰਮੈਂਟ ਇਸੇ ਗੱਲ ਦਾ ਇਸ਼ਾਰਾ ਹੈ। ਜਲਦ ਹੀ ਪ੍ਰਾਈਵੇਟ ਸਕੂਲਾਂ ਦੀ ਤਰਜ਼ ਉੱਤੇ ਸਰਕਾਰੀ ਸਕੂਲਾਂ ਦੀਆਂ ਵਿਵਸਥਾਵਾਂ ਬਦਲਣਗੀਆਂ। ਸਿੱਖਿਆ ਵਿਚ ਜੋ ਮਿਆਰ ਹੋਣਾ ਚਾਹੀਦਾ ਹੈ, ਉਸ ਨੂੰ ਲੈ ਕੇ ਕਮਲਨਾਥ ਗੰਭੀਰ ਦਿਸਦੇ ਹਨ। ਸੁਪਰਸਪੈਸ਼ਲਿਟੀ ਸਿਹਤ ਸਹੂਲਤਾਂ ਤੋਂ ਇਲਾਵਾ ਰਾਸ਼ਨ ਦੀ ਕਾਲਾਬਾਜ਼ਾਰੀ ਰੋਕਣ ਲਈ ਖਾਸ ਪਹਿਲ ਅਤੇ ਉੱਚ ਸਿੱਖਿਆ ਦੇ ਖੇਤਰ ਵਿਚ ਵੀ ਬਦਲਾਅ ਦੇ ਸੰਕੇਤ ਮਿਲ ਰਹੇ ਹਨ।
ਹੁਣ ਇਸੇ ਤਰਜ਼ ਉੱਤੇ ਪੂਰਾ ਮੱਧ ਪ੍ਰਦੇਸ਼ ਕਮਲਨਾਥ ਦਾ ਹੈ ਅਤੇ ਸਿਰਫ 8-9 ਮਹੀਨੇ (ਲੋਕ ਸਭਾ ਚੋਣਾਂ ਦੇ 2-3 ਮਹੀਨੇ ਛੱਡ ਦੇਈਏ ਤਾਂ) ਵਿਚ ਜਿੰਨੇ ਕੰਮ ਹੋਏ ਅਤੇ ਦਿਸੇ ਅਤੇ ਇਹੀ ਰਫਤਾਰ ਬਣੀ ਰਹੀ ਤਾਂ ਨਿਸ਼ਚਿਤ ਤੌਰ ’ਤੇ ਮੱਧ ਪ੍ਰਦੇਸ਼ ਦੇਸ਼ ਦਾ ਰੋਲ ਮਾਡਲ ਬਣੇਗਾ ਅਤੇ ਇਥੋਂ ਦੇ ਨਿਵਾਸੀਆਂ ਨੂੰ ਇਸ ਗੱਲ ਦਾ ਮਾਣ ਵੀ ਹੋਵੇਗਾ ਕਿ ਇਹ ਹੈ ਮੇਰਾ ਮੱਧ ਪ੍ਰਦੇਸ਼।
(rituparndave@gmail.com)
ਹਿੰਦੂਤਵ ਦੀ ਅਣਡਿੱਠਤਾ ਕਾਰਣ ਰਘੁਵਰ ਸਰਕਾਰ ਦੀ ‘ਵਿਦਾਇਗੀ’ ਤੈਅ
NEXT STORY