ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਪੰਜਾਬ ਦੇ ਲਗਭਗ 14 ਲੱਖ ਖੇਤੀਬਾੜੀ ਖਪਤਕਾਰਾਂ ਦੀਆਂ ਟਿਊਬਵੈੱਲ ਮੋਟਰਾਂ ਨੂੰ ਝੋਨੇ ਦੀ ਬਿਜਾਈ ਲਈ 8 ਘੰਟੇ ਪਾਏਦਾਰ ਤੇ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਅਗਾਊਂ ਸਾਰੇ ਪ੍ਰਬੰਧ ਕੀਤੇ ਗਏ।
ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪੰਜਾਬ ਦੇ ਬਿਜਲੀ ਮੰਤਰੀ ਵੱਲੋਂ ਝੋਨੇ ਦੇ ਮੌਸਮ ਲਈ ਬਿਜਲੀ ਸਪਲਾਈ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਸਮੇਂ-ਸਮੇਂ ’ਤੇ ਮੀਟਿੰਗਾਂ ਕੀਤੀਆਂ ਗਈਆਂ। ਇਨ੍ਹਾਂ ਮੀਟਿੰਗਾਂ ਵਿਚ ਪੰਜਾਬ ਸਰਕਾਰ, ਪੀ. ਐੱਸ. ਪੀ. ਸੀ. ਐੱਲ. ਅਤੇ ਪੀ. ਐੱਸ. ਟੀ. ਸੀ. ਐੱਲ. ਦੇ ਸੀਨੀਅਰ ਅਧਿਕਾਰੀਆਂ ਨੇ ਭਾਗ ਲਿਆ ਅਤੇ ਪੰਜਾਬ ਦੇ ਬਿਜਲੀ ਮੰਤਰੀ ਨੂੰ ਜਾਣੂ ਕਰਵਾਇਆ ਕਿ ਝੋਨੇ ਅਤੇ ਗਰਮੀਆਂ ਵਿਚ ਵਧ ਰਹੀ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਪੂਰੇ ਪ੍ਰਬੰਧ ਮੁਕੰਮਲ ਹਨ।
ਝੋਨੇ ਦੀ ਬਿਜਾਈ ਦੇ ਪ੍ਰਬੰਧਾਂ ਵਿਚ ਸ਼ਹਿਰੀ ਕੇਂਦਰਾਂ ’ਤੇ ਮੋਬਾਈਲ ਟਰਾਂਸਫਾਰਮਰਾਂ, ਡਵੀਜ਼ਨ ਪੱਧਰ ਅਤੇ ਗਰਿੱਡ ਸਬ ਸਟੇਸ਼ਨਾਂ ’ਤੇ ਲੋੜੀਂਦੇ ਸਾਮਾਨ ਦਾ ਸਟੋਰਾਂ ਵਿਚ ਪ੍ਰਬੰਧ ਕਰਨ ਅਤੇ ਸ਼ਿਕਾਇਤਾਂ ਨਾਲ ਨਜਿੱਠਣ ਲਈ ਲੋੜੀਂਦੇ ਮਨੁੱਖੀ ਸਰੋਤ ਤਾਇਨਾਤ ਕਰਨ ਤੋਂ ਇਲਾਵਾ ਡਵੀਜ਼ਨ ਪੱਧਰ ’ਤੇ 104 ਨੋਡਲ ਸ਼ਿਕਾਇਤ ਕੇਂਦਰ, 21 ਸਰਕਲਾਂ ਵਿਚ ਕੰਟਰੋਲ ਰੂਮ ਅਤੇ 5 ਜ਼ੋਨ ਕੰਟਰੋਲ ਰੂਮ ਸਥਾਪਤ ਕਰਨ ਦੇ ਨਾਲ-ਨਾਲ ਸ਼ਿਕਾਇਤਾਂ ਦੇ ਨਿਪਟਾਰੇ ਲਈ ਮੁੱਖ ਦਫ਼ਤਰ ਵਿਖੇ ਇਕ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ। ਝੋਨੇ ਦੇ ਮੌਸਮ ਦੌਰਾਨ ਡਿਸਟ੍ਰੀਬਿਊਸ਼ਨ ਟਰਾਂਸਫਾਰਮਰਾਂ, ਕੇਬਲਾਂ/ ਪੀ.ਵੀ.ਸੀ., ਕੰਡਕਟਰ, ਖੰਭਿਆਂ ਅਤੇ ਹੋਰ ਉਪਕਰਣਾਂ ਦੀ ਸਟਾਕ ਸਥਿਤੀ ਅਤੇ ਸਪਲਾਈ ਲੋੜਾਂ ਨੂੰ ਪੂਰਾ ਕਰਨ ਲਈ ਕਾਫੀ ਹੈ। ਡਿਸਟ੍ਰੀਬਿਊਸ਼ਨ ਟਰਾਂਸਫਾਰਮਰਾਂ ਅਤੇ ਪਾਵਰ ਲਾਈਨਾਂ ਸਮੇਤ ਬਿਜਲੀ ਵੰਡ ਪ੍ਰਣਾਲੀ ਦਾ ਵਿਆਪਕ ਰੱਖ-ਰਖਾਅ ਸੁਨਿਸ਼ਚਿਤ ਕੀਤਾ ਗਿਆ।
ਪਿਛਲੇ ਸਾਲ 2022 ਦੀ ਤਰ੍ਹਾਂ, ਇਸ ਵਾਰ ਵੀ ਝੋਨੇ ਦੀ ਬਿਜਾਈ ਪੜਾਅ ਵਾਰ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ । ਪੰਜਾਬ ਦੇ ਕੁਝ ਹਿੱਸਿਆਂ ਵਿਚ ਝੋਨੇ ਦੀ ਲੁਆਈ 10 ਜੂਨ ਤੋਂ ਸ਼ੁਰੂ ਹੋਈ, ਜਦੋਂ ਕਿ ਬਾਕੀ ਹਿੱਸੇ ਅਗਲੇ ਪੜਾਵਾਂ ਅਧੀਨ 16, 19 ਅਤੇ 21 ਜੂਨ ਨੂੰ ਸ਼ੁਰੂ ਹੋਈ । ਝੋਨੇ ਦੀ ਲੁਆਈ ਪ੍ਰਕਿਰਿਆ ਨੂੰ ਪ੍ਰਭਾਵਸ਼ਾਲੀ ਅਤੇ ਵਿਓਂਤਮਈ ਢੰਗ ਨਾਲ ਲਾਗੂ ਕਰਨ ਲਈ ਪੰਜਾਬ ਰਾਜ ਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ।
ਪਹਿਲੇ ਪੜਾਅ ਵਿਚ ਸਰਹੱਦ ’ਤੇ ਕੰਡਿਆਲੀ ਤਾਰ ਤੋਂ ਪਾਰ ਦੇ ਖੇਤਰਾਂ ਵਿਚ ਇਹ ਲੁਆਈ 10 ਜੂਨ ਤੋਂ, 16 ਜੂਨ ਤੋਂ ਦੂਜੇ ਪੜਾਅ ਵਿਚ ਸੱਤ ਜ਼ਿਲਿਆਂ ਫਿਰੋਜ਼ਪੁਰ, ਫਰੀਦਕੋਟ, ਪਠਾਨਕੋਟ, ਸ੍ਰੀ ਫਤਹਿਗੜ੍ਹ ਸਾਹਿਬ, ਗੁਰਦਾਸਪੁਰ, ਐੱਸ. ਬੀ. ਐੱਸ.ਨਗਰ ਅਤੇ ਤਰਨਤਾਰਨ,19 ਜੂਨ ਤੋਂ ਤੀਜੇ ਪੜਾਅ ਵਿਚ ਸੱਤ ਜ਼ਿਲਿਆਂ ਰੂਪਨਗਰ, ਐੱਸ. ਏ. ਐੱਸ. ਨਗਰ, ਕਪੂਰਥਲਾ, ਲੁਧਿਆਣਾ, ਫਾਜ਼ਿਲਕਾ, ਬਠਿੰਡਾ ਅਤੇ ਅੰਮ੍ਰਿਤਸਰ ਅਤੇ 21 ਜੂਨ ਤੋਂ ਨੌਂ ਜ਼ਿਲਿਆਂ ਪਟਿਆਲਾ, ਜਲੰਧਰ, ਮੋਗਾ, ਸ੍ਰੀ ਮੁਕਤਸਰ ਸਾਹਿਬ, ਹੁਸ਼ਿਆਰਪੁਰ, ਸੰਗਰੂਰ, ਮਾਲੇਰਕੋਟਲਾ, ਬਰਨਾਲਾ ਅਤੇ ਮਾਨਸਾ ਵਿਚ ਝੋਨੇ ਦੀ ਲੁਆਈ ਸ਼ੁਰੂ ਹੋ ਗਈ ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ 23 ਜੂਨ,2023 ਨੂੰ 15325 ਮੈਗਾਵਾਟ ਦੀ ਹੁਣ ਤੱਕ ਦੀ ਬਿਜਲੀ ਦੀ ਸਭ ਤੋਂ ਉੱਚੀ ਮੰਗ ਨੂੰ ਪੂਰਾ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿਚ ਮਿਆਰੀ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਵਚਨਬੱਧ ਹੈ ਅਤੇ ਸੂਬੇ ਭਰ ਵਿਚ ਝੋਨੇ ਦੀ ਫ਼ਸਲ ਦੀ ਬਿਜਾਈ ਲਈ ਖੇਤੀਬਾੜੀ ਫੀਡਰਾਂ ਨੂੰ ਰੋਜ਼ਾਨਾ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਨਾਲ-ਨਾਲ ਕਿਸੇ ਵੀ ਉਦਯੋਗਿਕ, ਗੈਰ-ਰਿਹਾਇਸ਼ੀ ਸਪਲਾਈ (ਐੱਨ.ਆਰ.ਐੱਸ) ਜਾਂ ਘਰੇਲੂ ਵਰਗ ’ਤੇ ਕੋਈ ਬਿਜਲੀ ਕੱਟ ਨਹੀਂ ਲਗਾਇਆ ਜਾ ਰਿਹਾ ਹੈ। ਪੰਜਾਬ ਦੇ ਕਿਸਾਨ ਝੋਨੇ ਦੀ ਬਿਜਾਈ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਟਿਊਬਵੈੱਲਾਂ ਲਈ ਪਾਏਦਾਰ ਤੇ 8 ਘੰਟੇ ਨਿਰਵਿਘਨ ਬਿਜਲੀ ਦੀ ਸਪਲਾਈ ਨੂੰ ਲੈ ਕੇ ਬਹੁਤ ਖੁਸ਼ ਹਨ, ਕਿਸਾਨਾਂ ਨੂੰ ਉਨ੍ਹਾਂ ਦੀ ਉਮੀਦ ਤੋਂ ਵੱਧ ਬਿਜਲੀ ਦੀ ਤਸੱਲੀਬਖਸ਼ ਮਿਲ ਰਹੀ ਹੈ, ਜਿਸ ਦਾ ਮੁੱਖ ਸਿਹਰਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਉੱਚ ਅਧਿਕਾਰੀਆਂ ਦੀ ਸਮੇਂ ਸਿਰ ਕੀਤੀ ਵਿਊਂਤਬੰਦੀ ਅਤੇ ਬਿਜਲੀ ਦੇ ਲਈ ਕੀਤੇ ਪ੍ਰਬੰਧਾਂ , ਸੀਨੀਅਰ ਇੰਜੀਨੀਅਰਜ਼, ਟੈਕਨੀਕਲ ਕਰਮਚਾਰੀਆਂ ਅਤੇ ਨਾਨ ਟੈਕਨੀਕਲ ਦੀ ਆਪੋ ਆਪਣੇ ਖੇਤਰਾਂ ਵਿਚ ਪਾਏ ਯੋਗਦਾਨ ਦੇ ਸਦਕਾ ਸੰਭਵ ਹੋਇਆ ਹੈ ਅਤੇ ਸਾਰੇ ਵਧਾਈ ਦੇ ਪਾਤਰ ਹਨ।
ਪੰਜਾਬ ਵਿਚ ਇਸ ਸਮੇਂ ਪਣ-ਬਿਜਲੀ ਤੇ ਥਰਮਲ ਲਗਭਗ 6500 ਮੈਗਾਵਾਟ ਉਤਪਾਦਨ ਹੈ ਅਤੇ ਕੇਂਦਰ ਸੈਕਟਰ ਤੇ ਬੀ. ਬੀ. ਐੱਮ. ਬੀ ਪਲਾਂਟਾਂ ਵਿਚ ਰਾਜ ਦਾ 4800 ਮੈਗਾਵਾਟ ਹਿੱਸਾ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਪਹਿਲਾਂ ਹੀ 3000 ਮੈਗਾਵਾਟ ਲਈ ਬੈਂਕਿੰਗ ਵਿਚ ਥੋੜ੍ਹੇ ਸਮੇਂ ਦੇ ਪ੍ਰਬੰਧ ਕੀਤੇ ਹਨ ਅਤੇ 9000 ਮੈਗਾਵਾਟ ਦੀ ਕੁੱਲ ਉਪਲਬਧ ਟ੍ਰਾਂਸਮਿਸ਼ਨ ਸਮਰੱਥਾ ਦੀ ਵਰਤੋਂ ਨਾਲ ਪੀ.ਐੱਸ.ਪੀ.ਸੀ.ਐੱਲ ਝੋਨੇ ਦੇ ਸੀਜ਼ਨ ਦੌਰਾਨ 15500 ਮੈਗਾਵਾਟ ਦੀ ਮੰਗ ਨੂੰ ਪੂਰਾ ਕਰਨ ਦੇ ਯੋਗ ਹੈ। ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਦੁਆਰਾ ਕੇਂਦਰੀ ਸੈਕਟਰ ਤੋਂ ਵਾਧੂ 1000 ਮੈਗਾਵਾਟ ਦੀ ਅਲਾਟਮੈਂਟ ਨਾ ਕੀਤੇ ਜਾਣ ਕਾਰਨ ਬਿਜਲੀ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਐਕਸਚੇਂਜ ਤੋਂ ਬਿਜਲੀ ਖਰੀਦੀ ਜਾ ਰਹੀ ਹੈ।
ਪਛਵਾੜਾ ਕੇਂਦਰੀ ਕੋਲਾ ਖਾਨ ਤੋਂ ਕੋਲਾ ਉਤਪਾਦਨ ਸਤੰਬਰ 2022 ਵਿਚ ਸ਼ੁਰੂ ਹੋਇਆ ਅਤੇ ਰੇਲ ਗੱਡੀਆਂ ਰਾਹੀਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਥਰਮਲ ਬਿਜਲੀ ਘਰਾਂ ਵਿਚ ਦਸੰਬਰ 2022 ਵਿਚ ਕੋਲਾ ਪਹੁੰਚਣਾ ਸ਼ੁਰੂ ਹੋਇਆ ਅਤੇ ਪਛਵਾੜਾ ਕੇਂਦਰੀ ਕੋਲਾ ਖਾਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਲਈ ਇਕ ਵਰਦਾਨ ਦੇ ਵਜੋਂ ਸਾਬਤ ਹੋਈ ਹੈ । ਹੁਣ ਤੱਕ ਪਛਵਾੜਾ ਕੋਲਾ ਖਾਨ ’ਤੇ ਲਗਭਗ 12.87 ਲੱਖ ਟਨ ਕੋਲਾ ਪੈਦਾ ਕੀਤਾ ਜਾ ਚੁੱਕਿਆ ਹੈ ਅਤੇ ਲਗਭਗ 11.55 ਲੱਖ ਟਨ ਕੋਲਾ ਯਾਨੀ 294 ਕੋਲੇ ਦੇ ਰੈਕ ਰੇਲ ਗੱਡੀਆਂ ਰਾਹੀਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਥਰਮਲ ਬਿਜਲੀ ਘਰਾਂ ਵਿਚ ਪਹੁੰਚ ਚੁੱਕੇ ਹਨ।
ਦੱਸਿਆ ਜਾਂਦਾ ਹੈ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਕੋਲਾ ਮੁਹੱਈਆ ਵਾਲੇ ਹੋਰ ਸਾਰੇ ਸਰੋਤਾਂ ਦੇ ਮੁਕਾਬਲੇ ਪਛਵਾੜਾ ਕੇਂਦਰੀ ਕੋਲਾ ਖਾਨ ਦੇ ਕੋਲੇ ਦੀ ਗੁਣਵੱਤਾ ਬਹੁਤ ਵਧੀਆ ਹੈ। ਇਸ ਤੋਂ ਇਲਾਵਾ ਇਸ ਖਾਨ ਤੋਂ ਯਕੀਨੀ ਕੋਲੇ ਦੀ ਸਪਲਾਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਪੰਜਾਬ ਵਿਚ ਚਲ ਰਹੇ ਗਰਮੀਆਂ ਅਤੇ ਝੋਨੇ ਦੇ ਮੌਸਮ ਦੌਰਾਨ ਪੰਜਾਬ ਦੇ ਬਿਜਲੀ ਤਾਪ ਘਰਾਂ ਦੀ ਵਧੀ ਹੋਈ ਕੋਲੇ ਦੀ ਲੋੜ ਨੂੰ ਪੂਰਾ ਕਰਨ ਵਿਚ ਮਦਦ ਮਿਲੀ ਹੈ ਅਤੇ ਇਸ ਦੇ ਉੱਚ ਗੁਣਵੱਤਾ ਵਾਲੇ ਕੋਲੇ ਨਾਲ ਪੀ.ਐੱਸ.ਪੀ.ਸੀ.ਐੱਲ ਨੂੰ ਕਰੋੜਾਂ ਰੁਪਏ ਦੀ ਬੱਚਤ ਹੋਵੇਗੀ ਤੇ ਇਸ ਖਾਨ ਦੇ ਚਾਲੂ ਹੋਣ ਕਾਰਨ ਪੀ. ਐੱਸ. ਪੀ. ਸੀ .ਐੱਲ ਨੂੰ ਝੋਨੇ ਅਤੇ ਗਰਮੀਆਂ ਦੇ ਮੌਸਮ ਵਿਚ ਕੋਲੇ ਦੀਆਂ ਵਧੀਆਂ ਲੋੜਾਂ ਨੂੰ ਪੂਰਾ ਕਰਨ ਲਈ ਮਹਿੰਗੇ ਵਿਦੇਸ਼ੀ ਕੋਲੇ ਦੀ ਖਰੀਦ ਨਹੀਂ ਕਰਨੀ ਪੈ ਰਹੀ। ਜਿਸ ਨਾਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਬਹੁਤ ਵਿੱਤੀ ਬੱਚਤ ਹੋਵੇਗੀ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਥਰਮਲ ਪਲਾਂਟਾਂ ਵਿਚ ਕੋਲੇ ਦੇ ਭੰਡਾਰ ਲਗਭਗ ਡੇਢ ਮਹੀਨੇ ਲਈ ਉਪਲਬਧ ਹਨ ਅਤੇ ਜਿਸ ਨਾਲ ਥਰਮਲ ਬਿਜਲੀ ਦੀ ਪੈਦਾਵਾਰ ਦੀ ਫੀਸਦੀ ਵਧੀ ਹੈ।
ਮਨਮੋਹਨ ਸਿੰਘ (ਉਪ ਸਕੱਤਰ ਲੋਕ ਸੰਪਰਕ ਵਿਭਾਗ, ਪੀ.ਐੱਸ.ਪੀ.ਸੀ.ਐੱਲ.)
ਬਾਹਰੀ ਪੁਲਾੜ ਗੱਠਜੋੜ ’ਤੇ ਭਾਰਤ-ਅਮਰੀਕਾ ਭਾਈਵਾਲੀ ਦੀ ਉੱਚੀ ਉਡਾਣ
NEXT STORY