ਦੇਸ਼ ’ਚ ਔਰਤਾਂ ਵਿਰੁੱਧ ਅਪਰਾਧਾਂ ਦੀ ਸੁਨਾਮੀ ਆਈ ਹੋਈ ਹੈ ਅਤੇ ਹੁਣ ਤਾਂ ਵੱਡਿਆਂ ਦੀ ਦੇਖਾ-ਦੇਖੀ ਨਾਬਾਲਗਾਂ ’ਚ ਵੀ ਬੱਚੀਆਂ ਨਾਲ ਜਬਰ-ਜ਼ਨਾਹ ਦਾ ਗਲਤ ਰੁਝਾਨ ਸ਼ੁਰੂ ਹੋ ਗਿਆ ਹੈ, ਜਿਸ ਦੀਆਂ ਸਾਲ 2024 ਦੀਆਂ ਚੰਦ ਉਦਾਹਰਣਾਂ ਹੇਠਾਂ ਦਰਜ ਹਨ :
* 18 ਮਾਰਚ ਨੂੰ ਰਾਏਪੁਰ (ਛੱਤੀਸਗੜ੍ਹ) ’ਚ ਇਕ ਤਿੰਨ ਸਾਲਾ ਮਾਸੂਮ ਨਾਲ ਜਬਰ-ਜ਼ਨਾਹ ਕਰ ਕੇ ਉਸ ਦੀ ਹੱਤਿਆ ਕਰ ਦੇਣ ਦੇ ਦੋਸ਼ ’ਚ ਇਕ 15 ਸਾਲਾ ਲੜਕੇ ਨੂੰ ਹਿਰਾਸਤ ’ਚ ਲੈ ਕੇ ਸੁਧਾਰ ਘਰ ਭੇਜਿਆ ਗਿਆ ਜਦਕਿ ਉਸ ਦਾ ਅਪਰਾਧ ਲੁਕੋਣ ਦੇ ਦੋਸ਼ ’ਚ ਉਸ ਦੇ ਚਾਚੇ ਨੂੰ ਗ੍ਰਿਫਤਾਰ ਕੀਤਾ ਗਿਆ।
* 21 ਅਪ੍ਰੈਲ ਨੂੰ ਮਸੂਰੀ (ਗਾਜ਼ੀਆਬਾਦ, ਯੂ.ਪੀ.) ’ਚ 7 ਸਾਲਾ ਚਚੇਰੀ ਭੈਣ ਨਾਲ ਜਬਰ-ਜ਼ਨਾਹ ਅਤੇ ਹੱਤਿਆ ਦੇ ਦੋਸ਼ ’ਚ 15 ਸਾਲਾ ਨਾਬਾਲਗ ਨੂੰ ਫੜਿਆ ਗਿਆ।
* 23 ਅਪ੍ਰੈਲ ਨੂੰ ‘ਨਾਮਪੱਲੀ’ (ਹੈਦਰਾਬਾਦ) ’ਚ ਇਕ 13 ਸਾਲਾ ਨਾਬਾਲਗਾ ਨਾਲ ਜਬਰ-ਜ਼ਨਾਹ ਕਰ ਕੇ ਉਸ ਨੂੰ ਗਰਭਵਤੀ ਕਰ ਦੇਣ ਦੇ ਦੋਸ਼ ’ਚ ‘ਨਾਮਪੱਲੀ’ ਦੇ ਐਡੀਸ਼ਨਲ ਮੈਟਰੋਪੋਲੀਟਨ ਸੈਸ਼ਨ ਜੱਜ ਨੇ ਇਕ ਨੌਜਵਾਨ ਨੂੰ ਉਮਰ ਕੈਦ ਅਤੇ 5 ਲੱਖ ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ। ਲੜਕੀ ਦੀ ਤਬੀਅਤ ਖਰਾਬ ਹੋਣ ’ਤੇ ਜਦ ਉਸ ਦੀ ਮਾਂ ਹਸਪਤਾਲ ’ਚ ਦਿਖਾਉਣ ਗਈ ਤਾਂ ਉਸ ਦੇ 6 ਮਹੀਨਿਆਂ ਦੀ ਗਰਭਵਤੀ ਹੋਣ ਦਾ ਪਤਾ ਲੱਗਾ।
* 24 ਅਪ੍ਰੈਲ ਨੂੰ ਰੀਵਾ (ਮੱਧ ਪ੍ਰਦੇਸ਼) ’ਚ ਇਕ 13 ਸਾਲਾ ਨਾਬਾਲਗ ਨੇ ਮੋਬਾਈਲ ’ਤੇ ਅਸ਼ਲੀਲ ਵੀਡੀਓ ਦੇਖਣ ਪਿੱਛੋਂ ਆਪਣੀ ਭੈਣ ਦਾ ਮੂੰਹ ਬੰਦ ਕਰ ਕੇ ਉਸ ਨਾਲ ਜਬਰ-ਜ਼ਨਾਹ ਕਰ ਦਿੱਤਾ। ਜਦ ਉਸ ਨੇ ਆਪਣੇ ਪਿਤਾ ਨੂੰ ਸਾਰੀ ਗੱਲ ਦੱਸਣ ਨੂੰ ਕਿਹਾ ਤਾਂ ਫੜੇ ਜਾਣ ਦੇ ਡਰ ਤੋਂ ਉਸ ਨੇ ਭੈਣ ਦਾ ਗਲਾ ਘੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ।
* 30 ਜੂਨ ਨੂੰ ਖੀਰੀ (ਉੱਤਰ ਪ੍ਰਦੇਸ਼) ’ਚ 5 ਸਾਲਾ ਇਕ ਬੱਚੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਇਕ 13 ਸਾਲਾ ਲੜਕੇ ਨੂੰ ਫੜ ਕੇ ਸੁਧਾਰ ਘਰ ਭੇਜਿਆ ਗਿਆ।
* 14 ਜੁਲਾਈ ਨੂੰ ਕਾਨਪੁਰ (ਉੱਤਰ ਪ੍ਰਦੇਸ਼) ਦੇ ‘ਨਾਰਵਾਲ’ ਵਿਚ 14 ਸਾਲਾ ਇਕ ਨਾਬਾਲਗ ਨੂੰ ਆਪਣੀ ਹਮਉਮਰ ਨਾਬਾਲਗਾ ਨੂੰ ਪੈਸਿਆਂ ਦਾ ਲਾਲਚ ਦੇ ਕੇ ਜਬਰ-ਜ਼ਨਾਹ ਕਰ ਕੇ ਗਰਭਵਤੀ ਕਰ ਦੇਣ ਦੇ ਦੋਸ਼ ’ਚ ਹਿਰਾਸਤ ’ਚ ਲਿਆ ਗਿਆ।
* 18 ਜੁਲਾਈ ਨੂੰ ਜਲਪਾਈਗੁੜੀ (ਪੱਛਮੀ ਬੰਗਾਲ) ਦੇ ਇਕ ਚਾਹ ਦੇ ਬਾਗ ’ਚ ਚਾਰ ਨਾਬਾਲਗਾਂ ਨੇ ਇਕ ਨਾਬਾਲਗ ਲੜਕੀ ਨਾਲ ਜਬਰ-ਜ਼ਨਾਹ ਕੀਤਾ ਅਤੇ ਅਪਰਾਧ ਦੀ ਵੀਡੀਓ ਬਣਾ ਕੇ ਉਸ ਨੂੰ ਸੋਸ਼ਲ ਮੀਡੀਆ ’ਤੇ ਪਾ ਦਿੱਤਾ।
* 15 ਅਗਸਤ ਨੂੰ ਮੁੰਬਈ ’ਚ ਇਕ 16 ਸਾਲਾ ਲੜਕੇ ਨੂੰ ਆਪਣੀ ਗੁਆਂਢਣ 3 ਸਾਲਾ ਬੱਚੀ ਦਾ ਜਿਣਸੀ ਸ਼ੋਸ਼ਣ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।
* 2 ਸਤੰਬਰ ਨੂੰ ਕਰੀਮਗੰਜ (ਆਸਾਮ) ਜ਼ਿਲੇ ’ਚ ਗੁਆਂਢ ’ਚ ਰਹਿਣ ਵਾਲੀ 3 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਦੇ ਦੋਸ਼ ’ਚ ਇਕ 15 ਸਾਲਾ ਅੱਲ੍ਹੜ ਨੂੰ ਫੜਿਆ ਗਿਆ।
* 25 ਸਤੰਬਰ ਨੂੰ ਲਖਨਊ (ਉੱਤਰ ਪ੍ਰਦੇਸ਼) ’ਚ 5ਵੀਂ ਜਮਾਤ ’ਚ ਪੜ੍ਹਨ ਵਾਲੀ 13 ਸਾਲਾ ਬੱਚੀ ਨਾਲ ਇਕ 16 ਸਾਲਾ ਲੜਕੇ ਨੇ ਆਪਣੇ ਸਾਥੀ ਨਾਲ ਮਿਲ ਕੇ ਜਬਰ-ਜ਼ਨਾਹ ਕਰ ਦਿੱਤਾ।
* 27 ਸਤੰਬਰ ਨੂੰ ਪੁਣੇ ( ਮਹਾਰਾਸ਼ਟਰ) ਪੁਲਸ ਨੇ 16 ਸਾਲਾ ਇਕ ਵਿਦਿਆਰਥਣ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ 2 ਨਾਬਾਲਗਾਂ ਨੂੰ ਹਿਰਾਸਤ ’ਚ ਲਿਆ।
* 29 ਸਤੰਬਰ ਨੂੰ ਰਤਲਾਮ (ਮੱਧ ਪ੍ਰਦੇਸ਼) ਦੇ ਇਕ ਸਕੂਲ ’ਚ ਯੂ. ਕੇ. ਜੀ. ’ਚ ਪੜ੍ਹਨ ਵਾਲੀ 5 ਸਾਲਾ ਬੱਚੀ ਦਾ ਉਸੇ ਸਕੂਲ ’ਚ ਪੜ੍ਹਨ ਵਾਲੇ 15 ਸਾਲਾ ਨਾਬਾਲਗ ਨੇ ਜਿਣਸੀ ਸ਼ੋਸ਼ਣ ਕੀਤਾ। ਲੜਕੀ ਨਾਲ ਗੰਦੀਆਂ ਹਰਕਤਾਂ ਕਰਦੇ ਦੇਖ ਕੇ ਪੀੜਤ ਬੱਚੀ ਦੇ ਮਾਤਾ-ਪਿਤਾ ਨੇ ਉਸ ਨੂੰ ਫੜ ਕੇ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ।
* 29 ਸਤੰਬਰ ਨੂੰ ਹੀ ਸਾਗਰ (ਮੱਧ ਪ੍ਰਦੇਸ਼) ਦੇ ‘ਖੁਰਈ’ ਦਿਹਾਤ ਥਾਣਾ ਇਲਾਕੇ ਦੇ ਇਕ ਪਿੰਡ ’ਚ 14 ਸਾਲਾ ਨਾਬਾਲਗਾ ਨਾਲ ਦੋ ਨਾਬਾਲਗਾਂ ਨੇ ਜਬਰ-ਜ਼ਨਾਹ ਕੀਤਾ।
ਇਹ ਕਹਾਵਤ ਸਾਰੇ ਜਾਣਦੇ ਹਨ ਕਿ ਵੱਡੇ ਜੋ ਕੁਝ ਕਰਦੇ ਹਨ ਬੱਚੇ ਉਸ ਨੂੰ ਅਪਣਾਉਂਦੇ ਹਨ। ਅੱਜ ਸੋਸ਼ਲ ਮੀਡੀਆ ਦੇ ਜ਼ਮਾਨੇ ’ਚ ਅਸ਼ਲੀਲ ਸਮੱਗਰੀ ਮੁਹੱਈਆ ਹੋਣ ਕਾਰਨ ਨਾਬਾਲਗਾਂ ’ਤੇ ਵੀ ਇਸ ਦਾ ਬੁਰਾ ਅਸਰ ਪੈ ਰਿਹਾ ਹੈ।
ਇਸ ਲਈ ਬੱਚਿਆਂ ਨੂੰ ਅਸ਼ਲੀਲ ਸਮੱਗਰੀ ਮਿਲਣ ’ਤੇ ਰੋਕ ਲਾਉਣ ਅਤੇ ਉਨ੍ਹਾਂ ’ਚ ਚੰਗੇ ਸੰਸਕਾਰ ਭਰਨ ਦੀ ਬੇਹੱਦ ਲੋੜ ਹੈ। ਜੇ ਵੱਡਿਆਂ ਤੋਂ ਬੱਚਿਆਂ ’ਚ ਆ ਰਹੀ ਇਸ ਬੁਰਾਈ ਨੂੰ ਨਾ ਰੋਕਿਆ ਗਿਆ ਤਾਂ ਫਿਰ ਇਸ ਦੇਸ਼ ਦੇ ਭਗਵਾਨ ਹੀ ਰਾਖੇ ਹਨ।
–ਵਿਜੇ ਕੁਮਾਰ
ਹਾਲ ਹੀ ਦੇ ਕੁਝ ਅਦਾਲਤੀ ਫੈਸਲਿਆਂ ਤੋਂ ਪੈਦਾ ਹੋਇਆ ਨਵਾਂ ਉਤਸ਼ਾਹ
NEXT STORY