ਭਾਰਤ ’ਚ ਤਿਉਹਾਰਾਂ ਦੇ ਮੌਸਮ ’ਚ ਕੁਝ ਬੇਹੱਦ ਖਾਸ ਹੁੰਦਾ ਹੈ। ਉਤਸ਼ਾਹ ਉਤਸਵ ਸ਼ੁਰੂ ਹੋਣ ਤੋਂ ਕਾਫ਼ੀ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਹੈ। ਘਰਾਂ ਦੀ ਸਾਫ਼-ਸਫ਼ਾਈ ਅਤੇ ਸਜਾਵਟ ਕੀਤੀ ਜਾਂਦੀ ਹੈ, ਬਾਜ਼ਾਰ ਜੀਵੰਤ ਹੋ ਉੱਠਦੇ ਹਨ, ਨਵੇਂ ਕੱਪੜੇ ਖਰੀਦੇ ਜਾਂਦੇ ਹਨ, ਮਠਿਆਈਆਂ ਬਣਾਈਆਂ ਅਤੇ ਵੰਡੀਆਂ ਜਾਂਦੀਆਂ ਹਨ ਅਤੇ ਪਰਿਵਾਰ ਮਿਲਣ-ਜੁਲਣ ਦੀਆਂ ਯੋਜਨਾਵਾਂ ਬਣਾਉਣ ਲੱਗਦੇ ਹਨ। ਦੋਸਤ ਇਕੱਠੇ ਹੁੰਦੇ ਹਨ, ਰਿਸ਼ਤੇਦਾਰ ਆਉਂਦੇ ਹਨ, ਬੱਚੇ ਉਤਸਵ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ ਅਤੇ ਰੋਜ਼ਾਨਾ ਦੀ ਰੁਟੀਨ ਇਕੱਠੇ ਹੋਣ ਦੀ ਖੁਸ਼ੀ ’ਚ ਬਦਲ ਜਾਂਦੀ ਹੈ। ਆਪਣੇ ਰਵਾਇਤੀ ਭਾਰਤੀ ਕੱਪੜੇ ਪਹਿਨਣਾ, ਪਹਿਲਾ ਦੀਵਾ ਜਗਾਉਣਾ, ਮਠਿਆਈ ਵੰਡਣਾ ਅਤੇ ਪਰਿਵਾਰ ਨਾਲ ਪੂਜਾ ਲਈ ਬੈਠਣਾ ਅਜਿਹੇ ਤਜਰਬੇ ਹਨ ਜੋ ਸਾਲ ਦੇ ਇਸ ਸਮੇਂ ਨੂੰ ਇੰਨਾ ਸਾਰਥਕ ਬਣਾਉਂਦੇ ਹਨ। ਦੁਸਹਿਰਾ, ਕਰਵਾਚੌਥ, ਦੀਵਾਲੀ ਅਤੇ ਹੋਲੀ ਕੈਲੰਡਰ ਦੀਆਂ ਤਰੀਕਾਂ ਤੋਂ ਕਿਤੇ ਵੱਧ ਕੇ ਹਨ। ਉਹ ਸਾਡੀ ਸੱਭਿਆਚਾਰਕ ਪਛਾਣ ਦਾ ਹਿੱਸਾ ਹਨ, ਜੋ ਸਾਨੂੰ ਸਾਡੇ ਤੋਂ ਪਹਿਲਾਂ ਦੀਆਂ ਪੀੜ੍ਹੀਆਂ ਨਾਲ ਜੋੜਦੇ ਹਨ। ਹਰੇਕ ਤਿਉਹਾਰ ਦੀ ਆਪਣੀ ਕਹਾਣੀ ਅਤੇ ਮਹੱਤਤਾ ਹੈ। ਦੁਸਹਿਰਾ ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਜਸ਼ਨ ਮਨਾਉਂਦਾ ਹੈ, ਦੀਵਾਲੀ ਹਨੇਰੇ ’ਤੇ ਪ੍ਰਕਾਸ਼ ਦੀ ਜਿੱਤ ਦਾ ਪ੍ਰਤੀਕ ਹੈ, ਹੋਲੀ ਰੰਗਾਂ ਅਤੇ ਖੁਸ਼ੀਆਂ ਜ਼ਰੀਏ ਲੋਕਾਂ ਨੂੰ ਇਕੱਠਾ ਕਰਦੀ ਹੈ, ਜਦੋਂ ਕਿ ਕਰਵਾਚੌਥ ਪ੍ਰਾਰਥਨਾ, ਆਸਥਾ ਅਤੇ ਭਗਤੀ ਦੀਆਂ ਪ੍ਰੰਪਰਾਵਾਂ ਨੂੰ ਸੰਜੋਈ ਰੱਖਦਾ ਹੈ।
ਇਹ ਉਤਸਵ ਸਿਰਫ਼ ਆਨੰਦ ਦੇ ਮੌਕੇ ਨਹੀਂ ਹਨ, ਉਹ ਉਨ੍ਹਾਂ ਵਿਸ਼ਵਾਸਾਂ ਅਤੇ ਕਦਰਾਂ-ਕੀਮਤਾਂ ਨੂੰ ਦਰਸਾਉਂਦੇ ਹਨ ਜਿਨ੍ਹਾਂ ਨੇ ਸਦੀਆਂ ਤੋਂ ਭਾਰਤੀ ਸਮਾਜ ਨੂੰ ਘੜਿਆ ਹੈ। ਇਸ ਵਿਰਸੇ ਦਾ ਇਕ ਮਹੱਤਵਪੂਰਨ ਹਿੱਸਾ ਸਾਡੀ ਪੂਜਾ, ਪ੍ਰਾਰਥਨਾ ਅਤੇ ਰੀਤੀ-ਰਿਵਾਜਾਂ ’ਚ ਸਮਾਇਆ ਹੈ। ਦੀਵਾ ਜਗਾਉਣਾ, ਮੰਦਰ ਦੀਆਂ ਘੰਟੀਆਂ ਦੀ ਗੂੰਜ, ਅਗਰਬੱਤੀ ਦੀ ਖੁਸ਼ਬੂ, ਫੁੱਲਾਂ ਦਾ ਅਰਪਣ ਅਤੇ ਜਾਣੇ-ਪਛਾਣੇ ਮੰਤਰਾਂ ਦੀ ਧੁਨੀ ਇਕ ਅਜਿਹਾ ਮਾਹੌਲ ਬਣਾਉਂਦੀ ਹੈ, ਜੋ ਸਾਡੇ ਘਰਾਂ ਅਤੇ ਸਾਡੇ ਪਾਲਣ-ਪੋਸ਼ਣ ਨਾਲ ਡੂੰਘਾਈ ਨਾਲ ਜੁੜਿਆ ਹੁੰਦਾ ਹੈ। ਸਾਡੇ ’ਚੋਂ ਕਈਆਂ ਲਈ, ਇਹ ਬਚਪਨ ਦੀਆਂ ਅਨਮੋਲ ਯਾਦਾਂ ਹਨ-ਆਪਣੇ ਮਾਪਿਆਂ ਅਤੇ ਦਾਦਾ-ਦਾਦੀ ਨੂੰ ਪੂਜਾ ਕਰਦੇ ਦੇਖਣਾ, ਹੱਥ ਜੋੜਨਾ ਸਿੱਖਣਾ, ਪ੍ਰਾਰਥਨਾਵਾਂ ਸੁਣਨਾ ਅਤੇ ਪ੍ਰਸ਼ਾਦ ਦਾ ਇੰਤਜ਼ਾਰ ਕਰਨਾ। ਉਹ ਤਜਰਬੇ ਹੌਲੀ-ਹੌਲੀ ਸਾਡੀ ਸ਼ਖ਼ਸੀਅਤ ਦਾ ਹਿੱਸਾ ਬਣ ਗਏ। ਇਸੇ ਕਰਕੇ ਸਾਨੂੰ ਆਪਣੇ ਬੱਚਿਆਂ ਨੂੰ ਇਨ੍ਹਾਂ ਪ੍ਰੰਪਰਾਵਾਂ ’ਚ ਸ਼ਾਮਲ ਕਰਨ ਦਾ ਸੁਚੇਤ ਯਤਨ ਕਰਨਾ ਚਾਹੀਦਾ ਹੈ। ਉਨ੍ਹਾਂ ਲਈ ਸਿਰਫ਼ ਛੁੱਟੀਆਂ, ਖਰੀਦਦਾਰੀ ਅਤੇ ਉਤਸਵਾਂ ਦਾ ਆਨੰਦ ਲੈਣਾ ਹੀ ਕਾਫ਼ੀ ਨਹੀਂ ਹੈ। ਉਨ੍ਹਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਅਸੀਂ ਦੀਵਾ ਕਿਉਂ ਜਗਾਉਂਦੇ ਹਾਂ, ਅਸੀਂ ਪ੍ਰਾਰਥਨਾ ਕਿਉਂ ਕਰਦੇ ਹਾਂ, ਸਾਡੇ ਤਿਉਹਾਰ ਕਿਸ ਗੱਲ ਦੇ ਪ੍ਰਤੀਕ ਹਨ ਅਤੇ ਸਾਡੇ ਪਰਿਵਾਰਾਂ ’ਚ ਪੀੜ੍ਹੀਆਂ ਤੋਂ ਕੁਝ ਖਾਸ ਰੀਤੀ-ਰਿਵਾਜਾਂ ਦੀ ਪਾਲਣਾ ਕਿਉਂ ਕੀਤੀ ਜਾਂਦੀ ਰਹੀ ਹੈ। ਪ੍ਰੰਪਰਾਵਾਂ ਨੂੰ ਜ਼ਿੰਮੇਵਾਰੀ ਜਾਂ ਬੋਝ ਵਜੋਂ ਨਹੀਂ ਥੋਪਿਆ ਜਾਣਾ ਚਾਹੀਦਾ, ਉਨ੍ਹਾਂ ਨੂੰ ਇਸ ਤਰ੍ਹਾਂ ਸਮਝਾਇਆ ਅਤੇ ਅਨੁਭਵ ਕਰਵਾਇਆ ਜਾਣਾ ਚਾਹੀਦਾ ਹੈ ਕਿ ਬੱਚੇ ਉਨ੍ਹਾਂ ਨਾਲ ਆਪਣਾ ਸੁਭਾਵਿਕ ਲਗਾਅ ਵਿਕਸਿਤ ਕਰ ਸਕਣ। ਭਾਰਤ ਦੀ ਸਭ ਤੋਂ ਵੱਡੀ ਸੱਭਿਆਚਾਰਕ ਤਾਕਤ ਇਸ ਦੀ ਭਿੰਨਤਾ ਹੈ। ਅਸੀਂ ਕਈ ਭਾਸ਼ਾਵਾਂ, ਆਸਥਾਵਾਂ, ਰੀਤੀ-ਰਿਵਾਜਾਂ, ਖਾਣ-ਪਾਣ ਅਤੇ ਉਤਸਵ ਮਨਾਉਣ ਦੇ ਤਰੀਕਿਆਂ ਵਾਲਾ ਦੇਸ਼ ਹਾਂ। ਬੰਗਾਲ ਦੀ ਦੁਰਗਾ ਪੂਜਾ, ਮਹਾਰਾਸ਼ਟਰ ਦੀ ਗਣੇਸ਼ ਚਤੁਰਥੀ, ਕੇਰਲ ਦਾ ਓਣਮ, ਪੰਜਾਬ ਦੀ ਵਿਸਾਖੀ, ਅਾਸਾਮ ਦਾ ਬਿਹੂ ਅਤੇ ਤਾਮਿਲਨਾਡੂ ਦਾ ਪੋਂਗਲ, ਹਰੇਕ ਦਾ ਆਪਣਾ ਅਨੋਖਾ ਸਰੂਪ ਹੈ। ਇਹ ਖੇਤਰੀ ਉਤਸਵ ਸਥਾਨਕ ਇਤਿਹਾਸ ਅਤੇ ਪਛਾਣ ਦਾ ਪ੍ਰਗਟਾਵਾ ਹਨ, ਫਿਰ ਵੀ ਇਕੱਠੇ ਮਿਲ ਕੇ ਉਹ ਇਕ ਰਾਸ਼ਟਰ ਦੇ ਅਮੀਰ ਸੱਭਿਆਚਾਰਕ ਤਾਣੇ-ਬਾਣੇ ਦਾ ਨਿਰਮਾਣ ਕਰਦੇ ਹਨ। ਇਹ ਮੌਕੇ ਸਥਾਨਕ ਸੰਗੀਤ, ਪੁਸ਼ਾਕ, ਰੀਤੀ-ਰਿਵਾਜਾਂ ਅਤੇ ਪ੍ਰੰਪਰਾਵਾਂ ਨੂੰ ਜਨਤਾ ਦੇ ਸਾਹਮਣੇ ਲਿਆਉਂਦੇ ਹਨ। ਨੌਜਵਾਨ ਪੀੜ੍ਹੀ ਲਈ, ਇਹ ਦ੍ਰਿਸ਼ਟੀਗਤ ਮੌਕਾ ਉਨ੍ਹਾਂ ਦੀਆਂ ਜੜ੍ਹਾਂ ਪ੍ਰਤੀ ਮਾਣ ਦੀ ਇਕ ਨਵੀਂ ਭਾਵਨਾ ਪੈਦਾ ਕਰ ਸਕਦਾ ਹੈ। ਇਹ ਉਨ੍ਹਾਂ ਨੂੰ ਦਿਖਾਉਂਦਾ ਹੈ ਕਿ ਆਪਣੇ ਰਾਜ ਅਤੇ ਇਸ ਦੀ ਵਿਰਾਸਤ ਦਾ ਜਸ਼ਨ ਮਨਾਉਣਾ ਮਾਣ ਨਾਲ ਭਾਰਤੀ ਹੋਣ ਤੋਂ ਵੱਖਰਾ ਨਹੀਂ ਹੈ। ਸਾਡੀ ਭਿੰਨਤਾ ਕੋਈ ਕਮਜ਼ੋਰੀ ਨਹੀਂ, ਇਹ ਉਨ੍ਹਾਂ ਚੀਜ਼ਾਂ ’ਚੋਂ ਇਕ ਹੈ, ਜੋ ਸਾਨੂੰ ਇਕੱਠੇ ਬੰਨ੍ਹ ਕੇ ਰੱਖਦੀ ਹੈ।
ਇਹ ਏਕਤਾ ਉਸ ਤਰੀਕੇ ’ਚ ਵੀ ਦਿਖਾਈ ਦਿੰਦੀ ਹੈ ਜਿਸ ਤਰ੍ਹਾਂ ਨਾਲ ਭਾਰਤੀ ਤਿਉਹਾਰਾਂ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਅਪਣਾਇਆ ਜਾ ਰਿਹਾ ਹੈ। ਰੰਗਾਂ ਦਾ ਤਿਉਹਾਰ ਹੋਲੀ ਅਤੇ ਰੌਸ਼ਨੀ ਦਾ ਤਿਉਹਾਰ ਦੀਵਾਲੀ ਹੁਣ ਦੁਨੀਆ ਦੇ ਕਈ ਸ਼ਹਿਰਾਂ ’ਚ ਮਨਾਏ ਜਾਂਦੇ ਹਨ। ਵੱਖ-ਵੱਖ ਰਾਸ਼ਟਰੀਅਤਾਵਾਂ ਅਤੇ ਪਿਛੋਕੜਾਂ ਦੇ ਲੋਕ ਇਨ੍ਹਾਂ ਆਯੋਜਨਾਂ ’ਚ ਹਿੱਸਾ ਲੈਂਦੇ ਹਨ ਅਤੇ ਇਨ੍ਹਾਂ ਦੇ ਪਿੱਛੇ ਦੇ ਆਨੰਦ, ਪ੍ਰਤੀਕਵਾਦ ਅਤੇ ਸਮਾਜਕ ਭਾਵਨਾ ਦੀ ਪ੍ਰਸ਼ੰਸਾ ਕਰਦੇ ਹਨ। ਇਹ ਦਿਲ ਨੂੰ ਛੂਹ ਲੈਣ ਵਾਲੀ ਗੱਲ ਹੈ ਿਕ ਜੋ ਪ੍ਰੰਪਰਾਵਾਂ ਭਾਰਤ ’ਚ ਸ਼ੁਰੂ ਹੋਈਆਂ, ਉਹ ਸਾਡੀਆਂ ਸ਼ਰਧਾ ਤੋਂ ਬਹੁਤ ਦੂਰ ਤੱਕ ਦੇ ਤਿਉਹਾਰਾਂ ਦੇ ਹਿੱਸਾ ਬਣ ਗਈਆਂ ਹਨ।
ਵਿਦੇਸ਼ਾਂ ’ਚ ਰਹਿਣ ਵਾਲੇ ਭਾਰਤੀਆਂ ਲਈ, ਤਿਉਹਾਰ ਘਰ ਨਾਲ ਜੁੜਾਅ ਦਾ ਇਕ ਖਾਸ ਤੌਰ ’ਤੇ ਮਹੱਤਵਪੂਰਨ ਜ਼ਰੀਆ ਹਨ। ਵਿਦੇਸ਼ਾਂ ’ਚ ਪਲ਼ਣ-ਵਧਣ ਵਾਲੇ ਬੱਚੇ ਭਾਵੇਂ ਵੱਖਰੀ ਜੀਵਨਸ਼ੈਲੀ ਅਪਣਾਉਣ ਅਤੇ ਦੂਜੀਆਂ ਭਾਸ਼ਾਵਾਂ ਬੋਲਣ, ਫਿਰ ਵੀ ਉਨ੍ਹਾਂ ਨੂੰ ਆਪਣੇ ਪਰਿਵਾਰਕ ਰੀਤੀ-ਰਿਵਾਜਾਂ ਨੂੰ ਜਾਣਨਾ ਚਾਹੀਦਾ ਹੈ ਅਤੇ ਉਸ ਸੱਭਿਆਚਾਰ ਨੂੰ ਸਮਝਣਾ ਚਾਹੀਦਾ ਹੈ ਜਿਸ ਤੋਂ ਉਹ ਆਉਂਦੇ ਹਨ। ਸਾਡਾ ਵਿਰਸਾ ਸਾਡੇ ਨਾਲ ਚੱਲਣਾ ਚਾਹੀਦਾ ਹੈ, ਜ਼ਿੰਦਗੀ ਸਾਨੂੰ ਭਾਵੇਂ ਕਿੱਥੇ ਵੀ ਲੈ ਜਾਵੇ।
ਸਾਨੂੰ ਇਹ ਪਛਾਣਨਾ ਹੋਵੇਗਾ ਕਿ ਪ੍ਰੰਪਰਾਵਾਂ ਆਪਣੇ-ਆਪ ਜੀਵੰਤ ਨਹੀਂ ਰਹਿੰਦੀਆਂ। ਉਹ ਇਸ ਲਈ ਜਾਰੀ ਰਹਿੰਦੀਆਂ ਹਨ ਕਿਉਂਕਿ ਹਰੇਕ ਪੀੜ੍ਹੀ ਉਨ੍ਹਾਂ ਨੂੰ ਅੱਗੇ ਵਧਾਉਣ ਦਾ ਸੁਚੇਤ ਯਤਨ ਕਰਦੀ ਹੈ। ਸਾਡੇ ਮਾਪਿਆਂ ਅਤੇ ਦਾਦਾ-ਦਾਦੀ ਨੇ ਸਾਡੇ ਲਈ ਅਜਿਹਾ ਕੀਤਾ, ਅਕਸਰ ਇਹ ਜਾਣੇ ਬਿਨਾਂ ਕਿ ਉਨ੍ਹਾਂ ਦੇ ਕੰਮ ਸਾਡੇ ਜੀਵਨ ਨੂੰ ਕਿੰਨੀ ਡੂੰਘਾਈ ਨਾਲ ਪ੍ਰਭਾਵਿਤ ਕਰਨਗੇ। ਹੁਣ ਇਹ ਸਾਡੀ ਜ਼ਿੰਮੇਵਾਰੀ ਹੈ। ਜੇਕਰ ਅਸੀਂ ਆਪਣੀਆਂ ਪ੍ਰਾਰਥਨਾਵਾਂ, ਵਿਸ਼ਵਾਸ, ਕਹਾਣੀਆਂ ਅਤੇ ਰੀਤੀ-ਰਿਵਾਜ ਆਪਣੇ ਬੱਚਿਆਂ ਨਾਲ ਸਾਂਝੇ ਨਹੀਂ ਕਰਾਂਗੇ, ਤਾਂ ਅਸੀਂ ਉਨ੍ਹਾਂ ਤੋਂ ਇਹ ਉਮੀਦ ਨਹੀਂ ਕਰ ਸਕਦੇ ਕਿ ਉਹ ਇਨ੍ਹਾਂ ਨੂੰ ਆਪਣੇ ਦਮ ’ਤੇ ਖੋਜਣਗੇ ਅਤੇ ਸੁਰੱਖਿਅਤ ਰੱਖਣਗੇ। ਜੇਕਰ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਅਮੀਰ ਇਤਿਹਾਸ ਅਤੇ ਦ੍ਰਿੜ੍ਹ ਵਿਸ਼ਵਾਸਾਂ ਤੋਂ ਜਾਣੂ ਕਰਵਾਵਾਂਗੇ, ਤਾਂ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਉਨ੍ਹਾਂ ਦੀ ਸ਼ਖ਼ਸੀਅਤ ਨਿਸ਼ਚਿਤ ਤੌਰ ’ਤੇ ਮਜ਼ਬੂਤ ਬਣੇਗੀ। ਆਧੁਨਿਕ ਹੋਣ ਅਤੇ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਦੇ ਵਿਚਾਲੇ ਨਿਸ਼ਚਿਤ ਤੌਰ ’ਤੇ ਕੋਈ ਅੰਤਰ-ਵਿਰੋਧ ਨਹੀਂ ਹੈ। ਸਾਡੇ ਬੱਚਿਆਂ ਨੂੰ ਪੜ੍ਹੇ-ਲਿਖੇ, ਆਜ਼ਾਦ, ਖਾਹਿਸ਼ੀ ਅਤੇ ਇਕ ਅੰਤਰਰਾਸ਼ਟਰੀ ਮੰਚ ’ਤੇ ਮੁਕਾਬਲਾ ਕਰਨ ਲਈ ਕਾਫ਼ੀ ਹੱਦ ਤੱਕ ਆਸਵੰਦ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਨਵੇਂ ਵਿਚਾਰਾਂ ਅਤੇ ਮੌਕਿਆਂ ਦਾ ਸਵਾਗਤ ਕਰਨਾ ਚਾਹੀਦਾ ਹੈ ਪਰ ਤਰੱਕੀ ਦੀ ਕੀਮਤ ’ਤੇ ਕਦੇ ਵੀ ਆਪਣੀ ਪਛਾਣ ਭੁੱਲਣੀ ਨਹੀਂ ਚਾਹੀਦੀ। ਅਸੀਂ ਦੁਨੀਆ ਨੂੰ ਅਪਣਾ ਸਕਦੇ ਹਾਂ ਅਤੇ ਨਾਲ ਹੀ ਉਸ ਸੱਭਿਆਚਾਰ, ਕਦਰਾਂ-ਕੀਮਤਾਂ ਅਤੇ ਪ੍ਰੰਪਰਾਵਾਂ ’ਤੇ ਮਾਣ ਵੀ ਕਰ ਸਕਦੇ ਹਾਂ ਜਿਨ੍ਹਾਂ ਨੇ ਸਾਨੂੰ ਘੜਿਆ ਹੈ।
ਅੰਤ ’ਚ, ਤਿਉਹਾਰ ਸਜਾਵਟ, ਕੱਪੜੇ, ਭੋਜਨ ਅਤੇ ਉਤਸਵ ਤੋਂ ਕਿਤੇ ਵੱਧ ਕੇ ਹਨ। ਉਹ ਆਪਣੇਪਣ, ਪਰਿਵਾਰ, ਆਸਥਾ, ਸਾਂਝੀਆਂ ਯਾਦਾਂ ਅਤੇ ਸਾਡੇ ਵਿਰਸੇ ਦੀ ਨਿਰੰਤਰਤਾ ਬਾਰੇ ਹਨ। ਦੀਵਾਲੀ ਦੇ ਦੀਵੇ, ਹੋਲੀ ਦੇ ਰੰਗ, ਦੁਸਹਿਰੇ ਦਾ ਸੰਦੇਸ਼ ਅਤੇ ਸਾਡੇ ਘਰਾਂ ’ਚ ਹੋਣ ਵਾਲੀਆਂ ਪ੍ਰਾਰਥਨਾਵਾਂ ਉਹ ਧਾਗੇ ਹਨ, ਜੋ ਇਕ ਪੀੜ੍ਹੀ ਨੂੰ ਦੂਜੀ ਪੀੜ੍ਹੀ ਨਾਲ ਜੋੜਦੇ ਹਨ। ਤੋਹਫ਼ੇ, ਤਿੰਨ ਪੱਤੀ ਖੇਡਣਾ, ਆਪਣਾ ਰਵਾਇਤੀ ਭੋਜਨ ਖਾਣਾ, ਹੱਸਣਾ, ਗਾਣਾ, ਚੁਟਕਲੇ ਸੁਣਾਉਣਾ, ਹਵਾ ’ਚ ਹਾਸੇ ਅਤੇ ਖੁਸ਼ੀ ਦਾ ਮਾਹੌਲ ਰਹਿੰਦਾ ਹੈ। ਸਾਨੂੰ ਇਹ ਵਿਰਸਾ ਆਪਣੇ ਪੁਰਖਿਆਂ ਤੋਂ ਮਿਲਿਆ ਹੈ। ਹੁਣ ਇਸ ਨੂੰ ਸੰਜੋਣਾ, ਮਨਾਉਣਾ ਅਤੇ ਅੱਗੇ ਸੌਂਪਣਾ ਸਾਡੀ ਵਾਰੀ ਹੈ। ਕਿਉਂਕਿ ਜਦੋਂ ਸਾਡੇ ਬੱਚੇ ਇਨ੍ਹਾਂ ਪ੍ਰੰਪਰਾਵਾਂ ਨੂੰ ਸਮਝਦੇ ਹਨ ਅਤੇ ਅੱਗੇ ਵਧਾਉਂਦੇ ਹਨ, ਤਾਂ ਉਹ ਸਿਰਫ ਇਕ ਤਿਉਹਾਰ ਨੂੰ ਹੀ ਜੀਵੰਤ ਨਹੀਂ ਰੱਖਦੇ ਉਹ ਭਾਰਤ ਦੇ ਇਤਿਹਾਸ, ਇਸਦੀ ਪਛਾਣ ਅਤੇ ਇਸਦੀ ਆਤਮਾ ਦੇ ਇਕ ਹਿੱਸੇ ਨੂੰ ਜੀਵੰਤ ਰੱਖਦੇ ਹਨ ਅਤੇ ਸ਼ਾਇਦ ਇਹੀ ਸਭ ਤੋਂ ਵੱਡਾ ਉਤਸਵ ਹੈ। ਇਸ ਸਭ ਦੀ ਸਭ ਤੋਂ ਚੰਗੀ ਗੱਲ ਉਹ ਵਿਸ਼ਵਾਸ ਹੈ, ਜੋ ਅਸੀਂ ਰੱਖਦੇ ਹਾਂ ਕਿ ਸਾਡੇ ਅਤੇ ਸਾਡੇ ਦੇਸ਼ ਦੇ ਲਈ ਚੰਗੇ ਅਤੇ ਸੁਖਦਾਈ ਦਿਨ ਆਉਣ ਵਾਲੇ ਹਨ।
—ਦੇਵੀ ਐੱਮ. ਚੇਰੀਅਨ
ਪੰਚਕੂਲਾ ਦੇ ਸਕੂਲ ਦੀ ਭਿਆਨਕ ਘਟਨਾ ; ਪ੍ਰਬੰਧਨ ਸੁਧਾਰਨ ਦੀ ਲੋੜ
NEXT STORY