ਆਰਥਿਕ ਬਦਹਾਲੀ ਅਤੇ ਕੌਮਾਂਤਰੀ ਪੱਧਰ ’ਤੇ ਕਿਰਕਿਰੀ ਝੱਲ ਰਿਹਾ ਪਾਕਿਸਤਾਨ ਅਜੇ ਵੀ ਸੁਧਰਨ ਦਾ ਨਾਂ ਨਹੀਂ ਲੈ ਰਿਹਾ। ਇਸ ਦੇ ਹਾਕਮਾਂ ਦੇ ਭਾਰਤ ਵਿਰੋਧੀ ਇਰਾਦਿਆਂ ਦਾ ਅੰਦਾਜ਼ਾ ਇਸੇ ਤੋਂ ਲਾਇਆ ਜਾ ਸਕਦਾ ਹੈ ਕਿ ਖੁਦ ਅਸਥਿਰ ਹੋਣ ਦੇ ਬਾਵਜੂਦ ਇਸ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਅਤੇ ਫੌਜ ਭਾਰਤ ’ਚ ਅੱਤਵਾਦ ਭੜਕਾਉਣ ਤੋਂ ਬਾਜ਼ ਨਹੀਂ ਆ ਰਹੀਆਂ।
ਇਹ ਇਸੇ ਤੋਂ ਸਪੱਸ਼ਟ ਹੈ ਕਿ ਪਾਕਿਸਤਾਨ ਦੇ ਪਾਲੇ ਹੋਏ ਅੱਤਵਾਦੀ ਕਸ਼ਮੀਰ ਦੇ ਬਾਅਦ ਹੁਣ ਜੰਮੂ ਡਵੀਜ਼ਨ ’ਚ ਵੀ ਇਕ ਮਹੀਨੇ ਦੇ ਅਰਸੇ ’ਚ ਹੀ ਘੱਟੋ-ਘੱਟ 6 ਹਮਲੇ ਕਰ ਚੁੱਕੇ ਹਨ, ਜਿਨ੍ਹਾਂ ’ਚ ਸਾਡੇ ਸੁਰੱਖਿਆ ਬਲਾਂ ਦੇ ਮੈਂਬਰਾਂ ਅਤੇ ਆਮ ਨਾਗਰਿਕਾਂ ਸਮੇਤ ਡੇਢ ਦਰਜਨ ਦੇ ਲਗਭਗ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ।
ਜੰਮੂ-ਕਸ਼ਮੀਰ ਪੁਲਸ ਦੇ ਮੁਖੀ ਆਰ.ਆਰ. ਸਵੈਨ ਦੇ ਅਨੁਸਾਰ ਸੂਬੇ ਦੇ ਲੋਕਾਂ ’ਚ ਡਰ ਪੈਦਾ ਕਰਨ ਲਈ ਸਰਹੱਦ ਪਾਰ ਸਥਿਤ ਭਾਰਤ ਦੇ ਦੁਸ਼ਮਣ ਭਾੜੇ ਦੇ ਵਿਦੇਸ਼ੀ ਹੱਤਿਆਰਿਆਂ ਦੀ ਵਰਤੋਂ ਕਰ ਰਹੇ ਹਨ। ਇਹ ਹੱਤਿਆਰੇ ਨਾ ਸਿਰਫ ਹੱਤਿਆਵਾਂ ’ਚ ਸ਼ਾਮਲ ਹਨ ਸਗੋਂ ਲੋਕਾਂ ਦੇ ਪਸ਼ੂਆਂ ਤੱਕ ਚੋਰੀ ਕਰ ਕੇ ਲੈ ਜਾਂਦੇ ਹਨ।
ਭਾੜੇ ਦੇ ਇਹ ਹੱਤਿਆਰੇ ਪਾਕਿਸਤਾਨ ਹੋ ਕੇ ਆਏ ਸਥਾਨਕ ਅੱਤਵਾਦੀਆਂ ਦੀ ਸਹਾਇਤਾ ਨਾਲ ਹਮਲੇ ਕਰ ਰਹੇ ਹਨ। ਇਨ੍ਹਾਂ ਅੱਤਵਾਦੀਆਂ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਇਲਾਕੇ ਦੇ ਜੰਗਲਾਂ ’ਚ ਕਿੱਥੇ-ਕਿੱਥੇ ਫੌਜ ਦੀ ਮੌਜੂਦਗੀ ਨਹੀਂ ਹੈ।
ਇਨ੍ਹਾਂ ਅੱਤਵਾਦੀਆਂ ਨੇ ਆਪਣੇ ਨਾਲ ਅਜਿਹੇ ‘ਸੂਹੀਏ’ ਰਲਾ ਰੱਖੇ ਹਨ ਜੋ ਦਿਨ ਦੇ ਸਮੇਂ ਰੇਕੀ ਕਰ ਕੇ ਸਾਡੇ ਫੌਜੀ ਵਾਹਨਾਂ, ਸੈਲਾਨੀਆਂ ਅਤੇ ਧਾਰਮਿਕ ਅਸਥਾਨਾਂ ’ਤੇ ਆਉਣ-ਜਾਣ ਵਾਲੇ ਵਾਹਨਾਂ ਦੀਆਂ ਸਰਗਰਮੀਆਂ ਦੀ ਜਾਣਕਾਰੀ ਹਾਸਲ ਕਰ ਕੇ ਉਨ੍ਹਾਂ ਨੂੰ ਦਿੰਦੇ ਹਨ ਅਤੇ ਉਹ ਉਸੇ ਦੇ ਆਧਾਰ ’ਤੇ ਕਾਰਵਾਈ ਕਰਦੇ ਹਨ।
ਜਿੱਥੇ ਪਾਕਿਸਤਾਨ ਨੇ ਭਾਰਤ ਦੇ ਜੰਮੂ-ਕਸ਼ਮੀਰ ’ਚ ਅਸ਼ਾਂਤੀ ਫੈਲਾਉਣ ਲਈ ਆਪਣੇ ਪਾਲੇ ਹੋਏ ਅੱਤਵਾਦੀਆਂ ਵੱਲੋਂ ਹਿੰਸਾ ਅਤੇ ਖੂਨ-ਖਰਾਬਾ ਜਾਰੀ ਰੱਖਿਆ ਹੋਇਆ ਹੈ, ਉੱਥੇ ਹੀ ਪੰਜਾਬ ਦੇ ਨਾਲ ਲੱਗਦੇ ਸਰਹੱਦੀ ਇਲਾਕਿਆਂ ’ਚ ਡਰੋਨਾਂ ਰਾਹੀਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੇ ਇਲਾਵਾ ਅਸਲੀ ਅਤੇ ਨਕਲੀ ਦੋਵਾਂ ਤਰ੍ਹਾਂ ਦੀ ਭਾਰਤੀ ਕਰੰਸੀ ਆਦਿ ਦੀ ਸਮੱਗਲਿੰਗ ਤੇਜ਼ ਕੀਤੀ ਹੋਈ ਹੈ ਅਤੇ ਇਸ ’ਚ ਲਗਾਤਾਰ ਵਾਧਾ ਹੋ ਰਿਹਾ ਹੈ।
ਸਾਲ 2021 ਦੇ ਮੁਕਾਬਲੇ ਸਾਲ 2022 ’ਚ ਕੌਮਾਂਤਰੀ ਸਰਹੱਦ ਪਾਰੋਂ ਪੰਜਾਬ ਦੇ ਸਰਹੱਦੀ ਇਲਾਕਿਆਂ ’ਚ ਡਰੋਨਾਂ ਰਾਹੀਂ ਘੁਸਪੈਠ ਅਤੇ ਸਮੱਗਲਿੰਗ ਦੇ ਮਾਮਲਿਆਂ ’ਚ ਲਗਭਗ 2 ਗੁਣਾ ਵਾਧਾ ਹੋਇਆ, ਜਦਕਿ ਬਾਅਦ ਦੇ ਸਾਲਾਂ ’ਚ ਵੀ ਇਸ ’ਚ ਲਗਾਤਾਰ ਵਾਧਾ ਹੁੰਦਾ ਚਲਾ ਗਿਆ ਹੈ।
ਬੀ. ਐੱਸ. ਐੱਫ. ਦੇ ਸੂਤਰਾਂ ਅਨੁਸਾਰ ਇਸ ਸਾਲ ਜਨਵਰੀ 2024 ਤੋਂ ਲੈ ਕੇ 9 ਜੁਲਾਈ ਦਰਮਿਆਨ ਬੀ. ਐੱਸ. ਐੱਫ. ਨੇ ਪਾਕਿਸਤਾਨ ਦੇ ਨਾਲ ਲੱਗਦੀ ਪੰਜਾਬ ਦੀ ਸਰਹੱਦ ਦੇ ਨੇੜੇ-ਤੇੜੇ ਦੇ ਇਲਾਕਿਆਂ ’ਚ 125 ਡਰੋਨ ਡੇਗੇ ਹਨ। ਜਦਕਿ 2023 ਦੇ ਸਮੁੱਚੇ ਸਾਲ ’ਚ 107 ਅਤੇ 2022 ਦੇ ਸਾਰੇ ਸਾਲ ’ਚ 22 ਡਰੋਨ ਡੇਗੇ ਗਏ ਸਨ।
ਇਹ ਡਰੋਨ ਜ਼ਿਆਦਾਤਰ ਪੰਜਾਬ ਦੇ ਅਬੋਹਰ, ਫਿਰੋਜ਼ਪੁਰ, ਤਰਨਤਾਰਨ , ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲਿਆਂ ’ਚ ਡੇਗੇ ਗਏ ਦਨ ਜਦਕਿ ਡਰੋਨਾਂ ਨਾਲ ਸਭ ਤੋਂ ਵੱਧ ਬਰਾਮਦਗੀ ਤਰਨਤਾਰਨ ਅਤੇ ਅੰਮ੍ਰਿਤਸਰ ਜ਼ਿਲਿਆਂ ’ਚ ਕੀਤੀ ਗਈ ਹੈ।
ਪੰਜਾਬ ’ਚ ਜ਼ਬਤ ਕੀਤੇ ਗਏ ਡਰੋਨਾਂ ’ਚੋਂ ਸਭ ਤੋਂ ਵੱਧ ਜ਼ਬਤੀ ਚੀਨ ’ਚ ਬਣੇ ‘ਡੀ.ਜੇ-ਆਈ. ਮਾਵਿਕ’ ਕਲਾਸਿਕ ਡਰੋਨਾਂ ਦੀ ਹੋਈ ਹੈ ਜੋ ਨਸ਼ੀਲੇ ਪਦਾਰਥਾਂ ਦੇ ਇਲਾਵਾ ਆਟੋਮੈਟਿਕ ਹਥਿਆਰ ਅਤੇ ਗੋਲੀ ਸਿੱਕਾ ਲੈ ਕੇ ਆਉਂਦੇ ਹਨ।
ਹਨੇੇਰੇ ਦਾ ਲਾਭ ਮਿਲਣ ਦੇ ਕਾਰਨ ਇਹ ਡਰੋਨ ਆਮ ਤੌਰ ’ਤੇ ਰਾਤ ਵੇਲੇ ਬਿਨਾਂ ਰੋਸ਼ਨੀ ਦੇ ਚਲਾਏ ਜਾਂਦੇ ਹਨ। ਕਈ ਪਾਕਿਸਤਾਨੀ ਸਮੱਗਲਰ ‘ਹੈਂਗਿੰਗ ਮੈਥਡ’ ਦੀ ਵਰਤੋਂ ਕਰਦੇ ਹਨ ਜਿਸ ’ਚ ਸਰਹੱਦ ਪਾਰ ਕਰਵਾਉਣ ਲਈ ਕੋਈ ਪਦਾਰਥ ਡਰੋਨ ਦੇ ਨਾਲ ਲਟਕਾ ਕੇ ਉਸ ਵਸਤੂ ਨੂੰ ਸੁੱਟਣਾ ਸੌਖਾ ਹੋ ਜਾਂਦਾ ਹੈ।
ਸਮੱਗਲਰਾਂ ਨੂੰ ਸਿਰਫ ਇੰਨਾ ਹੀ ਕਰਨਾ ਹੁੰਦਾ ਹੈ ਕਿ ਡਰੋਨ ਭਾਰਤੀ ਸਰਹੱਦ ’ਚ ਘੁਸਪੈਠ ਕਰ ਜਾਵੇ।
ਬੀ. ਐੱਸ. ਐੱਫ. ਦੇ ਕੋਲ ਹੁਣ ਡਰੋਨਾਂ ਦਾ ਪਤਾ ਲਾਉਣ ਦੀ ਵਧੀਆ ਤਕਨੀਕ ਹੋਣ ਦੇ ਕਾਰਨ ਅਧਿਕਾਰੀ ਵੱਡੀ ਗਿਣਤੀ ’ਚ ਡਰੋਨਾਂ ਨੂੰ ਡੇਗਣ ਅਤੇ ਉਨ੍ਹਾਂ ਵੱਲੋਂ ਲਿਆਂਦੀਆਂ ਗਈਆਂ ਨਾਜਾਇਜ਼ ਵਸਤੂਆਂ ਜ਼ਬਤ ਕਰਨ ’ਚ ਸਫਲ ਹੋ ਰਹੇ ਹਨ।
ਉਕਤ ਘਟਨਾਕ੍ਰਮ ਤੋਂ ਸਪੱਸ਼ਟ ਹੈ ਕਿ ਪਾਕਿਸਤਾਨ ਦੇ ਹਾਕਮ ਆਪਣੀਆਂ ਘਰੇਲੂ ਸਮੱਸਿਆਵਾਂ ਹੱਲ ਕਰਨ ਦੀ ਬਜਾਏ ਭਾਰਤ ’ਚ ਅਸ਼ਾਂਤੀ ਫੈਲਾਉਣ ’ਤੇ ਜ਼ਿਆਦਾ ਧਿਆਨ ਦੇ ਰਹੇ ਹਨ। ਜਦਕਿ ਖੁਦ ਉਨ੍ਹਾਂ ਦੇ ਦੇਸ਼ ’ਚ ਉਨ੍ਹਾਂ ਦੇ ਹੀ ਪਾਲੇ ਹੋਏ ਅੱਤਵਾਦੀ ਹਮਲੇ ਕਰ ਕੇ ਉੱਥੇ ਵੀ ਆਮ ਨਾਗਰਿਕਾਂ ਅਤੇ ਸੁਰੱਖਿਆ ਬਲਾਂ ਦੇ ਮੈਂਬਰਾਂ ਦੀ ਜਾਨ ਲੈ ਰਹੇ ਹਨ।
ਇਸ ਲਈ ਪਾਕਿਸਤਾਨ ਦਾ ਭਲਾ ਤਾਂ ਇਸੇ ’ਚ ਹੈ ਕਿ ਉਹ ਆਪਣੇ ਪਾਲੇ ਹੋਏ ਅੱਤਵਾਦੀਆਂ ਨੂੰ ਨੱਥ ਪਾਵੇ, ਤਾਂ ਕਿ ਉੱਥੇ ਵੀ ਹਿੰਸਾ ਅਤੇ ਖੂਨ-ਖਰਾਬਾ ਖਤਮ ਹੋਵੇ ਅਤੇ ਭਾਰਤ ’ਚ ਵੀ।
- ਵਿਜੇ ਕੁਮਾਰ
ਪੰਜਾਬ ਦੇ ਠਹਿਰੇ ਉਦਯੋਗਿਕ ਵਿਕਾਸ ਨੂੰ ਰਫਤਾਰ ਦੇ ਲਈ ਪੈਕੇਜ ਦੀ ਲੋੜ
NEXT STORY