ਸੁਨੀਤਾ ਵਿਲੀਅਮਜ਼, ਪੁਲਾੜ ਯਾਤਰੀ ਬੈਰੀ ਵਿਲਮੋਰ ਨਾਲ ਸਿਰਫ ਕੁਦਰਤੀ ਦ੍ਰਿਸ਼ ਵੇਖਣ ਲਈ ਹੀ ਨਹੀਂ ਘੁੰਮੀ ਸੀ। ਉਨ੍ਹਾਂ ਪੁਲਾੜ ’ਚ 286 ਦਿਨ ਤੱਕ ਚਹਿਲਕਦਮੀ ਕੀਤੀ। ਆਪਣੇ ਮਿਸ਼ਨ ਦੌਰਾਨ 121,347,491 ਮੀਲ ਦੀ ਯਾਤਰਾ ਕੀਤੀ ਅਤੇ ਧਰਤੀ ਦੇ ਚਾਰੇ ਪਾਸੇ 4,576 ਚੱਕਰ ਲਾਏ। ਉਨ੍ਹਾਂ ਦੁਨੀਆ ਨੂੰ ਦਿਖਾਇਆ ਕਿ ਜਦੋਂ ਕੋਈ ਮਿਸ਼ਨ ਯੋਜਨਾ ਮੁਤਾਬਕ ਨਹੀਂ ਚੱਲਦਾ ਤਾਂ ਹਿੰਮਤ ਅਤੇ ਲਚਕੀਲਾਪਨ ਕਿਵੇਂ ਦਿਸਦਾ ਹੈ।
ਵਿਲੀਅਮਜ਼ ਦੀ ਤਾਜ਼ਾ ਪੁਲਾੜ ਯਾਤਰਾ ਤਕਨੀਕੀ ਖਰਾਬੀ ਕਾਰਨ ਹੈਰਾਨੀਜਨਕ ਢੰਗ ਨਾਲ ਅੱਗੇ ਵਧ ਗਈ। ਬੋਇੰਗ ਸਟਾਰਲਾਈਨਰ ਕੈਪਸੂਲ ਦੀ ਖਰਾਬੀ ਕਾਰਨ ਕੌਮਾਂਤਰੀ ਪੁਲਾੜ ਸਟੇਸ਼ਨ (ਆਈ. ਐੱਸ. ਐੱਸ.) ’ਤੇ ਉਨ੍ਹਾਂ ਦਾ ਪ੍ਰਵਾਸ ਵਧ ਗਿਆ ਅਤੇ ਇਸ ਲਈ ਰਾਸ਼ਟਰੀ ਵੈਮਾਨਿਕੀ ਅਤੇ ਪੁਲਾੜ ਪ੍ਰਸ਼ਾਸਨ (ਨਾਸਾ) ਨੂੰ ਉਨ੍ਹਾਂ ਅਤੇ ਵਿਲਮੋਰ ਨੂੰ ਧਰਤੀ ’ਤੇ ਵਾਪਸ ਲਿਆਉਣ ਲਈ ਸਪੇਸ ਐਕਸ ਦੇ ਕਰੂ ਡ੍ਰੈਗਨ ਨਾਲ ਇਕ ਯੋਜਨਾ ਤਿਆਰ ਕਰਨੀ ਪਈ। ਜਿਹੜਾ ਮਾਮਲਾ 8 ਦਿਨ ਦਾ ਹੋਣਾ ਸੀ, ਉਹ 9 ਮਹੀਨੇ ਲੰਬਾ ਹੋ ਗਿਆ। ਇਹ ਸਿਰਫ ਸਹਿਣਸ਼ੀਲਤਾ ਦੀ ਪ੍ਰੀਖਿਆ ਨਹੀਂ ਸੀ ਸਗੋਂ ਇਕ ਅਜਿਹਾ ਪਲ ਸੀ ਜਿਸ ਨੇ ਭਾਰਤ, ਪੁਲਾੜ ਅਤੇ ਮਨੁੱਖਤਾ ਨੂੰ ਇਸ ਤਰ੍ਹਾਂ ਜੋੜਿਆ, ਜਿਸ ਦੀ ਅਸੀਂ ਹੁਣ ਸ਼ਲਾਘਾ ਕਰਨੀ ਸ਼ੁਰੂ ਕਰ ਰਹੇ ਹਾਂ।
ਭਾਰਤੀ ਪਿਤਾ ਦੇ ਘਰ ਪੈਦਾ ਹੋਈ ਵਿਲੀਅਮਜ਼ ਦਾ ਪੁਲਾੜ ’ਚ ਠਹਿਰਨਾ ਦ੍ਰਿੜ੍ਹ ਸੰਕਲਪ ਅਤੇ ਦ੍ਰਿੜ੍ਹਤਾ ਦੀ ਇਕ ਪ੍ਰੇਰਣਾ ਭਰੀ ਕਹਾਣੀ ਹੈ। ਉਹ ਇਕ ਮਹਿਲਾ ਪੁਲਾੜ ਯਾਤਰੀ ਵਲੋਂ ਸਭ ਤੋਂ ਵੱਧ ਸਮੇਂ ਦੀ ਪੁਲਾੜ ’ਚ ਚਹਿਲਕਦਮੀ ਕਰਨ ਦਾ ਰਿਕਾਰਡ ਰੱਖਦੀ ਹੈ। ਸਭ ਤੋਂ ਵਰਣਨਯੋਗ ਗੱਲ ਇਹ ਹੈ ਕਿ 59 ਸਾਲ ਦੀ ਉਮਰ ’ਚ ਉਨ੍ਹਾਂ ਬੇਮਿਸਾਲ ਕੰਮ ਕੀਤਾ ਹੈ। ਉਹ ਇਕ ਵਿਵਾਦ-ਰਹਿਤ ਚੈਂਪੀਅਨ ਅਤੇ ਸਭ ਲਈ ਪ੍ਰੇਰਣਾ ਦਾ ਸੋਮਾ ਹੈ।
ਸੁਨੀਤਾ ਵਿਲੀਅਮਜ਼ ਨੇ ਪੁਲਾ਼ੜ ਦੇ ਵਿਸ਼ਾਲ ਖਲਾਅ ’ਚ ਵੀ ਆਪਣੀਆਂ ਜੜ੍ਹਾਂ ਨੂੰ ਹਮੇਸ਼ਾ ਆਪਣੇ ਨਾਲ ਰੱਖਿਆ। ਆਪਣੇ ਵਿਰਾਸਤ ਪ੍ਰਤੀ ਉਨ੍ਹਾਂ ਦਾ ਸਮਰਪਣ (ਭਗਵਾਨ ਗਣੇਸ਼ ਜੀ ਦੀ ਮੂਰਤੀ ਅਤੇ ਭਗਵਦ ਗੀਤਾ ਨੂੰ ਕੌਮਾਂਤਰੀ ਪੁਲਾੜ ਸਟੇਸ਼ਨ ਤੱਕ ਲਿਜਾਣਾ) ਸਿਰਫ ਪ੍ਰਤੀਕਾਤਮਿਕ ਨਹੀਂ ਸਗੋਂ ਇਹ ਯਾਦ ਦਿਵਾਉਂਦਾ ਹੈ ਕਿ ਆਸਥਾ ਅਤੇ ਵਿਗਿਆਨ ਵਿਰੋਧੀ ਸ਼ਕਤੀਆਂ ਨਹੀਂ ਹਨ ਸਗੋਂ ਅਣਜਾਣਪੁਣੇ ਦੀ ਖੋਜ ’ਚ ਪੂਰਕ ਮਾਰਗਦਰਸ਼ਕ ਹਨ। ਸਮੋਸੇ ਅਤੇ ਭਾਰਤੀ ਸੱਭਿਆਚਾਰ ਪ੍ਰਤੀ ਉਨ੍ਹਾਂ ਦਾ ਪ੍ਰੇਮ ਉਸ ਜ਼ਮੀਨ ਨਾਲ ਉਨ੍ਹਾਂ ਦੇ ਜੁੜਨ ਨੂੰ ਹੋਰ ਮਜ਼ਬੂਤ ਕਰਦਾ ਹੈ ਜਿਸ ਨੇ ਉਨ੍ਹਾਂ ਨੂੰ ਧਰਤੀ ’ਤੇ ਵਾਪਸ ਆਉਂਦੇ ਸਮੇਂ ਉਸੇ ਮਾਣ ਨਾਲ ਦੇਖਿਆ ਜਿਵੇਂ ਉਹ ਆਪਣੀ ਘਰੇਲੂ ਪੁਲਾੜ ਜਿੱਤ ਲਈ ਵੇਖਦੀ ਹੈ।
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਹੁਣ ਕੌਮਾਂਤਰੀ ਪੁਲਾੜ ਖੋਜ ’ਚ ਸਿਰਫ ਇਕ ਉਮੀਦ ਭਰਿਆ ਖਿਡਾਰੀ ਨਹੀਂ ਸਗੋਂ ਇਕ ਪ੍ਰਮੁੱਖ ਦਾਅਵੇਦਾਰ ਵੀ ਹੈ। ਚੰਦਰਯਾਨ-3 ਦੀ ਇਤਿਹਾਸਕ ਚੰਦਰਮਾ ਲੈਂਡਿੰਗ, ਮੰਗਲਯਾਨ ਦੀ ਮੰਗਲ ਦੇ ਪੰਧ ’ਚ ਸਫਲਤਾ ਅਤੇ ਆਉਂਦੇ ਗਗਨਯਾਨ ਮਿਸ਼ਨ (ਭਾਰਤ ਦੀ ਪਹਿਲੀ ਮਨੁੱਖ ਵਾਲੀ ਪੁਲਾੜ ਗੱਡੀ) ਪੁਲਾੜ ਦੀ ਖੋਜ ਦੇ ਨਿਯਮਾਂ ਨੂੰ ਮੁੜ ਲਿਖ ਰਹੇ ਹਨ।
ਸੁਨੀਤਾ ਵਿਲੀਅਮਜ਼ ਦੀ ਕਹਾਣੀ ਭਾਰਤੀ ਪੁਲਾੜ ਯਾਤਰੀਆਂ ਲਈ ਇਕ ਪ੍ਰੇਰਣਾ ਹੈ। ਉਨ੍ਹਾਂ ਦਾ ਲਚਕੀਲਾਪਨ ਅਤੇ ਮੁਹਾਰਤ, ਪੁਲਾੜ ’ਚ ਮਨੁੱਖ ਭੇਜਣ ਦੀ ਭਾਰਤ ਦੀ ਇੱਛਾ ਦੇ ਮੋਹਰੀ ਵਜੋਂ ਕੰਮ ਕਰਦੀ ਹੈ ਪਰ ਵਿਲੀਅਮਜ਼ ਇਕ ਪੁਲਾੜ ਯਾਤਰੀ ਤੋਂ ਕਿਤੇ ਵੱਧ ਹੈ। ਉਹ ਸਟੈਮ (ਵਿਗਿਆਨ, ਟੈਕਨਾਲੋਜੀ, ਇੰਜੀਨੀਅਰਿੰਗ, ਗਣਿਤ) ’ਚ ਔਰਤਾਂ ਅਤੇ ਸਟੈਮ ’ਚ ਅੱਗੇ ਵਧਣ ਦੀ ਇੱਛਾ ਰੱਖਣ ਵਾਲੀਆਂ ਨੌਜਵਾਨ ਕੁੜੀਆਂ ਲਈ ਵੀ ਇਕ ਮਾਰਗਦਰਸ਼ਕ ਹੈ। ਜਿਸ ਤਰ੍ਹਾਂ ਭਾਰਤ ਨੇ ਡਾਕਟਰ ਟੇਸੀ ਥਾਮਸ ਵਰਗੇ ਮਹਾਨ ਵਿਅਕਤੀਆਂ ਨੂੰ ਜਨਮ ਦਿੱਤਾ ਜੋ ਭਾਰਤ ’ਚ ਮਿਜ਼ਾਈਲ ਯੋਜਨਾਵਾਂ ਦੀ ਅਗਵਾਈ ਕਰਨ ਵਾਲੀ ਪਹਿਲੀ ਮਹਿਲਾ ਵਿਗਿਆਨੀ ਹਨ ਅਤੇ ਰਿਤੂ ਕਰਿਧਾਲ ਜੋ ਇਸਰੋ ਵਿਗਿਆਨੀ ਅਤੇ ਏਅਰੋਸਪੇਸ ਇੰਜੀਨੀਅਰ ਹੈ, ਵਿਲੀਅਮਜ਼ ਦੀ ਯਾਤਰਾ ਵੀ ਸੰਕੇਤ ਦਿੰਦੀ ਹੈ।
ਵਿਲੀਅਮਜ਼ ਦੀ ਯਾਤਰਾ ਸਮੁੱਚੀ ਦੁਨੀਆ ਦੀਆਂ ਨੌਜਵਾਨ ਕੁੜੀਆਂ ਨੂੰ ਇਹ ਸੰਕੇਤ ਦਿੰਦੀ ਹੈ ਕਿ ਪੁਲਾੜ ਕੋਈ ਮਰਦ ਪ੍ਰਧਾਨ ਖੇਤਰ ਨਹੀਂ ਹੈ ਜਿੱਥੇ ਲਿੰਗ ਨਹੀਂ, ਸਗੋਂ ਦ੍ਰਿੜ੍ਹ ਸੰਕਲਪ, ਦਿਮਾਗ ਅਤੇ ਹਿੰਮਤ ਸਫਲਤਾ ਨੂੰ ਪਰਿਭਾਸ਼ਿਤ ਕਰਦੇ ਹਨ। ‘ਫੈਮਿਨਿਸਟ ਅਪ੍ਰੋਚ ਟੂ ਟੈਕਨਾਲੋਜੀ’ ਅਤੇ ਸਮਾਈਲ ਫਾਊਂਡੇਸ਼ਨ ਵਰਗੇ ਜ਼ਮੀਨੀ ਪੱਧਰ ਦੇ ਸੰਗਠਨ ‘ਸਟੈਮ’ ’ਚ ਹਾਸ਼ੀਏ ’ਤੇ ਪਈਆਂ ਨੌਜਵਾਨ ਕੁੜੀਆਂ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਅਣਥੱਕ ਯਤਨ ਕਰਦੇ ਹਨ। ਉਨ੍ਹਾਂ ਨੂੰ ਸਿੱਖਿਆ, ਮਾਰਗਦਰਸ਼ਨ ਅਤੇ ਸਮਾਜਿਕ ਰੁਕਾਵਟਾਂ ਨੂੰ ਤੋੜਨ ਦੇ ਮੌਕੇ ਪ੍ਰਦਾਨ ਕਰਦੇ ਹਨ। ਇਸ ਤਰ੍ਹਾਂ ਦੀ ਪਹਿਲ ਇਹ ਯਕੀਨੀ ਕਰਦੀ ਹੈ ਕਿ ਪੁਲਾੜ ਖੇਤਰ ’ਚ ਮੋਹਰੀ ਅਗਲੀ ਪੀੜ੍ਹੀ ਦੇਸ਼ ਦੇ ਹਰ ਕੋਨੇ ’ਚੋਂ ਆਏਗੀ ਜਿਸ ਤੋਂ ਇਹ ਸਾਬਿਤ ਹੋਵੇਗਾ ਕਿ ਹੁਨਰ ਦੀ ਕੋਈ ਹੱਦ ਨਹੀਂ ਹੁੰਦੀ।
ਸੁਨੀਤਾ ਵਿਲੀਅਮਜ਼ ਦਾ ਯੋਗਦਾਨ ਪ੍ਰਤੀਨਿਧਤਾ ਅਤੇ ਪੁਲਾੜ ਯਾਤਰਾ ਤੋਂ ਕਿਤੇ ਅੱਗੇ ਤੱਕ ਫੈਲਿਆਂ ਹੋਇਆ ਹੈ। ਆਪਣੇ ਆਈ. ਐੱਸ. ਐੱਸ. ਮਿਸ਼ਨ ਦੌਰਾਨ, ਉਨ੍ਹਾਂ ਨੇ ਹੈਬੀਟੇਟ-07 ਦੀ ਵਰਤੋਂ ਕੀਤੀ, ਜਿਸ ’ਚ ਉਨ੍ਹਾਂ ਮਾਈਕ੍ਰੋਗ੍ਰੈਵਿਟੀ ’ਚ ਰੋਮੇਨ ਲੈਟਿਊਸ ਉਗਾਇਆ, ਤਾਂ ਜੋ ਇਹ ਸਮਝਿਆ ਜਾ ਸਕੇ ਕਿ ਪਾਣੀ ਦਾ ਪੱਧਰ ਬੂਟਿਆਂ ਦੇ ਵਾਧੇ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਦੁਨੀਆ ’ਚ ਖਾਣ-ਪੀਣ ਵਾਲੀਆਂ ਵਸਤਾਂ ਦੀ ਸੁਰੱਖਿਆ ਸੰਬੰਧੀ ਚਿੰਤਾ ਨੂੰ ਧਿਆਨ ’ਚ ਰੱਖਦਿਆਂ ਇਸ ਖੋਜ ਦੇ ਤਜਰਬੇ ’ਚ ਲੰਬੇ ਸਮੇਂ ਦੇ ਪੁਲਾੜ ਮਿਸ਼ਨਾਂ ਦੌਰਾਨ ਖਾਣ-ਪੀਣ ਵਾਲੀਆਂ ਵਸਤਾਂ ਦੇ ਉਤਪਾਦਨ ਨੂੰ ਹੱਲਾਸ਼ੇਰੀ ਦੇਣ ਅਤੇ ਟਿਕਾਊ ਰਵਾਇਤਾਂ ’ਚ ਤਰੱਕੀ ਹੋਣ ਦੀ ਸੰਭਾਵਨਾ ਹੈ। ਜੋ ਕਦੇ ਵਿਗਿਆਨ ਕਥਾ ਸੀ, ਉਹ ਜਲਦੀ ਹੀ ਅਟੱਲ ਸੱਚਾਈ ਬਣਦੀ ਜਾ ਰਹੀ ਹੈ।
ਵਿਲੀਅਮਜ਼ ਦੀ ਵਾਪਸੀ ਨਾਸਾ ਜਾਂ ਸੰਯੁਕਤ ਰਾਜ ਅਮਰੀਕਾ ਲਈ ਸਿਰਫ ਇਕ ਪਲ ਨਹੀਂ ਸੀ। ਇਹ ਕੌਮਾਤਰੀ ਘਟਨਾ ਸੀ। ਗੁਜਰਾਤ ’ਚ ਉਨ੍ਹਾਂ ਦੇ ਜੱਦੀ ਪਿੰਡ ਝੂਲਾਸਨ ’ਚ ਲੋਕਾਂ ਨੇ ਉਨ੍ਹਾਂ ਦੀ ਘਰ ਵਾਪਸੀ ਦਾ ਜਸ਼ਨ ਇੰਝ ਮਨਾਇਆ ਜਿਵੇਂ ਦੀਵਾਲੀ ਹੋਵੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ‘ਭਾਰਤ ਦੀ ਗੌਰਵਸ਼ਾਲੀ ਬੇਟੀ’ ਵਜੋਂ ਪ੍ਰਵਾਨ ਕੀਤਾ ਅਤੇ ਉਨ੍ਹਾਂ ਨੂੰ ਅਜਿਹਾ ਸੱਦਾ ਦਿੱਤਾ ਜੋ ਨਿੱਜੀ ਅਤੇ ਰਾਸ਼ਟਰੀ ਦੋਹਾਂ ਤਰ੍ਹਾਂ ਦਾ ਸੀ। ਸੁਨੀਤਾ ਵਿਲੀਅਮਜ਼ ਸਿਰਫ ਪੁਲਾੜ ਤੋਂ ਵਾਪਸ ਨਹੀਂ ਆਈ, ਉਹ ਦ੍ਰਿੜ੍ਹਤਾ ਦੀ ਜ਼ਿੰਦਾ ਮੂਰਤ, ਸੰਸਕ੍ਰਿਤੀਆਂ ਦਰਮਿਆਨ ਇਕ ਪੁਲ ਅਤੇ ਇਹ ਯਾਦ ਦਿਵਾਉਣ ਵਾਲੀ ਸ਼ਖਸੀਅਤ ਬਣ ਕੇ ਪਰਤੀ ਹੈ ਕਿ ਅਸੰਭਵ ਇਕ ਚੁਣੌਤੀ ਹੈ ਜਿਸ ’ਤੇ ਜਿੱਤ ਹਾਸਲ ਕੀਤੀ ਜਾਣੀ ਹੈ। ਉਨ੍ਹਾਂ ਦੀ ਕਹਾਣੀ ਭਾਰਤ, ਅਮਰੀਕਾ ਅਤੇ ਦੁਨੀਆ ਦੀ ਹੈ।
ਇਹ ਹਿੰਮਤ, ਜਗਿਆਸਾ ਅਤੇ ਇਸ ਅਟੁੱਟ ਭਰੋਸੇ ਦੀ ਕਹਾਣੀ ਹੈ ਕਿ ਸਾਨੂੰ ਅੱਜ ਜੋ ਪੁਲਾੜ ਨਜ਼ਰ ਆਉਂਦਾ ਹੈ, ਉਸ ਤੋਂ ਵੀ ਅੱਗੇ ਜਾਣਾ ਹੈ ਅਤੇ ਜਦੋਂ ਕਿ ਭਾਰਤ ਤਿੰਨ ਦਿਨਾ ਮਿਸ਼ਨ ਲਈ 400 ਕਿਲੋਮੀਟਰ ਦੇ ਪੰਧ ’ਚ ਤਿੰਨ ਮੈਂਬਰਾਂ ਦੀ ਟੀਮ ਨੂੰ ਭੇਜ ਕੇ ਆਪਣੀ ਪਹਿਲੀ ਮਨੁੱਖੀ ਪੁਲਾੜ ਉਡਾਣ ਦੀ ਸਮਰੱਥਾ ਲਈ ਤਿਆਰੀ ਕਰ ਰਿਹਾ ਹੈ, ਇਕ ਗੱਲ ਸਪੱਸ਼ਟ ਹੈ ਕਿ ਸੁਨੀਤਾ ਵਿਲੀਅਮਜ਼ ਨੇ ਸਾਨੂੰ ਵਿਖਾ ਦਿੱਤਾ ਹੈ ਕਿ ਅਸੀਂ ਕਿੰਨੀ ਉੱਚਾਈ ਤੱਕ ਪਹੁੰਚ ਸਕਦੇ ਹਾਂ। ਹੁਣ ਇਸ ਤੋਂ ਵੀ ਅੱਗੇ ਜਾਣ ਦੀ ਸਾਡੀ ਵਾਰੀ ਹੈ।
–ਹਰੀ ਜੈਸਿੰਘ
ਵਿਸ਼ਵ ਸ਼ਾਂਤੀ ਲਈ ਨੀਤੀਆਂ ਬਦਲਣ ਦੀ ਲੋੜ
NEXT STORY