ਚੀਨੀ ਨਾਗਰਿਕਾਂ ਲਈ ਸੈਲਾਨੀ ਵੀਜ਼ਾ ਜਾਰੀ ਕਰਨ ਦੀ ਪ੍ਰਕਿਰਿਆ ਫਿਰ ਤੋਂ ਸ਼ੁਰੂ ਕਰਨ ਦਾ ਭਾਰਤ ਦਾ ਫੈਸਲਾ ਇਸ ਗੱਲ ਦਾ ਇਕ ਮਜ਼ਬੂਤ ਸੰਕੇਤ ਹੈ ਕਿ ਐੱਲ. ਏ. ਸੀ. ’ਤੇ ਫੌਜੀ ਅੜਿੱਕੇ ਅਤੇ 2020 ’ਚ ਗਲਵਾਨ ’ਚ ਹੋਈ ਝੜਪ ਨਾਲ ਵਿਗੜੇ ਸੰਬੰਧਾਂ ਨੂੰ ਬਹਾਲ ਕਰਨ ਵੱਲ ਦੋਵੇਂ ਦੇਸ਼ ਅੱਗੇ ਵਧ ਰਹੇ ਹਨ।
ਪਿਛਲੇ ਅਕਤੂਬਰ ’ਚ ਕਜਾਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਮੁਲਾਕਾਤ ਤੋਂ ਬਾਅਦ, ਕਈ ਉੱਚ ਪੱਧਰੀ ਮੀਟਿੰਗਾਂ ਹੋ ਚੁੱਕੀਆਂ ਹਨ। ਸਿੱਧੀਆਂ ਉਡਾਣਾਂ ਮੁੜ ਸ਼ੁਰੂ ਕਰਨ ’ਤੇ ਵੀ ਸਿਧਾਂਤਕ ਤੌਰ ’ਤੇ ਸਹਿਮਤੀ ਹੋ ਚੁੱਕੀ ਹੈ। ਅਗਸਤ ’ਚ ਸ਼ੰਘਾਈ ਸਿਖਰ ਸੰਮੇਲਨ ਲਈ ਮੋਦੀ ਦੀ ਹੋਣ ਵਾਲੀ ਯਾਤਰਾ ਦੀ ਤਿਆਰੀ ਸ਼ੁਰੂ ਹੋ ਗਈ ਹੈ।
ਪਰ ਦੂਜੇ ਪਾਸੇ ਚੀਨ ਸਰਕਾਰ ਨੇ ਤਿੱਬਤ ’ਚ ਵਿਸ਼ਵ ਦੇ ਸਭ ਤੋਂ ਵੱਡੇ ਹਾਈਡ੍ਰੋ ਪਾਵਰ ਬੰਨ੍ਹ ਦੇ ਨਿਰਮਾਣ ਦੀ ਸ਼ੁਰੂਆਤ ਕਰ ਦਿੱਤੀ ਹੈ, ਜਿਸ ਨੂੰ ਲੈ ਕੇ ਭਾਰਤ ਅਤੇ ਬੰਗਲਾਦੇਸ਼ ’ਚ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਹੈ। ‘ਯਾਰਲੁੰਗ ਤਸਾਂਗਪੋ’ ਨਦੀ, ਜਿਸ ਨੂੰ ਦੁਨੀਆ ਦੀ ਸਭ ਤੋਂ ਵੱਡੀ ਅਤੇ ਡੂੰਘੀ ਘਾਟੀ ਮੰਨਿਆ ਜਾਂਦਾ ਹੈ, ’ਤੇ 5 ‘ਕਾਸਕੇਡ ਹਾਈਡ੍ਰੋ ਪਾਵਰ ਸਟੇਸ਼ਨ’ ਬਣਾਏ ਜਾਣਗੇ, ਇਸ ਦੇ ਤਹਿਤ ਲਗਾਤਾਰ ਬਿਜਲੀ ਬਣਾਉਣ ਲਈ ਉੱਚਾਈ ਤੋਂ ਪਾਣੀ ਨੂੰ ਇਕ ਤੋਂ ਬਾਅਦ ਇਕ ਕਈ ਪੱਧਰਾਂ ’ਤੇ ਡੇਗਿਆ ਜਾਂਦਾ ਹੈ।
1.2 ਟ੍ਰਿਲੀਅਨ ਯੁਆਨ (124 ਬਿਲੀਅਨ ਡਾਲਰ) ਨਾਲ ਤਿਆਰ ਹੋਣ ਵਾਲੇ ਇਸ ਪ੍ਰਾਜੈਕਟ ਨਾਲ 300 ਮਿਲੀਅਨ ਕਿਲੋਵਾਟ ਘੰਟੇ ਬਿਜਲੀ ਉਤਪਾਦਨ ਹੋਣ ਵਾਲਾ ਹੈ ਜੋ 25 ਸਾਲ ਪਹਿਲਾਂ ਚੀਨ ਵਲੋਂ ਬਣਾਏ ਗਏ ਥ੍ਰੀ ਗਾਰਜੇਸ ਬੰਨ੍ਹ ਪ੍ਰਾਜੈਕਟ ਦੀ ਬਿਜਲੀ ਉਤਪਾਦਨ ਸਮਰੱਥਾ ਦੇ 3 ਗੁਣਾ ਤੋਂ ਵੀ ਵੱਧ ਹੈ।
ਭਾਰਤ ਅਤੇ ਬੰਗਲਾਦੇਸ਼ ਤੋਂ ਹੋ ਕੇ ਵਹਿਣ ਵਾਲੀ ‘ਯਾਰਲੁੰਗ ਤਸਾਂਗਪੋ’ ਨਦੀ ਨੂੰ ਭਾਰਤ ’ਚ ‘ਬ੍ਰਹਮਪੁੱਤਰ’ ਕਿਹਾ ਜਾਂਦਾ ਹੈ ਅਤੇ ਦੋਵੇਂ ਦੇਸ਼ ਇਸ ਗੱਲ ਨੂੰ ਲੈ ਕੇ ਿਚੰਤਤ ਹਨ ਕਿ ਇਹ ਬੰਨ੍ਹ ਚੀਨ ਨੂੰ ਭਾਰਤ ਅਤੇ ਬੰਗਲਾਦੇਸ਼ ਨਾਲ ਟਕਰਾਅ ਦੇ ਕਿਸੇ ਵੀ ਸਮੇਂ ਜਲ ਪ੍ਰਵਾਹ ਬੰਦ ਕਰਨ ਦੀ ਸ਼ਕਤੀ ਦੇ ਸਕਦਾ ਹੈ।
ਸਥਾਨਕ ਮੀਡੀਆ ਅਨੁਸਾਰ ਚੀਨੀ ਪ੍ਰਧਾਨ ਮੰਤਰੀ ਲੀ ਕਿਯਾਂਗ ਨੇ ਸ਼ਨੀਵਾਰ ਨੂੰ ਯਾਰਲੁੰਗ ਤਸਾਂਗਪੋ ਨਦੀ ’ਤੇ ਨਿਰਮਾਣ ਕੰਮ ਦੇ ਸ਼ੁੱਭ ਆਰੰਭ ਸਮਾਰੋਹ ਦੀ ਪ੍ਰਧਾਨਗੀ ਕਰਦੇ ਹੋਏ ਇਸ ਨੂੰ ਸਦੀ ਦਾ ਪ੍ਰਾਜੈਕਟ ਕਰਾਰ ਦਿੱਤਾ।
ਇਹ ਬੰਨ੍ਹ ਅਰੁਣਾਚਲ ਪ੍ਰਦੇਸ਼ ਦੀ ਹੱਦ ਦੇ ਅਤਿਅੰਤ ਨੇੜੇ ‘ਯਿੰਗਚੀ’ ’ਚ ਬਣਾਇਆ ਜਾ ਰਿਹਾ ਹੈ, ਇਸ ਲਈ ਭਾਰਤ ਨੇ ਇਸ ਨੂੰ ਲੈ ਕੇ ਭਾਰੀ ਚਿੰਤਾ ਜਤਾਈ ਹੈ। ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ‘ਪੇਮਾ ਖਾਂਡੂ’ ਨੇ ਇਸ ਪ੍ਰਾਜੈਕਟ ਨੂੰ ‘ਟਿਕ ਟਿਕ ਕਰਦਾ ਵਾਟਰ ਬੰਬ’ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਇਸ ਬੰਨ੍ਹ ਦੇ ਬਣ ਜਾਣ ਦੇ ਬਾਅਦ ਚੀਨ ਪਾਣੀ ਨੂੰ ਰੋਕ ਸਕਦਾ ਹੈ ਜਾਂ ਇਸ ਦਾ ਪ੍ਰਵਾਹ ਬਦਲ ਸਕਦਾ ਹੈ ਜਿਸ ਨਾਲ ਸਾਡੀ ਜਨਜਾਤੀ ਅਤੇ ਰੋਟੀ-ਰੋਜ਼ੀ ਕਮਾਉਣ ਦੇ ਲਈ ਹੋਂਦ ਦਾ ਸੰਕਟ ਪੈਦਾ ਹੋ ਸਕਦਾ ਹੈ। ਬ੍ਰਹਮਪੁੱਤਰ ਕਾਫੀ ਹੱਦ ਤੱਕ ਸੁੱਕ ਸਕਦੀ ਹੈ, ਇਹ ਮਾਮਲਾ ਚੀਨ ਦੇ ਫੌਜੀ ਖਤਰੇ ਤੋਂ ਬਾਅਦ ਸਭ ਤੋਂ ਵੱਡਾ ਮੁੱਦਾ ਹੈ।
ਚੀਨ ਦੁਨੀਆ ਦਾ ਸਭ ਤੋਂ ਵੱਡਾ ਕਾਰਬਨ ਉਤਸਰਜਕ ਦੇਸ਼ ਹੈ ਅਤੇ ਇਸ ’ਚ ਕਮੀ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਅਤੇ ਆਪਣੀ ਬਿਜਲੀ ਸਪਲਾਈ ਨੂੰ ਸਥਿਰ ਕਰਨ ਲਈ ਵੱਡੀ ਪੱਧਰ ’ਤੇ ਨਵੀਨੀਕਰਨ ਯੋਗ ਊਰਜਾ ਦਾ ਵਿਸਤਾਰ ਕਰ ਰਿਹਾ ਹੈ।
ਬ੍ਰਹਮਪੁੱਤਰ ’ਤੇ ਇਹ ਬੰਨ੍ਹ ਕਈ ਚੁਣੌਤੀਆਂ ਪੇਸ਼ ਕਰਦਾ ਹੈ। ਟੈਕਟੋਨਿਕ ਪਲੇਟਾਂ ਦੇ ਉਪਰ ਸਥਿਤ ਹੋਣ ਦੇ ਕਾਰਨ ‘ਦੁਨੀਆ ਦੀ ਛੱਤ’ ਮੰਨੇ ਜਾਣ ਵਾਲੇ ਤਿੱਬਤੀ ਪਠਾਰ ’ਚ ਅਕਸਰ ਭੂਚਾਲ ਆਉਂਦੇ ਰਹਿੰਦੇ ਹਨ। ਚੀਨ ਨੇ ਭੂਚਾਲ ਸੰਬੰਧੀ ਚਿੰਤਾਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹੋਏ ਕਿਹਾ ਕਿ ਇਹ ਪਣਬਿਜਲੀ ਪ੍ਰਾਜੈਕਟ ਸੁਰੱਖਿਅਤ ਹੈ ਅਤੇ ਇਸ ’ਚ ਚੌਗਿਰਦੇ ਦੀ ਸਾਂਭ-ਸੰਭਾਲ ਨੂੰ ਪਹਿਲ ਦਿੱਤੀ ਗਈ ਹੈ।
ਇਸ ਪ੍ਰਾਜੈਕਟ ਦੀ ਆਲੋਚਨਾ ਇਸ ਲਈ ਹੋ ਰਹੀ ਹੈ ਕਿਉਂਕਿ ਇਸ ਦੇ ਕਾਰਨ ਹੇਠਾਂ ਵੱਲ ਵਹਾਅ ਵਾਲੇ ਇਲਾਕਿਆਂ (ਡਾਊਨਸਟ੍ਰੀਮ) ’ਚ ਭਾਰਤ ਅਤੇ ਬੰਗਲਾਦੇਸ਼ ਦੇ ਕਰੋੜਾਂ ਲੋਕਾਂ, ਸਥਾਨਕ ਆਬਾਦੀ ਅਤੇ ਚੌਗਿਰਦੇ ’ਤੇ ਗੰਭੀਰ ਅਸਰ ਪੈ ਸਕਦਾ ਹੈ। ਉਧਰ ਚੀਨ ਦਾ ਕਹਿਣਾ ਹੈ ਕਿ ਇਹ ਪ੍ਰਾਜੈਕਟ ਚੌਗਿਰਦਾ ਸੰਤੁਲਨ ਨੂੰ ਪਹਿਲ ਅਤੇ ਸਥਾਨਕ ਖੁਸ਼ਹਾਲੀ ਨੂੰ ਉਤਸ਼ਾਹ ਦੇਵੇਗਾ।
ਚੀਨ ਸਰਕਾਰ ਦੇ ਬੁਲਾਰਿਆਂ ਨੇ ਭਾਰਤ ਅਤੇ ਬੰਗਲਾਦੇਸ਼ ਦੀਆਂ ਚਿੰਤਾਵਾਂ ਨੂੰ ਰੱਦ ਕਰਦੇ ਹੋਏ ਕਿਹਾ ਕਿ ਇਹ ਪ੍ਰਾਜੈਕਟ ਦੇਸ਼ ਦੇ ਨਵੇਂ ਵਿਕਾਸ ਪੈਟਰਨ ਬਣਾਉਣ ਅਤੇ ਉੱਚ ਗੁਣਵੱਤਾ ਨੂੰ ਅੱਗੇ ਵਧਾਉਣ ਦੇ ਯਤਨਾਂ ਨੂੰ ਗਤੀ ਦੇਣ ’ਚ ਸਕਾਰਾਤਮਕ ਭੂਮਿਕਾ ਨਿਭਾਏਗਾ।
ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ‘ਮਾਓ ਨਿੰਗ’ ਨੇ ਭਰੋਸਾ ਦਿੱਤਾ ਹੈ ਕਿ ਇਸ ਪ੍ਰਾਜੈਕਟ ਦਾ ਭਾਰਤ ਅਤੇ ਬੰਗਲਾਦੇਸ਼ ’ਤੇ ਕਿਸੇ ਵੀ ਕਿਸਮ ਦਾ ਨਕਾਰਾਤਮਕ ਪ੍ਰਭਾਵ ਨਹੀਂ ਪਵੇਗਾ ਪਰ ਮਨੁੱਖੀ ਅਧਿਕਾਰ ਸਮੂਹਾਂ ਅਤੇ ਜਾਣਕਾਰਾਂ ਨੇ ਇਸ ਪ੍ਰਾਜੈਕਟ ਦੇ ਮਾੜੇ ਨਤੀਜਿਆਂ ਨੂੰ ਲੈ ਕੇ ਚਿੰਤਾ ਜਤਾਈ ਹੈ।
ਭਾਰਤ ਲਈ ਚਿੰਤਾ ਦਾ ਕਾਰਨ ਆਸਟ੍ਰੇਲੀਆ ਸਥਿਤ ਥਿੰਕ ਟੈਂਕ ਲੋਵੀ ਇੰਸਟੀਚਿਊਟ ਦੀ 2020 ਦੀ ਰਿਪੋਰਟ ਵੀ ਹੈ ਜਿਸ ’ਚ ਕਿਹਾ ਗਿਆ ਹੈ ਕਿ ‘‘ਤਿੱਬਤੀ ਪਠਾਰ ’ਚ ਵਗਣ ਵਾਲੀਆਂ ਇਨ੍ਹਾਂ ਨਦੀਆਂ ’ਤੇ ਕੰਟਰੋਲ ਚੀਨ ਨੂੰ ਭਾਰਤ ਦੀ ਅਰਥਵਿਵਸਥਾ ’ਤੇ ਪ੍ਰਭਾਵ ਪਾਉਣ ਦੀ ਇਕ ਵੱਡੀ ਤਾਕਤ ਦਿੰਦਾ ਹੈ।’’
ਭਾਰਤ ਸਰਕਾਰ ਨੇ ਇਸ ਸਾਲ ਦਸੰਬਰ ਅਤੇ ਜਨਵਰੀ ’ਚ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਵਿਚਾਲੇ ਦੁਵੱਲੀਆਂ ਮੀਟਿੰਗਾਂ ਦੌਰਾਨ ਇਸ ਪ੍ਰਾਜੈਕਟ ਨੂੰ ਲੈ ਕੇ ਚੀਨ ਨਾਲ ਰਸਮੀ ਤੌਰ ’ਤੇ ਆਪਣੀ ਚਿੰਤਾ ਜ਼ਾਹਿਰ ਕੀਤੀ ਸੀ। ਇਸ ਜਵਾਬ ’ਚ ਚੀਨ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਚੀਨ ਜਲ ਦਬਦਬਾ ਨਹੀਂ ਚਾਹੁੰਦਾ। ਇਸ ਬੰਨ੍ਹ ਦਾ ਖਤਰਾ ਇਹ ਹੈ ਕਿ ਮੀਂਹ ਦੇ ਸਮੇਂ ਚੀਨ ਜੇਕਰ ਜ਼ਿਆਦਾ ਪਾਣੀ ਛੱਡ ਸਕਦਾ ਹੈ ਤਾਂ ਗਰਮੀਆਂ ਦੇ ਮੌਸਮ ’ਚ ਇਸ ਨੂੰ ਘੱਟ ਵੀ ਕਰ ਸਕਦਾ ਹੈ। ਖੈਰ ਚੀਨ ਦੇ ਇਸ ਦਾਅਵੇ ’ਚ ਕਿੰਨੀ ਸੱਚਾਈ ਹੈ, ਇਸ ਦਾ ਪਤਾ ਤਾਂ ਸਮਾਂ ਹੀ ਦੱਸੇਗਾ।
ਲੈਂਡ ਪੂਲਿੰਗ : ਸਰਕਾਰ ਬਨਾਮ ਕਿਸਾਨ ਸੰਗਠਨ ਅਤੇ ਵਿਰੋਧੀ ਦਲ
NEXT STORY