ਮੈਨੂੰ ਲੱਗਦਾ ਹੈ ਕਿ ਕਸ਼ਮੀਰੀ ਸ਼ਬਦ ਨਾ ’ਯਰਵੰਦ’ ‘ਨਾੜੀਬੰਧ' ਤੋਂ ਬਣਿਆ ਹੈ। ਜਨਮ-ਦਿਨ ਆਦਿ ਸ਼ੁੱਭ ਮੌਕਿਆਂ ’ਤੇ ਕਸ਼ਮੀਰੀ ਪੰਡਿਤ/ਹਿੰਦੂ ਇਸ ਨੂੰ ਗੁੱਟ ’ਤੇ ਬੰਨ੍ਹਦੇ ਹਨ। ਹਿੰਦੀ ਖੇਤਰਾਂ ਵਿਚ ਇਸ ਨੂੰ ਮੌਲੀ, ਕਲਾਵ, ਰਕਸ਼ਾ-ਸੂਤਰ, ਡੋਰਾ ਆਦਿ ਨਾਵਾਂ ਨਾਲ ਜਾਣਿਆ ਜਾਂਦਾ ਹੈ। ਵੈਸੇ ਮੌਲੀ ਸ਼ਬਦ ਵਧੇਰੇ ਪ੍ਰਚੱਲਿਤ ਹੈ। ਮੌਲੀ ਲਾਲ-ਪੀਲੇ ਸੂਤ ਦਾ ਇਕ ਉਹ ਲੱਛਾ ਹੈ ਜੋ ਅਕਸਰ ਸ਼ੁੱਭ ਮੌਕਿਆਂ ’ਤੇ ਗੁੱਟ, ਘੜਿਆਂ ਅਤੇ ਹੋਰ ਵਸਤੂਆਂ ’ਤੇ ਬੰਨ੍ਹਿਆ ਜਾਂਦਾ ਹੈ। ਗੁੱਟ ਉੱਤੇ ਇਸ ਲਈ ਕਿਉਂਕਿ ਗੁੱਟ ਵਿਚ ਸਥਿਤ ਨਾੜੀ/ਨਬਜ਼ ਦਾ ਵਿਸ਼ੇਸ਼ ਮਹੱਤਵ ਹੈ। ਵੈਦ ਗੁੱਟ ਦੀ ਨਾੜੀ/ਨਬਜ਼ ਦੀ ਜਾਂਚ ਕਰਕੇ ਹੀ ਬਿਮਾਰੀ ਦਾ ਪਤਾ ਲਗਾਉਂਦੇ ਹਨ। ਦਿਲ ਦੁਆਰਾ ਸੰਚਾਲਿਤ ਖੂਨ ਸੰਚਾਰ ਵੀ ਨਬਜ਼ ਦੀ ਜਾਂਚ ਦੁਆਰਾ ਪਤਾ ਲਗਾਇਆ ਜਾਂਦਾ ਹੈ।
ਮੌਲੀ ਨੂੰ ਬੰਨ੍ਹਣ ਦੀ ਪ੍ਰਥਾ ਕਦੋਂ ਸ਼ੁਰੂ ਹੋਈ ਅਤੇ ਇਸ ਦੀ ਮਹੱਤਤਾ ਬਾਰੇ ਧਰਮ ਗ੍ਰੰਥਾਂ ਵਿਚ ਬਹੁਤ ਸਾਰੀਆਂ ਕਹਾਣੀਆਂ ਹਨ। ਇਹ ਮੰਨਿਆ ਜਾਂਦਾ ਹੈ ਕਿ ਮੌਲੀ ਨੂੰ ਬੰਨ੍ਹਣ ਦੀ ਪ੍ਰੰਪਰਾ ਉਦੋਂ ਤੋਂ ਚੱਲੀ ਆ ਰਹੀ ਹੈ ਜਦੋਂ ਤੋਂ ਪਰਉਪਕਾਰੀ ਲੋਕਾਂ ਵਿਚ ਸਭ ਤੋਂ ਮੋਹਰੀ ਮਹਾਰਾਜ ਬਲੀ ਦੀ ਅਮਰਤਾ ਲਈ ਭਗਵਾਨ ਵਾਮਨ ਨੇ ਉਨ੍ਹਾਂ ਦੇ ਗੁੱਟ ’ਤੇ ਰੱਖਿਆ-ਸੂਤਰ ਬੰਨ੍ਹਿਆ ਸੀ! ਉਦੋਂ ਤੋਂ ਇਸ ਨੂੰ ਸਰੀਰ ’ਤੇ ਸੁਰੱਖਿਆ ਢਾਲ ਵਜੋਂ ਵੀ ਬੰਨ੍ਹਿਆ ਜਾਂਦਾ ਹੈ। ਜਦੋਂ ਇੰਦਰ ਵ੍ਰਿਤ੍ਰਾਸੁਰ ਨਾਲ ਲੜਨ ਜਾ ਰਹੇ ਸਨ ਤਾਂ ਇੰਦਰਾਣੀ ਸ਼ਚੀ ਨੇ ਇੰਦਰ ਦੀ ਸੱਜੀ ਬਾਂਹ ’ਤੇ ਮੌਲੀ ਨੂੰ ਸੁਰੱਖਿਆ ਢਾਲ ਵਜੋਂ ਬੰਨ੍ਹ ਦਿੱਤਾ ਸੀ ਅਤੇ ਇਸ ਯੁੱਧ ਵਿਚ ਇੰਦਰ ਦੀ ਜਿੱਤ ਹੋਈ ਸੀ। ਮੌਲੀ ਦੀ ਧਾਰਮਿਕ ਅਤੇ ਵਿਗਿਆਨਕ ਮਹੱਤਤਾ ਬਾਰੇ ਦੱਸਿਆ ਜਾਂਦਾ ਹੈ।
ਇਹ ਵੀ ਮੰਨਿਆ ਜਾਂਦਾ ਹੈ ਕਿ ਮੌਲੀ ਨੂੰ ਬੰਨ੍ਹਣ ਨਾਲ ਚੰਗੀ ਸਿਹਤ ਮਿਲਦੀ ਹੈ ਕਿਉਂਕਿ ਆਯੁਰਵੇਦ ਦੇ ਅਨੁਸਾਰ, ਮੌਲੀ ਨੂੰ ਬੰਨ੍ਹਣ ਨਾਲ ਸਰੀਰ ਵਿਚ ਤ੍ਰਿਦੋਸ਼ ਭਾਵ ਵਾਤ, ਪਿੱਤ ਅਤੇ ਕਫ ਦੀ ਇਕਸੁਰਤਾ ਬਣੀ ਰਹਿੰਦੀ ਹੈ। ਸਰੀਰ ਦੀ ਬਣਤਰ ਦਾ ਮੁੱਖ ਕੰਟਰੋਲ ਗੁੱਟ ਵਿਚ ਹੁੰਦਾ ਹੈ। ਇੱਥੇ ਕਈ ਨਾੜੀਆਂ ਆ ਕੇ ਮਿਲਦੀਆਂ ਹਨ, ਇਸ ਲਈ ਇੱਥੇ ਮੌਲੀ ਬੰਨ੍ਹਣ ਨਾਲ ਵਿਅਕਤੀ ਤੰਦਰੁਸਤ ਰਹਿੰਦਾ ਹੈ।
ਇਸ ਨੂੰ ਬੰਨ੍ਹਣ ਨਾਲ ਰੋਗ ਨਹੀਂ ਵਧਦਾ। ਮੌਲੀ ਨੂੰ ਬੰਨ੍ਹਣਾ ਬਲੱਡ ਪ੍ਰੈਸ਼ਰ, ਦਿਲ ਦਾ ਦੌਰਾ, ਸ਼ੂਗਰ ਅਤੇ ਅਧਰੰਗ ਵਰਗੀਆਂ ਬਿਮਾਰੀਆਂ ਤੋਂ ਬਚਾਅ ਲਈ ਲਾਭਦਾਇਕ ਦੱਸਿਆ ਜਾਂਦਾ ਹੈ। ਸ਼ਾਸਤਰਾਂ ਵਿਚ ਇਹ ਵੀ ਮੰਨਿਆ ਜਾਂਦਾ ਹੈ ਕਿ ਮੌਲੀ ਨੂੰ ਬੰਨ੍ਹਣ ਨਾਲ ਵਿਅਕਤੀ ਨੂੰ ਤ੍ਰਿਦੇਵ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਅਤੇ ਤਿੰਨੋਂ ਦੇਵੀਆਂ-ਲਕਸ਼ਮੀ, ਪਾਰਵਤੀ ਅਤੇ ਸਰਸਵਤੀ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ। ਬ੍ਰਹਮਾ ਦੀ ਕ੍ਰਿਪਾ ਨਾਲ ‘ਕੀਰਤੀ’ ਪ੍ਰਾਪਤ ਹੁੰਦੀ ਹੈ, ਵਿਸ਼ਨੂੰ ਦੀ ਦਇਆ ਨਾਲ ‘ਰੱਖਿਆ ਸ਼ਕਤੀ’ ਪ੍ਰਾਪਤ ਹੁੰਦੀ ਹੈ ਅਤੇ ਸ਼ਿਵ ‘ਬੁਰੇ ਗੁਣਾਂ’ ਦਾ ਨਾਸ਼ ਕਰਦੇ ਹਨ।
ਇਸੇ ਤਰ੍ਹਾਂ ਲਕਸ਼ਮੀ ਤੋਂ ‘ਧਨ’, ਦੁਰਗਾ ਤੋਂ ‘ਸ਼ਕਤੀ’ ਅਤੇ ਸਰਸਵਤੀ ਦੀ ਕਿਰਪਾ ਨਾਲ ‘ਅਕਲ’ ਪ੍ਰਾਪਤ ਹੁੰਦੀ ਹੈ। ਮੌਲੀ 100% ਕੱਚੇ ਧਾਗੇ (ਸੂਤ) ਦੀ ਹੀ ਹੋਣੀ ਚਾਹੀਦੀ ਹੈ। ਮੌਲੀ ਨੂੰ ਮਰਦਾਂ ਅਤੇ ਅਣਵਿਆਹੀਆਂ ਕੁੜੀਆਂ ਦੇ ਸੱਜੇ ਹੱਥ ਅਤੇ ਵਿਆਹੀਆਂ ਔਰਤਾਂ ਦੇ ਖੱਬੇ ਹੱਥ ’ਤੇ ਬੰਨ੍ਹਿਆ ਜਾਂਦਾ ਹੈ। ਜਿਸ ਹੱਥ ਵਿਚ ਕਲਾਵਾ ਜਾਂ ਮੌਲੀ ਬੰਨ੍ਹੋ ਉਸ ਦੀ ਮੁੱਠੀ ਬੱਝੀ ਹੋਈ ਹੋਵੇ ਅਤੇ ਦੂਜਾ ਹੱਥ ਸਿਰ ਉੱਤੇ ਹੋਵੇ।
ਇਸ ਪੁੰਨ ਦੇ ਕੰਮ ਲਈ ਵਰਤ ਰੱਖਣਾ ਚਾਹੀਦਾ ਹੈ ਅਤੇ ਜ਼ਿੰਮੇਵਾਰੀ ਕਬੂਲਣ ਦੀ ਭਾਵਨਾ ਹੋਣੀ ਚਾਹੀਦੀ ਹੈ। ਮੰਨਿਆ ਜਾਂਦਾ ਹੈ ਕਿ ਇਹ ਰੱਖਿਆ ਸੂਤਰ ਸੰਕਟ ਦੇ ਸਮੇਂ ਵੀ ਸਾਡੀ ਰੱਖਿਆ ਕਰਦਾ ਹੈ। ਵਾਹਨ, ਕਲਮ, ਬਹੀ, ਕਾਰਖਾਨੇ ਦੇ ਮੁੱਖ ਗੇਟ, ਚਾਬੀ ਦੇ ਛੱਲੇ, ਸੇਫ ’ਤੇ ਪਵਿੱਤਰ ਮੌਲੀ ਬੰਨ੍ਹਣ ਨਾਲ ਲਾਭ ਹੁੰਦਾ ਹੈ। ਔਰਤਾਂ ਨੂੰ ਘੜੇ, ਕਲਸ਼, ਕੰਡਾ, ਅਲਮਾਰੀ, ਚਾਬੀ ਦੇ ਛੱਲੇ, ਪੂਜਾ ਘਰ ’ਚ ਮੌਲੀ ਬੰਨ੍ਹਣ ਜਾਂ ਰੱਖਣ ਨਾਲ ਲਾਭ ਹੁੰਦਾ ਹੈ। ਮੌਲੀ ਤੋਂ ਬਣੀਆਂ ਸਜਾਵਟੀ ਚੀਜ਼ਾਂ ਨੂੰ ਘਰ ’ਚ ਰੱਖੋਗੇ ਤਾਂ ਨਵੀਆਂ ਖੁਸ਼ੀਆਂ ਆਉਂਦੀਆਂ ਹਨ। ਜੇਕਰ ਨੌਕਰੀ ਕਰਨ ਵਾਲੇ ਲੋਕ ਕੰਮ ਕਰਦੇ ਸਮੇਂ ਟੇਬਲ ਜਾਂ ਦਰਾਜ ਵਿਚ ਪਵਿੱਤਰ ਮੌਲੀ ਰੱਖਣਗੇ ਜਾਂ ਇਸ ਨੂੰ ਆਪਣੇ ਗੁੱਟ ’ਤੇ ਬੰਨ੍ਹਣਗੇ ਤਾਂ ਲਾਭ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।
-ਡਾ. ਸ਼ਿਬਨ ਕ੍ਰਿਸ਼ਨ ਰੈਣਾ
ਨੀਚਤਾ ਦੀ ਹੱਦ: ਪਤੀ ਹੀ ਕਰਵਾਉਂਦਾ ਰਿਹਾ ਆਪਣੀ ਪਤਨੀ ਦਾ ਜਬਰ-ਜ਼ਨਾਹ
NEXT STORY