ਹਾਲਾਂਕਿ ਪੁਲਸ ਵਿਭਾਗ ’ਤੇ ਦੇਸ਼ਵਾਸੀਆਂ ਦੀ ਸੁਰੱਖਿਆ ਦਾ ਜ਼ਿੰਮਾ ਹੋਣ ਦੇ ਨਾਤੇ ਇਸ ਤੋਂ ਅਨੁਸ਼ਾਸਿਤ ਅਤੇ ਫਰਜ਼ ਦੀ ਪਾਲਣਾ ਦੀ ਆਸ ਕੀਤੀ ਜਾਂਦੀ ਹੈ ਪਰ ਅੱਜ ਦੇਸ਼ ’ਚ ਕੁਝ ਪੁਲਸ ਮੁਲਾਜ਼ਮ ਆਪਣੇ ਆਦਰਸ਼ਾਂ ਨੂੰ ਭੁੱਲ ਕੇ ਵੱਖ-ਵੱਖ ਅਪਰਾਧਾਂ ’ਚ ਸ਼ਾਮਲ ਹੋ ਕੇ ਪੁਲਸ ਵਿਭਾਗ ਦੀ ਬਦਨਾਮੀ ਦਾ ਕਾਰਨ ਬਣ ਰਹੇ ਹਨ, ਜੋ ਪਿਛਲੇ ਤਿੰਨ ਮਹੀਨਿਆਂ ਦੀਆਂ ਹੇਠ ਿਲਖੀਆਂ ਉਦਾਹਰਣਾਂ ਤੋਂ ਸਪੱਸ਼ਟ ਹੈ :
* 5 ਮਈ, 2025 ਨੂੰ ‘ਮੁਜ਼ੱਰਫਨਗਰ’ (ਉੱਤਰ ਪ੍ਰਦੇਸ਼) ਦੇ ‘ਹਰਸੋਲੀ’ ਿਪੰਡ ’ਚ ਸਥਿਤ ‘ਨਾਥ ਫਿਰਕੇ’ ਦੇ ‘ਸ਼ਿਵ ਮੰਦਰ’ ਦੇ ਮਹੰਤ ‘ਸੁਖਰਾਮ’ ਤੋਂ 31,000 ਰੁਪਏ ਦੀ ਨਾਜਾਇਜ਼ ਵਸੂਲੀ ਕਰਨ ਦੇ ਦੋਸ਼ ’ਚ ਚੌਕੀ ਇੰਚਾਰਜ ਦਾਰੋਗਾ ‘ਗਜੇਂਦਰ ਸਿੰਘ’ ਨੂੰ ਲਾਈਨ ਹਾਜ਼ਰ ਅਤੇ 2 ਸਿਪਾਹੀਆਂ ‘ਰਿਤਿਕ’ ਅਤੇ ‘ਉਮੇਸ਼’ ਨੂੰ ਮੁਅੱਤਲ ਕੀਤਾ ਗਿਆ।
* 25 ਮਈ ਨੂੰ ‘ਕਾਨਪੁਰ’ (ਉੱਤਰ ਪ੍ਰਦੇਸ਼) ’ਚ ‘ਇਟਾਵਾ’ ਹਾਈਵੇ ਤੋਂ ਲੰਘਣ ਵਾਲੇ ‘ਗਿੱਟੀ’ ਦੇ ਓਵਰਲੋਡ ਵਾਹਨ ਚਾਲਕਾਂ ਤੋਂ ਨਾਜਾਇਜ਼ ਵਸੂਲੀ ਕਰਨ ਦੇ ਦੋਸ਼ ’ਚ ‘ਸਿਕੰਦਰਾ’ ਥਾਣੇ ਦੇ 4 ਪੁਲਸ ਮੁਲਾਜ਼ਮਾਂ ਦਰੋਗਾ ‘ਜੈਵੀਰ ਯਾਦਵ’ ਅਤੇ ਸਿਪਾਹੀਆਂ ‘ਅਨਿਲ,’ ‘ਸ਼ਿਵਮ’ ਅਤੇ ‘ਕੁਲਦੀਪ’ ਨੂੰ ਮੁਅੱਤਲ ਕੀਤਾ ਿਗਆ।
* 26 ਜੂਨ ਨੂੰ ‘ਅੰਬਾਲਾ’ ਰੇਲ ਡਵੀਜ਼ਨ ’ਚ ‘ਅੰਬਾਲਾ-ਹਾਵੜਾ ਮੇਲ’ ’ਚ ਯਾਤਰੀਆਂ ਦੀ ਤਲਾਸ਼ੀ ਲੈਣ ਦੇ ਨਾਂ ’ਤੇ ਉਨ੍ਹਾਂ ਤੋਂ ਰੁਪਏ ਖੋਹ ਲੈਣ ਦੇ ਦੋਸ਼ ’ਚ ਇਕ ਪੁਲਸ ਮੁਲਾਜ਼ਮ ਅਤੇ ਉਸੇ ਦਿਨ ‘ਸ਼ਾਲੀਮਾਰ ਐਕਸਪ੍ਰੈੱਸ’ ਦੇ ਸਲੀਪਰ ਕੋਚ ’ਚ ਯਾਤਰਾ ਕਰ ਰਹੀ ਇਕ ਔਰਤ ਦਾ ਪਰਸ ਚੋਰੀ ਕਰਨ ਦੇ ਦੋਸ਼ ’ਚ ਇਕ ਹੋਰ ਪੁਲਸ ਮੁਲਾਜ਼ਮ ਦੇ ਵਿਰੁੱਧ ‘ਲੁਧਿਆਣਾ’ ’ਚ ਕੇਸ ਦਰਜ ਕੀਤਾ ਿਗਆ।
* 1 ਜੁਲਾਈ ਨੂੰ ‘ਉੱਤਰੀ ਦਿੱਲੀ’ ਦੇ ‘ਸਰਾਏ ਰੋਹਿੱਲਾ’ ਪੁਲਸ ਥਾਣੇ ’ਚ ਤਾਇਨਾਤ ਸਬ ਇੰਸਪੈਕਟਰ ‘ਬਲਬੀਰ ਚੰਦ’ ਨੂੰ 6 ਨਾਬਾਲਗ ਲੜਕਿਆਂ ਦੇ ਅਗਵਾ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਅਾਂ ਤੋਂ 47,000 ਰੁਪਏ ਨਾਜਾਇਜ਼ ਵਸੂਲ ਕਰਨ ਦੇ ਦੋਸ਼ ’ਚ ਮੁਅੱਤਲ ਕੀਤਾ ਿਗਆ।
* 15 ਜੁਲਾਈ ਨੂੰ ‘ਔਰੰਗਾਬਾਦ’ (ਬਿਹਾਰ) ’ਚ ਨਗਰ ਥਾਣਾ ਪੁਲਸ ਨੇ ਚੋਰੀ ਦੇ ਵਾਹਨਾਂ ਦੀ ਖਰੀਦ ਅਤੇ ਵਿਕਰੀ ਦੇ ਸਿਲਸਿਲੇ ’ਚ ਫਰਾਰ ਚੱਲ ਰਹੇ ਡਰਾਈਵਰ ਸਿਪਾਹੀ ‘ਬਲੀਰਾਮ’ ਦੀ ਗ੍ਰਿਫਤਾਰੀ ਦੇ ਬਾਅਦ ਹੋਈ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਆਪਣੀ ਮੁਅੱਤਲੀ ਦੇ ਦੌਰਾਨ ਵੀ ਉਹ ਦਰੋਗਾ ਦੀ ਵਰਦੀ ਪਾ ਕੇ ਲੋਕਾਂ ਨੂੰ ਠੱਗ ਰਿਹਾ ਸੀ।
* 18 ਜੁਲਾਈ ਨੂੰ ‘ਜੋਧਪੁਰ’ (ਰਾਜਸਥਾਨ) ’ਚ 5 ਪੁਲਸ ਮੁਲਾਜ਼ਮਾਂ ਵਲੋਂ ‘ਮਾਲ’ ’ਚ ਸ਼ਾਪਿੰਗ ਕਰਨ ਨਿਕਲੇ 2 ਨੌਜਵਾਨਾਂ ਨੂੰ ਉਨ੍ਹਾਂ ਦੀ ਹੀ ਕਾਰ ’ਚ ਅਗਵਾ ਕਰ ਕੇ ਉਨ੍ਹਾਂ ਨੂੰ ਥਾਣੇ ਲੈ ਜਾਣ ਅਤੇ ਡਰਾ-ਧਮਕਾ ਕੇ ਉਨ੍ਹਾਂ ਤੋਂ ਲਗਭਗ 11 ਲੱਖ ਰੁਪਏ ਦੀ ਨਾਜਾਇਜ਼ ਵਸੂਲੀ ਕਰਨ ਦਾ ਮਾਮਲਾ ਸਾਹਮਣੇ ਆਇਆ। ਪੁਲਸ ਨੇ ਇਸ ਸਬੰਧ ’ਚ 4 ਪੁਲਸ ਮੁਲਾਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਜਦਕਿ ਪੰਜਵੇਂ ਦੀ ਭਾਲ ਜਾਰੀ ਹੈ।
* 22 ਜੁਲਾਈ ਨੂੰ ‘ਅਮੇਠੀ’ (ਉੱਤਰ ਪ੍ਰਦੇਸ਼) ’ਚ ‘ਹੁਸੈਨਗੰਜ’ ਪਿੰਡ ਦੇ ਬੱਕਰੀਆਂ ਦੇ ਵਪਾਰੀ ‘ਨੌਸ਼ਾਦ’ ਨੇ ‘ਜਾਮੋ’ ਦੀ ਪੁਲਸ ਅਤੇ ‘ਰਾਏਬਰੇਲੀ’ ਦੇ ਐੱਸ. ਓ. ਜੀ. ’ਤੇ ਉਸ ਨੂੰ ਅਤੇ ਉਸ ਦੇ ਬੇਟੇ ਇਰਸ਼ਾਦ ਨੂੰ ਬਿਨਾਂ ਕਾਰਨ ਹਿਰਾਸਤ ’ਚ ਲੈ ਕੇ ਲੱਤਾਂ-ਮੁੱਕਿਆਂ ਨਾਲ ਕੁੱਟਣ ਅਤੇ ਉਸ ਦੇ ਸਿਰ ’ਤੇ ਪਟੇ ਨਾਲ ਮਾਰਨ ਦੇ ਦੋਸ਼ ਲਗਾਏ।
‘ਨੌਸ਼ਾਦ’ ਦੇ ਅਨੁਸਾਰ ਪੁਲਸ ਨੇ ਗ੍ਰਾਮ ਪ੍ਰਧਾਨ ਦੀ ਵਿਚੋਲਗੀ ਤੋਂ ਬਾਅਦ ਉਸ ਤੋਂ 1 ਲੱਖ ਰੁਪਏ ਲੈ ਕੇ ਅਤੇ ਸ਼ਾਂਤੀ ਭੰਗ ਦੇ ਖਦਸ਼ੇ ’ਚ ਚਲਾਨ ਕਰ ਕੇ ਹੀ ਛੱਡਿਆ। ‘ਨੌਸ਼ਾਦ’ ਨੇ ਇਹ ਦੋਸ਼ ਵੀ ਲਗਾਇਆ ਕਿ ਇਸ ਤੋਂ ਪਹਿਲਾਂ 26 ਜੂਨ ਨੂੰ ਵੀ ‘ਰਾਏਬਰੇਲੀ’ ਦੇ ਐੱਸ. ਓ. ਜੀ. ਨੇ ਉਸ ਨੂੰ ਉਸ ਦੇ ਘਰੋਂ ਹੀ ਚੱੁਕ ਲਿਆ ਸੀ ਅਤੇ 1 ਲੱਖ ਰੁਪਏ ਲੈ ਕੇ ਛੱਡਿਆ ਸੀ।
* ਅਤੇ ਹੁਣ 28 ਜੁਲਾਈ ਨੂੰ ‘ਨਵੀਂ ਦਿੱਲੀ’ ਦੇ ‘ਪੱਛਮ ਵਿਹਾਰ ਈਸਟ’ ਥਾਣੇ ’ਚ ਤਾਇਨਾਤ ਮਹਿਲਾ ਸਬ ਇੰਸਪੈਕਟਰ ‘ਨੀਤੂ ਿਬਸ਼ਟ’ ਅਤੇ ਸਾਥੀਆਂ ਵਲੋਂ ਇਕ ਕਾਰੋਬਾਰੀ ਨੂੰ ਕਿਡਨੈਪ ਕਰ ਕੇ ਉਸ ਤੋਂ 20 ਲੱਖ ਰੁਪਏ ਵਸੂਲ ਕਰਨ ਦਾ ਮਾਮਲਾ ਸਾਹਮਣੇ ਆਉਣ ’ਤੇ ‘ਨੀਤੂ ਿਬਸ਼ਟ’, ਹੈੱਡ ਕਾਂਸਟੇਬਲਾਂ ‘ਵਿਸ਼ਾਲ’ ਅਤੇ ‘ਅਜੀਤ’, ਕਾਂਸਟੇਬਲ ‘ਪ੍ਰਮੋਦ’ ਅਤੇ ਇਕ ਹੋਰ ਵਿਅਕਤੀ ‘ਅਜੇ ਕਸ਼ਯਪ’ ਨੂੰ ਗ੍ਰਿਫਤਾਰ ਕੀਤਾ ਿਗਆ। ਇਸਦੇ ਨਾਲ ਹੀ ਪੁਲਸ ਉਨ੍ਹਾਂ ਖਾਤਿਆਂ ਦਾ ਪਤਾ ਕਰ ਰਹੀ ਹੈ ਜਿਨ੍ਹਾਂ ’ਚ ਇਹ ਰਕਮ ਜਮ੍ਹਾ ਕਰਵਾਈ ਗਈ ਹੈ।
ਜਦੋਂ ਕੋਈ ਵਿਅਕਤੀ ਪੁਲਸ ਜਾਂ ਸਰਕਾਰੀ ਨੌਕਰੀ ਜੁਆਇਨ ਕਰਦਾ ਹੈ ਤਾਂ ਉਹ ਫਰਜ਼ ਪਾਲਣਾ ਦੀ ਸਹੁੰ ਚੁੱਕਦਾ ਹੈ ਪਰ ਬਦਕਿਸਮਤੀ ਦੀ ਗੱਲ ਹੈ ਕਿ ਜਿਹੜੇ ਲੋਕ ਸਮਾਜ ਦੀ ਰੱਖਿਆ ਦੀ ਸਹੁੰ ਚੱੁਕ ਰਹੇ ਹਨ ਉਹੀ ਕਾਨੂੰਨ ਨਾਲ ਖਿਲਵਾੜ ਕਰ ਰਹੇ ਹਨ।
ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਨਾਗਰਿਕਾਂ ਦੀ ਸੁਰੱਖਿਆ ਲਈ ਜ਼ਿੰਮੇਵਾਰ ਪੁਲਸ ਵਿਭਾਗ ਦੇ ਕੁਝ ਮੁਲਾਜ਼ਮ ਅੱਜ ਕਿਸ ਕਦਰ ਆਪਣੇ ਫਰਜ਼ ਤੋਂ ਭਟਕ ਕੇ ‘ਰੱਖਿਅਕ’ ਦੀ ਬਜਾਏ ‘ਭਕਸ਼ਕ’ ਬਣ ਚੁੱਕੇ ਹਨ। ਇਸ ਲਈ ਅਜਿਹੇ ਲੋਕਾਂ ਵਿਰੁੱਧ ਤੇਜ਼ੀ ਨਾਲ ਕਾਰਵਾਈ ਕਰ ਕੇ ਇਨ੍ਹਾਂ ਨੂੰ ਸਿੱਖਿਆਦਾਇਕ ਸਜ਼ਾ ਿਦੱਤੀ ਜਾਣੀ ਚਾਹੀਦੀ ਹੈ।
–ਵਿਜੇ ਕੁਮਾਰ
ਭਾਰਤੀ ਸੰਸਕ੍ਰਿਤੀ ਨਾਲ ਜੁੜਦੀਆਂ ਕੜੀਆਂ
NEXT STORY