ਨੇਪਾਲ ’ਚ ਸੋਸ਼ਲ ਮੀਡੀਆ ਅਤੇ ਨਿਊਜ਼ ਪੋਰਟਲ 2025 ਦੇ ਐੱਨ. ਡੀ. ਏ. ਆਟੋ ਸ਼ੋਅ ਨੂੰ ਲੈ ਕੇ ਉਤਸ਼ਾਹ ਨਾਲ ਭਰੇ ਹੋਏ ਹਨ। ਕਾਠਮੰਡੂ ’ਚ ਉੱਡਣ ਵਾਲੀ ਕਾਰ, ਜਿਸ ਨੂੰ ਤਕਨੀਕੀ ਤੌਰ ’ਤੇ eVTOL (ਇਲੈਕਟ੍ਰੀਕਲ ਵਰਟੀਕਲ ਟੇਕ-ਆਫ ਐਂਡ ਲੈਂਡਿੰਗ ਏਅਰਕ੍ਰਾਫਟ) ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਨੂੰ ਪ੍ਰਦਰਸ਼ਿਤ ਕਰਨ ਦੀ ਆਸ ਹੈ। ਇਸ ਨਵੀਂ ਤਕਨੀਕ ਦਾ ਪ੍ਰਦਰਸ਼ਨ, ਜਿਸ ਨੂੰ ਕਾਰੋਬਾਰੀ ਤੌਰ ’ਤੇ ਐਡਵਾਂਸਡ ਏਅਰ ਮੋਬਿਲਿਟੀ (ਏ. ਏ. ਐੱਮ.) ਕਿਹਾ ਜਾਂਦਾ ਹੈ, ਨਵੀਨ ਟਰਾਂਸਪੋਰਟ ਦੀ ਦਿਸ਼ਾ ’ਚ ਇਕ ਮਹੱਤਵਪੂਰਨ ਕਦਮ ਹੈ, ਜੋ ਨੇਪਾਲ ਵਰਗੇ ਦੇਸ਼ ਲਈ ਜ਼ਰੂਰੀ ਹੈ, ਖਾਸ ਕਰਕੇ ਇਸ ਦੀਆਂ ਭੂਗੋਲਿਕ ਪਾਬੰਦੀਆਂ ਨੂੰ ਦੇਖਦੇ ਹੋਏ।
ਏ. ਏ. ਐੱਮ. ਸੰਭਾਵਿਤ ਤੌਰ ’ਤੇ ਟਰਾਂਸਪੋਰਟ ’ਚ ਸ਼ਾਨਦਾਰ ਬਦਲਾਅ ਦਾ ਪ੍ਰਤੀਕ ਹੈ। ਘੱਟ ਉੱਚਾਈ ਅਤੇ ਛੋਟੀ ਦੂਰੀ ’ਤੇ ਸੰਚਾਲਨ ਕਰਨ ਦੀ ਸਮਰੱਥਾ ਦੇ ਨਾਲ, ਇਹ ਘੱਟੋ-ਘੱਟ ਇਨਫਰਾਸਟਰੱਕਚਰ ਅਤੇ ਰੱਖ-ਰਖਾਅ ਦੀ ਮੰਗ ਕਰਦਾ ਹੈ, ਜਿਸ ਨਾਲ ਇਹ ਵੱਧ ਸੁਰੱਖਿਅਤ, ਤੇਜ਼, ਲਚਕੀਲਾ ਅਤੇ ਸਸਤਾ ਟਰਾਂਸਪੋਰਟ ਮੁਹੱਈਆ ਕਰਨ ਦੀ ਸਥਿਤੀ ’ਚ ਹੈ।
267 ਸ਼ਹਿਰਾਂ ਅਤੇ ਇਲਾਕਿਆਂ ’ਚ ਏ. ਏ. ਐੱਮ. ਪਹਿਲ ਦੀ ਯੋਜਨਾ ਬਣਾਈ ਜਾ ਰਹੀ ਹੈ। ਵਪਾਰਕ ਲਾਂਚ ਚੀਨ, ਦੱਖਣੀ ਕੋਰੀਆ, ਫਰਾਂਸ, ਜਾਪਾਨ ਅਤੇ ਸਾਊਦੀ ਅਰਬ ਵਰਗੇ ਦੇਸ਼ਾਂ ’ਚ 2026 ਤੱਕ ਹੋਣ ਦੀ ਆਸ ਹੈ। ਦੁਨੀਆ ਦੇ ਪ੍ਰਮੁੱਖ ਏਵੀਏਸ਼ਨ ਅਧਿਕਾਰੀਆਂ ਨੇ ਜੂਨ 2025 ’ਚ ਇਕ ਸਾਂਝਾ ਰੋਡਮੈਪ ਜਾਰੀ ਕੀਤਾ, ਤਾਂ ਕਿ ਏਅਰ ਟੈਕਸੀ ਅਤੇ ਡਰੋਨ ਸੰਚਾਲਨ ਦੀ ਸਮਾਜਿਕ ਪ੍ਰਵਾਨਗੀ, ਤਾਲਮੇਲ, ਰੈਗੂਲੇਸ਼ਨ ਅਤੇ ਤਸਦੀਕ ’ਚ ਮਾਰਗਦਰਸ਼ਨ ਮਿਲ ਸਕੇ। ਦੱਖਣੀ ਕੋਰੀਆ ਦੀ ਕੰਪਨੀ ਓ. ਪੀ. ਪੀ. ਏ. ਵੀ. ਦੇ ਮਨੁੱਖ ਰਹਿਤ eVTOL ਨੇ 2023 ’ਚ ਸਫਲ ਪ੍ਰੀਖਣ ਕੀਤਾ ਅਤੇ ਚੀਨ ਦੀ ਏਹਾਂਗ ਦੀ ਈ. ਐੱਚ. 216-ਐੱਸ. ਨੇ ਯਾਤਰੀ ਸੇਵਾਵਾਂ ਲਈ ਤਸਦੀਕ ਪ੍ਰਾਪਤ ਕੀਤਾ। ਇਹ ਤਰੱਕੀ ਪਾਇਲਟਲੈੱਸ ਏਅਰ ਮੋਬਿਲਿਟੀ ਦੀ ਦਿਸ਼ਾ ’ਚ ਇਕ ਵੱਡਾ ਕਦਮ ਹੈ।
ਬਾਜ਼ਾਰ ਅਗਾਊਂ ਅੰਦਾਜ਼ੇ ਏ. ਏ. ਐੱਮ. ਲਈ ਮਜ਼ਬੂਤ ਵਾਧੇ ਵੱਲ ਇਸ਼ਾਰਾ ਕਰਦੇ ਹਨ ਅਤੇ ਵਿਸ਼ਵ ਪੱਧਰੀ ਏ. ਏ. ਐੱਮ. ਦਾ ਮੁਲਾਂਕਣ 2024 ’ਚ 11.5 ਬਿਲੀਅਨ ਅਮਰੀਕੀ ਡਾਲਰ ਕੀਤਾ ਗਿਆ ਅਤੇ 2034 ਤੱਕ ਇਹ 73.5 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚਣ ਦੀ ਉਮੀਦ ਹੈ।
ਨੇਪਾਲ ਦੀਆਂ ਪਹਾੜੀਆਂ ਅਤੇ ਆਫਤ ਵਾਲੇ ਇਲਾਕਿਆਂ ’ਚ ਇਹ ਤਕਨੀਕ ਖਾਸ ਤੌਰ ’ਤੇ ਸਹੀ ਸਿੱਧ ਹੋ ਸਕਦੀ ਹੈ। ਖਿਲਰੇ ਜਿਹੇ ਦਿਹਾਤੀ ਇਲਾਕਿਆਂ ’ਚ ਟਰਾਂਸਪੋਰਟ ਰੁਕਾਵਟਾਂ ਅਤੇ ਔਕੜਾਂ ਆਮ ਹਨ। ਸੜਕਾਂ ਦੀ ਉਸਾਰੀ ਅਤੇ ਰੱਖ-ਰਖਾਅ ਔਖਾ ਹੈ।
ਇਹ ਟੈਕਸੀ ਇਨ੍ਹਾਂ ਰੁਕਾਵਟਾਂ ਤੋਂ ਅੱਗੇ ਲੰਘਣ ’ਚ ਸਮਰੱਥ ਹੈ ਅਤੇ ਇਹ ਤੇਜ਼, ਸੁਰੱਖਿਅਤ ਅਤੇ ਵਾਤਾਵਰਣ ਅਨੁਸਾਰ ਬਦਲ ਮੁਹੱਈਆ ਕਰਦੀ ਹੈ। ਇਹ ਟੁੱਟੀਆਂ ਸੜਕਾਂ ਨੂੰ ਪਾਰ ਕਰਕੇ ਔਖੇ ਇਲਾਕਿਆਂ ਤੱਕ ਪਹੁੰਚ ਸਕਦੀ ਹੈ। ਇਹ ਸਿਹਤ ਸੰਬੰਧੀ ਦੇਖਭਾਲ ਨੂੰ ਸੁਧਾਰ ਸਕਦੀ ਹੈ ਅਤੇ ਐਮਰਜੈਂਸੀ ਮੈਡੀਕਲ ਇਵੈਕੂਏਸ਼ਨ ’ਚ ਮਦਦ ਕਰ ਸਕਦੀ ਹੈ।
ਨਵੀਂ ਤਕਨੀਕ ਆਰਥਿਕ ਸਰਗਰਮੀਆਂ ਨੂੰ ਤੇਜ਼ ਕਰਦੀ ਹੈ ਅਤੇ ਸਥਾਨਕ ਉਤਪਾਦਕਾਂ ਅਤੇ ਕਿਸਾਨਾਂ ਨੂੰ ਬਾਜ਼ਾਰ ਤੱਕ ਪਹੁੰਚ ਦਿਵਾਉਂਦੀ ਹੈ, ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਦੂਰ-ਦੁਰਾਡੇ ਦੀਆਂ ਸੈਰ-ਸਪਾਟੇ ਵਾਲੀਆਂ ਥਾਵਾਂ ਨੂੰ ਆਸਾਨੀ ਨਾਲ ਜੋੜਦੀ ਹੈ। ਏ. ਏ. ਐੱਮ. ਆਫਤ ਪ੍ਰਬੰਧਨ ’ਚ ਵੀ ਮਦਦ ਕਰ ਸਕਦੀ ਹੈ। ਜ਼ਰੂਰੀ ਸਮੱਗਰੀਆਂ ਦੀ ਸਮੇਂ ’ਤੇ ਸਪਲਾਈ ਤੇ ਅੱਗ ਬੁਝਾਉਣ ’ਚ ਇਸ ਦੀ ਭੂਮਿਕਾ ਅਹਿਮ ਹੈ। ਏ. ਏ. ਐੱਮ. ਰੌਲੇ-ਰੱਪੇ ਅਤੇ ਪ੍ਰਦੂਸ਼ਣ ਰਹਿਤ ਚੱਲਦੀ ਹੈ। ਬਿਜਲੀ ਦੀ ਲੋੜੀਂਦੀ ਸਪਲਾਈ ਅਤੇ ਚਾਰਜਿੰਗ ਇਨਫਰਾਸਟਰੱਕਚਰ ਦਾ ਵਿਕਾਸ ਨੇਪਾਲ ਲਈ ਜ਼ਰੂਰੀ ਹੈ। ਨੇਪਾਲ ਦੀ ਵੱਡੀ ਪਣਬਿਜਲੀ ਸਮਰੱਥਾ eVTOL ਦੀ ਚਾਰਜਿੰਗ ਲਈ ਹੱਲ ਦੇ ਸਕਦੀ ਹੈ।
ਪਰ ਚੁਣੌਤੀਆਂ ਵੀ ਘੱਟ ਨਹੀਂ ਹਨ। ਕਾਨੂੰਨੀ ਅਤੇ ਸੰਸਥਾਗਤ ਸਮਰਥਨ, ਸੁਰੱਖਿਆ ਪ੍ਰੋਟੋਕੋਲ, ਮਜ਼ਬੂਤ ਇਨਫਰਾਸਟਰੱਕਚਰ ਦੀ ਘਾਟ ਉੱਚ-ਉੱਚਾਈ ’ਤੇ eVTOL ਦਾ ਸੰਚਾਲਨ ਅਪਣਾਉਣ ’ਚ ਦੇਰੀ ਕਰ ਸਕਦੀ ਹੈ।
ਨੇਪਾਲ ਵਰਗੇ ਔਖੇ ਭੂਗੋਲਿਕ ਇਲਾਕਿਆਂ ’ਚ ਮਜ਼ਬੂਕ ਕੁਨੈਕਟੀਵਿਟੀ, ਸੁਰੱਖਿਅਤ ਲੈਂਡਿੰਗ ਸਟੇਸ਼ਨ ਅਤੇ ਭਰੋਸੇਮੰਦ ਗਰਿੱਡ ਲਾਜ਼ਮੀ ਹੋਣਗੇ। ਤਕਨੀਕੀ ਅਤੇ ਰੈਗੂਲੇਟਰੀ ਮਾਮਲਿਆਂ ’ਚ ਨਿਵੇਸ਼ ਦੀ ਲੋੜ ਹੋਵੇਗੀ। ਟ੍ਰੇਨਿੰਗ ਅਤੇ ਕਾਰਜਬਲ ਵਿਕਾਸ ਵੀ ਜ਼ਰੂਰੀ ਹੈ।
ਜੇਕਰ ਨੇਪਾਲ ਸਮੇਂ ’ਤੇ ਨਿਵੇਸ਼ ਅਤੇ ਠੋਸ ਕਦਮ ਨਹੀਂ ਚੁੱਕਦਾ, ਤਾਂ ਇਹ ਤਕਨੀਕ ਮਹਿਜ਼ ਇਕ ਸੁਪਨਾ ਬਣ ਕੇ ਰਹਿ ਜਾਵੇਗੀ। ਲੋਕ ਜਾਗਰੂਕਤਾ ਅਤੇ ਸਹੀ ਯੋਜਨਾ ਇਸ ਲਈ ਜ਼ਰੂਰੀ ਹੈ। ਜੇਕਰ ਜਨਤਾ ਨੂੰ ਸੁਰੱਖਿਆ ’ਤੇ ਭਰੋਸਾ ਨਹੀਂ ਹੈ ਤਾਂ ਇਸ ਨੂੰ ਅਪਣਾਉਣ ਤੋਂ ਝਿਜਕਣਗੇ।
ਏ. ਏ. ਐੱਮ. ਪ੍ਰਦਰਸ਼ਨੀ ਨੇਪਾਲ ਨੂੰ ਭਵਿੱਖ ਦੇ ਮੋਬਿਲਿਟੀ ਹੱਲ ਦੇ ਨੇੜੇ ਲਿਆ ਸਕਦੀ ਹੈ, ਜਿਸ ਨਾਲ ਆਸ ਅਤੇ ਤਿਆਰੀ ਦੇ ਦਰਮਿਆਨ ਦਾ ਪਾੜਾ ਘੱਟ ਹੋਵੇਗਾ।
ਲੀਲਾਧਰ ਜੋਸ਼ੀ
ਭਾਜਪਾ ਦਾ ਵਿਰੋਧੀ ਧਿਰ ’ਤੇ ਤਾਅਨਾ-ਕਿਹੜਾ ਅਤੇ ਕਿਹੋ ਜਿਹਾ ਡਰ?
NEXT STORY