ਭਾਰਤੀ ਇਤਿਹਾਸ ’ਚ ਕਈ ਅਜਿਹੀਆਂ ਤਰੀਕਾਂ ਹਨ, ਜੋ ਭਾਰਤ ਦੇ ਲੋਕਾਂ ਦੇ ਮਨ ’ਚ ਹਮੇਸ਼ਾ ਬਿਰਾਜਮਾਨ ਰਹਿੰਦੀਆਂ ਹਨ। 26 ਜੁਲਾਈ ਦੀ ਤਰੀਕ ਵੀ ਉਹ ਇਤਿਹਾਸਕ ਤਰੀਕ ਹੈ ਜੋ ਹਰ ਭਾਰਤੀ ਲਈ ਮਾਣ ਦਾ ਦਿਨ ਹੈ। 26 ਜੁਲਾਈ, 1999 ਨੂੰ ਬਹਾਦਰ ਭਾਰਤੀ ਫੌਜੀਆਂ ਨੇ ਪਾਕਿਸਤਾਨੀ ਫੌਜ ਤੇ ਸਰਕਾਰ ਨੂੰ ਹਾਰ ਮੰਨਣ ਲਈ ਮਜਬੂਰ ਕਰ ਦਿੱਤਾ ਸੀ। ਇਹ ਦਿਨ ਅੱਜ ਵੀ ਭਾਰਤੀ ਇਤਿਹਾਸ ਦੇ ਪੰਨਿਆਂ ’ਚ ਸੁਨਹਿਰੀ ਅੱਖਰਾਂ ’ਚ ਦਰਜ ਹੈ। ਇਸ ਵਾਰ ਵੀ ਭਾਰਤ ਦੇਸ਼ ਕਾਰਗਿਲ ਵਿਜੇ ਦਿਵਸ ਦੀ 25ਵੀਂ ਵਰ੍ਹੇਗੰਢ ਮਨਾਉਣ ਜਾ ਰਿਹਾ ਹੈ। 26 ਜੁਲਾਈ ਭਾਰਤੀ ਫੌਜੀਆਂ ਦਾ ਦਿਨ ਹੈ ਕਿਉਂਕਿ ਇਹ ਕਾਰਗਿਲ ਜੰਗ ਦੌਰਾਨ ਸ਼ਹੀਦਾਂ ਦੀ ਬਹਾਦਰੀ ਨੂੰ ਬਿਆਨ ਕਰਦਾ ਹੈ।
ਕਾਰਗਿਲ ਵਿਜੇ ਦਿਵਸ 1999 ਦੀ ਭਾਰਤ-ਪਾਕਿਸਤਾਨ ਜੰਗ ’ਚ ਸ਼ਹੀਦ ਹੋਏ ਫੌਜੀਆਂ ਦੀ ਯਾਦ ’ਚ ਮਨਾਇਆ ਜਾਂਦਾ ਹੈ। 1999 ’ਚ ਮਈ ਅਤੇ ਜੁਲਾਈ ਦੇ ਮਹੀਨਿਆਂ ਦੇ ਦਰਮਿਆਨ ਲੜੀ ਗਈ ਕਾਰਗਿਲ ਜੰਗ ਭਾਰਤ ਦੇ ਇਤਿਹਾਸ ’ਚ ਇਕ ਮਹੱਤਵਪੂਰਨ ਸਥਾਨ ਰੱਖਦੀ ਹੈ। ਇਸ ਨੇ ਭਾਰਤੀ ਹਥਿਆਰਬੰਦ ਬਲਾਂ ਦੇ ਅਟੁੱਟ ਦ੍ਰਿੜ੍ਹ ਸੰਕਲਪ ਅਤੇ ਅਨੋਖੀ ਭਾਵਨਾ ਨੂੰ ਦਰਸਾਇਆ ਹੈ। ਪੂਰੀ ਦੁਨੀਆ ’ਚ ਭਾਰਤ ਨੂੰ ਆਪਣੀ ਦਲੇਰੀ ਅਤੇ ਬਹਾਦਰੀ ਲਈ ਜਾਣਿਆ ਜਾਂਦਾ ਹੈ ਪਰ ਭਾਰਤ ਤੇ ਪਾਕਿਸਤਾਨ ਦਰਮਿਆਨ ਰਿਸ਼ਤਾ ਵੀ ਕਿਸੇ ਤੋਂ ਲੁਕਿਆ ਨਹੀਂ। ਕਾਰਗਿਲ ਜੰਗ ਉਹ ਲੜਾਈ ਸੀ ਜਿਸ ’ਚ ਪਾਕਿਸਤਾਨੀ ਫੌਜ ਨੇ ਦ੍ਰਾਸ-ਕਾਰਗਿਲ ਪਹਾੜੀਆਂ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਹ ਜੰਗ ਪਾਕਿਸਤਾਨ ਦੇ ਗਲਤ ਇਰਾਦਿਆਂ ਦਾ ਸਬੂਤ ਹੈ।
ਪਾਕਿਸਤਾਨ ਦੇ ਉਸ ਵੇਲੇ ਦੇ ਫੌਜ ਮੁਖੀ ਪ੍ਰਵੇਜ਼ ਮੁਸ਼ੱਰਫ ਨੇ ਭਾਰਤ ਦੀਆਂ ਸਰਹੱਦਾਂ ’ਚ ਆਉਣ ਦੀ ਕੋਸ਼ਿਸ਼ ਕੀਤੀ ਸੀ ਪਰ ਭਾਰਤ ਨੇ ਬਹਾਦਰੀ ਨਾਲ ਲੜਾਈ ਲੜੀ ਅਤੇ ਪਾਕਿਸਤਾਨ ਨੂੰ ਹਰਾ ਕੇ ਇਕ ਵਾਰ ਫਿਰ ਆਪਣੀ ਤਾਕਤ ਦਾ ਅਹਿਸਾਸ ਦੁਨੀਆ ਨੂੰ ਕਰਾ ਦਿੱਤਾ। ਭਾਰਤ ਦੇ ਤਤਕਾਲੀਨ ਪ੍ਰਧਾਨ ਮੰਤਰੀ ਪੂਜਨੀਕ ਅਟਲ ਬਿਹਾਰੀ ਵਾਜਪਾਈ ਨੇ ਪਾਕਿਸਤਾਨ ਨੂੰ ਸਬਕ ਸਿਖਾਉਂਦੇ ਹੋਏ ਭਾਰਤ ਦੀ ਬਹਾਦਰੀ ਅਤੇ ਸਮਰੱਥਾ ਦਾ ਅਹਿਸਾਸ ਪੂਰੀ ਦੁਨੀਆ ਨੂੰ ਕਰਾਇਆ। ਓਧਰ ਪਾਕਿਸਤਾਨ ਦੇ ਨਾਲ ਹਮਦਰਦੀ ਪ੍ਰਗਟਾਉਣ ਵਾਲੀਆਂ ਮਹਾਸ਼ਕਤੀਆਂ ਨੇ ਜਦੋਂ ਪਾਕਿਸਤਾਨੀ ਹਮਲੇ ਦੀ ਗੱਲ ਕੀਤੀ ਤਾਂ ਪੂਜਨੀਕ ਅਟਲ ਜੀ ਨੇ ਦੋ-ਟੁਕ ਲਹਿਜ਼ੇ ’ਚ ਅਜਿਹਾ ਕਰਾਰਾ ਜਵਾਬ ਦਿੱਤਾ ਕਿ ਬੋਲਤੀ ਬੰਦ ਹੋ ਗਈ ਸੀ। ਉਸ ਸਮੇਂ ਦੁਨੀਆ ਨੇ ਭਾਰਤ ਦੀ ਆਨ, ਬਾਨ ਅਤੇ ਸ਼ਾਨ ਨੂੰ ਦੇਖਿਆ।
ਕਾਰਗਿਲ ਜੰਗ ’ਚ ਪਾਕਿਸਤਾਨ ਦੀ ਕਰਾਰੀ ਹਾਰ ਦੇ ਨਾਲ ਹੀ ਉਸ ਦੀ ਭਰੋਸੇਯੋਗਤਾ ’ਤੇ ਵੀ ਸਵਾਲੀਆ ਨਿਸ਼ਾਨ ਲੱਗ ਗਿਆ। ਇਸ ਜੰਗ ’ਚ ਭਾਰਤ ਨੇ ਵੀ ਆਪਣੇ ਕਈ ਬਹਾਦਰ ਯੋਧਿਆਂ ਨੂੰ ਗਵਾਇਆ ਸੀ ਅਤੇ ਉਨ੍ਹਾਂ ਦਾ ਬਲਿਦਾਨ ਇਸ ਦੇਸ਼ ਲਈ ਇਕ ਮਿਸਾਲ ਬਣ ਗਿਆ। ਦੇਸ਼ ਇਨ੍ਹਾਂ ਸਪੂਤਾਂ ਦੇ ਬਲਿਦਾਨ ਨੂੰ ਕਦੀ ਨਹੀਂ ਭੁੱਲ ਸਕੇਗਾ। ਇਸ ਲਈ ਹਰ ਸਾਲ 26 ਜੁਲਾਈ ਨੂੰ ਅਸੀਂ ਕਾਰਗਿਲ ਵਿਜੇ ਦਿਵਸ ਮਨਾਉਂਦੇ ਹਾਂ। ਜਦੋਂ ਤੋਂ ਭਾਰਤ-ਪਾਕਿਸਤਾਨ ਵੱਖ ਹੋਏ, ਉਦੋਂ ਤੋਂ ਪਾਕਿਸਤਾਨ ਦਾ ਇਰਾਦਾ ਤੇ ਹਰਕਤਾਂ ਭਾਰਤ ਲਈ ਠੀਕ ਨਹੀਂ ਰਹੀਆਂ। ਉਹ ਕਸ਼ਮੀਰ ਨੂੰ ਹਾਸਲ ਕਰਨ ਲਈ ਹਮੇਸ਼ਾ ਘੁਸਪੈਠ ਦੇ ਵੱਖ-ਵੱਖ ਢੰਗ ਅਪਣਾਉਂਦਾ ਰਹਿੰਦਾ ਹੈ। ਕਾਰਗਿਲ ਜੰਗ ਦਾ ਕਾਰਨ ਬਣਨ ਵਾਲੇ ਢੰਗਾਂ ’ਚੋਂ ਇਕ ਭਾਰਤ ਦੀਆਂ ਸਰਹੱਦਾਂ ’ਚ ਘੁਸਪੈਠ ਕਰਨ ਦੀ ਕੋਸ਼ਿਸ਼ ਘਿਨੌਣੀ ਸੀ। ਪਹਿਲਾਂ ਵਾਂਗ ਇਸ ਵਾਰ ਵੀ ਪਾਕਿਸਤਾਨ ਧੋਖਾ ਕਰੇਗਾ, ਇਸ ਇਰਾਦੇ ਤੋਂ ਭਾਰਤ ਅਣਜਾਣ ਸੀ ਪਰ ਇਸ ਦੀ ਭਿਣਕ ਲੱਗਦੇ ਹੀ ਭਾਰਤ ਨੇ ਤੁਰੰਤ ਗਸ਼ਤ ਸ਼ੁਰੂ ਕਰ ਦਿੱਤੀ।
ਇਸ ਗਸ਼ਤੀ ਟੀਮ ’ਤੇ ਹਮਲੇ ਨਾਲ ਉਸ ਇਲਾਕੇ ’ਚ ਘੁਸਪੈਠੀਆਂ ਦੀ ਮੌਜੂਦਗੀ ਦਾ ਸਬੂਤ ਮਿਲ ਗਿਆ। ਪਹਿਲਾਂ ਤਾਂ ਘੁਸਪੈਠੀਆਂ ਨੂੰ ਜਿਹਾਦੀ ਮੰਨ ਕੇ ਉਨ੍ਹਾਂ ਨੂੰ ਭਜਾਉਣ ਲਈ ਫੌਜੀ ਭੇਜੇ ਪਰ ਵਿਰੋਧੀਆਂ ਦੇ ਜਵਾਬੀ ਹਮਲਿਆਂ ਤੇ ਇਕ ਦੇ ਬਾਅਦ ਇਕ ਕਈ ਇਲਾਕਿਆਂ ’ਚ ਘੁਸਪੈਠੀਆਂ ਦੇ ਹੋਣ ਬਾਰੇ ਖਬਰਾਂ ਦੇ ਬਾਅਦ ਭਾਰਤੀ ਫੌਜ ਨੂੰ ਇਹ ਸਮਝਦਿਆਂ ਦੇਰ ਨਾ ਲੱਗੀ ਕਿ ਇਹ ਅਸਲ ’ਚ ਇਕ ਯੋਜਨਾਬੱਧ ਅਤੇ ਵੱਡੇ ਪੱਧਰ ’ਤੇ ਘੁਸਪੈਠ ਸੀ, ਜਿਸ ’ਚ ਨਾ ਸਿਰਫ ਜਿਹਾਦੀ ਸਗੋਂ ਪਾਕਿਸਤਾਨੀ ਫੌਜ ਵੀ ਸ਼ਾਮਲ ਸੀ। ਇਸ ਨੂੰ ਸਮਝਦੇ ਹੋਏ ਭਾਰਤੀ ਫੌਜ ਨੇ ‘ਆਪ੍ਰੇਸ਼ਨ ਵਿਜੇ’ ਸ਼ੁਰੂ ਕੀਤਾ, ਜਿਸ ’ਚ 30 ਹਜ਼ਾਰ ਭਾਰਤੀ ਫੌਜੀ ਸ਼ਾਮਲ ਸਨ।
1999 ’ਚ ਭਾਰਤ ਤੇ ਪਾਕਿਸਤਾਨ ਦਰਮਿਆਨ ਹੋਈ ਜੰਗ ’ਚ ਲਗਭਗ 500 ਤੋਂ ਵੱਧ ਭਾਰਤੀ ਫੌਜੀ ਮਾਰੇ ਗਏ ਸਨ ਅਤੇ 1300 ਫੌਜੀ ਜ਼ਖਮੀ ਹੋਏ। ਦੂਜੀ ਵਿਸ਼ਵ ਜੰਗ ਦੇ ਬਾਅਦ ਇਸ ਜੰਗ ਨੂੰ ਸਭ ਤੋਂ ਭਿਆਨਕ ਮੰਨਿਆ ਜਾਂਦਾ ਹੈ ਤੇ ਇਸ ਦੇ ਬਾਵਜੂਦ ਫੌਜੀਆਂ ਨੇ ਭਾਰਤ ਮਾਤਾ ਦੇ ਮਸਤਕ ਨੂੰ ਝੁਕਣ ਨਹੀਂ ਦਿੱਤਾ ਅਤੇ ਪਾਕਿਸਤਾਨੀ ਫੌਜੀਆਂ ਨੂੰ ਦਰੜਦੇ ਹੋਏ ਕਾਰਗਿਲ ਦੀ ਚੋਟੀ ’ਤੇ ਝੰਡਾ ਲਹਿਰਾ ਦਿੱਤਾ ਸੀ। ਇਸ ਦਿਨ ਨੂੰ ਯਾਦ ਕਰ ਕੇ ਅੱਜ ਵੀ ਹਰ ਭਾਰਤੀ ਦਾ ਸੀਨਾ ਮਾਣ ਨਾਲ ਫੁੱਲ ਜਾਂਦਾ ਹੈ। ਇੰਨੇ ਸੰਘਰਸ਼ਾਂ ਦੇ ਬਾਅਦ ਅਸੀਂ ਲੜਾਈ ਜਿੱਤੀ ਅਤੇ ਆਪਣੀ ਜਿੱਤ ਦਾ ਝੰਡਾ ਲਹਿਰਾਇਆ। ਕਾਰਗਿਲ ਵਿਜੇ ਦਿਵਸ ਭਾਰਤੀ ਇਤਿਹਾਸ ਦੇ ਪੰਨੇ ’ਚ ਦਰਜ ਹੈ। ਇਸ ਨੂੰ ਹਰ ਭਾਰਤੀ ਬੜੇ ਮਾਣ ਨਾਲ ਮਨਾਉਂਦਾ ਹੈ।
ਇਹੀ ਉਹ ਦਿਨ ਹੈ ਜਦੋਂ ਭਾਰਤੀ ਫੌਜ ਨੇ ਪਾਕਿਸਤਾਨੀ ਫੌਜ ਦੇ ਛੱਕੇ ਛੁਡਾ ਦਿੱਤਾ ਸਨ ਅਤੇ ਹਾਰ ਮੰਨਣ ਲਈ ਮਜਬੂਰ ਕਰ ਦਿੱਤਾ ਸੀ। ਭਾਰਤ-ਪਾਕਿਸਤਾਨ ਦੀ ਇਹ ਜੰਗ ਇਤਿਹਾਸਕ ਮੰਨੀ ਜਾਂਦੀ ਹੈ। ਆਪਣੀਆਂ ਜਾਨਾਂ ਕੁਰਬਾਨ ਕਰ ਦੇਣ ਵਾਲੇ ਉਨ੍ਹਾਂ ਵਿਸ਼ੇਸ਼ ਫੌਜੀਆਂ ਦੀ ਯਾਦ ’ਚ 26 ਜੁਲਾਈ ਨੂੰ ਕਾਰਗਿਲ ਦਿਵਸ ਦੇ ਰੂਪ ’ਚ ਅਸੀਂ ਭਾਰਤਵਾਸੀ ਹਰ ਸਾਲ ਬੜੇ ਸਨਮਾਨ ਤੇ ਮਾਣ ਨਾਲ ਮਨਾਉਂਦੇ ਹਾਂ। ਇਸ ਆਪ੍ਰੇਸ਼ਨ ਦੇ ਨਾਂ ਅਨੁਸਾਰ 26 ਜੁਲਾਈ ਨੂੰ ਕਾਰਗਿਲ ਵਿਜੇ ਦਿਵਸ ਐਲਾਨਿਆ ਗਿਆ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਉਨ੍ਹਾਂ ਦੇਸ਼ਭਗਤਾਂ ਦੀ ਬਹਾਦਰੀ ਦੀਆਂ ਕਹਾਣੀਆਂ ਬਾਰੇ ਜਾਣਨ ਅਤੇ ਉਨ੍ਹਾਂ ਬਹਾਦਰਾਂ ਪ੍ਰਤੀ ਸ਼ਰਧਾ ਪ੍ਰਗਟ ਕਰ ਸਕਣ। ਅੱਜ ਕਾਰਗਿਲ ਅਤੇ ਦ੍ਰਾਸ ਦੇ ਇਲਾਕੇ ਜਿਨ੍ਹਾਂ ਨੂੰ ਅਸੀਂ ਸਾਰੇ ਮਾਣ ਨਾਲ ਭਾਰਤ ਦਾ ਅੰਗ ਦੱਸਦੇ ਹਾਂ, ਉਨ੍ਹਾਂ ਸ਼ਹੀਦਾਂ ਦੀ ਦੇਣ ਹਨ, ਜਿਨ੍ਹਾਂ ਨੂੰ ਅਸੀਂ ਹਰ ਸਾਲ ਵਿਜੇ ਦਿਵਸ ’ਤੇ ਸ਼ਰਧਾਂਜਲੀ ਭੇਟ ਕਰ ਕੇ ਆਪਣਾ ਧੰਨਵਾਦ ਪ੍ਰਗਟ ਕਰਦੇ ਹਾਂ।
ਭਾਰਤ ’ਚ ਕਾਰਗਿਲ ਜੰਗ ਦੀ ਜਿੱਤ ਦੀ ਯਾਦਗਾਰ ਬਣਾਈ ਗਈ ਹੈ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹਰ ਸਾਲ ਇਸ ਤਰੀਕ ਨੂੰ ਜਾ ਕੇ ਸ਼ਰਧਾਂਜਲੀ ਭੇਟ ਕਰਦੇ ਹਨ। ਜੰਗ ਦੀ ਜਿੱਤ ਦੀ ਯਾਦ ’ਚ ਕਾਰਗਿਲ ਵਿਜੇ ਦਿਵਸ ਭਾਰਤ ਦੇ ਸਾਰੇ ਹਿੱਸਿਆਂ ’ਚ ਮਨਾਇਆ ਜਾਂਦਾ ਹੈ ਤੇ ਜੰਗ ਦੇ ਫੌਜੀਆਂ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਿੱਲੀ ’ਚ ਅਮਰ ਜਵਾਨ ਜਯੋਤੀ ਜਾਂਦੇ ਹਨ ਤੇ ਉੱਥੇ ਫੌਜੀਆਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ। ਸਕੂਲਾਂ ਅਤੇ ਹੋਰਨਾਂ ਵਿੱਦਿਅਕ ਸੰਸਥਾਨਾਂ ’ਚ ਕੁਝ ਸਮਾਜਿਕ ਅਤੇ ਸੱਭਿਆਚਾਰਕ ਸਮਾਗਮ ਵੀ ਆਯੋਜਿਤ ਕੀਤੇ ਜਾਂਦੇ ਹਨ, ਤਾਂ ਕਿ ਉਨ੍ਹਾਂ ਬਹਾਦਰ ਸਪੂਤਾਂ ਨੂੰ ਯਾਦ ਕੀਤਾ ਜਾਵੇ।
ਭਾਰਤ ਦਾ ਬੱਚਾ-ਬੱਚਾ ਜੰਗ ਅਤੇ ਉਸ ਦੇ ਭਾਰਤ ਦੇ ਪੱਖ ’ਚ ਹੋਏ ਮਾਣਮੱਤੇ ਨਤੀਜੇ ਬਾਰੇ ਜਾਣ ਸਕੇ। ਇਸ ਦਿਨ ਪੂਰਾ ਭਾਰਤ ਸਾਡੇ ਫੌਜੀਆਂ ਦੀ ਬਹਾਦਰੀ ਅਤੇ ਬਲਿਦਾਨ ਨੂੰ ਨਮਨ ਕਰਦਾ ਹੈ। ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਭਾਰਤ ਦੇ ਫੌਜੀਆਂ ਦਾ ਹੌਸਲਾ ਵੀ ਵਧਾਇਆ। ਅੱਜ ਹਰ ਭਾਰਤੀ ਨੂੰ ਆਪਣੇ ਫੌਜੀਆਂ ’ਤੇ ਮਾਣ ਹੈ।
ਤਰੁਣ ਚੁੱਘ ਅਤੇ ਪ੍ਰੇਮ ਕੁਮਾਰ ਧੂਮਲ
ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਮੰਨਿਆ- ‘ਦੇਸ਼ ’ਚ ਹੋ ਰਿਹਾ ਹਿੰਦੂਆਂ ਤੇ ਹੋਰ ਘੱਟਗਿਣਤੀਆਂ ਦਾ ਘਾਣ’
NEXT STORY