ਇੰਨ੍ਹੀ ਦਿਨੀਂ ਵਿਸ਼ਵ ਦੇ ਵਧੇਰੇ ਹਿੱਸਿਆਂ ’ਚ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਭਾਰੀ ਅਸ਼ਾਂਤੀ ਦਾ ਮਾਹੌਲ ਬਣਿਆ ਹੋਇਆ ਹੈ। ਕਿਤੇ ਲੋਕਾਂ ’ਚ ਮਹਿੰਗਾਈ, ਰਿਹਾਇਸ਼ ਦੀ ਸਮੱਸਿਆ, ਸਿੱਖਿਆ ਦੇ ਬਜਟ ਅਤੇ ਹੋਰ ਸਹੂਲਤਾਂ ’ਚ ਕਟੌਤੀ ਨੂੰ ਲੈ ਕੇ ਬਵਾਲ ਮੱਚਿਆ ਹੋਇਆ ਹੈ ਤਾਂ ਕਿਤੇ ਵੱਖ-ਵੱਖ ਦੇਸ਼ ਆਪਸ ’ਚ ਉਲਝੇ ਹੋਏ ਹਨ, ਜੋ ਹੇਠ ਲਿਖੀਆਂ ਘਟਨਾਵਾਂ ਤੋਂ ਸਪੱਸ਼ਟ ਹੈ :
* 21 ਸਤੰਬਰ ਤੋਂ ਫਰਾਂਸ ’ਚ ਵਧਦੀ ਮਹਿੰਗਾਈ, ਜੀਵਨ-ਨਿਰਬਾਹ ਦੀ ਉੱਚ ਲਾਗਤ, ਅਧਿਆਪਕਾਂ ਦੀ ਕਮੀ ਅਤੇ ਬਦਹਾਲ ਸਕੂਲਾਂ ਵਿਰੁੱਧ ਸ਼ੁਰੂ ਹੋਏ ਅੰਦੋਲਨ ਦੌਰਾਨ ਹੋਈਆਂ ਝੜਪਾਂ ’ਚ ਹੁਣ ਤੱਕ 215 ਨੌਜਵਾਨ ਅਤੇ 715 ਪੁਲਸ ਮੁਲਾਜ਼ਮ ਜ਼ਖ਼ਮੀ ਹੋ ਚੁੱਕੇ ਹਨ। ਇਸ ਦੌਰਾਨ ਵੱਡੇ ਪੱਧਰ ’ਤੇ ਸਾੜਫੂਕ ਅਤੇ ਹਿੰਸਾ ’ਚ ਸ਼ਾਮਲ 500 ਤੋਂ ਵੱਧ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
* 30 ਸਤੰਬਰ ਨੂੰ ਇਟਲੀ ’ਚ ਵਧਦੀ ਮਹਿੰਗਾਈ ਅਤੇ ਲੋਕਾਂ ਦੀ ਡਿੱਗਦੀ ਖ਼ਰੀਦ ਸ਼ਕਤੀ ਦੇ ਵਿਰੋਧ ’ਚ ਵੱਖ-ਵੱਖ ਮਜ਼ਦੂਰ ਯੂਨੀਅਨਾਂ ਨੇ ਦੇਸ਼ ਭਰ ’ਚ ਹੜਤਾਲ ਦੌਰਾਨ ‘ਰੋਮ’, ‘ਮਿਲਾਨ’ ਅਤੇ ‘ਬੋਲੋਨੀਆ’ ਆਦਿ ਸ਼ਹਿਰਾਂ ’ਚ ਵਿਦਿਆਰਥੀਆਂ ਅਤੇ ਕਿਸਾਨਾਂ ਨੇ ਮਿਲ ਕੇ ਵੱਡੇ ਪੱਧਰ ’ਤੇ ਵਿਖਾਵੇ ਕੀਤੇ।
* 7-8 ਅਕਤੂਬਰ ਨੂੰ ‘ਦ. ਅਫ਼ਰੀਕਾ’ ਦੇ ‘ਡਰਬਨ’ ਅਤੇ ‘ਸੋਵੇਟੋ’ ’ਚ ਪ੍ਰਵਾਸੀ-ਵਿਰੋਧੀ ਹਿੰਸਕ ਵਿਖਾਵਿਅਾਂ ਦੌਰਾਨ ਸਾੜਫੂਕ ਅਤੇ ਦੁਕਾਨਾਂ ਨੂੰ ਲੁੱਟ ਲਿਆ ਗਿਆ।
* 7 ਤੋਂ 15 ਅਕਤੂਬਰ ਤੱਕ ਅਰਜਨਟੀਨਾ ’ਚ ਯੂਨੀਵਰਸਿਟੀਆਂ ਨੂੰ ਆਰਥਿਕ ਮਦਦ ਕਾਨੂੰਨ ਲਾਗੂ ਕਰਨ, ਤਨਖਾਹਾਂ ’ਚ ਸੁਧਾਰ ਕਰਨ ਅਤੇ ਸਿੱਖਿਆ ਦਾ ਬਜਟ ਵਧਾਉਣ ਦੀ ਮੰਗ ਨੂੰ ਲੈ ਕੇ ‘ਬਿਉਨਸਆਇਰਸ’ ਸਮੇਤ ਕਈ ਸ਼ਹਿਰਾਂ ’ਚ ਵਿਖਾਵਿਅਾਂ ਦੌਰਾਨ ਕਈ ਵਿਖਾਵਾਕਾਰੀ ਅਤੇ ਸੁਰੱਖਿਆ ਮੁਲਾਜ਼ਮ ਜ਼ਖ਼ਮੀ ਹੋ ਗਏ।
* 7 ਤੋਂ 21 ਅਕਤੂਬਰ ਦੇ ਵਿਚਾਲੇ ‘ਗ੍ਰੀਸ’ ’ਚ ‘ਏਥਨਜ਼’ ਸਮੇਤ ਕਈ ਸ਼ਹਿਰਾਂ ’ਚ ਸਿੱਖਿਆ ਬਜਟ, ਸੁਰੱਖਿਅਤ ਸਕੂਲੀ ਇਮਾਰਤਾਂ, ਅਧਿਆਪਕਾਂ ਦੀ ਭਰਤੀ, ਬਿਹਤਰ ਤਨਖ਼ਾਹ ਅਤੇ ਹੋਸਟਲ ਦੀ ਮੰਗ ਨੂੰ ਲੈ ਕੇ ਹੋਏ ਵਿਖਾਵਿਅਾਂ ’ਚ ਕਈ ਵਿਅਕਤੀ ਜ਼ਖ਼ਮੀ ਹੋ ਗਏ।
* 30 ਅਕਤੂਬਰ ਨੂੰ ‘ਅਲਬਾਨੀਆ’ ’ਚ ਭ੍ਰਿਸ਼ਟਾਚਾਰ, ਬੇਰੋਜ਼ਗਾਰੀ ਅਤੇ ਸਿੱਖਿਆ ਦੀ ਬਦਹਾਲੀ ਦੇ ਵਿਰੁੱਧ ਵਿਦਿਆਰਥੀ ਅੰਦੋਲਨ ’ਚ ਪ੍ਰਧਾਨ ਮੰਤਰੀ ‘ਏਦੀ ਰਾਮਾ’ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਅੰਦੋਲਨ ’ਚ ਹੁਣ ਤੱਕ 347 ਵਿਅਕਤੀ ਜ਼ਖ਼ਮੀ ਹੋਏ ਹਨ।
* 31 ਅਕਤੂਬਰ ਨੂੰ ਸਵਿਟਜ਼ਰਲੈਂਡ ਦੇ ‘ਜ਼ਿਊਰਿਖ’ ਅਤੇ ‘ਬੇਸਲ’ ਸ਼ਹਿਰਾਂ ’ਚ ਹਿੰਸਾ ਭੜਕ ਗਈ ਅਤੇ ‘ਹੁਣ ਬਹੁਤ ਹੋ ਗਿਆ’ ਦੇ ਨਾਅਰੇ ਨਾਲ ਲੱਖਾਂ ਦੀ ਗਿਣਤੀ ’ਚ ਨੌਜਵਾਨਾਂ ਨੇ ਸਰਕਾਰ ਦੀਆਂ ਸਮਾਜਿਕ ਅਤੇ ਆਰਥਿਕ ਨੀਤੀਆਂ ਵਿਰੁੱਧ ਵਿਖਾਵੇ ਕੀਤੇ।
* 31 ਅਕਤੂਬਰ ਨੂੰ ਹੀ ‘ਬੈਲਜੀਅਮ’ ਦੀ ਰਾਜਧਾਨੀ ‘ਬ੍ਰਸੇਲਜ਼’ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ ’ਚ ਵਧਦੀ ਮਹਿੰਗਾਈ, ਬਜਟ ’ਚ ਕਟੌਤੀ ਅਤੇ ਸਰਕਾਰ ਦੀਆਂ ਆਰਥਿਕ ਨੀਤੀਆਂ ਦੇ ਵਿਰੋਧ ’ਚ ਵੱਡੇ ਪੱਧਰ ’ਤੇ ਵਿਖਾਵਿਅਾਂ ਦੀ ਲੜੀ ’ਚ ਉੱਥੇ ਵੱਖ-ਵੱਖ ਯੂਨੀਅਨਾਂ ਵੱਲੋਂ ਕੀਤੇ ਵਿਖਾਵਿਅਾਂ ’ਚ 6,00,000 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ ਅਤੇ ਪੁਲਸ ’ਤੇ ਪੱਥਰਬਾਜ਼ੀ ਅਤੇ ਕੱਚ ਦੀਆਂ ਬੋਤਲਾਂ ਤੇ ਬਲਦੇ ਪਟਾਕਿਆਂ ਨਾਲ ਹਮਲਾ ਕੀਤਾ।
* 31 ਅਕਤੂਬਰ ਨੂੰ ‘ਪੁਰਤਗਾਲ’ ਦੀ ਰਾਜਧਾਨੀ ‘ਲਿਸਬਨ’ ’ਚ ਹਜ਼ਾਰਾਂ ਲੋਕਾਂ ਨੇ ਘੱਟ ਤਨਖ਼ਾਹਾਂ ਅਤੇ ਮਕਾਨਾਂ ਦੇ ਵਧਦੇ ਕਿਰਾਇਆਂ ਵਿਰੁੱਧ ਜਲੂਸ ਕੱਢ ਕੇ ਸਰਕਾਰ ਤੋਂ ਇਸ ਸੰਕਟ ਨੂੰ ਦੂਰ ਕਰਨ ਦੀ ਮੰਗ ਕੀਤੀ। ਵਿਸ਼ੇਸ਼ ਪੁਲਸ ਇਕਾਈਆਂ ਨੇ ਕੁੱਤਿਆਂ ਅਤੇ ਡਾਂਗਾਂ ਨਾਲ ਧਰਨੇ ਵਾਲੀਅਾਂ ਥਾਂਵਾਂ ਖਾਲੀ ਕਰਵਾਈਅਾਂ।
* 31 ਅਕਤੂਬਰ ਨੂੰ ਹੀ ‘ਜਰਮਨੀ’ ’ਚ ਮਹਿੰਗਾਈ ਅਤੇ ਸਿੱਖਿਆ ਸੇਵਾਵਾਂ ’ਚ ਕਟੌਤੀ ਅਤੇ ਫੌਜ ’ਚ ਲਾਜ਼ਮੀ ਸੇਵਾ ਦੇ ਵਿਰੋਧ ’ਚ ਹਜ਼ਾਰਾਂ ਵਿਖਾਵਾਕਾਰੀਅਾਂ ਨੇ ‘ਫ੍ਰੈਂਕਫਰਟ’ ਸਮੇਤ ਵੱਖ-ਵੱਖ ਸ਼ਹਿਰਾਂ ’ਚ ਦੇਰ ਰਾਤ ਤੱਕ ਰੈਲੀਆਂ ਕੱਢੀਆਂ ਅਤੇ ਸਾੜਫੂਕ, ਹਿੰਸਾ ਤੇ ਲੁੱਟ-ਖੋਹ ਕੀਤੀ। ਦੁਕਾਨਾਂ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਪੁਲਸ ਅਤੇ ਹੋਰ ਐਮਰਜੈਂਸੀ ਸੇਵਾਵਾਂ ਦੇ ਮੁਲਾਜ਼ਮਾਂ ’ਤੇ ਬੋਤਲਾਂ, ਬਲਦੇ ਪਟਾਕਿਆਂ ਅਤੇ ਪੱਥਰਾਂ ਨਾਲ ਹਮਲੇ ਕੀਤੇ।
* 31 ਅਕਤੂਬਰ ਤੋਂ ਹੀ ਬੰਗਲਾਦੇਸ਼ ’ਚ ਮਹਿੰਗਾਈ ’ਤੇ ਕਾਬੂ ਪਾਉਣ ’ਚ ਸਰਕਾਰ ਦੀ ਅਸਫ਼ਲਤਾ ਅਤੇ ਢਾਕਾ ਤੇ ਆਸ-ਪਾਸ ਦੇ ਇਲਾਕਿਆਂ ’ਚ ਸਥਿਤ ਗਾਰਮੈਂਟ ਫ਼ੈਕਟਰੀਆਂ ’ਚ ਕੰਮ ਕਰਨ ਵਾਲੇ ਕੱਪੜਾ ਮਿੱਲ ਮਜ਼ਦੂਰਾਂ ਵੱਲੋਂ ਭਾਰੀ ਵਿਖਾਵੇ ਜਾਰੀ ਹਨ।
ਬੰਗਲਾਦੇਸ਼ ਦੀ ਸਰਕਾਰ ਵੱਲੋਂ 1 ਨਵੰਬਰ ਨੂੰ ਇਨ੍ਹਾਂ ਲਈ ਨਵਾਂ ਤਨਖ਼ਾਹ ਬੋਰਡ ਗਠਿਤ ਕਰਨ ਦੇ ਐਲਾਨ ਦੇ ਬਾਵਜੂਦ 2 ਨਵੰਬਰ ਨੂੰ ਵੀ ਅੰਦੋਲਨਕਾਰੀ ਕੱਪੜਾ ਮਿੱਲ ਮਜ਼ਦੂਰਾਂ ਦੀਆਂ ਪੁਲਸ ਨਾਲ ਝੜਪਾਂ ਅਤੇ ਸਾੜਫੂਕ ਜਾਰੀ ਰਹੀ ਅਤੇ ਇਸ ਦੌਰਾਨ ਸੈਂਕੜੇ ਫ਼ੈਕਟਰੀਆਂ ’ਤੇ ਤਾਲੇ ਲਟਕ ਗਏ ਹਨ।
* ਸਪੇਨ ’ਚ ਲੋਕਾਂ ਨੂੰ ਰਹਿਣ ਲਈ ਮਕਾਨਾਂ ਦੀ ਸਮੱਸਿਆ ਅਤੇ ਮਕਾਨਾਂ ਦੇ ਵਧਦੇ ਕਿਰਾਇਆਂ ਨੂੰ ਲੈ ਕੇ ਵੱਡੇ ਪੱਧਰ ’ਤੇ ਅੰਦੋਲਨ ਜਾਰੀ ਹੈ। ਹਾਲ ਹੀ ’ਚ ਸਪੇਨ ਦੀ ਰਾਜਧਾਨੀ ‘ਮੈਡ੍ਰਿਡ’ ’ਚ ਇਕ ਬਜ਼ੁਰਗ ਅੌਰਤ ਨੂੰ ਉਸ ਦੇ ਘਰੋਂ ਬੇਦਖ਼ਲ ਕੀਤੇ ਜਾਣ ਤੋਂ ਬਾਅਦ ਇਹ ਸਮੱਸਿਆ ਦੇਸ਼ ਪੱਧਰੀ ਮੁੱਦਾ ਬਣ ਗਈ ਹੈ ਅਤੇ ਉੱਥੇ ਇਸੇ ਸਾਲ 9 ਨਵੰਬਰ ਨੂੰ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਵਿਰੋਧ ਵਿਖਾਵੇ ਜਾਰੀ ਹਨ।
* ਰੂਸ ਤੇ ਯੂਕ੍ਰੇਨ ’ਚ ਫ਼ਰਵਰੀ 2022 ’ਚ ਸ਼ੁਰੂ ਹੋਈ ਜੰਗ ਅਜੇ ਵੀ ਜਾਰੀ ਹੈ। ਇਜ਼ਰਾਈਲ-ਹਮਾਸ, ਈਰਾਨ-ਅਮਰੀਕਾ ਅਤੇ ਚੀਨ ਤੇ ਤਾਈਵਾਨ ਵਿਚਾਲੇ ਟਕਰਾਅ ਵੀ ਜਾਰੀ ਹਨ। ਈਰਾਨ ਸੰਕਟ ਕਾਰਨ ਤੇਲ ਮਹਿੰਗਾ ਹੋਣ ਨਾਲ ਯੂਰਪ ਸਮੇਤ ਵਿਸ਼ਵ ਦੇ ਉਦਯੋਗਾਂ ਦਾ ਭੱਠਾ ਬੈਠ ਗਿਆ ਹੈ ਅਤੇ ਸਿਰਫ਼ ਚੀਨ ਦੇ ਉਦਯੋਗ ਹੀ ਤਰੱਕੀ ’ਤੇ ਹਨ।
ਇਨ੍ਹਾਂ ਤੋਂ ਇਲਾਵਾ ਵੀ ਵਿਸ਼ਵ ਦੇ ਕਈ ਦੇਸ਼ ਸੁਡਾਨ, ਮਿਆਂਮਾਰ, ਮਾਲੀ, ਨਾਈਜਰ, ਬੁਰਕੀਨਾ ਫ਼ਾਸੋ, ਕਾਂਗੋ, ਤੁਰਕੀ, ਚਿੱਲੀ, ਹੰਗਰੀ ਅਤੇ ਯਮਨ ਆਦਿ ਆਪਸ ’ਚ ਹੀ ਉਲਝੇ ਹੋਏ ਹਨ। ਇਸ ਤਰ੍ਹਾਂ ਦੇ ਘਟਨਾਕ੍ਰਮ ਵਿਚਾਲੇ ਜੋ ਸੰਕੇਤ ਮਿਲ ਰਹੇ ਹਨ, ਉਨ੍ਹਾਂ ਤੋਂ ਤਾਂ ਇੰਝ ਹੀ ਲੱਗਦਾ ਹੈ ਕਿ ਇਸ ਭਿਆਨਕ ਅਸ਼ਾਂਤੀ ਦੀ ਸ਼ਿਕਾਰ ਦੁਨੀਆ ’ਚ ਸ਼ਾਂਤੀ ਅਤੇ ਸਦਭਾਵ ਦੀ ਨੇੜਲੇ ਭਵਿੱਖ ’ਚ ਆਸ ਕਰਨੀ ਵਿਅਰਥ ਹੀ ਹੈ।
— ਵਿਜੇ ਕੁਮਾਰ
'ਲਾਲ ਮਿਰਚ' ਦੇ ਦੀਵਾਨੇ 'ਭੂਟਾਨੀ'
NEXT STORY