ਅਗਲੇ ਸਾਲ ਉੱਤਰ ਪ੍ਰਦੇਸ਼ ਅਤੇ ਪੰਜਾਬ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਗੱਠਜੋੜ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਉੱਤਰ ਪ੍ਰਦੇਸ਼ ’ਚ ਕਾਂਗਰਸ ਅਤੇ ਸਪਾ ਦਾ ਗੱਠਜੋੜ ਤੈਅ ਹੈ। ਸੀਟਾਂ ਦੀ ਵੰਡ ’ਤੇ ਗੱਲਬਾਤ ਜਾਰੀ ਹੈ। ਪੰਜਾਬ ’ਚ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਇਕ ਵਾਰ ਫਿਰ ਲੰਬੇ ਸਮੇਂ ਬਾਅਦ ਇਕੱਠੇ ਹੋਣ ਦੀ ਸੰਭਾਵਨਾ ਬਣ ਰਹੀ ਹੈ।
ਉੱਤਰ ਪ੍ਰਦੇਸ਼ ਦੀ ਗੱਲ ਕਰੀਏ ਤਾਂ ਅਸੀਂ ਦੇਖ ਸਕਦੇ ਹਾਂ ਕਿ ਭਾਜਪਾ ਦੀ ਯੋਗੀ ਸਰਕਾਰ ਕਾਨੂੰਨ ਵਿਵਸਥਾ ਦੇ ਮੋਰਚੇ ’ਤੇ ਸਫ਼ਲ ਹੈ, ਜਦਕਿ ਹੋਰ ਖੇਤਰਾਂ ’ਚ ਖ਼ਾਸ ਸਫ਼ਲ ਨਹੀਂ ਹੈ। ਇਹੀ ਕਾਰਨ ਹੈ ਕਿ ਯੋਗੀ ਜੀ ਉਨ੍ਹਾਂ ਚੀਜ਼ਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜੋ ਉਨ੍ਹਾਂ ਨੂੰ ਕਰਨੀਆਂ ਚਾਹੀਦੀਆਂ ਸਨ। ਇਸ ਲਈ ਉਹ ਫਿਰ ਤੋਂ ਚੋਣਾਂ ਨੂੰ ਹਿੰਦੂ-ਮੁਸਲਿਮ ਵੱਲ ਲੈ ਕੇ ਜਾ ਰਹੇ ਹਨ। ਇਹੀ ਕਾਰਨ ਹੈ ਕਿ ਉਹ ਕਦੇ 80-20 ਦੀ ਗੱਲ ਕਰਦੇ ਹਨ ਅਤੇ ਕਦੇ ਸਪਾ ਨੂੰ ਹਿੰਦੂ ਵਿਰੋਧੀ ਦੱਸ ਰਹੇ ਹਨ।
ਮੈਂ ਸਮਝਦਾ ਹਾਂ ਕਿ ਭਾਜਪਾ ਨੇ ਆਪਣੀਆਂ ਜੜ੍ਹਾਂ ਜਮਾਉਣ ਲਈ ਬਹੁਤ ਹਿੰਦੂ-ਮੁਸਲਿਮ ਕਰ ਲਿਆ ਹੈ, ਹੁਣ ਉਸ ਨੂੰ ਆਪਣੇ ਕੰਮ ਅਤੇ ਸਦਭਾਵਨਾ ’ਤੇ ਚੋਣਾਂ ਲੜਨੀਆਂ ਚਾਹੀਦੀਆਂ ਹਨ ਕਿਉਂਕਿ ਵੋਟਾਂ ਲਈ ਲੰਬੇ ਸਮੇਂ ਤੱਕ ਦੇਸ਼ ’ਚ ਦੋ ਭਾਈਚਾਰਿਆਂ ਨੂੰ ਇਕ-ਦੂਜੇ ਪ੍ਰਤੀ ਨਫ਼ਰਤ ਰੱਖਣ ਦੀ ਪ੍ਰਵਿਰਤੀ ਨੁਕਸਾਨਦੇਹ ਹੋ ਸਕਦੀ ਹੈ ਅਤੇ ਜੇਕਰ ਜੈੱਨ-ਜ਼ੀ ਦੇ ਰਵੱਈਏ ਅਤੇ ਵਿਚਾਰਾਂ ਨੂੰ ਦੇਖੀਏ ਤਾਂ ਇਹ ਮੂਰਖਤਾ ਹੈ।
ਚੋਣਾਂ ਵਾਲੇ ਸੂਬਿਆਂ ਦੇ ਨਾਲ-ਨਾਲ ਪੂਰੇ ਦੇਸ਼ ’ਚ ਜਨਤਾ ਇਸ ਸਮੇਂ ਮਹਿੰਗਾਈ ਤੋਂ ਪ੍ਰੇਸ਼ਾਨ ਹੈ। ਬੇਰੁਜ਼ਗਾਰੀ ਕਾਰਨ ਨੌਜਵਾਨ ਨਿਰਾਸ਼ਾ ’ਚ ਹਨ। ਆਮ ਆਦਮੀ ਪੇਟ ਭਰਨ ਲਈ ਜੂਝ ਰਿਹਾ ਹੈ। ਭਾਵੇਂ ਸਰਕਾਰ ਲੋਕਾਂ ਨੂੰ 5 ਕਿਲੋ ਮੁਫ਼ਤ ਰਾਸ਼ਨ ਦਾ ਝੁਨਝੁਨਾ ਫੜਾ ਰਹੀ ਹੈ ਪਰ ਇਸ ਤੋਂ ਇਲਾਵਾ ਵੀ ਆਮ ਆਦਮੀ ਨੂੰ ਹੋਰ ਵੀ ਕੁਝ ਚਾਹੀਦਾ ਹੁੰਦਾ ਹੈ ਜੋ ਉਸ ਨੂੰ ਉਸ ਦੀ ਕਮਾਈ ’ਚੋਂ ਨਹੀਂ ਮਿਲ ਪਾ ਰਿਹਾ।
ਨੌਜਵਾਨਾਂ ’ਚ ਰੋਸ ਬਿਨਾਂ ਵਜ੍ਹਾ ਨਹੀਂ ਹੈ। ਇਸ ਨੂੰ ਸਮਝਣ ਦੀ ਲੋੜ ਹੈ। ਇਹ ਰੋਸ ਕਦੇ ਧਰਮਿੰਦਰ ਪ੍ਰਧਾਨ ਅਤੇ ਕਦੇ ਗਿਆਨੇਸ਼ ਕੁਮਾਰ ਦੇ ਵਿਰੋਧ ਵਜੋਂ ਨਿਕਲ ਰਿਹਾ ਹੈ ਪਰ ਸਰਕਾਰ ਨੌਜਵਾਨਾਂ ਨੂੰ ਸਮਝ ਨਹੀਂ ਪਾ ਰਹੀ ਅਤੇ ਨੌਜਵਾਨ ਵੀ ਸਰਕਾਰ ਨੂੰ ਆਪਣੀਆਂ ਅਸਲ ਸਮੱਸਿਆਵਾਂ ਚੰਗੀ ਤਰ੍ਹਾਂ ਸਮਝਾ ਨਹੀਂ ਪਾ ਰਹੇ। ਇਹ ਸਾਰੀਆਂ ਗੱਲਾਂ ਇਸ ਵਾਰ ਉਨ੍ਹਾਂ ਸੂਬਿਆਂ ’ਚ ਚੋਣ ਮੁੱਦਾ ਰਹਿਣਗੀਆਂ ਜਿੱਥੇ ਚੋਣਾਂ ਹੋਣੀਆਂ ਹਨ।
ਪੰਜਾਬ ’ਚ ਤਾਂ ਖ਼ੈਰ ਮੁਸਲਿਮ ਵੋਟਾਂ ਦਾ ਖ਼ਾਸ ਪ੍ਰਭਾਵ ਨਹੀਂ ਹੈ। ਉੱਥੇ ਕਿਸਾਨਾਂ ਦੀਆਂ ਸਮੱਸਿਆਵਾਂ, ਨਸ਼ਾ, ਵਧਦੇ ਅਪਰਾਧ ਮੁੁੱਦਾ ਹੋ ਸਕਦੇ ਹਨ। ਜੇਕਰ ਸ਼੍ਰੋਮਣੀ ਅਕਾਲੀ ਦਲ ਭਾਜਪਾ ਨਾਲ ਗੱਠਜੋੜ ਕਰਕੇ ਇੱਥੇ ਚੋਣ ਮੈਦਾਨ ’ਚ ਉਤਰਦਾ ਹੈ ਤਾਂ ਕਿਸਾਨਾਂ ਦੀਆਂ ਸਮੱਸਿਆਵਾਂ ਉਨ੍ਹਾਂ ਲਈ ਮੁਸੀਬਤ ਬਣ ਸਕਦੀਆਂ ਹਨ, ਕਿਉਂਕਿ ਪੰਜਾਬ ਦੇ ਕਿਸਾਨਾਂ ’ਚ ਭਾਜਪਾ ਦੀ ਦਿੱਖ ਚੰਗੀ ਨਹੀਂ ਹੈ।
ਆਮ ਆਦਮੀ ਪਾਰਟੀ ਪੰਜਾਬ ’ਚ ਪੰਜ ਸਾਲ ਤੋਂ ਸੱਤਾ ’ਚ ਹੁੰਦਿਆਂ ਹੋਇਆਂ ਵੀ ਜਨਤਾ ’ਚ ਕੋਈ ਖ਼ਾਸ ਪ੍ਰਭਾਵ ਨਹੀਂ ਛੱਡ ਸਕੀ। ਨਸ਼ੇ ਅਤੇ ਅਪਰਾਧਾਂ ਨੂੰ ਰੋਕਣ ’ਚ ਬੁਰੀ ਤਰ੍ਹਾਂ ਅਸਫ਼ਲ ਰਹੀ ਹੈ। ਕਾਂਗਰਸ ਪੰਜਾਬ ’ਚ ਪੂਰੇ ਦਮਖ਼ਮ ਅਤੇ ਸੂਝ-ਬੂਝ ਨਾਲ ਚੋਣ ਲੜੇ ਤਾਂ ਸੰਭਵ ਤੌਰ ’ਤੇ ਸਫ਼ਲ ਹੋ ਸਕਦੀ ਹੈ।
ਉੱਤਰ ਪ੍ਰਦੇਸ਼ ’ਚ ਅਖਿਲੇਸ਼ ਯਾਦਵ ਆਪਣੇ ਪੀ. ਡੀ. ਏ. ਦੇ ਨਾਅਰੇ ਨਾਲ ਚੋਣਾਂ ’ਚ ਉਤਰ ਰਹੇ ਹਨ। ਇਕ ਗੱਲ ਜੋ ਮੈਨੂੰ ਅਕਸਰ ਚੁੱਭਦੀ ਹੈ, ਮੀਡੀਆ ਅਤੇ ਖ਼ੁਦ ਮੁਸਲਮਾਨ ਵੀ ਇਸ ਲਈ ਜ਼ਿੰਮੇਵਾਰ ਹਨ। ਉਨ੍ਹਾਂ ਨੂੰ ਅਕਸਰ ਇਕ ਪਾਰਟੀ ਨਾਲ ਜੋੜ ਕੇ ਵੋਟ ਬੈਂਕ ਵਜੋਂ ਦਿਖਾਇਆ ਜਾਂਦਾ ਹੈ। ਜਦੋਂ ਅਖਿਲੇਸ਼ ਉੱਤਰ ਪ੍ਰਦੇਸ਼ ਦੇ ਇਕ ਬੜਬੋਲੇ ਮੁਸਲਿਮ ਨੇਤਾ ਨੂੰ ਮਿਲੇ ਤਾਂ ਮੀਡੀਆ ਨੇ ਕਿਆਸ ਲਾਉਣੇ ਸ਼ੁਰੂ ਕਰ ਦਿੱਤੇ ਕਿ ਅਸਦੁਦੀਨ ਓਵੈਸੀ ਦੇ ਡਰੋਂ ਮੁਸਲਿਮ ਵੋਟ ਬੈਂਕ ਨੂੰ ਆਪਣੇ ਨਾਲ ਰੱਖਣ ਲਈ ਅਖਿਲੇਸ਼ ਆਜ਼ਮ ਖ਼ਾਨ ਨੂੰ ਮਿਲੇ ਹਨ। ਇਹ ਮੀਡੀਆ ਅਤੇ ਅਖਿਲੇਸ਼ ਦੀ ਸੋਚ ਹੋ ਸਕਦੀ ਹੈ ਪਰ ਮੁਸਲਮਾਨਾਂ ਦੀ ਨਹੀਂ, ਕਿਉਂਕਿ ਮੁਸਲਿਮ ਕੋਈ ਵੋਟ ਬੈਂਕ ਨਹੀਂ ਸਗੋਂ ਇਕ ਵੋਟਰ ਹੈ।
ਅਖਿਲੇਸ਼ ਯਾਦਵ ਨੂੰ ਬਹੁਤ ਮਿਹਨਤ ਕਰਨੀ ਪਵੇਗੀ। ਉਨ੍ਹਾਂ ਦੀ ਪਹਿਲੀ ਪੰਜ ਸਾਲ ਦੀ ਸਰਕਾਰ ਦੌਰਾਨ ਉਨ੍ਹਾਂ ਨੇ ਕੁਝ ਚੰਗੀਆਂ ਸ਼ੁਰੂਆਤਾਂ ਕੀਤੀਆਂ ਸਨ ਜਿਵੇਂ ਕਿ ਪ੍ਰਦੇਸ਼ ’ਚ 112 ਪੁਲਸ ਸੇਵਾ, ਐਂਬੂਲੈਂਸ ਸੇਵਾ ਅਤੇ ਬਿਜਲੀ ਸਪਲਾਈ ’ਚ ਸੁਧਾਰ, ਪਰ ਕੁਝ ਨੇਤਾਵਾਂ ਦੇ ਕਾਰਨਾਮਿਆਂ ਨੇ ਉਸ ਸਮੇਂ ਸਰਕਾਰ ਦੀ ਦਿੱਖ ਨੂੰ ਧੁੰਦਲਾ ਕੀਤਾ ਸੀ। ਅਖਿਲੇਸ਼ ਨੂੰ ਜਨਤਾ ਨੂੰ ਭਰੋਸਾ ਦਿਵਾਉਣਾ ਪਵੇਗਾ ਕਿ ਅੱਗੇ ਤੋਂ ਅਜਿਹਾ ਨਹੀਂ ਹੋਵੇਗਾ।
ਦੋਵਾਂ ਹੀ ਸੂਬਿਆਂ ’ਚ ਇਸ ਵਾਰ ਚੋਣਾਂ ਬਹੁਤ ਦਿਲਚਸਪ ਹੋਣਗੀਆਂ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਨ੍ਹਾਂ ਚੋਣਾਂ ’ਚ ਜਨ-ਮਾਨਸਿਕਤਾ ਕਿਹੋ ਜਿਹੀ ਹੋਵੇਗੀ, ਇਹ ਮਹੱਤਵਪੂਰਨ ਰਹੇਗਾ। ਜਨਤਾ ਨੇ ਆਪਣੇ ਵਿਵੇਕ ਨਾਲ ਆਪਣੇ ਅਤੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਧਿਆਨ ’ਚ ਰੱਖ ਕੇ ਸਰਕਾਰ ਚੁਣਨੀ ਹੈ।
ਛੱਡੋ ਯਾਰੋ ਨਫ਼ਰਤ ਦੀਆਂ ਗੱਲਾਂ,
ਬੀਤ ਗਈਆਂ ਉਹ ਕਾਲੀਆਂ ਰਾਤਾਂ,
ਹੁਣ ਰਲ ਕੇ ਦੇਸ਼-ਪ੍ਰਦੇਸ਼ ਨੂੰ ਬਣਾਉਣਾ ਹੈ,
ਚੰਗੇ ਲੋਕਾਂ ਅਤੇ ਚੰਗੀ ਸੋਚ ਨੂੰ ਲਿਆਉਣਾ ਹੈ।
–ਵਕੀਲ ਅਹਿਮਦ
ਸਾਡੇ ਤਿਉਹਾਰ, ਸਾਡੀਆਂ ਪ੍ਰੰਪਰਾਵਾਂ ਅਤੇ ਉਹ ਵਿਰਸਾ ਜੋ ਅਸੀਂ ਅੱਗੇ ਸੌਂਪਣਾ ਹੈ
NEXT STORY