ਵਿਸ਼ਵ ਦੀ ਸਰਵਉੱਚ ਅਤੇ ਸ੍ਰੇਸ਼ਠ ਸੰਸਦ ਸੰਯੁਕਤ ਰਾਸ਼ਟਰ ਦਾ ਉਦੇਸ਼ ਰਾਸ਼ਟਰਾਂ ਦੇ ਆਪਸੀ ਤਣਾਅ ਤੇ ਵਿਵਾਦਾਂ ਦਾ ਹੱਲ ਕਰਨਾ, ਜੰਗਾਂ ਨੂੰ ਰੋਕਣਾ, ਮਨੁੱਖੀ ਵਿਕਾਸ ਦਾ ਰਾਹ ਦਸੇਰਾ ਬਣਨਾ ਅਤੇ ਸ਼ਾਂਤੀ ਸਥਾਪਤ ਕਰਨਾ ਹੈ ਪਰ ਇਸ ਦੇ ਯਤਨਾਂ ਦੇ ਬਾਵਜੂਦ ਕਈ ਰਾਸ਼ਟਰ ਮੁਖੀ ਗੱਲਬਾਤ ਅਤੇ ਕੂਟਨੀਤੀ ਦੀ ਬਜਾਏ ਜੰਗਾਂ ਨਾਲ ਆਪਣੇ ਸਵਾਰਥ ਹੱਲ ਕਰਨ ’ਚ ਲੱਗੇ ਹੋਏ ਹਨ। ਜੰਗਾਂ ਵਾਲੀ ਸੋਚ ਹੈਰਾਨੀਜਨਕ, ਅਫ਼ਸੋਸਨਾਕ, ਚਿੰਤਾਜਨਕ ਅਤੇ ਮਨੁੱਖੀ ਸਮਾਜ ਨੂੰ ਘੋਰ ਹਨੇਰੇ ਵੱਲ ਵਧਾ ਰਹੀ ਹੈ।
ਸ਼ਕਤੀਸ਼ਾਲੀ ਦੇਸ਼ ਰੂਸ ਅਤੇ ਯੂਕ੍ਰੇਨ ਪਿਛਲੇ 4 ਸਾਲਾਂ ਤੋਂ ਜੰਗ ਦੀ ਅੱਗ ’ਚ ਧੁਖ ਰਹੇ ਹਨ। ਢਾਈ ਸਾਲਾਂ ਤੋਂ ਇਜ਼ਰਾਈਲ ਅਤੇ ਹਮਾਸ ’ਚ ਘਮਾਸਾਨ ਹੈ ਅਤੇ ਹੁਣ ਅਮਰੀਕਾ ਅਤੇ ਇਜ਼ਰਾਈਲ ਨੇ ਈਰਾਨ ’ਤੇ ਹਮਲਾ ਕਰ ਕੇ ਮੱਧ ਏਸ਼ੀਆ ’ਚ ਇਕ ਨਵੀਂ ਮੁਸੀਬਤ ਖੜ੍ਹੀ ਕਰ ਦਿੱਤੀ ਹੈ, ਜਿਸ ਦੇ ਨਤੀਜੇ ਵਜੋਂ ਈਰਾਨ ਦੇ ਧਰਮ ਗੁਰੂ ਤੋਂ ਇਲਾਵਾ ਹੋਰ ਵੀ ਮਾਸੂਮ ਅਤੇ ਨਿਰਦੋਸ਼ ਲੋਕ ਮਾਰੇ ਜਾ ਰਹੇ ਹਨ। ਇਹੀ ਹਾਲ ਇਜ਼ਰਾਈਲ ’ਚ ਵੀ ਹੋ ਰਿਹਾ ਹੈ।
ਈਰਾਨ ਨੇ ਸਾਊਦੀ ਅਰਬ, ਯੂ. ਏ. ਈ., ਕੁਵੈਤ, ਕਤਰ, ਬਹਿਰੀਨ, ਓਮਾਨ ’ਤੇ ਹਮਲਾ ਕਰ ਕੇ ਜੰਗ ਦਾ ਇਕ ਨਵਾਂ ਅਧਿਆਇ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਵਿਸ਼ਵ ’ਚ ਖਾਧ ਪਦਾਰਥਾਂ, ਤੇਲ, ਗੈਸ ਅਤੇ ਹੋਰ ਚੀਜ਼ਾਂ ਦੀ ਭਾਰੀ ਕਿੱਲਤ ਨਾਲ ਮਹਿੰਗਾਈ ਵਧਣ ਲੱਗੀ ਹੈ। ਇਸ ਨਾਲ ਕਈ ਛੋਟੇ ਦੇਸ਼ਾਂ ’ਚ ਅਰਾਜਕਤਾ ਫੈਲਣ ਦਾ ਖਤਰਾ ਪੈਦਾ ਹੋ ਰਿਹਾ ਹੈ। ਹਾਲਾਂਕਿ ਯੂ.ਐੱਨ. ਇਕ ਮਜ਼ਬੂਤ ਸੰਗਠਨ ਹੈ ਪਰ ਇਹ ਸਿਰਫ ਮਤਾ ਪਾਸ ਕਰਨ ਵਾਲੀ ਸੰਸਥਾ ਬਣ ਕੇ ਰਹਿ ਗਿਆ ਹੈ, ਜਦਕਿ ਇਸ ਨੂੰ ਪ੍ਰਭਾਵਸ਼ਾਲੀ ਭੂਮਿਕਾ ਨਿਭਾ ਕੇ ਜੰਗ ਬੰਦ ਕਰਵਾਉਣੀ ਚਾਹੀਦੀ ਹੈ।
ਇਜ਼ਰਾਈਲ ਭਾਰਤ ਦਾ ਮੁਸੀਬਤ ਦੇ ਸਮੇਂ ਨਾਲ ਖੜ੍ਹਾ ਰਹਿਣ ਵਾਲਾ ਮਿੱਤਰ ਦੇਸ਼ ਹੈ ਪਰ ਈਰਾਨ ਨਾਲ ਵੀ ਪ੍ਰਾਚੀਨ ਕਾਲ ਤੋਂ ਸਾਡੇ ਗੂੜ੍ਹੇ ਸਬੰਧ ਰਹੇ ਹਨ। ਈਰਾਨ ਅਤੇ ਇਜ਼ਰਾਈਲ ਵੀ ਕਦੇ ਮਿੱਤਰ ਦੇਸ਼ ਸਨ। ਈਰਾਨ ਤੇਲ ਦਿੰਦਾ ਸੀ ਅਤੇ ਇਜ਼ਰਾਈਲ ਹਥਿਆਰ ਪਰ 1979 ’ਚ ਇਸਲਾਮਿਕ ਕ੍ਰਾਂਤੀ ਨਾਲ ਰਜ਼ਾ ਪਹਿਲਵੀ ਦਾ ਪ੍ਰਗਤੀਸ਼ੀਲ ਅਤੇ ਉਦਾਰਵਾਦੀ ਸਮਾਜ ਦੀ ਥਾਂ ਰੂੜ੍ਹੀਵਾਦੀ ਅਤੇ ਨਾਉਦਾਰਵਾਦੀ ਸਮਾਜ ਦੀ ਸਥਾਪਨਾ ਕਰ ਦਿੱਤੀ ਗਈ ਅਤੇ ਇਜ਼ਰਾਈਲ ਦਾ ਨਾਮੋ-ਨਿਸ਼ਾਨ ਮਿਟਾਉਣ ਦੇ ਨਾਅਰੇ ਲੱਗਣ ਲੱਗੇ। ਈਰਾਨ ਨੇ ਲੈਬਨਾਨ ’ਚ ਹਿਜ਼ਬੁੱਲਾ, ਗਾਜ਼ਾ ’ਚ ਹਮਾਸ ਅਤੇ ਯਮਨ ’ਚ ਹੂਥੀ ਅੱਤਵਾਦੀ ਸੰਗਠਨਾਂ ਦੀ ਖੁੱਲ੍ਹ ਕੇ ਹਥਿਆਰਾਂ ਅਤੇ ਧਨ ਨਾਲ ਮਦਦ ਕਰਨੀ ਸ਼ੁਰੂ ਕਰ ਦਿੱਤੀ, ਜੋ ਇਜ਼ਰਾਈਲ ਦੀ ਹੋਂਦ ਲਈ ਖਤਰਾ ਬਣ ਰਹੇ ਸਨ।
ਦੂਜਾ, ਈਰਾਨ ਐਟਮੀ ਸ਼ਕਤੀ ਬਣਨ ਦੀ ਤਿਆਰੀ ਕਰ ਰਿਹਾ ਸੀ, ਜਿਸ ਨਾਲ ਇਜ਼ਰਾਈਲ ਹੀ ਨਹੀਂ, ਸਗੋਂ ਸਾਊਦੀ ਅਰਬ ਅਤੇ ਆਸ-ਪਾਸ ਦੇ ਛੋਟੇ ਦੇਸ਼ਾਂ ਲਈ ਵੀ ਇਕ ਨਵਾਂ ਖਤਰਾ ਪੈਦਾ ਹੋ ਰਿਹਾ ਸੀ। ਤੀਜਾ, ਸਾਊਦੀ ਅਰਬ ਨੂੰ ਇਹ ਡਰ ਸੀ ਕਿ ਸ਼ਕਤੀਸ਼ਾਲੀ ਈਰਾਨ ਕਿਤੇ ਇਸਲਾਮ ਦੇ ਧਾਰਮਿਕ ਪਵਿੱਤਰ ਸਥਾਨ ਮੱਕਾ ਅਤੇ ਮਦੀਨਾ ’ਤੇ ਹੀ ਕਬਜ਼ਾ ਨਾ ਕਰ ਲਵੇ। ਚੌਥਾ, ਰਾਸ਼ਟਰਪਤੀ ਟਰੰਪ ਵੇਨੇਜ਼ੁਏਲਾ ਦੀ ਤਰ੍ਹਾਂ ਈਰਾਨ ਦੇ ਤੇਲ ’ਤੇ ਵੀ ਕਬਜ਼ਾ ਕਰਨਾ ਚਾਹੁੰਦੇ ਹਨ। ਇਹ ਲੜਾਈ ਸਾਊਦੀ ਅਰਬ ਅਤੇ ਈਰਾਨ ਦੀ ਹੈ। ਸੁੰਨੀ ਬਹੁਗਿਣਤੀ ਅਤੇ ਸ਼ੀਆ ਮੁਸਲਿਮ ਦੇ ਦਬਦਬੇ ਦੀ ਹੈ। ਇਜ਼ਰਾਈਲ ਆਪਣੀ ਹੋਂਦ ਨੂੰ ਸੁਰੱਖਿਅਤ ਰੱਖਣਾ ਅਤੇ ਅਮਰੀਕਾ ਆਪਣੀ ਸ਼ਕਤੀ ਦਾ ਫਾਇਦਾ ਉਠਾਉਣਾ ਚਾਹੁੰਦਾ ਹੈ।
ਟਰੰਪ ਨੇ ਈਰਾਨ ’ਤੇ ਹਮਲੇ ਤੋਂ ਪਹਿਲਾਂ ਉਸ ਦੀ ਸ਼ਕਤੀ ਨੂੰ ਘੱਟ ਕਰ ਕੇ ਮਿੱਥਿਆ ਹੈ ਪਰ ਈਰਾਨ ਵੇਨੇਜ਼ੁਏਲਾ ਨਹੀਂ, ਜਿੱਥੇ ਆਸਾਨੀ ਨਾਲ ਕਬਜ਼ਾ ਹੋ ਜਾਵੇਗਾ। ਟਰੰਪ ਨੇ ਨਾਟੋ ਦੇਸ਼ਾਂ ਅਤੇ ਚੀਨ ਤੋਂ ਜੰਗੀ ਜਹਾਜ਼ਾਂ ਦੀ ਮਦਦ ਮੰਗੀ ਹੈ ਤਾਂ ਜੋ ਹੋਰਮੁਜ਼ ਤੋਂ ਤੇਲ, ਗੈਸ ਅਤੇ ਹੋਰ ਵਸਤੂਆਂ ਨਾਲ ਭਰੇ ਜਹਾਜ਼ਾਂ ਨੂੰ ਕੱਢਿਆ ਜਾ ਸਕੇ ਪਰ ਸਭ ਨੇ ਸਹਿਯੋਗ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਟਰੰਪ ਈਰਾਨ ਨੂੰ ਗੋਡਿਆਂ ਭਾਰ ਲਿਆਉਣਾ ਚਾਹੁੰਦਾ ਹੈ ਪਰ ਉਸ ਦੇ ਵਿਰੋਧੀ ਉਸ ਨੂੰ ਹੀ ਗੋਡਿਆਂ ਭਾਰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ।
ਜੰਗ ਦੇ ਦੌਰਾਨ ਭਾਰਤ ਨੇ ਈਰਾਨ ਦੇ ਨਾਲ-ਨਾਲ ਖਾੜੀ ਦੇਸ਼ਾਂ ਨਾਲ ਵੀ ਗੱਲਬਾਤ ਜਾਰੀ ਰੱਖੀ ਅਤੇ ਈਰਾਨ ਨੂੰ ਭਾਰੀ ਮਾਤਰਾ ’ਚ ਜੰਗ ’ਚ ਹੋਏ ਜ਼ਖਮੀ ਲੋਕਾਂ ਲਈ ਜਹਾਜ਼ ਭਰ ਕੇ ਦਵਾਈਆਂ ਭੇਜੀਆਂ, ਜਦਕਿ 56 ਮੁਸਲਿਮ ਦੇਸ਼ਾਂ ’ਚੋਂ ਕਿਸੇ ਨੇ ਵੀ ਕਿਸੇ ਤਰ੍ਹਾਂ ਦੀ ਕੋਈ ਸਹਾਇਤਾ ਨਹੀਂ ਕੀਤੀ। ਮੁਸ਼ਕਲ ਦੀ ਘੜੀ ’ਚ ਭਾਰਤ ਨੇ ਤੁਰਕੀ ਅਤੇ ਹੋਰ ਦੇਸ਼ਾਂ ਦੀ ਵੀ ਮਦਦ ਕੀਤੀ ਹੈ।
ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ। ਇਹ ਤਬਾਹੀ ਅਤੇ ਬਰਬਾਦੀ ਦਾ ਕਾਰਨ ਬਣਦੀ ਹੈ। ਪਹਿਲੀ ਸੰਸਾਰ ਜੰਗ ’ਚ (1914-1918) ਢਾਈ ਕਰੋੜ ਅਤੇ ਦੂਜੀ ਸੰਸਾਰ ਜੰਗ (1939-1945) ’ਚ 5 ਕਰੋੜ ਅਤੇ ਜਾਲਮ ਚੰਗੇਜ਼ ਖਾਂ ਅਤੇ ਤੈਮੂਰ ਲੰਗ ਨੇ 7 ਕਰੋੜ ਤੋਂ ਵੱਧ ਲੋਕਾਂ ਨੂੰ ਕਤਲ ਕਰਵਾ ਦਿੱਤਾ ਸੀ। ਹਕੀਕਤ ’ਚ ਜੰਗ ਸੱਭਿਅਕ ਮਨੁੱਖੀ ਸਮਾਜ ’ਤੇ ਇਕ ਬਦਨੁਮਾ ਧੱਬਾ ਹੈ। ਇਸ ਤੋਂ ਸਦਾ ਲਈ ਛੁਟਕਾਰਾ ਪਾਉਣ ਲਈ ਵਿਸ਼ਵ ’ਚ ਇਕ ਨਵੀਂ ਸੋਚ ਵਿਕਸਿਤ ਕੀਤੀ ਜਾਣੀ ਚਾਹੀਦੀ ਹੈ। ਇਸ ਸਬੰਧ ’ਚ ਇਕ ਸ਼ੇਅਰ ਨਜ਼ਰ ਕਰਦਾ ਹਾਂ :
ਆਦਮੀ ਖੁਦ ਕੋ ਕਭੀ ਯੂੰ ਭੀ ਸਜ਼ਾ ਦੇਤਾ ਹੈ,
ਅਪਨੇ ਦਾਮਨ ਸੇ ਖੁਦ ਸ਼ੋਲੋਂ ਕੋ ਹਵਾ ਦੇਤਾ ਹੈ।
ਮੁਝੇ ਉਸ ਸਿਆਸਤਦਾਨ ਕੀ ਸਿਆਸਤ ਪਰ ਤਰਸ ਆਤਾ ਹੈ,
ਸ਼ਾਂਤੀ ਕੀ ਬਜਾਏ ਜੋ ਯੁੱਧ ਕੋ ਤਰਜੀਹ ਦੇਤਾ ਹੈ।
ਪ੍ਰੋ. ਦਰਬਾਰੀ ਲਾਲ (ਸਾਬਕਾ ਡਿਪਟੀ ਸਪੀਕਰ, ਪੰਜਾਬ ਵਿਧਾਨ ਸਭਾ)
‘ਮੋਬਾਈਲ ਦੇ ਜਾਲ ’ਚ ਫਸਦੇ ਵਿਦਿਆਰਥੀ-ਵਿਦਿਆਰਥਣਾਂ’ ਵਰਤੋਂ ’ਤੇ ਰੋਕ ਲਗਾਉਣੀ ਜ਼ਰੂਰੀ!
NEXT STORY