ਇਤਿਹਾਸ ’ਚ ਕਿਸੇ ਵੀ ਯੁੱਧ ਦੇ ਦੱਸੇ ਗਏ ਤਰਕਾਂ ਦੇ ਪਿੱਛੇ, ਭਾਵੇਂ ਉਹ ਨਿਆਂਸੰਗਤ ਕਾਰਨ ਹੋਣ, ਪ੍ਰਮਾਣੂ ਖ਼ਤਰੇ ਹੋਣ ਜਾਂ ਸੱਤਾ ਪਰਿਵਰਤਨ, ਮੂਲ ਸੱਚ ਇਕ ਹੀ ਹੈ—ਸੰਘਰਸ਼ ਹਮੇਸ਼ਾ ਤੋਂ ਸਰੋਤਾਂ ਦੀ ਖੋਜ ਰਿਹਾ ਹੈ। ਈਰਾਨ ਜੰਗ ਮਹਿਜ਼ ਇਸ ਦਾ ਤਾਜ਼ਾ ਅਧਿਆਏ ਹੈ।
ਗਾਜ਼ਾ ਅਤੇ ਤਹਿਰਾਨ ’ਚ ਇਕਪਾਸੜ ਬੰਬਾਰੀ ਅਤੇ ਇਕ ਮੌਜੂਦਾ ਰਾਸ਼ਟਰ ਮੁਖੀ ਦੇ ਅਗਵਾ ਤੋਂ ਬਾਅਦ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸ਼ਾਇਦ ਖ਼ੁਦ ਨੂੰ ਇਹ ਯਕੀਨ ਦਿਵਾ ਲਿਆ ਸੀ ਕਿ ਇਸੇ ਤਰ੍ਹਾਂ ਦੀ ਰਣਨੀਤੀ ਨਾਲ ਈਰਾਨ ਨੂੰ ਕੁਝ ਹੀ ਘੰਟਿਆਂ ’ਚ ਕੁਚਲ ਦਿੱਤਾ ਜਾਵੇਗਾ ਪਰ 3 ਹਫ਼ਤਿਆਂ ਤੋਂ ਚੱਲ ਰਹੇ ਇਸ ਲਗਾਤਾਰ ਵਧਦੇ ਸੰਘਰਸ਼ ’ਚ, ਇਹ ਭਰਮ ਬੇਰਹਿਮੀ ਨਾਲ ਟੁੱਟ ਗਿਆ ਹੈ।
9 ਕਰੋੜ ਤੋਂ ਵੱਧ ਆਬਾਦੀ ਵਾਲਾ ਈਰਾਨ ਅਮਰੀਕਾ ਦੇ ਯੁੱਧ-ਖੇਤਰਾਂ ਵੀਅਤਨਾਮ, ਇਰਾਕ ਅਤੇ ਅਫ਼ਗਾਨਿਸਤਾਨ ਦੀ ਸਾਂਝੀ ਆਬਾਦੀ ਨਾਲੋਂ ਵੀ ਵੱਧ ਹੈ। ਇਸ ਦੇ 40 ਲੱਖ ਤੋਂ ਵੱਧ ਨਾਗਰਿਕ ਪੱਛਮੀ ਦੇਸ਼ਾਂ ’ਚ ਰਹਿੰਦੇ ਹਨ, ਇਕ ਸਿਆਸੀ ਤੌਰ ’ਤੇ ਸਰਗਰਮ ਪ੍ਰਵਾਸੀ ਭਾਈਚਾਰਾ, ਜੋ ਹੁਣ ਆਪਣੇ ਵਤਨ ਨੂੰ ਸੜਦੇ ਹੋਏ ਦੇਖ ਰਿਹਾ ਹੈ। ਹਜ਼ਾਰਾਂ ਸਾਲਾਂ ਦੀ ਸੱਭਿਅਤਾ ਦੀ ਯਾਦ ਵਾਲੇ ਇੰਨੇ ਵੱਡੇ ਰਾਸ਼ਟਰ ਨੂੰ ਆਸਾਨੀ ਨਾਲ ਅਧੀਨ ਨਹੀਂ ਕੀਤਾ ਜਾ ਸਕਦਾ।
ਅਲੀ ਖ਼ਾਮੇਨੇਈ ਦੀ ਹੱਤਿਆ ਨਾਲ ਈਰਾਨੀ ਰਾਜ ਦਾ ਪਤਨ ਨਹੀਂ ਹੋਇਆ, ਇਸ ਨੇ ਰਾਜ ਨੂੰ ਵਿਕੇਂਦ੍ਰਿਤ ਕਰ ਲਿਆ ਹੈ, ਜਿਸ ਨਾਲ ਕਿਸੇ ਇਕਜੁੱਟ ਦੁਸ਼ਮਣ ਨਾਲੋਂ ਵੀ ਵੱਧ ਖ਼ਤਰਨਾਕ ਸਥਿਤੀ ਪੈਦਾ ਹੋ ਗਈ ਹੈ। ਲੀਡਰਹੀਣ ਅੰਦੋਲਨ ਨਾਲ ਨਾ ਤਾਂ ਗੱਲਬਾਤ ਕੀਤੀ ਜਾ ਸਕਦੀ ਹੈ, ਨਾ ਹੀ ਉਸ ਨੂੰ ਰੋਕਿਆ ਜਾ ਸਕਦਾ ਹੈ ਅਤੇ ਨਾ ਹੀ ਉਸ ਨੂੰ ਆਤਮਸਮਰਪਣ ਕਰਨ ਲਈ ਮਜਬੂਰ ਕੀਤਾ ਜਾ ਸਕਦਾ ਹੈ।
ਕੇਂਦਰੀਕ੍ਰਿਤ ਸੱਤਾ ਦੀ ਜਗ੍ਹਾ ਅਰਾਜਕਤਾ ਨੇ ਨਹੀਂ, ਸਗੋਂ ਉਸ ਤੋਂ ਵੀ ਕਿਤੇ ਵੱਧ ਕਠੋਰ ਸ਼ਕਤੀ ਨੇ ਲੈ ਲਈ ਹੈ—‘ਖੋਹਣ ਨੂੰ ਕੁਝ ਨਹੀਂ ਬਚਿਆ’ ਦਾ ਦ੍ਰਿੜ੍ਹ ਇਰਾਦਾ। ਜੋ ਵਿਅਕਤੀ ਇਕ ਹੀ ਦਿਨ ’ਚ ਆਪਣੇ ਪੂਰੇ ਪਰਿਵਾਰ ਨੂੰ ਖੋਹ ਦਿੰਦਾ ਹੈ, ਉਹ ਬਦਲਾ ਲੈਣ ਦੀ ਯੋਜਨਾ ਬਣਾਉਂਦੇ ਸਮੇਂ ਸਫ਼ਲਤਾ ਦੀਆਂ ਸੰਭਾਵਨਾਵਾਂ ਦਾ ਅੰਦਾਜ਼ਾ ਨਹੀਂ ਲਗਾਉਂਦਾ।
ਕਿਸੇ ਰਾਸ਼ਟਰ ਦੇ ਨੇਤਾ, ਉਸ ਦੇ ਪ੍ਰਮਾਣੂ ਵਿਗਿਆਨੀਆਂ ਅਤੇ ਉਸ ਦੇ ਕਮਾਂਡਰਾਂ ਦੀ ਬਿਨਾਂ ਕਿਸੇ ਕਾਨੂੰਨੀ ਪ੍ਰਕਿਰਿਆ ਦੇ ਮਿੱਥ ਕੇ ਕੀਤੀ ਗਈ ਹੱਤਿਆ ਨੇ ਇਕ ਅਜਿਹਾ ਦਰਵਾਜ਼ਾ ਖੋਲ੍ਹ ਦਿੱਤਾ ਹੈ, ਜਿਸ ਨੂੰ ਬੰਦ ਨਹੀਂ ਕੀਤਾ ਜਾ ਸਕਦਾ।
ਜੇਕਰ ਅਮਰੀਕੀ ਅਤੇ ਇਜ਼ਰਾਈਲੀ ਸੈਨਾਵਾਂ ਈਰਾਨ ’ਚ ਸਕੂਲੀ ਵਿਦਿਆਰਥਣਾਂ ਅਤੇ ਜਿਊਰਿਖ ’ਚ ਵਿਗਿਆਨੀਆਂ ਨੂੰ ਮਾਰ ਸਕਦੀਆਂ ਹਨ, ਤਾਂ ਕਿਸ ਸਿਧਾਂਤ ਦੇ ਆਧਾਰ ’ਤੇ ਅਮਰੀਕੀ ਕੰਪਨੀਆਂ ਦੇ ਸੀ. ਈ. ਓ. ਈਰਾਨੀ ਸੈਨਾਵਾਂ ਦੇ ਨਿਸ਼ਾਨੇ ਤੋਂ ਬਾਹਰ ਰਹਿਣਗੇ? ਇਹ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਦਾ ਤਰਕ ਨਹੀਂ ਹੈ, ਇਕ ਚਿਤਾਵਨੀ ਹੈ ਕਿ ਜਾਇਜ਼ ਟੀਚਿਆਂ ਦੀ ਚੋਣ ਇਕਪਾਸੜ ਨਹੀਂ ਹੁੰਦੀ।
ਅਮਰੀਕਾ ਨੇ ਯੁੱਧ ਤੋਂ ਬਾਅਦ ਦੀ ਅੰਤਰਰਾਸ਼ਟਰੀ ਵਿਵਸਥਾ ਦੇ ਨਿਰਮਾਤਾ ਅਤੇ ਲਾਗੂਕਰਤਾ ਵਜੋਂ 8 ਦਹਾਕੇ ਬਿਤਾਏ। ਈਰਾਨ ’ਚ ਜੋ ਤਬਾਹ ਕੀਤਾ ਜਾ ਰਿਹਾ ਹੈ, ਉਹ ਸਿਰਫ ਇਕ ਦੁਸ਼ਮਣ ਸ਼ਾਸਨ ਨਹੀਂ, ਸਗੋਂ ਉਹ ਢਾਂਚਾ ਹੀ ਢਹਿ-ਢੇਰੀ ਹੋ ਰਿਹਾ ਹੈ।
ਤਹਿਰਾਨ ਕੁਝ ਅਜਿਹਾ ਸਮਝਦਾ ਹੈ ਜੋ ਇਸ ਮੁਹਿੰਮ ਦੇ ਸਮਰਥਕ ਨਹੀਂ ਸਮਝਦੇ। ਇਕ ਅਜਿਹਾ ਰਾਸ਼ਟਰ, ਜਿਸ ਨੇ ਇਰਾਕ ਨਾਲ 8 ਸਾਲ ਦਾ ਯੁੱਧ ਝੱਲਿਆ, ਰਸਾਇਣਕ ਹਥਿਆਰਾਂ ਦੇ ਖ਼ਿਲਾਫ਼ ਲੜਾਈ ਲੜੀ ਅਤੇ ਸਖਤ ਪਾਬੰਦੀਆਂ ਦਾ ਸਾਹਮਣਾ ਕੀਤਾ, ਆਸਾਨੀ ਨਾਲ ਟੁੱਟਦਾ ਨਹੀਂ। ਤਿੰਨ ਹਜ਼ਾਰ ਸਾਲ ਪੁਰਾਣੀ ਸੱਭਿਅਤਾ ਸਮੇਂ ਨੂੰ ਨਿਊਜ਼ ਚੱਕਰਾਂ ਜਾਂ ਅਮਰੀਕੀ ਚੋਣ ਪ੍ਰੋਗਰਾਮਾਂ ਦੇ ਹਿਸਾਬ ਨਾਲ ਨਹੀਂ ਮਾਪਦੀ।
ਇਤਿਹਾਸ ਮਹਾਸ਼ਕਤੀਆਂ ਦੁਆਰਾ ਅਭਿਮਾਨੀ ਰਾਸ਼ਟਰਾਂ ਨੂੰ ਜ਼ੋਰ-ਜ਼ਬਰਦਸਤੀ ਅਧੀਨ ਕਰਨ ਦੀਆਂ ਕੋਸ਼ਿਸ਼ਾਂ ਬਾਰੇ ਇਕ ਸਮਾਨ ਸਿੱਟਾ ਪੇਸ਼ ਕਰਦਾ ਹੈ। ਵੀਅਤਨਾਮ, ਅਫ਼ਗਾਨਿਸਤਾਨ ਅਤੇ ਇਰਾਕ ਦੀਆਂ ਮਿਸਾਲਾਂ ਲਓ। ਫ਼ੌਜੀ ਤਾਕਤ ਨੂੰ ‘ਲੜਨ ਦੀ ਇੱਛਾ-ਸ਼ਕਤੀ’ ਸਮਝ ਲੈਣਾ ਬਹੁਤ ਭਾਰੀ ਕੀਮਤ ਚੁਕਾਉਣ ਦਾ ਕਾਰਨ ਬਣਦਾ ਹੈ।
ਹਰ ਯੁੱਧ ਇਸ ਧਾਰਨਾ ’ਤੇ ਆਧਾਰਿਤ ਰਿਹਾ ਹੈ ਕਿ ਉਹ ਖ਼ਤਮ ਹੋ ਜਾਵੇਗਾ। ਇਸ ਧਾਰਨਾ ਲਈ ਨਿਯਮਾਂ ਦੀ ਲੋੜ ਹੁੰਦੀ ਹੈ। ਇਹ ਦੁਸ਼ਮਣ ਨੂੰ ਰਿਆਇਤ ਦੇਣ ਲਈ ਨਹੀਂ, ਸਗੋਂ ਸਮਝੌਤੇ ਦੀ ਅਗਾਊਂ-ਸ਼ਰਤ ਵਜੋਂ ਹੁੰਦਾ ਹੈ। ਪੂਰਨ ਮੁਕੰਮਲ ਜਿੱਤ ਨਹੀਂ, ਸਗੋਂ ਹਿੰਸਾ ਦੀ ਸਥਾਈ ਸਥਿਤੀ ਪੈਦਾ ਕਰਦੀ ਹੈ, ਜਿਸ ਨਾਲ ਆਬਾਦੀ ਕੱਟੜਪੰਥੀ ਹੋ ਜਾਂਦੀ ਹੈ ਅਤੇ ਹਰ ਰਸਤਾ ਬੰਦ ਹੋ ਜਾਂਦਾ ਹੈ। ਤ੍ਰਾਸਦੀ ਇਹ ਹੈ ਕਿ ਨਿਯਮ-ਆਧਾਰਿਤ ਵਿਵਸਥਾ ਦੀ ਮੌਤ ਨਾਲ ਸਭ ਤੋਂ ਵੱਧ ਪੀੜਤ ਉਹੀ ਰਾਸ਼ਟਰ ਹੋਵੇਗਾ, ਜਿਸ ਨੇ ਇਸ ਨੂੰ ਨਸ਼ਟ ਕੀਤਾ ਹੈ। ਅਮਰੀਕਾ ਦੀ ਸ਼ਕਤੀ ਉਨ੍ਹਾਂ ਸਹਿਯੋਗੀਆਂ ਦੇ ਸਵੈ-ਇੱਛੁਕ ਸਤਿਕਾਰ ’ਤੇ ਟਿਕੀ ਸੀ, ਜੋ ਮੰਨਦੇ ਸਨ ਕਿ ਨਿਯਮ ਵਾਸ਼ਿੰਗਟਨ ਸਮੇਤ ਸਭ ’ਤੇ ਲਾਗੂ ਹੁੰਦੇ ਹਨ। ਉਹ ਭਰੋਸੇਯੋਗਤਾ ਹੁਣ ਖ਼ਤਮ ਹੋ ਚੁੱਕੀ ਹੈ।
ਸਰੋਤਾਂ ਲਈ ਹਮੇਸ਼ਾ ਤੋਂ ਸੰਘਰਸ਼ ਹੁੰਦਾ ਰਿਹਾ ਹੈ ਪਰ ਕਿਸੇ ਵੀ ਮਹਾਸ਼ਕਤੀ ਕੋਲ ਸਭ ਤੋਂ ਕੀਮਤੀ ਸਰੋਤ ਤੇਲ, ਖੇਤਰ ਜਾਂ ਪ੍ਰਮਾਣੂ ਸਮਰੱਥਾ ਨਹੀਂ ਹੈ, ਸਗੋਂ ਇਹ ਉਸ ਵਿਸ਼ਵ ਦਾ ਵਿਸ਼ਵਾਸ ਹੈ, ਜਿਸ ਦੀ ਅਗਵਾਈ ਉਹ ਕਰਨਾ ਚਾਹੁੰਦੀ ਹੈ। ਇਸ ਸਰੋਤ ਨੂੰ ਜ਼ੋਰ-ਜ਼ਬਰਦਸਤੀ ਹਾਸਲ ਨਹੀਂ ਕੀਤਾ ਜਾ ਸਕਦਾ ਅਤੇ ਇਕ ਵਾਰ ਗੁਆਚ ਜਾਣ ’ਤੇ, ਕਿਸੇ ’ਤੇ ਬੰਬਾਰੀ ਕਰਕੇ ਇਸ ਨੂੰ ਵਾਪਸ ਨਹੀਂ ਪਾਇਆ ਜਾ ਸਕਦਾ।
–ਰਘੂ ਰਮਨ
ਇਕ ‘ਭੋਗ ਅਰਦਾਸ’ ਜਿਸ ਨੇ ਦਿੱਤੇ ਹਜ਼ਾਰਾਂ ਸਬਕ
NEXT STORY