ਨਵੀਂ ਦਿੱਲੀ (ਭਾਸ਼ਾ)-ਦੇਸ਼ 'ਚ ਆਰਥਿਕ ਮੰਦੀ ਦੇ ਅਸਰ ਵਿਚਾਲੇ ਰੋਜ਼ਗਾਰ ਦੇ ਪੱਧਰ 'ਤੇ ਵੀ ਚੰਗੀਆਂ ਖਬਰਾਂ ਨਹੀਂ ਮਿਲ ਰਹੀਆਂ ਹਨ। ਹੁਣ ਸਾਹਮਣੇ ਆਈ ਇਕ ਰਿਪੋਰਟ ਮੁਤਾਬਕ ਦੇਸ਼ 'ਚ ਜੁਲਾਈ ਮਹੀਨੇ ਤੋਂ ਅਗਸਤ ਦਰਮਿਆਨ ਹੀ ਲਗਭਗ 1.49 ਲੱਖ ਨੌਕਰੀਆਂ ਘਟ ਗਈਆਂ ਹਨ। ਦਰਅਸਲ ਕਰਮਚਾਰੀ ਰਾਜ ਬੀਮਾ ਨਿਗਮ ਦੇ ਪੇਅਰੋਲ ਡਾਟਾ ਅਨੁਸਾਰ ਇਸ ਸਾਲ ਜੁਲਾਈ ਮਹੀਨੇ 'ਚ ਲਗਭਗ 14.49 ਲੱਖ ਨਵੀਆਂ ਨੌਕਰੀਆਂ ਪੈਦਾ ਹੋਈਆਂ, ਜਦੋਂ ਕਿ ਅਗਸਤ ਮਹੀਨੇ 'ਚ ਇਹ ਅੰਕੜਾ ਘਟ ਕੇ 13 ਲੱਖ 'ਤੇ ਆ ਗਿਆ ਹੈ।
ਰਾਸ਼ਟਰੀ ਅੰਕੜਾ ਦਫ਼ਤਰ (ਐੱਨ.ਐੱਸ. ਓ.) ਦੀ ਰਿਪੋਰਟ ਅਨੁਸਾਰ ਵਿੱਤੀ ਸਾਲ 2018-19 ਦੇ ਦੌਰਾਨ ਈ. ਐੱਸ. ਆਈ. ਸੀ. 'ਚ 1.49 ਕਰੋੜ ਲੋਕਾਂ ਦੀ ਰਜਿਸਟ੍ਰੇਸ਼ਨ ਹੋਈ। ਉਥੇ ਹੀ ਸਤੰਬਰ 2017 ਤੋਂ ਅਗਸਤ 2019 ਦਰਮਿਆਨ ਲਗਭਗ 2.97 ਕਰੋੜ ਨਵੇਂ ਸਬਸਕ੍ਰਾਈਬਰਸ ਈ. ਐੱਸ. ਆਈ. ਸੀ. ਯੋਜਨਾ 'ਚ ਸ਼ਾਮਲ ਹੋਏ ਹਨ। ਦੱਸਣਯੋਗ ਹੈ ਕਿ ਐੱਨ. ਐੱਸ. ਓ. ਦੀ ਰਿਪੋਰਟ ਵੱਖ-ਵੱਖ ਸਮਾਜਿਕ ਸੁਰੱਖਿਆ ਯੋਜਨਾਵਾਂ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ, ਜਿਨ੍ਹਾਂ 'ਚ ਈ. ਐੱਸ. ਆਈ. ਸੀ., ਈ. ਪੀ. ਐੱਫ. ਓ. ਅਤੇ ਪੀ. ਐੱਫ. ਆਰ. ਡੀ. (ਪੈਨਸ਼ਨ ਫੰਡ ਰੈਗੂਲੇਟਰ ਅਤੇ ਵਿਕਾਸ ਅਥਾਰਟੀ) ਦੇ ਪੇਅਰੋਲ ਡਾਟਾ ਦਾ ਅਧਿਐਨ ਕੀਤਾ ਗਿਆ ਹੈ।
ਇਕ ਖਬਰ ਅਨੁਸਾਰ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਈ. ਐੱਸ. ਆਈ. ਸੀ. 'ਚ ਸਤੰਬਰ 2017 ਤੋਂ ਲੈ ਕੇ ਮਾਰਚ 2018 ਤੱਕ 83.35 ਲੱਖ ਨਵੀਂ ਰਜਿਸਟ੍ਰੇਸ਼ਨ ਹੋਈ ਹੈ। ਉਥੇ ਹੀ ਈ. ਪੀ. ਐੱਫ. ਓ. 'ਚ ਇਹ ਅੰਕੜਾ ਬੀਤੀ ਅਗਸਤ 'ਚ 10.86 ਲੱਖ ਰਿਹਾ, ਜੋ ਇਸ ਤੋਂ ਪਹਿਲਾਂ ਜੁਲਾਈ 'ਚ 11.71 ਲੱਖ ਸੀ। ਇਨ੍ਹਾਂ ਅੰਕੜਿਆਂ ਨੂੰ ਵੇਖ ਕੇ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਦੇਸ਼ 'ਚ ਨੌਕਰੀਆਂ ਘਟ ਰਹੀਆਂ ਹਨ।
ਹਾਲਾਂਕਿ ਰਿਪੋਰਟ 'ਚ ਕਿਹਾ ਗਿਆ ਹੈ ਕਿ ਨਵੇਂ ਸਬਸਕ੍ਰਾਈਬਰਸ ਦੀ ਗਿਣਤੀ ਓਵਰਲੈਪ ਕਰ ਸਕਦੀ ਹੈ ਅਤੇ ਇਹ ਅੰਦਾਜ਼ੇ ਦੇ ਆਧਾਰ 'ਤੇ ਹੈ। ਐੱਨ. ਐੱਸ. ਓ. ਨੇ ਕਿਹਾ ਕਿ ਮੌਜੂਦਾ ਰਿਪੋਰਟ ਦੇਸ਼ ਦੇ ਰਸਮੀ ਸੈਕਟਰ 'ਚ ਨੌਕਰੀਆਂ ਬਾਰੇ ਵੱਖ-ਵੱਖ ਦ੍ਰਿਸ਼ਟੀਕੋਣ ਪੇਸ਼ ਕਰਦੀ ਹੈ ਅਤੇ ਪੂਰਨ ਤੌਰ 'ਤੇ ਰੋਜ਼ਗਾਰ ਦੇ ਅੰਕੜਿਆਂ ਨੂੰ ਨਹੀਂ ਮਾਪਦੀ।
ਤੇਜਸ ਟ੍ਰੇਨ ਦੀ ਹੋਸਟੇਸ ਨਾਲ ਛੇੜਛਾੜ 'ਤੇ IRCTC ਨੇ ਜਾਰੀ ਕੀਤੀ ਐਡਵਾਇਜ਼ਰੀ
NEXT STORY