ਸਿੰਗਾਪੁਰ (ਏਜੰਸੀਆਂ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲਾਰੈਂਸ ਵੋਂਗ ਨੇ ਵੀਰਵਾਰ ਨੂੰ ਅਹਿਮ ਗੱਲਬਾਤ ਕੀਤੀ। ਇਸ ਦੌਰਾਨ ਸਿੰਗਾਪੁਰ ਅਤੇ ਭਾਰਤ ਵਿਚਾਲੇ 4 ਸਮਝੌਤਿਆਂ ’ਤੇ ਦਸਤਖਤ ਹੋਏ ਅਤੇ ਦੋਵਾਂ ਦੇਸ਼ਾਂ ਦੇ ਦੁਵੱਲੇ ਸਬੰਧ ‘ਵਿਆਪਕ ਰਣਨੀਤਕ ਭਾਈਵਾਲੀ’ ਦੇ ਪੱਧਰ ’ਤੇ ਪਹੁੰਚ ਗਏ।
ਇਸ ਮੌਕੇ ਮੋਦੀ ਨੇ ਕਿਹਾ ਕਿ ਸਿੰਗਾਪੁਰ ਨਾ ਸਿਰਫ਼ ਭਾਈਵਾਲ ਦੇਸ਼ ਹੈ, ਸਗੋਂ ਇਹ ਹਰ ਵਿਕਾਸਸ਼ੀਲ ਦੇਸ਼ ਲਈ ਪ੍ਰੇਰਣਾ ਸਰੋਤ ਹੈ। ਮੋਦੀ ਨੇ ਗਰਮਜੋਸ਼ੀ ਨਾਲ ਸਵਾਗਤ ਲਈ ਵੋਂਗ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਤੁਹਾਡੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਇਹ ਸਾਡੀ ਪਹਿਲੀ ਮੁਲਾਕਾਤ ਹੈ।
ਮੇਰੇ ਵੱਲੋਂ ਤੁਹਾਨੂੰ ਬਹੁਤ-ਬਹੁਤ ਵਧਾਈ। ਮੈਨੂੰ ਪੂਰਾ ਭਰੋਸਾ ਹੈ ਕਿ 4ਜੀ (ਚੌਥੀ ਪੀੜ੍ਹੀ ਦੇ ਨੇਤਾਵਾਂ) ਦੀ ਅਗਵਾਈ ਹੇਠ ਸਿੰਗਾਪੁਰ ਹੋਰ ਵੀ ਤੇਜ਼ੀ ਨਾਲ ਤਰੱਕੀ ਕਰੇਗਾ। ਮੋਦੀ ਨੇ ਕਿਹਾ ਕਿ ਅਸੀਂ ਭਾਰਤ ਵਿਚ ਵੀ ਕਈ ਸਿੰਗਾਪੁਰ ਬਣਾਉਣਾ ਚਾਹੁੰਦੇ ਹਾਂ ਅਤੇ ਮੈਨੂੰ ਖੁਸ਼ੀ ਹੈ ਕਿ ਅਸੀਂ ਇਸ ਦਿਸ਼ਾ ਵਿਚ ਮਿਲ ਕੇ ਕੰਮ ਕਰ ਰਹੇ ਹਾਂ। ਸਾਡੇ ਵਿਚਕਾਰ ਜੋ ਮੰਤਰੀ ਪੱਧਰੀ ਗੋਲਮੇਜ਼ ਕਾਨਫਰੰਸ ਦਾ ਪ੍ਰਬੰਧ ਕੀਤਾ ਗਿਆ ਹੈ, ਉਹ ਇਕ ਮਾਰਗ-ਦਰਸ਼ਕ ਤੰਤਰ ਹੈ।
ਮੋਦੀ ਨੇ ਬਿਜ਼ਨੈੱਸ ਲੀਡਰਾਂ ਨਾਲ ਮੁਲਾਕਾਤ ਕੀਤੀ। ਗੋਲਮੇਜ਼ ਮੀਟਿੰਗ ਦੌਰਾਨ ਉਨ੍ਹਾਂ ਸਿੰਗਾਪੁਰ ਦੇ ਕਾਰੋਬਾਰੀਆਂ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਵਿਚ ਜਦੋਂ ਵੀ ਪਾਨ ਦੀ ਚਰਚਾ ਹੁੰਦੀ ਹੈ ਤਾਂ ਇਹ ਵਾਰਾਣਸੀ ਤੋਂ ਬਿਨਾਂ ਅਧੂਰੀ ਹੈ। ਮੈਂ ਵਾਰਾਣਸੀ ਤੋਂ ਸੰਸਦ ਮੈਂਬਰ ਹਾਂ। ਜੇਕਰ ਤੁਸੀਂ ਪਾਨ ਖਾਣ ਦਾ ਮਜ਼ਾ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਵਾਰਾਣਸੀ ’ਚ ਜ਼ਰੂਰ ਨਿਵੇਸ਼ ਕਰਨਾ ਚਾਹੀਦਾ ਹੈ।
ਇਨ੍ਹਾਂ ਸਮਝੌਤਿਆਂ ’ਤੇ ਹੋਏ ਦਸਤਖਤ
ਭਾਰਤ ਦਾ ਪਹਿਲਾ ਤਿਰੂਵੱਲੂਵਰ ਸੱਭਿਆਚਾਰਕ ਕੇਂਦਰ ਸਿੰਗਾਪੁਰ ਵਿਚ ਖੋਲ੍ਹਿਆ ਜਾਵੇਗਾ। ਨੇਤਾਵਾਂ ਨੇ ਭਾਰਤ-ਆਸੀਆਨ (ਦੱਖਣੀ-ਪੂਰਬੀ ਏਸ਼ੀਆਈ ਰਾਸ਼ਟਰਾਂ ਦਾ ਸੰਗਠਨ) ਸਬੰਧਾਂ ਅਤੇ ਭਾਰਤ-ਪ੍ਰਸ਼ਾਂਤ ਲਈ ਭਾਰਤ ਦੇ ਨਜ਼ਰੀਏ ਸਮੇਤ ਆਪਸੀ ਹਿੱਤਾਂ ਦੇ ਮਹੱਤਵਪੂਰਨ ਖੇਤਰੀ ਅਤੇ ਵਿਸ਼ਵ ਪੱਧਰੀ ਮੁੱਦਿਆਂ ’ਤੇ ਵੀ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। ਦੋਵਾਂ ਨੇਤਾਵਾਂ ਨੇ ਸੈਮੀਕੰਡਕਟਰਾਂ, ਡਿਜੀਟਲ ਤਕਨਾਲੋਜੀ, ਹੁਨਰ ਵਿਕਾਸ ਅਤੇ ਸਿਹਤ ਸੰਭਾਲ ਵਿਚ ਸਹਿਯੋਗ ਲਈ ਸਮਝੌਤਿਆਂ ’ਤੇ ਦਸਤਖਤ ਕੀਤੇ। ਮੋਦੀ ਨੇ ਆਪਣੇ ਸਿੰਗਾਪੁਰ ਹਮਰੁਤਬਾ ਦੇ ਨਾਲ ਸੈਮੀਕੰਡਕਟਰ ਅਤੇ ਇਲੈਕਟ੍ਰੋਨਿਕਸ ਖੇਤਰ ਵਿਚ ਸਿੰਗਾਪੁਰ ਦੀ ਇਕ ਮਸ਼ਹੂਰ ਕੰਪਨੀ ਦਾ ਦੌਰਾ ਕੀਤਾ।
ਰਿਲਾਇੰਸ ਇੰਡਸਟਰੀਜ਼ ਦੇ ਨਿਰਦੇਸ਼ਕ ਮੰਡਲ ਨੇ ਬੋਨਸ ਸ਼ੇਅਰ ਜਾਰੀ ਕਰਨ ਦੀ ਦਿੱਤੀ ਮਨਜ਼ੂਰੀ
NEXT STORY