ਨੈਸ਼ਨਲ ਡੈਸਕ : ਪ੍ਰਚਲਨ ਤੋਂ ਵਾਪਸ ਲਏ ਗਏ 2,000 ਰੁਪਏ ਦੇ ਨੋਟਾਂ 'ਚੋਂ 97 ਫ਼ੀਸਦੀ ਤੋਂ ਜ਼ਿਆਦਾ ਨੋਟ ਬੈਂਕਿੰਗ ਸਿਸਟਮ 'ਚ ਵਾਪਸ ਆ ਗਏ ਹਨ। ਹੁਣ ਲੋਕਾਂ ਕੋਲ ਸਿਰਫ਼ 10,000 ਕਰੋੜ ਰੁਪਏ ਦੇ ਨੋਟ ਹੀ ਬਚੇ ਹਨ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਇਹ ਜਾਣਕਾਰੀ ਦਿੱਤੀ। ਇਸ ਸਾਲ 19 ਮਈ ਨੂੰ ਰਿਜ਼ਰਵ ਬੈਂਕ ਨੇ 2000 ਰੁਪਏ ਦੇ ਨੋਟਾਂ ਨੂੰ ਪ੍ਰਚਲਨ ਤੋਂ ਵਾਪਸ ਲੈਣ ਦਾ ਐਲਾਨ ਕੀਤਾ ਸੀ। ਲੋਕਾਂ ਨੂੰ ਇਨ੍ਹਾਂ ਨੋਟਾਂ ਨੂੰ ਬੈਂਕਾਂ ਵਿੱਚ ਜਮ੍ਹਾਂ ਕਰਾਉਣ ਅਤੇ ਹੋਰ ਮੁੱਲਾਂ ਦੇ ਨੋਟਾਂ ਨਾਲ ਬਦਲਣ ਦੀ ਸਹੂਲਤ ਦਿੱਤੀ ਗਈ ਸੀ।
ਰਿਜ਼ਰਵ ਬੈਂਕ ਨੇ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ, "ਪ੍ਰਚਲਨ ਵਿੱਚ 2,000 ਰੁਪਏ ਦੇ ਨੋਟਾਂ ਦੀ ਕੁੱਲ ਕੀਮਤ 19 ਮਈ, 2023 ਨੂੰ ਕਾਰੋਬਾਰ ਦੀ ਸਮਾਪਤੀ 'ਤੇ 3.56 ਲੱਖ ਕਰੋੜ ਰੁਪਏ ਸੀ। ਹੁਣ ਇਹ 31 ਅਕਤੂਬਰ 2023 ਨੂੰ ਘਟ ਕੇ 10,000 ਕਰੋੜ ਰੁਪਏ 'ਤੇ ਆ ਗਿਆ ਹੈ। ਆਰਬੀਆਈ ਦੇ ਅਨੁਸਾਰ, ਇਸ ਤਰ੍ਹਾਂ, 19 ਮਈ, 2023 ਤੱਕ ਪ੍ਰਚਲਨ ਵਿੱਚ 2,000 ਰੁਪਏ ਦੇ ਕੁੱਲ ਨੋਟਾਂ ਵਿੱਚੋਂ 97 ਫ਼ੀਸਦੀ ਤੋਂ ਵੱਧ ਹੁਣ ਵਾਪਸ ਆ ਚੁੱਕੇ ਹਨ।
ਕੇਂਦਰੀ ਬੈਂਕ ਨੇ ਕਿਹਾ, “ਜਨਤਾ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇੰਡੀਆ ਪੋਸਟ ਦੇ ਡਾਕਘਰਾਂ ਰਾਹੀਂ 2,000 ਰੁਪਏ ਦੇ ਬੈਂਕ ਨੋਟ ਭੇਜਣ ਦੀ ਸਹੂਲਤ ਦਾ ਲਾਭ ਲੈਣ। “ਇਸ ਨਾਲ ਉਨ੍ਹਾਂ ਨੂੰ 2,000 ਰੁਪਏ ਦੇ ਬੈਂਕ ਨੋਟ ਜਮ੍ਹਾ/ਵਟਾਂਦਰਾ ਕਰਨ ਲਈ ਆਰਬੀਆਈ ਦਫ਼ਤਰਾਂ ਵਿੱਚ ਜਾਣ ਦੀ ਜ਼ਰੂਰਤ ਖ਼ਤਮ ਹੋ ਜਾਵੇਗੀ।” ਅਜਿਹੇ ਨੋਟ ਰੱਖਣ ਵਾਲੇ ਲੋਕਾਂ ਅਤੇ ਸੰਸਥਾਵਾਂ ਨੂੰ ਸ਼ੁਰੂ ਵਿੱਚ 30 ਸਤੰਬਰ ਤੱਕ ਇਨ੍ਹਾਂ ਨੂੰ ਬਦਲਣ ਜਾਂ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਾਉਣ ਲਈ ਕਿਹਾ ਗਿਆ ਸੀ। ਬਾਅਦ ਵਿੱਚ ਇਹ ਸਮਾਂ ਸੀਮਾ 7 ਅਕਤੂਬਰ ਤੱਕ ਵਧਾ ਦਿੱਤੀ ਗਈ। ਬੈਂਕ ਸ਼ਾਖਾਵਾਂ ਵਿੱਚ ਜਮ੍ਹਾਂ ਅਤੇ ਵਟਾਂਦਰਾ ਸੇਵਾਵਾਂ ਦੋਵੇਂ 7 ਅਕਤੂਬਰ ਨੂੰ ਬੰਦ ਕਰ ਦਿੱਤੀਆਂ ਗਈਆਂ ਸਨ।
8 ਅਕਤੂਬਰ ਤੋਂ ਵਿਅਕਤੀਆਂ ਨੂੰ 19 ਆਰਬੀਆਈ ਦਫ਼ਤਰਾਂ ਵਿੱਚ ਮੁਦਰਾ ਬਦਲਣ ਜਾਂ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਬਰਾਬਰ ਦੀ ਰਕਮ ਜਮ੍ਹਾ ਕਰਨ ਦਾ ਵਿਕਲਪ ਪ੍ਰਦਾਨ ਕੀਤਾ ਗਿਆ ਹੈ। ਹਾਲਾਂਕਿ, ਹੁਣ ਇਹ ਨੋਟ ਬੈਂਕਾਂ ਵਿੱਚ ਜਮ੍ਹਾ ਨਹੀਂ ਕੀਤੇ ਜਾ ਸਕਦੇ ਹਨ ਪਰ ਰਿਜ਼ਰਵ ਬੈਂਕ ਦੇ 19 ਦਫ਼ਤਰਾਂ ਵਿੱਚ 2,000 ਰੁਪਏ ਦੇ ਨੋਟ ਜਮ੍ਹਾਂ ਜਾਂ ਬਦਲੇ ਜਾ ਸਕਦੇ ਹਨ। ਇਸ ਦੌਰਾਨ, 2,000 ਰੁਪਏ ਦੇ ਨੋਟਾਂ ਨੂੰ ਬਦਲਣ ਜਾਂ ਜਮ੍ਹਾ ਕਰਵਾਉਣ ਲਈ ਆਰਬੀਆਈ ਦਫ਼ਤਰਾਂ ਵਿੱਚ ਕੰਮ ਦੇ ਸਮੇਂ ਦੌਰਾਨ ਲੰਬੀਆਂ ਕਤਾਰਾਂ ਦੇਖੀਆਂ ਜਾ ਰਹੀਆਂ ਹਨ।
ਅਗਲੇ ਸਾਲ ਤੱਕ 7 ਲੱਖ ਕਰੋੜ ਦੇ ਕਰੀਬ ਪਹੁੰਚ ਜਾਵੇਗਾ ਭਾਰਤ ਵਿਚ ਤੋਹਫ਼ਾ ਬਾਜ਼ਾਰ
NEXT STORY