ਨਵੀਂ ਦਿੱਲੀ (ਇੰਟ.) – ਭਾਰਤੀ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀ. ਪੀ. ਸੀ. ਐੱਲ.) ਤੋਂ ਲੈ ਕੇ ਏਅਰ ਇੰਡੀਆ ਤੱਕ ਦੇ ਨਿੱਜੀਕਰਣ ਸਬੰਧੀ ਅਕਸਰ ਹੀ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ ਪਰ ਇਕ ਆਰ. ਟੀ. ਆਈ. ਦੇ ਤਹਿਤ ਖੁਲਾਸਾ ਹੋਇਆ ਹੈ ਕਿ ਸਰਕਾਰ ਕੁਲ 26 ਕੰਪਨੀਆਂ ਦੇ ਨਿੱਜੀਕਰਣ ਯਾਨੀ ਉਨ੍ਹਾਂ ਨੂੰ ਪ੍ਰਾਈਵੇਟ ਹੱਥਾਂ ’ਚ ਸੌਂਪਣ ਦੀ ਤਿਆਰੀ ’ਚ ਹੈ। ਇਨ੍ਹਾਂ ਕੰਪਨੀਆਂ ’ਚ ਪਵਨ ਹੰਸ ਲਿਮਟਿਡ ਤੋਂ ਲੈ ਕੇ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ ਤੱਕ ਸ਼ਾਮਲ ਹਨ। ਯਾਨੀ ਆਉਣ ਵਾਲੇ ਦਿਨਾਂ ’ਚ ਨਿੱਜੀਕਰਣ ਦੀ ਰਫਤਾਰ ਵਧ ਸਕਦੀ ਹੈ।
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਵੀ ਪਿਛਲੇ ਦਿਨੀਂ 23 ਪੀ. ਐੱਸ. ਯੂ. ਦੇ ਨਿੱਜੀਕਰਣ ਦਾ ਐਲਾਨ ਕੀਤਾ ਸੀ ਪਰ ਆਰ. ਟੀ. ਆਈ. ’ਚ 26 ਕੰਪਨੀਆਂ ਦੇ ਨਿੱਜੀਕਰਣ ਦਾ ਖੁਲਾਸਾ ਹੋਇਆ ਹੈ। ਸਰਕਾਰ ਜਿਨ੍ਹਾਂ ਕੰਪਨੀਆਂ ਦਾ ਨਿੱਜੀਕਰਣ ਕਰਨ ਜਾ ਰਹੀ ਹੈ, ਉਨ੍ਹਾਂ ’ਚ ਕਈ ਅਜਿਹੀਆਂ ਕੰਪਨੀਆਂ ਵੀ ਹਨ, ਜਿਨ੍ਹਾਂ ’ਚ ਸਰਕਾਰ ਦੀ ਹਿੱਸੇਦਾਰੀ ਹੁਣ ਬੇਹੱਦ ਘੱਟ ਹੋ ਗਈ ਹੈ।
ਇਸ ਆਰ. ਟੀ. ਆਈ. ’ਚ ਨਿੱਜੀਕਰਣ ਹੋਣ ਵਾਲੀਆਂ ਕੰਪਨੀਆਂ ਦੀ ਵਿਕਣ ਵਾਲੀ ਹਿੱਸੇਦਾਰੀ ਅਤੇ ਯੂਕੋ ਬੈਂਕ ਦੇ ਨਿੱਜੀਕਰਣ ਬਾਰੇ ਪੁੱਛਿਆ ਗਿਆ ਸੀ। ਇਸ ’ਤੇ ਸਰਕਾਰ ਨੇ ਜਵਾਬ ਦਿੱਤਾ ਹੈ ਕਿ ਇਨ੍ਹਾਂ ਕੰਪਨੀਆਂ ਦੀ ਕਿੰਨੀ ਹਿੱਸੇਦਾਰੀ ਵੇਚੀ ਜਾਏਗੀ, ਇਸ ਦਾ ਫੈਸਲਾ ਬਾਜ਼ਾਰ ਦੇ ਮੁਤਾਬਕ ਹੋਵੇਗਾ। ਯੂਕੋ ਬੈਂਕ ਬਾਰੇ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ। ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਨੇ ਇਸ ਸਾਲ ਬਜਟ ’ਚ ਨਿਵੇਸ਼ ਦਾ ਟਾਰਗੈੱਟ 2.1 ਲੱਖ ਕਰੋੜ ਰੁਪਏ ਰੱਖਿਆ ਹੈ। ਐੱਲ. ਆਈ. ਸੀ. ’ਚ ਹਿੱਸੇਦਾਰੀ ਵੇਚਣ ਤੋਂ ਇਲਾਵਾ ਬੀ. ਪੀ. ਸੀ. ਐੱਲ. ਤੇ ਏਅਰ ਇੰਡੀਆ ’ਚ ਸਰਕਾਰ ਦੇ ਨਿੱਜੀਕਰਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਦੇਖੋ: ਮੁਕੇਸ਼ ਅੰਬਾਨੀ ਵਿਸ਼ਵ ਦੇ ਸਿਖ਼ਰਲੇ 10 ਅਮੀਰਾਂ ਦੀ ਸੂਚੀ ’ਚ 5ਵੇਂ ਨੰਬਰ ’ਤੇ ਪਹੁੰਚੇ
ਇਨ੍ਹਾਂ ਕੰਪਨੀਆਂ ਦਾ ਹੋਵੇਗਾ ਨਿੱਜੀਕਰਣ
ਸਰਕਾਰ ਜਿਨ੍ਹਾਂ ਕੰਪਨੀਆਂ ਦਾ ਨਿੱਜੀਕਰਣ ਕਰਨ ਜਾ ਰਹੀ ਹੈ, ਉਨ੍ਹਾਂ ’ਚ ਏਅਰ ਇੰਡੀਆ, ਸੈਂਟਰਲ ਇਲੈਕਟ੍ਰਾਨਿਕਸ ਲਿਮਟਿਡ, ਇੰਜੀਨੀਅਰਿੰਗ ਪ੍ਰਾਜੈਕਟਸ ਇੰਡੀਆ ਲਿਮਟਿਡ, ਪਵਨ ਹੰਸ, ਬੀ. ਐਂਡ ਆਰ, ਪ੍ਰੋਜੈਕਟ ਐਂਡ ਡਿਵੈੱਲਪਮੈਂਟ ਇੰਡੀਆ ਲਿਮਟਿਡ, ਸੀਮੈਂਟ ਕਾਰਪੋਰੇਸ਼ਨ ਇੰਡੀਆ ਲਿਮਟਿਡ, ਇੰਡੀਆ ਮੈਡੀਸਨ ਐਂਡ ਫਾਰਮਾਸਿਊਟਿਕਸ, ਸਲੇਮ ਇੰਡੀਆ ਪਲਾਂਟ, ਫੇਰੋ ਸਕ੍ਰੈਪ ਨਿਗਮ ਲਿਮਿਟਡ ਵਰਗੀਆਂ ਕੰਪਨੀਆਂ ਸ਼ਾਮਲ ਹਨ। ਇਹੀ ਨਹੀਂ ਛੱਤੀਸਗੜ੍ਹ ਦੇ ਨਗਨਨਾਰ ਸਟੀਲ ਪਲਾਂਟ ਦਾ ਵੀ ਸਰਕਾਰ ਨਿੱਜੀਕਰਣ ਕਰਨ ਜਾ ਰਹੀ ਹੈ। ਦੱਸ ਦਈਏ ਕਿ ਇਸ ਪਲਾਂਟ ਦੇ ਨਿੱਜੀਕਰਣ ਦੇ ਵਿਰੋਧ ’ਚ ਹੀ ਹਾਲ ਹੀ ’ਚ ਛੱਤੀਸਗੜ੍ਹ ਦੇ ਸੀ. ਐੱਮ. ਭੂਪੇਸ਼ ਬਘੇਲ ਨੇ ਪੀ. ਐੱਮ. ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਇਸ ਤੋਂ ਆਦਿਵਾਸੀ ਸਮਾਜ ਨੂੰ ਕਾਫੀ ਉਮੀਦਾਂ ਹਨ ਅਤੇ ਇਸ ਦਾ ਨਿੱਜੀਕਰਣ ਕੀਤੇ ਜਾਣ ਨਾਲ ਮਾਓਵਾਦੀਆਂ ਨੂੰ ਬੜ੍ਹਾਵਾ ਮਿਲੇਗਾ। ਇਨ੍ਹਾਂ ਤੋਂ ਇਲਾਵਾ ਭਾਰਤ ਅਰਥਮੂਵਸ ਲਿਮਟਿਡ, ਐੱਚ. ਐੱਲ. ਐੱਲ. ਲਾਈਫਕੇਅਰ, ਭਾਰਤ ਪੈਟਰੋਲੀਅਮ, ਸ਼ਿਪਿੰਗ ਕਾਰਪੋਰੇਸ਼ਨ, ਕੰਟੇਨਰ ਕਾਰਪੋਰੇਸ਼ਨ ਆਫ ਇੰਡੀਆ, ਨੀਲਾਂਚਲ ਇਸਪਾਤ ਲਿਮਟਿਡ, ਹਿੰਦੁਸਤਾਨ ਪ੍ਰੀ-ਫੈਬ ਲਿਮਟਿਡ ਵੀ ਨਿੱਜੀਕਰਣ ਦੀ ਲਿਸਟ ’ਚ ਸ਼ਾਮਲ ਹਨ। ਇਹੀ ਨਹੀਂ ਭਾਰਤ ਪੰਪਸ ਐਂਡ ਪ੍ਰੈਸ਼ਰ ਲਿਮਟਿਡ, ਸਕੂਟਰਸ ਇੰਡੀਆ, ਹਿੰਦੁਸਤਾਨ ਨਿਊਜ਼ਪ੍ਰਿੰਟ, ਕਰਨਾਟਕ ਐਂਟੀਬਾਇਓਟਿਕਸ, ਹਿੰਦੁਸਤਾਨ ਐਂਟੀਬਾਇਓਟਿਕਸ, ਇੰਡੀਆ ਟੂਰਿਜ਼ਮ ਡਿਵੈੱਲਪਮੈਂਟ ਕਾਰਪੋਰੇਸ਼ਨ ਅਤੇ ਹਿੰਦੁਸਤਾਨ ਲੂਰੋਕਾਰਬਨ ਲਿਮਟਿਡ ਸ਼ਾਮਲ ਹਨ।
ਇਹ ਵੀ ਦੇਖੋ: ਸਾਵਧਾਨ! ਜੇਕਰ ਤੁਹਾਡਾ ਆਧਾਰ ਨੰਬਰ ਕਿਸੇ ਧੋਖੇਬਾਜ਼ ਦੇ ਹੱਥ ਲੱਗ ਜਾਵੇ ਤਾਂ ਇਹ ਹੋ ਸਕਦੈ ਨੁਕਸਾਨ
ਮੁਕੇਸ਼ ਅੰਬਾਨੀ ਵਿਸ਼ਵ ਦੇ ਸਿਖ਼ਰਲੇ 10 ਅਮੀਰਾਂ ਦੀ ਸੂਚੀ ’ਚ 5ਵੇਂ ਨੰਬਰ ’ਤੇ ਪਹੁੰਚੇ
NEXT STORY