ਨਵੀਂ ਦਿੱਲੀ- ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਹਾਲ ਹੀ ਵਿਚ ਇਕ ਤੋਂ ਦੋ ਸਾਲ ਵਿਚਕਾਰ ਦੇ ਫਿਕਸਡ ਡਿਪਾਜ਼ਿਟ (ਐੱਫ. ਡੀ.) 'ਤੇ ਮਿਲਣ ਵਾਲੇ ਵਿਆਜ ਵਿਚ 0.10 ਫ਼ੀਸਦੀ ਦਾ ਵਾਧਾ ਕੀਤਾ ਹੈ। ਇਸ ਨਾਲ ਵਿਆਜ ਦਰ 4.90 ਤੋਂ ਵੱਧ ਕੇ 5 ਫ਼ੀਸਦੀ ਹੋ ਗਈ ਹੈ।
ਐੱਸ. ਬੀ. ਆਈ ਭਾਰਤੀ ਬੈਂਕ ਬਾਜ਼ਾਰ ਦਾ ਲੀਡਰ ਬੈਂਕ ਹੈ। ਇਸ ਲਈ ਮਾਹਰਾਂ ਦਾ ਮੰਨਣਾ ਹੈ ਕਿ ਹੋਰ ਬੈਂਕ ਵੀ ਫਿਕਸਡ ਡਿਪਾਜ਼ਿਟ 'ਤੇ ਮਿਲਣ ਵਾਲੇ ਵਿਆਜ ਵਿਚ ਵਾਧਾ ਕਰ ਸਕਦੇ ਹਨ।
ਨਿੱਜੀ ਖੇਤਰ ਦੇ ਆਈ. ਡੀ. ਐੱਫ. ਸੀ. ਫਸਟ ਬੈਂਕ ਨੇ ਹਾਲ ਹੀ ਵਿਚ ਬਚਤ ਖਾਤੇ 'ਤੇ ਮਿਲਣ ਵਿਆਜ ਦੀਆਂ ਦਰਾਂ ਵਿਚ 1 ਫ਼ੀਸਦੀ ਵਾਧਾ ਕੀਤਾ ਹੈ। ਪਹਿਲਾਂ ਇਹ ਬੈਂਕ 1 ਲੱਖ ਰੁਪਏ ਤੋਂ ਘੱਟ ਜਮ੍ਹਾ 'ਤੇ 6 ਫ਼ੀਸਦੀ ਦੀ ਦਰ ਨਾਲ ਵਿਆਜ ਦੇ ਰਿਹਾ ਸੀ, ਜੋ 1 ਜਨਵਰੀ 2021 ਤੋਂ 7 ਫ਼ੀਸਦੀ ਹੋ ਗਿਆ ਹੈ।
ਇਸ ਤੋਂ ਪਹਿਲਾਂ ਬੀਤੇ ਇਕ ਸਾਲ ਵਿਚ ਬੈਂਕਾਂ ਨੇ ਐੱਫ. ਡੀ. ਦਰਾਂ ਵਿਚ ਕਈ ਵਾਰ ਕਟੌਤੀ ਕੀਤੀ ਸੀ। 2020 ਵਿਚ ਐੱਸ. ਬੀ. ਆਈ., ਬੈਂਕ ਆਫ਼ ਇੰਡੀਆ ਅਤੇ ਐੱਚ. ਡੀ. ਐੱਫ. ਸੀ. ਸਣੇ ਜ਼ਿਆਦਾਤਰ ਬੈਂਕਾਂ ਨੇ ਫਿਕਸਡ ਡਿਪਾਜ਼ਿਟ ਅਤੇ ਬਚਤ ਖਾਤੇ 'ਤੇ ਮਿਲਣ ਵਿਆਜ ਵਿਚ ਕਟੌਤੀ ਕੀਤੀ ਸੀ। ਐੱਸ. ਬੀ. ਆਈ. 14 ਜਨਵਰੀ 2020 ਤੱਕ ਐੱਫ. ਡੀ. 'ਤੇ ਵੱਧ ਤੋਂ ਵੱਧ 6.25 ਫ਼ੀਸਦੀ ਵਿਆਜ ਦੇ ਰਿਹਾ ਸੀ, ਜੋ ਹੁਣ 5.40 ਫ਼ੀਸਦੀ ਹੈ। ਉੱਥੇ ਹੀ, ਉਸ ਸਮੇਂ ਬੈਂਕ ਬਚਤ ਖਾਤੇ 'ਤੇ ਵੱਧ ਤੋਂ ਵੱਧ 3.50 ਫ਼ੀਸਦੀ ਵਿਆਜ ਦੇ ਰਿਹਾ ਸੀ, ਜੋ ਹੁਣ ਘੱਟ ਕੇ 2.70 ਫ਼ੀਸਦੀ ਰਹਿ ਗਿਆ ਹੈ। ਗੌਰਤਲਬ ਹੈ ਕਿ ਐੱਸ. ਬੀ. ਆਈ. ਮੌਜੂਦਾ ਸਮੇਂ 5 ਸਾਲ ਦੀ ਐੱਫ. ਡੀ. 'ਤੇ 5.40 ਫ਼ੀਸਦੀ ਵਿਆਜ ਦੀ ਪੇਸ਼ਕਸ਼ ਕਰ ਰਿਹਾ ਹੈ ਅਤੇ 8 ਜਨਵਰੀ 2021 ਨੂੰ ਇਸ ਨੇ 1 ਸਾਲ ਤੋਂ 2 ਸਾਲ ਵਿਚਕਾਰ ਦੀ ਐੱਫ. ਡੀ. 'ਤੇ ਵਿਆਜ ਦਰ ਵਧਾ ਕੇ 5 ਫ਼ੀਸਦੀ ਕੀਤੀ ਹੈ, ਜੋ ਪਹਿਲਾਂ 4.90 ਫ਼ੀਸਦੀ ਸੀ।
ਨਵੀਂ ਕਾਰ ਲਈ ਲੰਮਾ ਹੋਵੇਗਾ ਇੰਤਜ਼ਾਰ, ਸਟਾਕ 'ਚ ਹੋ ਸਕਦੀ ਹੈ ਭਾਰੀ ਕਮੀ
NEXT STORY