ਨਵੀਂ ਦਿੱਲੀ- ਜੇਕਰ ਤੁਸੀਂ ਨਵੀਂ ਕਾਰ ਖ਼ਰੀਦਣ ਜਾ ਰਹੇ ਹੋ ਤਾਂ ਤੁਹਾਨੂੰ ਇਸ ਦੀ ਡਿਲਿਵਰੀ ਲਈ ਲੰਮਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਵਜ੍ਹਾ ਇਹ ਹੈ ਕਿ ਕਾਰ ਕੰਪਨੀਆਂ ਨੇ ਜਨਵਰੀ ਤੋਂ ਮਾਰਚ ਲਈ ਆਪਣਾ ਉਤਪਾਦਨ ਟੀਚਾ ਘਟਾ ਦਿੱਤਾ ਹੈ। ਦਸੰਬਰ ਵਿਚ ਕਾਰਾਂ ਦੀ ਵਿਕਰੀ 24 ਫ਼ੀਸਦੀ ਵਧੀ ਸੀ, ਯਾਨੀ ਮੰਗ ਹੋਣ ਦੇ ਬਾਵਜੂਦ ਕੰਪਨੀਆਂ ਨੂੰ ਉਤਪਾਦਨ ਘਟਾਉਣਾ ਪੈ ਰਿਹਾ ਹੈ। ਮਹਿੰਦਰਾ, ਹੁੰਡਈ ਤੇ ਨਿਸਾਨ ਦੀਆਂ ਕਾਰਾਂ 'ਤੇ 10 ਮਹੀਨੀਆਂ ਤੱਕ ਦੀ ਵੇਟਿੰਗ ਪਹਿਲਾਂ ਹੀ ਚੱਲ ਰਹੀ ਹੈ, ਯਾਨੀ ਗਾਹਕਾਂ ਨੂੰ ਡਿਲਿਵਰੀ ਲਈ ਉਡੀਕ ਕਰਨੀ ਪੈ ਰਹੀ ਹੈ।
ਕਿਉਂ ਘੱਟ ਰਿਹੈ ਉਤਪਾਦਨ-
ਇਸ ਦੀ ਵਜ੍ਹਾ ਹੈ ਕਿ ਕਾਰ ਬਣਾਉਣ ਵਾਲੀਆਂ ਕੰਪਨੀਆਂ ਨੂੰ ਮੰਗ ਮੁਤਾਬਕ ਸਟੀਲ ਨਹੀਂ ਮਿਲ ਰਿਹਾ ਹੈ। ਇਕ ਰਿਪੋਰਟ ਦਾ ਕਹਿਣਾ ਹੈ ਕਿ ਜਨਵਰੀ-ਮਾਰਚ ਤਿਮਾਹੀ ਲਈ ਕੰਪਨੀਆਂ ਨੇ ਆਪਣਾ ਉਤਪਾਦਨ ਸ਼ਡਿਊਲ 15-20 ਫ਼ੀਸਦੀ ਤੱਕ ਘਟਾ ਦਿੱਤਾ ਹੈ, ਯਾਨੀ ਇਸ ਦੌਰਾਨ ਤਕਰੀਬਨ 1.5 ਲੱਖ ਘੱਟ ਕਾਰਾਂ ਬਣਨਗੀਆਂ। ਕੁਝ ਕੰਪਨੀਆਂ ਨੇ ਤਾਂ ਪਲਾਂਟ ਵਿਚ ਸ਼ਿਫਟ ਘਟਾ ਦਿੱਤੀ ਹੈ। ਉਤਪਾਦਨ ਵਿਚ ਕਮੀ ਕਾਰਨ ਡੀਲਰਾਂ ਕੋਲ ਹਫ਼ਤੇ-ਦਸ ਦਿਨ ਤੱਕ ਦਾ ਹੀ ਸਟਾਕ ਬਚਿਆ ਹੈ, ਜੋ ਹੁਣ ਤੱਕ ਦਾ ਸਭ ਤੋਂ ਘੱਟ ਹੈ।
ਸੁਸਾਇਟੀ ਆਫ਼ ਇੰਡੀਅਨ ਆਟੋਮੋਟਿਵ ਮੈਨੂਫੈਕਚਰਰ (ਸਿਆਮ) ਨੇ ਸਟੀਲ ਮੰਤਰਾਲਾ ਨੂੰ ਇਕ ਨੋਟ ਭੇਜਿਆ ਹੈ। ਇਸ ਵਿਚ ਉਸ ਨੇ ਕਿਹਾ ਹੈ ਕਿ ਸਟੀਲ ਕੰਪਨੀਆਂ 60 ਤੋਂ 70 ਫ਼ੀਸਦੀ ਆਰਡਰ ਹੀ ਪੂਰਾ ਕਰ ਰਹੀਆਂ ਹਨ। ਇਸ ਲਈ ਆਉਣ ਵਾਲੇ ਦਿਨਾਂ ਵਿਚ ਸਥਿਤੀ ਹੋਰ ਵਿਗੜ ਸਕਦੀ ਹੈ। ਉਦਯੋਗ ਸੰਗਠਨ ਦਾ ਦਾਅਵਾ ਹੈ ਕਿ ਤਿਆਰ ਸਟੀਲ ਦੀ ਜ਼ਿਆਦਾ ਬਰਾਮਦ ਵੀ ਇਕ ਵਜ੍ਹਾ ਹੈ। ਉੱਥੇ ਹੀ, ਮਹਿੰਦਰਾ ਐਂਡ ਮਹਿੰਦਰਾ ਅਤੇ ਬੌਸ਼ ਨੇ ਸੀਮੈਂਕੰਡਕਟਰਜ਼ ਦੀ ਕਮੀ ਕਾਰਨ 2021 ਦੀ ਪਹਿਲੀ ਛਿਮਾਹੀ ਵਿਚ ਘੱਟ ਉਤਪਾਦਨ ਦੀ ਗੱਲ ਆਖ਼ੀ ਹੈ। ਇਸ ਨਾਲ ਸਿਰਫ਼ ਕਾਰਾਂ ਹੀ ਨਹੀਂ ਸਗੋਂ ਸਕੂਟਰ-ਮੋਟਰਸਈਕਲ ਅਤੇ ਵਪਾਰਕ ਵਾਹਨ ਵੀ ਪ੍ਰਭਾਵਿਤ ਹਨ।
ਇਕ ਸਾਲ 'ਚ 60 ਫ਼ੀਸਦੀ ਮਹਿੰਗਾ ਹੋ ਚੁੱਕਾ ਹੈ ਸਟੀਲ
ਘਰੇਲੂ ਸਟੀਲ ਦੀਆਂ ਕੀਮਤਾਂ ਇਕ ਸਾਲ ਵਿਚ 60 ਫ਼ੀਸਦੀ ਤੱਕ ਵੱਧ ਕੇ 57,250 ਰੁਪਏ ਪ੍ਰਤੀ ਟਨ 'ਤੇ ਪਹੁੰਚ ਗਈਆਂ ਹਨ। 1 ਜਨਵਰੀ, 2020 ਨੂੰ ਘਰੇਲੂ ਸਟੀਲ ਦੀ ਕੀਮਤ ਲਗਭਗ 37,500 ਹਜ਼ਾਰ ਰੁਪਏ ਪ੍ਰਤੀ ਟਨ ਸੀ। ਅਕਤੂਬਰ ਤੋਂ ਬਾਅਦ ਕੀਮਤਾਂ ਤੇਜ਼ੀ ਨਾਲ ਵਧੀਆਂ ਹਨ। ਸਟੀਲ ਮਹਿੰਗਾ ਹੋਣ ਕਾਰਨ ਹੁੰਡਈ, ਮਹਿੰਦਰਾ ਤੋਂ ਇਲਾਵਾ ਦੋਪਹੀਆ ਵਾਹਨ ਨਿਰਮਾਤਾਵਾਂ ਨੇ ਵੀ ਜਨਵਰੀ ਵਿਚ ਆਪਣੀਆਂ ਵਾਹਨ ਕੀਮਤਾਂ ਵਿਚ ਵਾਧਾ ਕੀਤਾ ਹੈ। ਭਾਰਤ ਦੀ ਕੁੱਲ ਸਟੀਲ ਖ਼ਪਤ ਵਿਚ ਆਟੋ ਸੈਕਟਰ ਦੀ ਹਿੱਸੇਦਾਰੀ 15-17 ਫ਼ੀਸਦੀ ਹੈ। ਫਲੈਟ ਸਟੀਲ ਕੁੱਲ ਸਟੀਲ ਉਤਪਾਦਨ ਦਾ ਲਗਭਗ ਅੱਧਾ ਹਿੱਸਾ ਹੈ ਅਤੇ ਇਸ ਦਾ ਲਗਭਗ ਇਕ ਤਿਹਾਈ ਆਟੋ ਸੈਕਟਰ ਵਿਚ ਖ਼ਪਤ ਹੁੰਦਾ ਹੈ। ਗੱਡੀਆਂ ਵਿਚ ਇਸਤੇਮਾਲ ਹੋਣ ਵਾਲੇ ਮੈਟਲ ਦੀ ਕੀਮਤ ਕੁੱਲ ਕੀਮਤ ਦੀ 15-47 ਫ਼ੀਸਦੀ ਹੁੰਦੀ ਹੈ।
ਮੁਕੇਸ਼ ਅੰਬਾਨੀ ਨੂੰ ਵੱਡਾ ਝਟਕਾ: Tata ਨੇ ਛੇ ਮਹੀਨਿਆਂ 'ਚ ਖੋਹਿਆ ਸਭ ਤੋਂ ਵੱਡੇ ਕਾਰੋਬਾਰੀ ਘਰਾਣੇ ਦਾ ਤਾਜ
NEXT STORY