ਨਵੀਂ ਦਿੱਲੀ- ਸਰਕਾਰੀ ਏਅਰਲਾਈਨ ਕੰਪਨੀ ਏਅਰ ਇੰਡੀਆ ਨੂੰ ਪਿਛਲੇ ਵਿੱਤੀ ਸਾਲ ਦੌਰਾਨ 3,600 ਕਰੋੜ ਰੁਪਏ ਦਾ ਘਾਟਾ ਸਹਿਣਾ ਪਿਆ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਦੀ ਮੌਜੂਦਗੀ ਵਿਚ ਏਅਰ ਇੰਡੀਆ ਦੇ ਚੇਅਰਮੈਨ ਅਤੇ ਪ੍ਰਬੰਧਕ ਨਿਰਦੇਸ਼ਕ ਰਾਜੀਵ ਬਾਂਸਲ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਇਕ ਸਵਾਲ ਦੇ ਜਵਾਬ ਵਿਚ ਬਾਂਸਲ ਨੇ ਕਿਹਾ, "ਏਅਰ ਇੰਡੀਆ ਅਤੇ ਇਸ ਦੀਆਂ ਪੰਜ ਸਹਾਇਕ ਕੰਪਨੀਆਂ ਦੇ ਸਾਲ 2019-20 ਦੇ ਵਿੱਤੀ ਲੇਖਾ-ਜੋਖਾ ਨੂੰ ਅੰਤਮ ਰੂਪ ਦਿੱਤਾ ਜਾ ਚੁੱਕਾ ਹੈ। ਪਿਛਲੇ ਸਾਲ 3,600 ਕਰੋੜ ਰੁਪਏ ਦਾ ਨਕਦ ਨੁਕਸਾਨ ਹੋਇਆ। ਹਾਲਾਂਕਿ, ਇਹ ਇਕ ਸਾਲ ਪਹਿਲਾਂ ਦੇ ਮੁਕਾਬਲੇ ਨਾਲੋਂ ਘੱਟ ਹੈ।"
ਏਅਰ ਇੰਡੀਆ ‘ਤੇ ਪਹਿਲਾਂ ਹੀ ਹਜ਼ਾਰਾਂ ਕਰੋੜ ਰੁਪਏ ਦੀ ਦੇਣਦਾਰੀ ਹੈ। ਇਸ ਦੇ ਨਿੱਜੀਕਰਨ ਦੀ ਪ੍ਰਕਿਰਿਆ ਅਜੇ ਵੀ ਜਾਰੀ ਹੈ, ਜਿਸ ਵਿਚ ਏਅਰ ਇੰਡੀਆ ਅਤੇ ਉਸ ਦੀਆਂ ਦੋ ਸਹਾਇਕ ਕੰਪਨੀਆਂ ਵਿਚ ਏਅਰ ਇੰਡੀਆ ਦੀ ਪੂਰੀ ਹਿੱਸੇਦਾਰੀ ਵੇਚੀ ਜਾਏਗੀ। ਪੁਰੀ ਨੇ ਕਿਹਾ ਕਿ ਇਸ ਲਈ “ਬਹੁਤ ਸਾਰੇ ਦਿਲਚਸਪੀ ਪੱਤਰ” ਆਏ ਹਨ ਅਤੇ 5 ਜਨਵਰੀ ਤੱਕ ਯੋਗ ਬੋਲੀਕਾਰਾਂ ਦੀ ਚੋਣ ਕਰਕੇ ਵਿੱਤੀ ਬੋਲੀ ਮੰਗੀ ਜਾਵੇਗੀ। ਵਿੱਤੀ ਬੋਲੀ ਜਮ੍ਹਾਂ ਕਰਵਾਉਣ ਲਈ 90 ਦਿਨਾਂ ਦਾ ਸਮਾਂ ਦਿੱਤਾ ਜਾਵੇਗਾ।
ਬਾਂਸਲ ਨੇ ਕਿਹਾ ਕਿ ਕੋਵਿਡ-19 ਦੌਰਾਨ ਉਡਾਣਾਂ 'ਤੇ ਪੂਰੀ ਤਰ੍ਹਾਂ ਪਾਬੰਦੀ ਲੱਗਣ ਤੋਂ ਬਾਅਦ ਯਾਤਰੀਆਂ ਦੀ ਗਿਣਤੀ ਵਿਚ ਹੌਲੀ-ਹੌਲੀ ਵਾਧਾ ਹੋਣ ਨਾਲ ਸਰਕਾਰੀ ਏਅਰਲਾਈਨਾਂ ਦੀ ਵਿੱਤੀ ਕਾਰਗੁਜ਼ਾਰੀ ਵਿਚ ਵੀ ਸੁਧਾਰ ਹੋ ਰਿਹਾ ਹੈ। ਹਾਲਾਂਕਿ, ਉਨ੍ਹਾਂ ਨੇ ਕੋਈ ਅੰਕੜਾ ਸਾਂਝਾ ਨਹੀਂ ਕੀਤਾ ਪਰ ਕਿਹਾ, “ਸਾਡੇ ਲਈ ਦੂਜੀ ਤਿਮਾਹੀ ਪਹਿਲੀ ਤਿਮਾਹੀ ਨਾਲੋਂ ਵਧੀਆ ਸੀ ਅਤੇ ਤੀਜੀ ਤਿਮਾਹੀ ਦੂਜੀ ਤਿਮਾਹੀ ਨਾਲੋਂ ਬਿਹਤਰ ਰਹੀ। ਉਨ੍ਹਾਂ ਦੱਸਿਆ ਕਿ ਏਅਰ ਇੰਡੀਆ ਸਮੂਹ ਵੰਦੇ ਭਾਰਤ ਮਿਸ਼ਨ ਤਹਿਤ ਹੁਣ ਤੱਕ 6,250 ਤੋਂ ਵੱਧ ਉਡਾਣਾਂ ਚਲਾ ਚੁੱਕਾ ਹੈ। ਇਨ੍ਹਾਂ ਵਿਚੋਂ 10 ਲੱਖ ਯਾਤਰੀ ਭਾਰਤ ਆਏ ਹਨ, ਜਦੋਂ ਕਿ ਸਾਢੇ ਛੇ ਲੱਖ ਯਾਤਰੀ ਵਿਦੇਸ਼ ਗਏ ਹਨ।
ਟਾਟਾ ਸਮੂਹ ਨੇ ਏਅਰ ਏਸ਼ੀਆ ’ਚ ਹਿੱਸੇਦਾਰੀ ਨੂੰ ਲੈ ਕੇ ਲਿਆ ਵੱਡਾ ਫ਼ੈਸਲਾ
NEXT STORY