ਨਵੀਂ ਦਿੱਲੀ— ਏਅਰਟੈੱਲ ਪੇਮੈਂਟਸ ਬੈਂਕ ਨੇ ਸੋਮਵਾਰ ਨੂੰ ਲਘੂ, ਛੋਟੇ ਤੇ ਦਰਮਿਆਨੇ ਉੱਦਮਾਂ (ਐੱਮ. ਐੱਸ. ਐੱਮ. ਈ.) ਲਈ ਵਿਸ਼ੇਸ਼ ਤਨਖਾਹ ਖਾਤਾ, ਜਿਸ ਨੂੰ 'ਸੁਰੱਖਿਆ ਤਨਖਾਹ ਖਾਤਾ' ਨਾਂ ਦਿੱਤਾ ਗਿਆ ਹੈ, ਦੀ ਘੋਸ਼ਣਾ ਕੀਤੀ ਹੈ। ਏਅਰਟੈੱਲ ਪੇਮੈਂਟਸ ਬੈਂਕ ਨੇ ਇਕ ਬਿਆਨ 'ਚ ਕਿਹਾ ਕਿ ਇਹ ਖਾਤਾ ਖਾਸ ਤੌਰ 'ਤੇ ਸਮਾਜਿਕ ਤੌਰ 'ਤੇ ਕਮਜ਼ੋਰ ਵਰਗਾਂ ਲਈ ਹੈ, ਜਿਨ੍ਹਾਂ ਨੂੰ ਉਨ੍ਹਾਂ ਦੀ ਤਨਖਾਹ ਦੇ ਨਾਲ ਵਿੱਤੀ ਸੁਰੱਖਿਆ ਤੇ ਸਿਹਤ ਸੇਵਾਵਾਂ ਦਾ ਫਾਇਦਾ ਨਹੀਂ ਮਿਲਦਾ।
ਇਸ ਖਾਤੇ ਨਾਲ ਹਸਪਤਾਲ 'ਚ ਭਰਤੀ ਹੋਣ ਦੀ ਸਥਿਤੀ 'ਚ ਵਿੱਤੀ ਸਹਾਇਤਾ ਤੇ ਦੁਰਘਟਨਾ ਬੀਮਾ ਦੀ ਸੁਵਿਧਾ ਮਿਲੇਗੀ। ਕੰਪਨੀ ਨੇ ਕਿਹਾ ਕਿ ਇਸ ਖਾਤੇ 'ਚ ਕੋਈ ਘੱਟੋ-ਘੱਟ ਰਾਸ਼ੀ ਰੱਖਣ ਦੀ ਸ਼ਰਤ ਨਹੀਂ ਹੈ ਅਤੇ ਖਾਤਾਧਾਰਕ ਪੂਰੇ ਭਾਰਤ 'ਚ ਏਅਰਟੈੱਲ ਪੇਮੈਂਟਸ ਬੈਂਕ ਦੇ ਪੰਜ ਲੱਖ ਬੈਂਕਿੰਗ ਕੇਂਦਰਾਂ ਤੋਂ ਨਕਦ ਨਿਕਾਸੀ ਕਰ ਸਕਣਗੇ। ਇਨ੍ਹਾਂ ਕੇਂਦਰਾਂ 'ਤੇ ਗਾਹਕ ਪੈਸੇ ਜਮ੍ਹਾ ਕਰਾਉਣ ਦੇ ਨਾਲ-ਨਾਲ ਟਰਾਂਸਫਰ ਵੀ ਕਰ ਸਕਣਗੇ।
ਕੰਪਨੀ ਨੇ ਕਿਹਾ, ''ਇਕ ਮਹੀਨੇ 'ਚ 50,000 ਰੁਪਏ ਤੱਕ ਦੀ ਨਕਦੀ ਕਢਾਉਣ ਅਤੇ 20,000 ਰੁਪਏ ਤੱਕ ਜਮ੍ਹਾ ਕਰਾਉਣ 'ਤੇ ਕੋਈ ਚਾਰਜ ਨਹੀਂ ਹੈ।'' ਭਾਰਤ 'ਚ ਐੱਮ. ਐੱਸ. ਐੱਮ. ਈ. ਖੇਤਰ 'ਚ 6 ਕਰੋੜ ਤੋਂ ਜ਼ਿਆਦਾ ਇਕਾਈਆਂ ਹਨ ਅਤੇ ਜੀ. ਡੀ. ਪੀ. 'ਚ ਉਨ੍ਹਾਂ ਦੀ ਹਿੱਸੇਦਾਰੀ 29 ਫੀਸਦੀ ਹੈ। ਏਅਰਟੈੱਲ ਪੇਮੈਂਟਸ ਬੈਂਕ ਨੇ ਇਕ ਬਿਆਨ 'ਚ ਕਿਹਾ ਕਿ ਇਨ੍ਹਾਂ ਇਕਾਈਆਂ 'ਚ ਵੱਡੀ ਗਿਣਤੀ 'ਚ ਮਜ਼ਦੂਰਾਂ ਕੰਮ ਕਰਦੇ ਹਨ, ਜਿਨ੍ਹਾਂ ਨੂੰ ਤਨਖਾਹ ਦੇ ਨਾਲ ਸਮਾਜਿਕ ਤੇ ਸਿਹਤ ਸੇਵਾਵਾਂ ਦਾ ਫਾਇਦਾ ਨਹੀਂ ਮਿਲਦਾ ਹੈ। ਬਿਆਨ 'ਚ ਕਿਹਾ ਗਿਆ, 'ਸੁਰੱਖਿਆ ਤਨਖਾਹ ਖਾਤਾ ਵਿਸ਼ੇਸ਼ ਤੌਰ 'ਤੇ ਇਨ੍ਹਾਂ ਲਈ ਤਿਆਰ ਕੀਤਾ ਗਿਆ ਹੈ। ਇਸ ਖਾਤੇ ਜ਼ਰੀਏ ਐੱਮ. ਐੱਸ. ਐੱਮ. ਈ. ਤੇ ਹੋਰ ਸੰਗਠਨ ਕੈਸ਼ਲੈੱਸ ਭੁਗਤਾਨ ਕਰਨ 'ਚ ਸਮਰੱਥ ਹੋਣਗੇ ਅਤੇ ਆਪਣੇ ਕਰਮਚਾਰੀਆਂ ਨੂੰ ਵਿੱਤੀ ਸੁਰੱਖਿਆ ਵੀ ਮੁਹੱਈਆ ਕਰਾ ਸਕਣਗੇ।''
ਰਿਲਾਇੰਸ ਇੰਡਸਟਰੀਜ਼ ਦੀ ਬਾਜ਼ਾਰ ਪੂੰਜੀਕਰਨ 'ਚ ਹੋਈ ਬੱਲੇ-ਬੱਲੇ
NEXT STORY