ਨਵੀਂ ਦਿੱਲੀ— ਭਾਰਤ 'ਚ ਆਪਣੀ ਸੇਲ ਵਧਾਉਣ ਲਈ ਐਪਲ ਜਲਦ ਹੀ 5000 ਵਰਗ ਫੁੱਟ ਦੇ 5-6 ਨਵੇਂ ਸਟੋਰ ਖੋਲ੍ਹਣ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਇਹ ਸਟੋਰ ਦਿੱਲੀ, ਮੁੰਬਈ, ਚੇਨਈ, ਬੇਂਗਲੁਰੂ, ਹੈਦਰਾਬਾਦ, ਪੁਣੇ 'ਚ ਖੁੱਲ੍ਹਣਗੇ। ਫਿਲਹਾਲ ਭਾਰਤ 'ਚ ਉਸ ਦੇ 150 ਸਟੋਰ ਹਨ। ਕੰਪਨੀ ਇਹ ਸਟੋਰ ਫ੍ਰੈਂਚਾਈਜ਼ੀ ਰੂਟ ਜ਼ਰੀਏ ਚਲਾ ਰਹੀ ਹੈ ਕਿਉਂਕਿ ਸਰਕਾਰ ਨੇ ਅਮਰੀਕੀ ਕੰਪਨੀ ਦੇ ਸਿੰਗਲ ਬ੍ਰਾਂਡ ਰਿਟੇਲਿੰਗ ਦੇ ਪ੍ਰਸਤਾਵ ਨੂੰ ਮਨਜ਼ੂਰ ਨਹੀਂ ਕੀਤਾ ਹੈ। ਕੰਪਨੀ ਦੇ ਨਵੇਂ ਸਟੋਰ ਮੌਜੂਦਾ ਸਟੋਰਾਂ ਦੀ ਤੁਲਨਾ 'ਚ 2.5-3 ਗੁਣਾ ਵੱਡੇ ਹੋਣਗੇ। ਕੰਪਨੀ ਹੁਣ ਜੋ ਸਟੋਰ ਚਲਾ ਰਹੀ ਹੈ, ਉਨ੍ਹਾਂ ਦਾ ਸਾਈਜ਼ 1,000-1,500 ਵਰਗ ਫੁੱਟ ਤਕ ਹੈ। ਇਨ੍ਹਾਂ ਸਟੋਰਾਂ ਨੂੰ 'ਫਲੈਗਸ਼ਿਪ ਐਪਲ ਪ੍ਰੀਮੀਅਮ ਰੀਸੇਲਰਸ' ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਕੰਪਨੀ ਨਵੇਂ ਸਟੋਰ ਮਸ਼ਹੂਰ ਥਾਵਾਂ 'ਤੇ ਖੋਲ੍ਹੇਗੀ। ਇਨ੍ਹਾਂ ਸਟੋਰਾਂ ਜ਼ਰੀਏ ਕੰਪਨੀ ਭਾਰਤ 'ਚ ਗਾਹਕਾਂ ਨੂੰ ਐਪਲ ਦੇ ਪ੍ਰੀਮੀਅਮ ਯਾਨੀ ਖਾਸ ਹੋਣ ਦਾ ਅਹਿਸਾਸ ਕਰਾਉਣਾ ਚਾਹੁੰਦੀ ਹੈ ਕਿਉਂਕਿ ਪਿਛਲੇ ਕੁਝ ਸਮੇਂ 'ਚ ਆਨਲਾਈਨ ਛੋਟ ਦੇ ਮੱਦੇਨਜ਼ਰ ਕੰਪਨੀ ਦੀ ਬ੍ਰੈਂਡ ਵੈਲਿਊ ਕਮਜ਼ੋਰ ਹੋਈ ਹੈ, ਜਿਸ ਨਾਲ ਉਸ ਦੀ ਸੇਲ 'ਤੇ ਅਸਰ ਪਿਆ ਹੈ।
ਨਵੇਂ ਸਟੋਰ ਕੰਪਨੀ ਦੀ ਨਵੀਂ ਰਣਨੀਤੀ ਦਾ ਹਿੱਸਾ ਹੈ, ਜਿਸ 'ਚ ਉਹ ਡਿਸਕਾਊਂਟ ਦੀ ਬਜਾਏ ਅਨੁਭਵ ਜ਼ਰੀਏ ਵਿਕਰੀ ਵਧਾਉਣ ਦੀ ਕੋਸ਼ਿਸ਼ ਕਰੇਗੀ। ਖਬਰਾਂ ਮੁਤਾਬਕ, ਕੰਪਨੀ ਦੇਸ਼ ਦੇ ਸਾਰੇ ਸ਼ਹਿਰਾਂ 'ਚ ਇਸ ਰਸਤੇ ਨਾਲ ਹੀ ਐਪਲ ਦੇ ਪ੍ਰਾਡਕਟਸ ਦੀ ਵਿਕਰੀ ਕਰਨਾ ਚਾਹੁੰਦੀ ਹੈ। ਦੇਸ਼ 'ਚ ਅਪ੍ਰੈਲ-ਜੂਨ ਤਿਮਾਹੀ 'ਚ ਆਈਫੋਨ ਦੀ ਵਿਕਰੀ ਕਾਫੀ ਘੱਟ ਹੋ ਗਈ ਸੀ। 30,000 ਤੋਂ ਵਧ ਦੇ ਮਹਿੰਗੇ ਸਮਾਰਟ ਫੋਨ ਬਾਜ਼ਾਰ ਐਪਲ ਪਹਿਲੀ ਵਾਰ ਤੀਜੇ ਨੰਬਰ 'ਤੇ ਖਿਸਕ ਗਿਆ ਸੀ। ਉਸ ਦੀ ਬਾਜ਼ਾਰ ਹਿੱਸੇਦਾਰੀ ਘਟ ਕੇ ਸਿਰਫ 14 ਫੀਸਦੀ ਰਹਿ ਗਈ ਸੀ, ਜਦੋਂ ਕਿ ਵਨਪਲਸ 40 ਫੀਸਦੀ ਦੇ ਨਾਲ ਨੰਬਰ ਵਨ ਅਤੇ ਸੈਮਸੰਗ 35 ਫੀਸਦੀ ਦੇ ਨਾਲ ਦੂਜੇ ਨੰਬਰ 'ਤੇ ਸੀ।
ਆਪਣੀ ਹੀ ਦੌਲਤ ਨਹੀਂ ਖਰਚ ਕਰ ਸਕਦਾ ਇਹ ਅਰਬਪਤੀ
NEXT STORY