ਨਵੀਂ ਦਿੱਲੀ — ਕੋਰੋਨਾ ਮਰੀਜ਼ਾਂ ਦੀ 100 ਫੀਸਦੀ ਰਿਕਵਰੀ ਦਾ ਦਾਅਵਾ ਕਰਨ ਵਾਲੀ ਬਾਬਾ ਰਾਮਦੇਵ ਦੀ ਆਯੁਰਵੈਦਿਕ ਕੰਪਨੀ ਪਤੰਜਲੀ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਨਜ਼ਰ ਆ ਰਹੀਆਂ ਹਨ। ਕੋਰੋਨਾ ਲਾਗ ਦੀ ਦਵਾਈ ਕੋਰੋਨਿਲ ਦੇ ਲਾਂਚ ਹੁੰਦੀਆਂ ਹੀ ਬਾਬਾ ਰਾਮਦੇਵ ਸਵਾਲਾਂ ਦੇ ਘੇਰੇ 'ਚ ਫਸਦੇ ਜਾ ਰਹੇ ਹਨ। ਰਾਜਸਥਾਨ ਸਰਕਾਰ ਨੇ ਬਾਬਾ ਰਾਮਦੇਵ ਖ਼ਿਲਾਫ ਕੇਸ ਦਰਜ ਕਰਨ ਦੀ ਗੱਲ ਕੀਤੀ ਹੈ। ਦੂਜੇ ਪਾਸੇ ਉਤਰਾਖੰਡ ਸਰਕਾਰ ਵੀ ਪਤੰਜਲੀ ਨੂੰ ਨੋਟਿਸ ਭੇਜਣ ਦੀ ਤਿਆਰੀ ਕਰ ਰਹੀ ਹੈ। ਉਤਰਾਖੰਡ ਆਯੁਰਵੈਦ ਵਿਭਾਗ ਇਕ ਨੋਟਿਸ ਜਾਰੀ ਕਰਕੇ ਪੁੱਛੇਗਾ ਕਿ ਦਵਾਈ ਦੀ ਸ਼ੁਰੂਆਤ ਕਰਨ ਦੀ ਇਜਾਜ਼ਤ ਕਿੱਥੋਂ ਲਈ?
ਉਤਰਾਖੰਡ ਆਯੁਰਵੈਦ ਵਿਭਾਗ ਨੇ ਭੇਜਿਆ ਨੋਟਿਸ
ਉਤਰਾਖੰਡ ਆਯੁਰਵੈਦ ਵਿਭਾਗ ਦੇ ਲਾਇਸੈਂਸਿੰਗ ਅਧਿਕਾਰੀ ਦਾ ਕਹਿਣਾ ਹੈ ਕਿ ਅਸੀਂ ਪਤੰਜਲੀ ਦੀ ਅਰਜ਼ੀ 'ਤੇ ਲਾਇਸੈਂਸ ਜਾਰੀ ਕੀਤਾ ਸੀ। ਇਸ ਐਪਲੀਕੇਸ਼ਨ ਵਿਚ ਕਿਤੇ ਵੀ ਕੋਰੋਨਾ ਵਾਇਰਸ ਦਾ ਜ਼ਿਕਰ ਨਹੀਂ ਸੀ। ਇਸ ਵਿਚ ਰੋਗਾਂ ਨਾਲ ਲੜਣ ਦੀ ਸ਼ਕਤੀ ਵਧਾਉਣ, ਕੱਫ(ਰੇਸ਼ਾ) ਅਤੇ ਬੁਖਾਰ ਦੀ ਦਵਾਈ ਬਣਾਉਣ ਲਈ ਲਾਇਸੈਂਸ ਜਾਰੀ ਕਰਨ ਲਈ ਕਿਹਾ ਗਿਆ ਸੀ। ਵਿਭਾਗ ਵੱਲੋਂ ਪਤੰਜਲੀ ਨੂੰ ਨੋਟਿਸ ਭੇਜਿਆ ਗਿਆ ਹੈ।
ਰਾਜਸਥਾਨ ਸਰਕਾਰ ਨੇ ਲਗਾਈ ਪਾਬੰਦੀ
ਇਸ ਤੋਂ ਪਹਿਲਾਂ ਰਾਜਸਥਾਨ ਸਰਕਾਰ ਨੇ ਬਾਬਾ ਰਾਮਦੇਵ ਵਲੋਂ ਕੋਰੋਨਾ ਲਾਗ ਦੀ ਦਵਾਈ ਲੱਭਣ ਦੇ ਦਾਅਵੇ ਨੂੰ ਧੋਖਾਧੜੀ ਕਿਹਾ ਹੈ। ਰਾਜਸਥਾਨ ਸਰਕਾਰ ਦੇ ਸਿਹਤ ਮੰਤਰੀ ਰਘੂ ਸ਼ਰਮਾ ਦਾ ਕਹਿਣਾ ਹੈ ਕਿ ਮਹਾਮਾਰੀ ਦੇ ਸਮੇਂ ਦੌਰਾਨ ਬਾਬਾ ਰਾਮਦੇਵ ਨੇ ਇਸ ਤਰੀਕੇ ਨਾਲ ਕੋਰੋਨਾ ਦਵਾਈਆਂ ਵੇਚਣ ਦੀ ਕੋਸ਼ਿਸ਼ ਕੀਤੀ ਹੈ, ਜੋ ਕਿ ਚੰਗੀ ਗੱਲ ਨਹੀਂ ਹੈ।
ਸਿਹਤ ਮੰਤਰੀ ਰਘੂ ਸ਼ਰਮਾ ਨੇ ਕਿਹਾ ਕਿ ਆਯੂਸ਼ ਮੰਤਰਾਲੇ ਦੀ ਗਜ਼ਟ ਨੋਟੀਫਿਕੇਸ਼ਨ ਮੁਤਾਬਕ ਬਾਬਾ ਰਾਮਦੇਵ ਨੂੰ ਆਈਸੀਐਮਆਰ ਅਤੇ ਰਾਜਸਥਾਨ ਸਰਕਾਰ ਤੋਂ ਕਿਸੇ ਕੋਰੋਨਾ ਆਯੁਰਵੈਦ ਦਵਾਈ ਦੇ ਟ੍ਰਾਇਲ ਲਈ ਇਜਾਜ਼ਤ ਲੈਣੀ ਚਾਹੀਦੀ ਸੀ। ਬਿਨਾਂ ਇਜਾਜ਼ਤ ਅਤੇ ਬਿਨਾਂ ਕਿਸੇ ਮਾਪਦੰਡ ਦੇ ਦਾਅਵਾ ਕਰਨਾ ਗਲਤ।
ਮਹਾਰਾਸ਼ਟਰ ਸਰਕਾਰ ਨੇ ਲਗਾਈ ਪਾਬੰਦੀ
ਮਹਾਰਾਸ਼ਟਰ ਸਰਕਾਰ ਵੱਲੋਂ ਵੀ ਬਾਬਾ ਰਾਮਦੇਵ ਦੇ ਡਰੱਗ ਕੋਰੋਨਿਲ ਉੱਤੇ ਪਾਬੰਦੀ ਲਗਾਈ ਗਈ ਹੈ। ਮਹਾਰਾਸ਼ਟਰ ਸਰਕਾਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਕਿਹਾ ਕਿ ਕੋਰੋਨਿਲ ਦੇ ਕਲੀਨਿਕਲ ਟ੍ਰਾਇਲ ਬਾਰੇ ਅਜੇ ਕੋਈ ਠੋਸ ਜਾਣਕਾਰੀ ਨਹੀਂ ਹੈ, ਅਜਿਹੇ 'ਚ ਮਹਾਰਾਸ਼ਟਰ ਵਿਚ ਇਸ ਦਵਾਈ ਦੀ ਵਿਕਰੀ ‘ਤੇ ਪਾਬੰਦੀ ਹੋਵੇਗੀ।
ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਵੀਰਵਾਰ ਨੂੰ ਲਿਖਿਆ, 'ਜੈਪੁਰ ਦੇ ਨੈਸ਼ਨਲ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼, ਪਤਾ ਲਗਾਏਗੀ ਕਿ ਕੀ ਪਤੰਜਲੀ ਦੇ 'ਕੋਰੋਨਿਲ' ਦਾ ਕਲੀਨਿਕਲ ਟਰਾਇਲ ਹੋਇਆ ਸੀ। ਅਸੀਂ ਬਾਬਾ ਰਾਮਦੇਵ ਨੂੰ ਚਿਤਾਵਨੀ ਦਿੱਤੀ ਹੈ ਕਿ ਸਾਡੀ ਸਰਕਾਰ ਮਹਾਰਾਸ਼ਟਰ ਵਿਚ ਨਕਲੀ ਦਵਾਈਆਂ ਵਿਕਣ ਨਹੀਂ ਦੇਵੇਗੀ।
ਜ਼ਿਕਰਯੋਗ ਹੈ ਕਿ ਬਾਬਾ ਰਾਮਦੇਵ ਨੇ ਦਾਅਵਾ ਕੀਤਾ ਕਿ ਪਤੰਜਲੀ ਨੇ ਕੋਰੋਨਾ ਲਾਗ ਲਈ ਇੱਕ ਦਵਾਈ ਬਣਾਈ ਹੈ, ਜਿਸਦਾ ਨਾਮ ਕੋਰੋਨਿਲ ਹੈ। ਆਯੂਸ਼ ਮੰਤਰਾਲੇ ਨੇ ਬਾਬਾ ਰਾਮਦੇਵ ਦੇ ਦਾਅਵੇ 'ਤੇ ਸਵਾਲ ਖੜ੍ਹੇ ਕੀਤੇ ਸਨ। ਹੁਣ ਬਾਬਾ ਰਾਮਦੇਵ ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ਕੋਰੋਨਿਲ ਨਹੀਂ ਵੇਚ ਸਕਣਗੇ।
ਪਹਿਲੀ ਵਾਰ 80 ਰੁਪਏ ਦੇ ਪਾਰ ਹੋਇਆ ਡੀਜ਼ਲ, ਪੈਟਰੋਲ ਦੇ ਵੀ ਵਧੇ ਮੁੱਲ
NEXT STORY