ਨਵੀਂ ਦਿੱਲੀ— ਦਿੱਲੀ ਸਰਕਾਰ ਨੇ ਸ਼ਰਾਬ ਬਣਾਉਣ ਵਾਲੀ ਵਿਸ਼ਵ ਦੀ ਸਭ ਤੋਂ ਵੱਡੀ ਕੰਪਨੀ ਐਨਹਾਊਜ਼ਰ-ਬੁਸ਼ ਇਨਬੇਵ ’ਤੇ ਟੈਕਸ ਚੋਰੀ ਦਾ ਦੋਸ਼ ਲਾਉਂਦੇ ਹੋਏ ਇਸ ਨੂੰ 3 ਸਾਲਾਂ ਲਈ ਬੈਨ ਕਰ ਦਿੱਤਾ ਹੈ, ਇਸ ਲਈ ਕੰਪਨੀ ਹੁਣ ਨਵੀਂ ਦਿੱਲੀ ’ਚ ਫਿਲਹਾਲ ਆਪਣੇ ਉਤਪਾਦਾਂ ਦੀ ਵਿਕਰੀ ਨਹੀਂ ਕਰ ਪਾਏਗੀ। ਦਿੱਲੀ ਸਰਕਾਰ ਨੇ 3 ਸਾਲਾਂ ਦੀ ਜਾਂਚ ਤੋਂ ਬਾਅਦ ਇਸ ਮਹੀਨੇ ਦੇ ਸ਼ੁਰੂ ’ਚ ਜਾਰੀ ਆਪਣੇ ਇਕ ਆਦੇਸ਼ ਤਹਿਤ ਇਹ ਰੋਕ ਲਾਈ ਹੈ। ਜਾਂਚ ਦੌਰਾਨ ਪਾਇਆ ਗਿਆ ਕਿ ਬੀਅਰ ਬਣਾਉਣ ਵਾਲੀ ਕੰਪਨੀ ਐੱਸ. ਏ. ਬੀ. ਮਿਲਰ (ਏ. ਬੀ. ਇਨਬੇਵ ਵੱਲੋਂ 2016 ’ਚ ਕਰੀਬ 100 ਅਰਬ ਡਾਲਰ ’ਚ ਅਕਵਾਇਰ ਕੰਪਨੀ) ਨੇ ਸ਼ਹਿਰ ’ਚ ਪ੍ਰਚੂਨ ਵਿਕਰੀ ਲਈ ਸਪਲਾਈ ਕੀਤੀਆਂ ਗਈਆਂ ਆਪਣੀਆਂ ਬੋਤਲਾਂ ’ਤੇ ਨਕਲੀ ਬਾਰਕੋਡ ਦੀ ਵਰਤੋਂ ਕੀਤੀ ਤਾਂ ਕਿ ਟੈਕਸ ਦੇਣਦਾਰੀ ਨੂੰ ਘੱਟ ਕੀਤਾ ਜਾ ਸਕੇ।
ਏ. ਬੀ. ਇਨਬੇਵ ਨੇ ਇਕ ਬਿਆਨ ਜਾਰੀ ਕਰ ਕੇ ਦਿੱਲੀ ਸਰਕਾਰ ਵੱਲੋਂ ਲਾਏ ਗਏ ਦੋਸ਼ ਦਾ ਖੰਡਨ ਕੀਤਾ ਹੈ। ਕੰਪਨੀ ਨੇ ਕਿਹਾ ਹੈ ਕਿ ਉਹ ਦਿੱਲੀ ਸਰਕਾਰ ਦੇ ਇਸ ਆਦੇਸ਼ ਖਿਲਾਫ ਅਪੀਲ ਕਰੇਗੀ। ਜਾਂਚ ਰਿਪੋਰਟ ’ਚ ਕਿਹਾ ਗਿਆ ਹੈ ਕਿ ਐੱਸ. ਏ. ਬੀ. ਮਿਲਰ ਵੱਲੋਂ ਬਾਰਕੋਡ ਦੀ ਨਕਲ ਕੀਤੀ ਗਈ ਅਤੇ ਪ੍ਰਚੂਨ ਆਊਟਲੈੱਟ ’ਚ ਵਿਕਰੀ ਲਈ ਸਪਲਾਈ ਕੀਤੀ ਗਈ ਤਾਂ ਕਿ ਉਤਪਾਦ ਟੈਕਸ ਦੇ ਭੁਗਤਾਨ ਤੋਂ ਬਚਿਆ ਜਾ ਸਕੇ। ਦਿੱਲੀ ਸਰਕਾਰ ਨੇ ਪਿਛਲੇ ਹਫਤੇ ਜਾਰੀ ਆਪਣੇ ਦੂਜੇ ਆਦੇਸ਼ ’ਚ ਕਿਹਾ ਕਿ ਏ. ਬੀ. ਇਨਬੇਵ ਨੂੰ 3 ਸਾਲਾਂ ਲਈ ਕਾਲੀ ਸੂਚੀ ’ਚ ਪਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਰਾਜਧਾਨੀ ’ਚ ਮੌਜੂਦ ਏ. ਬੀ. ਇਨਬੇਵ ਦੇ 2 ਗੋਦਾਮਾਂ ਨੂੰ ਵੀ ਸੀਲ ਕਰਨ ਦਾ ਆਦੇਸ਼ ਦਿੱਤਾ ਗਿਆ ਹੈ।
ਦੁਕਾਨ-ਰੈਟੋਰੈਂਟਸ ’ਚ ਨਹੀਂ ਹੋਵੇਗੀ ਵਿਕਰੀ
ਦਿੱਲੀ ਸਰਕਾਰ ਦੇ ਇਕ ਉੱਚ ਅਧਿਕਾਰੀ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਸ ਆਦੇਸ਼ ’ਤੇ ਅਮਲ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। ਅਧਿਕਾਰੀ ਨੇ ਕਿਹਾ ਕਿ ਇਸ ਦਾ ਮਤਲਬ ਸਾਫ ਹੈ ਕਿ ਕੰਪਨੀ ਨੂੰ ਸਾਰੇ ਉਦੇਸ਼ਾਂ ਲਈ ਦਿੱਲੀ ਦੇ ਬਾਜ਼ਾਰ ਤੋਂ ਉਦੋਂ ਤੱਕ ਬੈਨ ਕੀਤਾ ਗਿਆ ਹੈ, ਜਦੋਂ ਤੱਕ ਉਹ ਇਸ ਖਿਲਾਫ ਅਪੀਲ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਦਿੱਲੀ ਦੀ ਸ਼ਰਾਬ ਦੁਕਾਨਾਂ ਅਤੇ ਰੈਸਟੋਰੈਂਟਸ ’ਚ ਏ. ਬੀ. ਇਨਬੇਵ ਦੇ ਕਿਸੇ ਵੀ ਬੀਅਰ ਬਰਾਂਡ ਦੀ ਵਿਕਰੀ ਨਹੀਂ ਕੀਤੀ ਜਾਵੇਗੀ।
7 ਅਰਬ ਡਾਲਰ ਦੇ ਭਾਰਤੀ ਬੀਅਰ ਬਾਜ਼ਾਰ ਦੀ ਦੂਜੀ ਸਭ ਤੋਂ ਵੱਡੀ ਕੰਪਨੀ
ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਈਮਾਨਦਾਰੀ ਅਤੇ ਨੈਤੀਕਤਾ ਸਾਡੇ ਪ੍ਰਮੁੱਖ ਮੁੱਲ ਹਨ। ਅਸੀਂ ਅਪੀਲ ਪ੍ਰਕਿਰਿਆ ਤਹਿਤ ਪੂਰਾ ਸਹਿਯੋਗ ਕਰਦੇ ਹੋਏ ਆਪਣਾ ਪੱਖ ਰੱਖਣਾ ਚਾਹੁੰਦੇ ਹਾਂ। ਏ. ਬੀ. ਇਨਬੇਵ 7 ਅਰਬ ਡਾਲਰ ਦੇ ਭਾਰਤੀ ਬੀਅਰ ਬਾਜ਼ਾਰ ਦੀ ਦੂਜੀ ਸਭ ਤੋਂ ਵੱਡੀ ਕੰਪਨੀ ਹੈ। ਖੋਜ ਫਰਮ ਆਈ . ਡਬਲਯੂ. ਐੱਸ. ਆਰ. ਡ੍ਰਿੰਕਸ ਮਾਰਕੀਟ ਐਨਾਲਿਸਿਸ ਅਨੁਸਾਰ ਕੰਪਨੀ ਦੀ ਬਾਜ਼ਾਰ ਹਿੱਸੇਦਾਰੀ 17.5 ਫੀਸਦੀ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਦਿੱਲੀ ਦੇ ਬਾਜ਼ਾਰ ’ਚ ਰੋਕ ਲਾਏ ਜਾਣ ਨਾਲ ਕੰਪਨੀ ਨੂੰ ਵੱਡਾ ਝਟਕਾ ਲੱਗੇਗਾ।
ਆਟੋ ਡੀਲਰਸ ਲਈ SBI ਤੋਂ ਲੋਨ ਲੈਣਾ ਹੋਇਆ ਮੁਸ਼ਕਿਲ, ਸ਼ਰਤਾਂ ਹੋਈਆਂ ਸਖਤ
NEXT STORY