ਜਲੰਧਰ (ਬਿਊਰੋ) : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਸ ਸਾਲ ਦਾ ਬਜਟ ਪੇਸ਼ ਕਰਨ ਦੌਰਾਨ ਮੱਧ ਵਰਗੀ ਨੌਕਰੀ ਪੇਸ਼ਾ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਇਸ ਸਾਲ ਇਨਕਮ ਟੈਕਸ ਦੀਆਂ ਦਰਾਂ ’ਚ ਵੱਡਾ ਬਦਲਾਅ ਕਰਦੇ ਹੋਏ ਦਰਾਂ ਦੀ ਗਿਣਤੀ 6 ਤੋਂ ਘਟਾ ਕੇ 5 ਕਰ ਦਿੱਤੀ ਗਈ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਭਾਸ਼ਣ ’ਚ ਕਿਹਾ ਹੈ ਕਿ 7 ਲੱਖ ਰੁਪਏ ਤੱਕ ਦੀ ਆਮਦਨ ਵਾਲੇ ਵਿਅਕਤੀ ’ਤੇ ਕੋਈ ਟੈਕਸ ਨਹੀਂ ਲੱਗੇਗਾ ਅਤੇ ਜੇਕਰ ਤੁਹਾਡੀ ਆਮਦਨ 9 ਲੱਖ ਰੁਪਏ ਹੈ ਤਾਂ ਤੁਹਾਨੂੰ 45 ਹਜ਼ਾਰ ਰੁਪਏ ਤੱਕ ਟੈਕਸ ਦੇਣਾ ਪਵੇਗਾ। ਇਹ ਟੈਕਸ ਪਹਿਲਾਂ 60 ਹਜ਼ਾਰ ਰੁਪਏ ਸੀ। ਇਸ ਲਿਹਾਜ਼ ਨਾਲ ਤੁਹਾਨੂੰ 15 ਹਜ਼ਾਰ ਰੁਪਏ ਦੀ ਬਚਤ ਹੋਵੇਗੀ। ਜਦਕਿ 15 ਲੱਖ ਰੁਪਏ ਸਾਲਾਨਾ ਆਮਦਨ ਵਾਲੇ ਵਿਅਕਤੀ ਨੂੰ ਡੇਢ ਲੱਖ ਰੁਪਏ ਟੈਕਸ ਦੇਣਾ ਪਵੇਗਾ, ਜੋ ਕਿ ਪਿਛਲੇ ਸਾਲ 1 ਲੱਖ 87 ਹਜ਼ਾਰ ਰੁਪਏ ਬਣਦਾ ਸੀ। ਇਸ ’ਚ ਵੀ 37,500 ਰੁਪਏ ਦਾ ਫਾਇਦਾ ਹੋਵੇਗਾ।
ਸਭ ਤੋਂ ਪਹਿਲਾਂ ਪੇਸ਼ ਹਨ ਵਿੱਤ ਮੰਤਰੀ ਵਲੋਂ ਐਲਾਨੀਆਂ ਗਈਆਂ ਨਵੀਂਆਂ ਦਰਾਂ -
0 ਤੋਂ 3 ਲੱਖ ਤੱਕ ਕੋਈ ਟੈਕਸ ਨਹੀਂ
3 ਤੋਂ 6 ਲੱਖ ਤੱਕ 5 ਫ਼ੀਸਦੀ
6 ਤੋਂ 9 ਲੱਖ ਤੱਕ 10 ਫ਼ੀਸਦੀ
9 ਤੋਂ 12 ਲੱਖ ਤੱਕ 15 ਫ਼ੀਸਦੀ
12 ਤੋਂ 15 ਲੱਖ ਤੱਕ 20 ਫ਼ੀਸਦੀ
15 ਲੱਖ ਤੋਂ ਉੱਪਰ 30 ਫ਼ੀਸਦੀ ਟੈਕਸ।
ਇਹ ਵੀ ਪੜ੍ਹੋ : ਸ਼ਹੀਦ ਭਗਤ ਸਿੰਘ ਦੀ ਸੋਚ ’ਤੇ ਪਹਿਰਾ ਦੇਣ ਦੇ ਪੰਜਾਬ ਸਰਕਾਰ ਦੇ ਦਾਅਵੇ ਨਿਕਲੇ ਫੋਕੇ : ਨਿਮਿਸ਼ਾ ਮਹਿਤਾ
ਇਸ ਦਾ ਫਾਇਦਾ ਤੁਹਾਨੂੰ ਕਿਸ ਤਰ੍ਹਾਂ ਹੋਵੇਗਾ।? ਇਹ ਜਾਣਨ ਲਈ ਇਸ ਦੀ ਤੁਲਨਾ ਪੁਰਾਣੀ ਦਰ ਨਾਲ ਕਰਨੀ ਪਵੇਗੀ।
ਪੁਰਾਣੀਆਂ ਦਰਾਂ ਇਸ ਤਰ੍ਹਾਂ ਹਨ-
0 ਤੋਂ 2.5 ਲੱਖ ਕੋਈ ਟੈਕਸ ਨਹੀਂ
2.5 ਤੋਂ 5 ਲੱਖ ਤੱਕ 5 ਫ਼ੀਸਦੀ
5 ਤੋਂ 7.5 ਲੱਖ ਤੱਕ 10 ਫ਼ੀਸਦੀ
7.5 ਤੋਂ 10 ਲੱਖ ਤੱਕ 15 ਫ਼ੀਸਦੀ
10 ਤੋਂ 12.5 ਲੱਖ ਤੱਕ 20 ਫ਼ੀਸਦੀ
12.5 ਤੋਂ 15 ਲੱਖ ਤੱਕ 25 ਫ਼ੀਸਦੀ
15 ਲੱਖ ਤੋਂ ਵਧੇਰੇ ਤੱਕ 30 ਫ਼ੀਸਦੀ।
ਨਵੇਂ ਟੈਕਸ ’ਚ ਵੀ ਮਿਲੇਗਾ ਸਟੈਂਡਰਡ ਡਿਡਕਸ਼ਨ
ਇਸ ਦੇ ਨਾਲ ਹੀ ਵਿੱਤ ਮੰਤਰੀ ਨੇ ਨੌਕਰੀ ਪੇਸ਼ਾ ਲੋਕਾਂ ਅਤੇ ਪੈਨਸ਼ਨ ਧਾਰਕਾਂ ਲਈ 52,500 ਰੁਪਏ ਸਟੈਂਡਰਡ ਡਿਡਕਸ਼ਨ ਲਾਗੂ ਕਰਨ ਦਾ ਵੀ ਐਲਾਨ ਕੀਤਾ ਹੈ। ਇਹ ਡਿਡਕਸ਼ਨ ਨਵੀਂਆਂ ਟੈਕਸ ਨੀਤੀ ’ਤੇ ਵੀ ਲਾਗੂ ਹੋਵੇਗਾ ਜਦਕਿ ਪਿਛਲੇ ਸਾਲ ਇਹ ਨਵੀਂ ਟੈਕਸ ਨੀਤੀ ’ਤੇ ਲਾਗੂ ਨਹੀਂ ਸੀ ਅਤੇ ਪੁਰਾਣੀ ਨੀਤੀ ਅਧੀਨ ਨੌਕਰੀ ਪੇਸ਼ਾ ਲੋਕਾਂ ਲਈ 50 ਹਜ਼ਾਰ ਰੁਪਏ ਅਤੇ ਫੈਮਿਲੀ ਪੈਨਸ਼ਨ ਧਾਰਕਾਂ ਨੂੰ 15 ਹਜ਼ਾਰ ਰੁਪਏ ਸਟੈਂਡਰਡ ਡਿਡਕਸ਼ਨ ਦਿੱਤੀ ਜਾਂਦੀ ਸੀ।
ਅਮੀਰਾਂ ਨੂੰ ਵੀ ਟੈਕਸ ’ਚ ਛੋਟ
ਵਿੱਤ ਮੰਤਰੀ ਨੇ ਇਸ ਦੇ ਨਾਲ ਹੀ ਜ਼ਿਆਦਾ ਆਮਦਨ ਵਾਲੇ ਵਿਅਕਤੀਆਂ ਨੂੰ ਵੀ ਰਾਹਤ ਦਿੱਤੀ ਹੈ ਅਤੇ 2 ਕਰੋੜ ਤੋਂ ਉੱਤੇ ਦੀ ਆਮਦਨ ਵਾਲੇ ਲੋਕਾਂ ਲਈ 3.74 ਫੀਸਦੀ ਟੈਕਸ ਘਟਾ ਦਿੱਤਾ ਹੈ। ਅਮੀਰਾਂ ਨੂੰ ਹੁਣ ਆਪਣੀ ਆਮਦਨ ’ਤੇ 42.74 ਫੀਸਦੀ ਦੀ ਜਗ੍ਹਾ 39 ਫੀਸਦੀ ਇਨਕਮ ਟੈਕਸ ਦੇਣਾ ਹੋਵੇਗਾ। ਦਰਅਸਲ ਇਹ ਟੈਕਸ ਆਮਦਨ ਕਰ ’ਤੇ ਲੱਗਣ ਵਾਲੇ 37 ਫੀਸਦੀ ਸਬਚਾਰਜ ਕਾਰਨ ਬਣਦਾ ਸੀ। ਜਿਸ ਨੂੰ ਘਟਾ ਕੇ 25 ਫੀਸਦੀ ਕਰ ਲਿਆ ਗਿਆ ਹੈ।
ਤੁਹਾਨੂੰ ਕਿਵੇਂ ਹੋਵੇਗਾ ਫਾਇਦਾ
ਜੇਕਰ ਪਿਛਲੇ ਸਾਲ ਤੁਹਾਡੀ ਤਨਖ਼ਾਹ 50,000 ਰੁਪਏ ਮਹੀਨਾ ਸੀ। ਤੁਹਾਡੀ ਸਾਲ ਦੀ ਇਨਕਮ 6 ਲੱਖ ਰੁਪਏ ਬਣਦੀ ਸੀ ਅਤੇ 5 ਤੋਂ ਲੈ ਕੇ ਸਾਢੇ 7 ਲੱਖ ਤੱਕ ਦੀ ਆਮਦਨ 20 ਫੀਸਦੀ ਟੈਕਸ ਦੇ ਦਾਇਰੇ ’ਚ ਸੀ। ਇਸ ਦਾ ਮਤਲਬ ਤੁਹਾਨੂੰ 2.5 ਲੱਖ ਰੁਪਏ ਤੋਂ ਉੱਤੇ ਦੀ ਆਮਦਨ ’ਤੇ 5 ਫੀਸਦੀ ਅਤੇ 5 ਲੱਖ ਤੋਂ ਉੱਪਰ 1 ਲੱਖ ਦੀ ਆਮਦਨ ’ਤੇ 20 ਫੀਸਦੀ ਟੈਕਸ ਲੱਗਦਾ ਸੀ। ਤੁਹਾਡਾ ਕੁੱਲ ਟੈਕਸ ਮਿਲਾ ਕੇ 32,500 ਰੁਪਏ ਬਣਦਾ ਸੀ ਪਰ ਹੁਣ ਜੇਕਰ ਤੁਹਾਡੀ ਆਮਦਨ 50,000 ਰੁਪਏ ਹੈ ਤਾਂ ਤੁਹਾਨੂੰ 3 ਲੱਖ ਤੋਂ ਉੱਪਰ ਦੀ ਆਪਣੀ 3 ਲੱਖ ਰੁਪਏ ਦੀ ਆਮਦਨ ’ਤੇ 5 ਫੀਸਦੀ ਟੈਕਸ ਦੇਣਾ ਪਵੇਗਾ ਯਾਨਿ ਕਿ ਤੁਹਾਨੂੰ ਕੁੱਲ 17,500 ਰੁਪਏ ਦੀ ਬਚਤ ਹੋਵੇਗੀ।
ਜੇਕਰ ਤੁਹਾਡੀ ਤਨਖਾਹ 1 ਲੱਖ ਰੁਪਏ ਪ੍ਰਤੀ ਮਹੀਨਾ ਹੈ ਤਾਂ ਤੁਹਾਡੀ ਸਾਲ ਦੀ ਕੁੱਲ ਆਮਦਨ 12 ਲੱਖ ਰੁਪਏ ਬਣਦੀ ਸੀ। ਪਿਛਲੇ ਟੈਕਸ ਨਿਯਮ ਦੇ ਮੁਤਾਬਕ ਤੁਹਾਨੂੰ 2,50,000 ਤੋਂ 5,00,000 ਲੱਖ ਦੀ ਆਮਦਨ ’ਤੇ 12,500 ਰੁਪਏ ਅਤੇ 5 ਤੋਂ 10 ਲੱਖ ਦੀ ਆਮਦਨ ’ਤੇ 1 ਲੱਖ ਰੁਪਿਆ ਅਤੇ 10 ਲੱਖ ਤੋਂ ਉਪਰ ਦੇ 2 ਲੱਖ ਰੁਪਏ ਦੀ ਆਮਦਨ ’ਤੇ 60,000 ਰੁਪਏ ਟੈਕਸ ਪੈਂਦਾ ਸੀ ਅਤੇ 1 ਲੱਖ ਰੁਪਏ ਪ੍ਰਤੀ ਮਹੀਨੇ ਦੀ ਆਮਦਨ ਵਾਲੇ ਵਿਅਕਤੀ ਲਈ ਕੁੱਲ ਟੈਕਸ 1 ਲੱਖ 72 ਹਜ਼ਾਰ ਬਣਦਾ ਸੀ। ਨਵੀਂਆਂ ਟੈਕਸ ਦਰਾਂ ਮੁਤਾਬਕ ਪਹਿਲੇ 3 ਲੱਖ ਰੁਪਏ’ਤੇ ਕੋਈ ਟੈਕਸ ਨਹੀਂ ਲੱਗੇਗਾ। 3 ਲੱਖ ਰੁਪਏ ਤੋਂ 6 ਲੱਖ ਰੁਪਏ ਦੀ ਆਮਦਨ ’ਤੇ 5 ਫੀਸਦੀ ਦੇ ਹਿਸਾਬ ਦੇ ਨਾਲ 15 ਹਜ਼ਾਰ ਰੁਪਏ ਟੈਕਸ ਲੱਗੇਗਾ ਜਦਕਿ 6 ਲੱਖ ਤੋਂ 9 ਲੱਖ ਰੁਪਏ ਦੀ ਆਮਦਨ ’ਤੇ 10 ਫੀਸਦੀ ਦੇ ਹਿਸਾਬ ਨਾਲ 30 ਹਜ਼ਾਰ ਰੁਪਿਆ ਟੈਕਸ ਲੱਗੇਗਾ ਅਤੇ 9 ਤੋਂ 12 ਲੱਖ ਰੁਪਏ ਦੀ ਆਮਦਨ ’ਤੇ 3 ਲੱਖ ਰੁਪਏ ਦਾ ਟੈਕਸ 45,000 ਰੁਪਏ ਬਣਦਾ ਹੈ। ਕੁੱਲ ਮਿਲਾ ਕੇ 1 ਲੱਖ ਰੁਪਏ ਮਹੀਨਾ ਕਮਾਉਣ ਵਾਲੇ ਵਿਅਕਤੀ ਨੂੰ 90 ਹਜ਼ਾਰ ਰੁਪਏ ਟੈਕਸ ਦੇਣਾ ਹੋਵੇਗਾ ਅਤੇ ਪਿਛਲੀਆਂ ਟੈਕਸ ਦਰਾਂ ਮੁਤਾਬਕ 82 ਹਜ਼ਾਰ ਰੁਪਏ ਦਾ ਫਾਇਦਾ ਹੋਵੇਗਾ।
ਇਹ ਵੀ ਪੜ੍ਹੋ : ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦੇਣ ਨਾਲ ਖਿੱਤੇ ’ਚ ਫਿਰਕੂ ਕੁੜੱਤਣ ਪੈਦਾ ਹੋ ਰਹੀ ਹੈ : ਹਰਸਿਮਰਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਮਾਰਚ 2024 ਤੱਕ ਬਣੇ ਸਟਾਰਟਅਪ ਨੂੰ ਮਿਲੇਗਾ ਇਨਕਮ ਟੈਕਸ ਲਾਭ : ਸੀਤਾਰਮਨ
NEXT STORY