ਨਵੀਂ ਦਿੱਲੀ– ਕੋਰੋਨਾ ਦੇ ਝਟਕੇ ਨੇ ਜਿਥੇ ਆਟੋ ਇੰਡਸਟਰੀ ਦੇ ਸਾਰੇ ਸੈਕਟਰ ’ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਉਥੇ ਹੀ ਟਰੈਕਟਰਾਂ ਦੀ ਬੰਪਰ ਵਿਕਰੀ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਕੋਰੋਨਾ ਕਾਲ ’ਚ ਹੋ ਰਹੀ ਟਰੈਕਟਰਾਂ ਦੀ ਵਿਕਰੀ ਨੂੰ ਦੇਖਣ ਤੋਂ ਬਾਅਦ ਇਹ ਕਹਿਣਾ ਮੁਸ਼ਕਲ ਹੈ ਕਿ ਦੇਸ਼ ’ਚ ਕਦੀ ਲਾਕਡਾਊਨ ਵੀ ਲਾਗੂ ਕੀਤਾ ਗਿਆ ਸੀ। ਇਸ ਸੈਕਟਰ ’ਚ ਭਾਰੀ ਮੰਗ ਕਾਰਣ ਨਿਰਮਾਤਾ ਕੰਪਨੀਆਂ ਨੂੰ ਬੰਪਰ ਫਾਇਦਾ ਹੋ ਰਿਹਾ ਹੈ। ਇਸ ਲੜੀ ’ਚ ਹੁਣ ਮਹਿੰਦਰਾ ਵੀ ਸ਼ਾਮਲ ਹੋ ਗਈ ਹੈ, ਜਿਸ ਦੇ ਟਰੈਕਟਰਾਂ ਨੂੰ ਜੁਲਾਈ ਮਹੀਨੇ ’ਚ ਭਾਰਤੀ ਗਾਹਕਾਂ ਵਲੋਂ ਕਾਫੀ ਖਰੀਦਿਆ ਗਿਆ।
ਮਹਿੰਦਰਾ ਨੇ ਜੁਲਾਈ 2020 ’ਚ ਆਪਣੇ 25,402 ਟਰੈਕਟਰਾਂ ਦੀ ਵਿਕਰੀ ਕੀਤੀ। ਇਸ ਦੀ ਤੁਲਨਾ ਜੇ ਜੁਲਾਈ 2019 ਨਾਲ ਕੀਤੀ ਜਾਵੇ ਤਾਂ ਕੰਪਨੀ ਦੀ ਵਿਕਰੀ ’ਚ 27 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਪਿਛਲੇ ਸਾਲ ਜੁਲਾਈ ਮਹੀਨੇ ’ਚ ਕੁਲ 19,992 ਟਰੈਕਟਰਾਂ ਦੀ ਵਿਕਰੀ ਹੋਈ ਸੀ। ਭਾਰਤੀ ਬਾਜ਼ਾਰ ’ਚ ਮਹਿੰਦਰਾ ਦੇ ਟਰੈਕਟਰਾਂ ਨੂੰ ਗਾਹਕਾਂ ਦਾ ਬੰਪਰ ਸਾਥ ਮਿਲਿਆ ਹੈ। ਜੁਲਾਈ ਮਹੀਨੇ ’ਚ ਭਾਰਤ ’ਚ ਮਹਿੰਦਰਾ ਦੇ 24463 ਟਰੈਕਟਰਾਂ ਨੂੰ ਭਾਰਤੀ ਗਾਹਕਾਂ ਨੇ ਖਰੀਦਿਆ। ਉਥੇ ਹੀ ਜੁਲਾਈ 2019 ’ਚ ਇਸ ਦੇ 7563 ਇਕਾਈਆਂ ਦੀ ਵਿਕਰੀ ਹੋਈ ਸੀ। ਭਾਰਤ ’ਚ ਪਿਛਲੇ ਸਾਲ ਦੇ ਮੁਕਾਬਲੇ ਇਸ ਜੁਲਾਈ ਮਹਿੰਦਰਾ ਦੇ ਟਰੈਕਟਰਾਂ ਦੀ ਵਿਕਰੀ 28 ਫੀਸਦੀ ਵਧੀ ਹੈ। ਬਰਾਮਦ ਦੀ ਗੱਲ ਕਰੀਏ ਤਾਂ ਮਹਿੰਦਰਾ ਦੇ ਟਰੈਕਟਰਾਂ ਦੀ ਭਾਰਤ ਤੋਂ ਬਾਹਰ ਵੀ ਵਿਕਰੀ ਵਧੀ ਹੈ। ਜੁਲਾਈ 2020 ’ਚ ਮਹਿੰਦਰਾ ਨੇ ਭਾਰਤ ਤੋਂ ਬਾਹਰ 939 ਟਰੈਕਟਰਾਂ ਦੀ ਬਰਾਮਦ ਕੀਤੀ ਹੈ ਜਦੋਂ ਕਿ ਜੁਲਾਈ 2019 ’ਚ ਇਹ ਅੰਕੜਾ 818 ਇਕਾਈ ਦਾ ਸੀ। ਪਿਛਲੇ ਸਾਲ ਦੇ ਮੁਕਾਬਲੇ ਜੁਲਾਈ 2020 ’ਚ ਮਹਿੰਦਰਾ ਦੇ ਟਰੈਕਟਰਾਂ ਦੀ ਬਰਾਮਦ ’ਚ 15 ਫੀਸਦੀ ਦਾ ਵਾਧਾ ਹੋਇਆ ਹੈ।
ਮਹਿੰਦਰਾ ਐਂਡ ਮਹਿੰਦਰਾ ਲਿਮਟਡ ਦੇ ਪ੍ਰਧਾਨ ਹੇਮੰਤ ਸਿੱਕਾ ਨੇ ਵਿਕਰੀ ’ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਅਸੀਂ ਜੁਲਾਈ 2020 ਦੌਰਾਨ ਭਾਰਤੀ ਬਾਜ਼ਾਰ ’ਚ 24,463 ਟਰੈਕਟਰਾਂ ਦੀ ਵਿਕਰੀ ਕੀਤੀ ਹੈ ਜੋ ਪਿਛਲੇ ਸਾਲ ਦੀ ਤੁਲਨਾ ’ਚ 28 ਫੀਸਦੀ ਵੱਧ ਹੈ। ਇਹ ਸਾਡੀ ਹੁਣ ਤੱਕ ਦੀ ਜੁਲਾਈ ਮਹੀਨੇ ’ਚ ਸਭ ਤੋਂ ਵੱਧ ਵਿਕਰੀ ਹੈ। ਬਾਜ਼ਾਰ ’ਚ ਟਰੈਕਟਰਾਂ ਦੀ ਮੰਗ ਜਾਰੀ ਹੈ, ਕਿਸਾਨਾਂ ਨੂੰ ਚੰਗੇ ਨਕਦੀ ਪ੍ਰਵਾਹ ਕਾਰਣ ਹਾਂਪੱਖੀ ਨਤੀਜੇ ਦੇਖਣ ਨੂੰ ਮਿਲ ਰਹੇ ਹਨ।
ਭਾਰਤੀ ਅਰਥਵਿਵਸਥਾ ਦਾ ਬੁਰਾ ਦੌਰ ਬੀਤਿਆ, ਖੇਤੀਬਾੜੀ ਖੇਤਰ ਨੇ ਪਾਰ ਲਗਾਈ ਬੇੜੀ
NEXT STORY