ਬੇਂਗਲੁਰੂ, (ਏਜੰਸੀਆਂ)— ਪੰਜਾਬ ਨੈਸ਼ਨਲ ਬੈਂਕ ਧੋਖਾਧੜੀ ਦਾ ਮਾਮਲਾ ਅਜੇ ਸੁਰਖੀਆਂ 'ਚ ਹੀ ਹੈ। ਇਸ ਵਿਚਕਾਰ ਇਨਕਮ ਟੈਕਸ ਵਿਭਾਗ 'ਚ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਸੀ. ਬੀ. ਆਈ. 'ਰਿਵਾਈਜ਼ਡ ਟੈਕਸ ਰਿਟਰਨ' ਨਾਲ ਜੁੜੇ ਇਕ ਮਾਮਲੇ ਦੀ ਜਾਂਚ ਕਰ ਰਹੀ ਹੈ, ਜਿਸ 'ਚ ਇੰਫੋਸਿਸ ਤਕਨਾਲੋਜੀ ਦੇ ਕੁਝ ਕਰਮਚਾਰੀ, ਇਨਕਮ ਟੈਕਸ ਵਿਭਾਗ ਦੇ ਕੁਝ ਅਧਿਕਾਰੀ ਅਤੇ ਬੇਂਗਲੁਰੂ ਦੇ ਇਕ ਫਰਜ਼ੀ ਚਾਰਟਡ ਅਕਾਊਂਟੈਂਟ (ਸੀ. ਏ.) ਦੀ ਮਿਲੀਭੁਗਤ ਸਾਹਮਣੇ ਆ ਰਹੀ ਹੈ। ਮਾਮਲੇ 'ਚ ਦਰਜ ਐੱਫ. ਆਈ. ਆਰ. ਮੁਤਾਬਕ ਇਨਕਮ ਟੈਕਸ ਵਿਭਾਗ ਨੇ ਇਸ ਫਰਜ਼ੀਵਾੜੇ ਦਾ ਪਤਾ ਜਨਵਰੀ ਦੇ ਆਖਰੀ ਦਿਨਾਂ 'ਚ ਲਗਾਇਆ ਸੀ। ਐੱਫ. ਆਈ. ਆਰ. 'ਚ ਕਿਹਾ ਗਿਆ ਹੈ ਕਿ ਇਨਕਮ ਟੈਕਸ ਵਿਭਾਗ ਦੇ ਕੁਝ ਅਧਿਕਾਰੀਆਂ, ਇੰਫੋਸਿਸ ਦੇ ਕੁਝ ਕਰਮਚਾਰੀਆਂ ਅਤੇ ਇਕ ਫਰਜ਼ੀ ਸੀ. ਏ. ਦੀ ਮਿਲੀਭੁਗਤ ਨਾਲ 1,010 ਰਿਵਾਈਜ਼ਡ ਟੈਕਸ ਰਿਟਰਨ ਫਾਈਲ ਕੀਤੇ ਗਏ। ਇਨ੍ਹਾਂ ਨੇ ਤਿੰਨ ਮੁਲਾਂਕਣ ਸਾਲਾਂ 'ਚ ਫਰਜ਼ੀ ਦਸਤਾਵੇਜ਼ਾਂ ਜ਼ਰੀਏ ਵੱਖ-ਵੱਖ ਨਿੱਜੀ ਕੰਪਨੀਆਂ ਦੇ 250 ਟੈਕਸ ਦਾਤਾਵਾਂ ਦੇ ਨਾਮ ਰਿਵਾਈਜ਼ਡ ਟੈਕਸ ਰਿਟਰਨ ਫਾਈਲ ਕਰਕੇ ਗੈਰ-ਕਾਨੂੰਨੀ ਤਰੀਕੇ ਨਾਲ ਰਿਫੰਡ ਕਲੇਮ ਕੀਤੇ ਸਨ। ਚਾਰਟਡ ਅਕਾਊਂਟੈਂਟ ਦੀ ਸੰਸਥਾ ਨੇ ਇਸ ਫਰਜ਼ੀਵਾੜੇ 'ਚ ਸ਼ਾਮਲ ਸੀ. ਏ. ਨੂੰ ਫਰਜ਼ੀ ਕਰਾਰ ਦਿੱਤਾ ਹੈ।
ਦੱਸਣਯੋਗ ਹੈ ਕਿ ਇਨਕਮ ਟੈਕਸ ਵਿਭਾਗ ਨੇ ਈ-ਰਿਟਰਨ ਪ੍ਰੋਸੈਸ ਕਰਨ ਦਾ ਕੰਮ ਇੰਫੋਸਿਸ ਨੂੰ ਹੀ ਦੇ ਰੱਖਿਆ ਹੈ। ਸੀ. ਬੀ. ਆਈ. ਦਾ ਕਹਿਣਾ ਹੈ ਕਿ ਜਦੋਂ ਫਰਜ਼ੀ ਸੀ. ਏ. ਨਾਗੇਸ਼ ਸ਼ਾਸਤਰੀ ਰਿਟਰਨ ਫਾਈਲ ਕਰ ਰਿਹਾ ਸੀ, ਉਸ ਵਕਤ ਟੈਕਸ ਵਿਭਾਗ ਦੇ ਕੁਝ ਅਧਿਕਾਰੀਆਂ ਅਤੇ ਇੰਫੋਸਿਸ ਦੇ ਕੁਝ ਕਰਮਚਾਰੀਆਂ ਨੇ ਇਨ੍ਹਾਂ ਫਰਜ਼ੀ ਰਿਟਰਨਾਂ ਨੂੰ ਸਿਸਟਮ ਦੇ ਰਡਾਰ ਤੋਂ ਬਚਾਉਣ ਦਾ ਕੰਮ ਕੀਤਾ। ਖਬਰਾਂ ਮੁਤਾਬਕ, ਪ੍ਰੋਸੈਸਿੰਗ ਦੇ ਕੰਮ 'ਚ ਲੱਗੇ ਇੰਫੋਸਿਸ ਤਕਨਾਲੋਜੀ ਦੇ ਅਣਪਛਾਤੇ ਕਰਮਚਾਰੀਆਂ ਅਤੇ ਰਿਫੰਡਸ ਕਲੇਮ ਨੂੰ ਮਨਜ਼ੂਰ ਕਰਨ ਲਈ ਅਧਿਕਾਰਤ ਇਨਕਮ ਟੈਕਸ ਅਧਿਕਾਰੀਆਂ ਨੇ ਸ਼ਾਸਤਰੀ ਨਾਲ ਮਿਲ ਕੇ ਝੂਠੀਆਂ ਜਾਣਕਾਰੀਆਂ ਦੇ ਆਧਾਰ 'ਤੇ ਭਰੇ ਗਏ ਰਿਵਾਈਜ਼ਡ ਰਿਟਰਨ ਜਾਂ ਦਸਤਾਵੇਜ਼ਾਂ ਨੂੰ ਜਾਣਬੁੱਝ ਕੇ ਮਨਜ਼ੂਰ ਕਰ ਦਿੱਤਾ ਅਤੇ 5 ਕਰੋੜ ਦੇ ਇਨਕਮ ਟੈਕਸ ਰਿਫੰਡ ਜਾਰੀ ਕਰ ਦਿੱਤੇ।
ਜੇਤਲੀ ਨੇ ਲਾਂਚ ਕੀਤਾ ਆਨਲਾਈਨ ਜੀ. ਪੀ. ਐੱਫ.
NEXT STORY