ਪਟਨਾ - ਵਿਦੇਸ਼ੀ ਨਿਵੇਸ਼ਕਾਂ ਦਾ ਭਾਰਤੀ ਅਰਥਵਿਵਸਥਾ ’ਤੇ ਭਰੋਸਾ ਲਗਾਤਾਰ ਕਮਜ਼ੋਰ ਹੋ ਰਿਹਾ ਹੈ ਅਤੇ ਇਹੀ ਕਾਰਨ ਹੈ ਕਿ ਵਿਦੇਸ਼ੀ ਨਿਵੇਸ਼ਕ ਭਾਰਤੀ ਬਾਜ਼ਾਰਾਂ ’ਚ ਲਗਾਤਾਰ ਸ਼ੇਅਰ ਵੇਚ ਰਹੇ ਹਨ। ਐੱਨ. ਐੱਸ. ਡੀ. ਐੱਲ. ਦੇ ਅੰਕੜਿਆਂ ਅਨੁਸਾਰ ਇਸ ਸਾਲ 4 ਨਵੰਬਰ ਤੱਕ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਨੇ ਭਾਰਤੀ ਬਾਜ਼ਾਰਾਂ ’ਚ ਲੱਗਭਗ 1.5 ਲੱਖ ਕਰੋੜ ਰੁਪਏ ਦੇ ਸ਼ੇਅਰਾਂ ਦੀ ਵਿਕਰੀ ਕੀਤੀ ਹੈ। ਇਹ ਵਿਕਰੀ ਪਿਛਲੇ ਕਰੀਬ 20 ਸਾਲਾਂ ’ਚ ਸਭ ਤੋਂ ਵੱਡੀ ਮੰਨੀ ਜਾ ਰਹੀ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕਾਰਪੋਰੇਟ ਪ੍ਰਦਰਸ਼ਨ ’ਚ ਜ਼ਿਕਰਯੋਗ ਸੁਧਾਰ ਨਹੀਂ ਹੁੰਦਾ, ਉਦੋਂ ਤੱਕ ਵਿਦੇਸ਼ੀ ਨਿਵੇਸ਼ਕਾਂ ਨੂੰ ਭਾਰਤ ’ਚ ਨਿਵੇਸ਼ ਆਕਰਸ਼ਕ ਨਹੀਂ ਲੱਗੇਗਾ। ਕਾਰਪੋਰੇਟ ਸੈਕਟਰ ਦੀ ਕਮਜ਼ੋਰੀ ਅਤੇ ਮੁਨਾਫੇ ’ਚ ਕਮੀ ਦਾ ਸਬੰਧ ਸਿਰਫ ਸ਼ੇਅਰ ਬਾਜ਼ਾਰ ਰਿਟਰਨ ਨਾਲ ਨਹੀਂ, ਸਗੋਂ ਵਿਸ਼ਾਲ ਆਰਥਿਕ ਕਾਰਕਾਂ ਨਾਲ ਵੀ ਹੈ।
ਈ. ਐੱਮ. ਈ. ਏ. ਦੇ ਚੀਫ ਇਨਵੈਸਟਮੈਂਟ ਆਫਿਸਰ ਮਾਈਕ ਕੂਪ ਨੇ ਕਿਹਾ ਕਿ ਜਦੋਂ ਚੀਨ ਦਾ ਬਾਜ਼ਾਰ ਡਿੱਗਿਆ, ਉਦੋਂ ਭਾਰਤ ਨੇ ਉਸ ਦਾ ਲਾਭ ਲਿਆ ਅਤੇ ਚੀਨ ਦਾ ਰਿਫਲੈਕਸ਼ਨ ਬਣ ਗਿਆ ਸੀ। ਚੀਨ ਤੋਂ ਨਿਕਲ ਰਹੇ ਨਿਵੇਸ਼ ਦਾ ਫਾਇਦਾ ਭਾਰਤ ਨੂੰ ਮਿਲਿਆ ਸੀ ਪਰ ਹੁਣ ਉਹ ਲਾਭ ਖਤਮ ਹੋ ਚੁੱਕਾ ਹੈ।
ਐੱਚ. ਐੱਸ. ਬੀ. ਸੀ. ਦੇ ਚੀਫ ਇਕਨਾਮਿਸਟ ਪਨਮਿਲ ਭੰਡਾਰੀ ਨੇ ਕਿਹਾ ਕਿ ਹਾਲ ਹੀ ’ਚ ਅਸੀਂ ਦੇਖਿਆ ਹੈ ਕਿ ਭਾਰਤ ਦੇ ਸ਼ੇਅਰ ਹੋਰ ਬਾਜ਼ਾਰਾਂ ਦੇ ਮੁਕਾਬਲੇ ਵੱਧ ਦਬਾਅ ’ਚ ਹਨ ਅਤੇ ਪਿਛਲੇ ਹਫਤੇ ਭਾਰਤ ’ਚ ਹੋਰ ਏਸ਼ੀਆਈ ਬਾਜ਼ਾਰਾਂ ਦੇ ਮੁਕਾਬਲੇ ਗਿਰਾਵਟ ਜ਼ਿਆਦਾ ਰਹੀ।
ਐੱਸਪਾਸੀਆ ਇੰਸਟੀਚਿਊਸ਼ਨਲ ਫਾਈਨਾਂਸ਼ੀਅਲ ਸਰਵਿਸਿਜ਼ ਦੇ ਸੀ. ਈ. ਓ. ਅਤੇ ਕੋ-ਫਾਊਂਡਰ ਜੈ ਸਿਨ੍ਹਾ ਨੇ ਕਿਹਾ ਕਿ ਭਾਰਤੀ ਸ਼ੇਅਰ ਪਿਛਲੇ ਕੁਝ ਸਾਲਾਂ ’ਚ ਬਿਹਤਰ ਰਹੇ ਹਨ ਪਰ ਮੌਜੂਦਾ ਵੈਲਿਊਏਸ਼ਨ (ਮੁੱਲਾਂਕਣ) ਬਹੁਤ ਉੱਚਾ ਹੈ ਅਤੇ ਅਜੇ ਵੀ ਕਮਾਈ ਦਾ ਔਸਤ ਓਨਾ ਨਹੀਂ ਵਧਿਆ। ਇਹ ਇਸ ਲਈ ਹੋਇਆ ਹੈ ਕਿਉਂਕਿ ਕਈ ਸੈਕਟਰਜ਼ ਦੀ ਆਮਦਨ ’ਚ ਤੇਜ਼ੀ ਨਾਲ ਵਾਧਾ ਨਹੀਂ ਹੋਇਆ। ਨਾਮਾਤਰ ਜੀ. ਡੀ. ਪੀ. ਵਾਧਾ ਹੁਣ ਸਿੰਗਲ ਅੰਕਾਂ ’ਚ ਆ ਗਿਆ ਹੈ। ਯਥਾਰਥਵਾਦੀ ਨਜ਼ਰੀਏ ਨਾਲ ਵੇਖਿਆ ਜਾਵੇ ਤਾਂ ਮੁਨਾਫੇ ਅਤੇ ਆਮਦਨ ’ਚ ਸੁਧਾਰ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਵਧਦੀ ਅਸਮਾਨਤਾ ਅਤੇ ਕਮਜ਼ੋਰ ਲਾਭ ਵਾਧੇ ਨੂੰ ਦੇਖਦੇ ਹੋਏ ਮਾਹਿਰਾਂ ਦਾ ਮੰਨਣਾ ਹੈ ਕਿ ਕਾਰਪੋਰੇਟ ਭਾਰਤ ਦੇ ਲਾਭ ’ਚ ਤੇਜ਼ੀ ਨਾਲ ਵਾਧਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਕੰਪਨੀਆਂ ਦੀ ਤਿਮਾਹੀ ਆਮਦਨ ਲੱਗਭਗ ਸਥਿਰ ਹੈ ਅਤੇ ਸਾਲ-ਦਰ-ਸਾਲ ਵਾਧਾ ਸਿਰਫ 10-11 ਫੀਸਦੀ ਦੇ ਆਲੇ-ਦੁਆਲੇ ਹੈ, ਜਦੋਂਕਿ ਮਹਿੰਗਾਈ ਵੀ ਲੱਗਭਗ ਇਸੇ ਦਰ ਨਾਲ ਚੱਲ ਰਹੀ ਹੈ। ਐੱਫ. ਪੀ. ਆਈ. ਦੀ ਭਾਈਵਾਲੀ ਮੁੜ ਵਧਾਉਣ ਲਈ ਕਾਰਪੋਰੇਟ ਆਮਦਨ ’ਚ ਤੇਜ਼ੀ ਨਾਲ ਸੁਧਾਰ ਲਾਜ਼ਮੀ ਹੈ।
ਐੱਫ. ਡੀ. ਆਈ. ਦੇ ਪ੍ਰਵਾਹ ’ਚ ਵੀ ਆਈ ਕਮੀ
ਭਾਰਤੀ ਬਾਜ਼ਾਰਾਂ ’ਚ ਐੱਫ. ਡੀ. ਆਈ. (ਪ੍ਰਤੱਖ ਵਿਦੇਸ਼ੀ ਨਿਵੇਸ਼) ਦੇ ਪ੍ਰਵਾਹ ’ਚ ਵੀ ਕਮੀ ਆਈ ਹੈ। ਵਿਸ਼ਵ ਬੈਂਕ ਅਨੁਸਾਰ ਭਾਰਤ ਦਾ ਐੱਫ. ਡੀ. ਆਈ. ਪ੍ਰਵਾਹ 2024–25 ’ਚ ਘੱਟ ਹੋ ਸਕਦਾ ਹੈ ਅਤੇ ਇਹ ਮਹਾਮਾਰੀ ਤੋਂ ਬਾਅਦ ਦੇ ਹੇਠਲੇ ਪੱਧਰ ਦੇ ਨੇੜੇ ਰਹੇਗਾ।
ਉਨ੍ਹਾਂ ਕਿਹਾ ਕਿ ਐੱਫ. ਪੀ. ਆਈ. ਦਾ ਭਾਰਤ ਤੋਂ ਨਿਕਲਣਾ ਸਿਰਫ ਕਾਰਪੋਰੇਟ ਪ੍ਰਦਰਸ਼ਨ ਨਾਲ ਨਹੀਂ, ਸਗੋਂ ਅਰਥਵਿਵਸਥਾ ਦੀਆਂ ਢਾਂਚਾਗਤ ਸਮੱਸਿਆਵਾਂ ਨਾਲ ਵੀ ਜੁੜਿਆ ਹੈ। ਭਾਰਤ ’ਚ ਉਤਪਾਦਨ ਖੇਤਰ ਦਾ ਪ੍ਰਦਰਸ਼ਨ ਸੀਮਤ ਰਿਹਾ ਹੈ ਅਤੇ ਉੱਚ ਆਮਦਨ ਵਾਲੀ ਅਰਥਵਿਵਸਥਾ ਬਣਨ ਲਈ ਜੋ ਨਿਵੇਸ਼ ਲੋੜੀਂਦੇ ਹਨ, ਉਹ ਅਜੇ ਤੱਕ ਨਹੀਂ ਆਏ ਹਨ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਭਾਰਤ ਨੂੰ ‘ਮਿਡਲ ਇਨਕਮ ਟ੍ਰੈਪ’ ਤੋਂ ਬਚਣ ਲਈ ਡੰੂਘਾਈ ਨਾਲ ਸੋਚਣ ਦੀ ਜ਼ਰੂਰਤ ਹੈ। ਦੱਖਣੀ-ਪੂਰਬੀ ਏਸ਼ੀਆਈ ਅਰਥਵਿਵਸਥਾਵਾਂ ਨੇ ਜਦੋਂ ਢਾਂਚਾਗਤ ਸੁਧਾਰ ਕੀਤੇ, ਉਦੋਂ ਹੀ ਉਹ ਨਿਵੇਸ਼ਕਾਂ ਲਈ ਆਕਰਸ਼ਣ ਦਾ ਕੇਂਦਰ ਬਣੀਆਂ। ਭਾਰਤ ਨੂੰ ਵੀ ਇਹੀ ਕਰਨਾ ਪਵੇਗਾ।
ਦੁਨੀਆ 'ਚ ਤਹਿਲਕਾ ਮਚਾਉਣਗੇ ਭਾਰਤ ਦੇ ਇਹ 3 ਬੈਂਕ, ਇਸ ਸ਼ਖਸ ਨੇ ਕਰ'ਤੀ ਵੱਡੀ ਭਵਿੱਖਬਾਣੀ
NEXT STORY