ਜਲੰਧਰ (ਬਿਜ਼ਨੈੱਸ ਡੈਸਕ) – ਕੋਰੋਨਾ ਦੀ ਦੂਜੀ ਲਹਿਰ ਦੌਰਾਨ ਸੂਬਾ ਸਰਕਾਰਾਂ ਵਲੋਂ ਕੀਤੀ ਗਈ ਸਖਤੀ ਅਤੇ ਕਰਫਿਊ ਦਰਮਿਆਨ ਇਸ ਸਾਲ 7 ਮਈ ਨੂੰ ਸਮਾਪਤ ਹੋਏ ਪੰਦਰਵਾੜੇ ’ਚ ਲੋਕਾਂ ਕੋਲ ਮੌਜੂਦ ਨਕਦੀ ਉੱਚ ਪੱਧਰ ’ਤੇ ਪਹੁੰਚ ਗਈ ਹੈ। ਆਰ. ਬੀ. ਆਈ. ਵਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਲੋਕਾਂ ਕੋਲ ਮੌਜੂਦ ਨਕਦੀ ’ਚ 35464 ਕਰੋੜ ਰੁਪਏ ਦਾ ਵਾਧਾ ਹੋਇਆ ਹੈ ਅਤੇ ਇਹ ਵਧ ਕੇ 28.39 ਕਰੋੜ ਰੁਪਏ ਹੋ ਗਈ। ਪਿਛਲੇ ਸਾਲ ਮਾਰਚ ’ਚ ਕੋਰੋਨਾ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੇਸ਼ ’ਚ ਲੋਕਾਂ ਕੋਲ ਮੌਜੂਦ ਨਕਦੀ ’ਚ 5.3 ਲੱਖ ਕਰੋੜ ਦਾ ਵਾਧਾ ਹੋਇਆ ਹੈ। ਆਓ ਦੋ ਸੌਖਾਲੇ ਸਵਾਲਾਂ ਦੇ ਜਵਾਬ ’ਚ ਸਮਝਦੇ ਹਾਂ ਕਿ ਅਰਥਵਿਵਸਥਾ ’ਚ ਕਿੰਨੀ ਨਕਦੀ ਵਧੀ ਹੈ ਅਤੇ ਨਕਦੀ ਵਧਣ ਦਾ ਕਾਰਨ ਕੀ ਹੈ।
ਅਰਥਵਿਵਸਥਾ ’ਚ ਲੋਕਾਂ ਕੋਲ ਕਿੰਨੀ ਨਕਦੀ ਵਧੀ ਹੈ?
ਹਾਲਾਂਕਿ ਦੇਸ਼ ’ਚ ਲੋਕਾਂ ਕੋਲ ਮੌਜੂਦ ਨਕਦੀ ਪਿਛਲੇ 14 ਮਹੀਨੇ ਤੋਂ ਵਧ ਰਹੀ ਹੈ ਪਰ ਪਿਛਲੇ ਸਾਲ ਜੁਲਾਈ ਤੋਂ ਬਾਅਦ ਕੋਰੋਨਾ ਦੇ ਮਾਮਲਿਆਂ ’ਚ ਗਿਰਾਵਟ ਦਰਜ ਹੋਣ ਤੋਂ ਬਾਅਦ ਲੋਕਾਂ ਕੋਲ ਮੌਜੂਦ ਨਕਦੀ ਦਾ ਪ੍ਰਵਾਹ ਘੱਟ ਹੋਣਾ ਸ਼ੁਰੂ ਹੋ ਗਿਆ ਸੀ ਪਰ ਇਸ ਸਾਲ ਫਰਵਰੀ ਮਹੀਨੇ ’ਚ ਕੋਰੋਨਾ ਦੇ ਮਾਮਲੇ ’ਚ ਵਾਧਾ ਹੋਣ ਤੋਂ ਬਾਅਦ ਲੋਕਾਂ ਕੋਲ ਮੌਜੂਦ ਨਕਦੀ ’ਚ ਵਾਧਾ ਹੋਇਆ ਹੈ ਅਤੇ 1 ਮਾਰਚ ਤੋਂ ਲੈ ਕੇ 7 ਮਈ ਦਰਮਿਆਨ ਲੋਕਾਂ ਕੋਲ ਮੌਜੂਦ ਨਕਦੀ 1.04 ਲੱਖ ਕਰੋੜ ਰੁਪਏ ਵਧ ਗਈ ਹੈ। ਪਿਛਲੇ ਸਾਲ 1 ਮਾਰਚ ਅਤੇ 19 ਜੂਨ ਦਰਮਿਆਨ ਲੋਕਾਂ ਕੋਲ ਮੌਜੂਦ ਨਕਦੀ ’ਚ 3.07 ਲੱਖ ਕਰੋੜ ਰੁਪਏ ਦਾ ਜ਼ਬਰਦਸਤ ਵਾਧਾ ਹੋਇਆ ਸੀ। 28 ਫਰਵਰੀ 2020 ਨੂੰ ਜਾਰੀ ਆਰ. ਬੀ. ਆਈ. ਦੇ ਅੰਕੜਿਆਂ ਮੁਤਾਬਕ ਅਰਥਵਿਵਸਥਾ ’ਚ ਨਕਦੀ ਦਾ ਪ੍ਰਵਾਹ 22.55 ਲੱਖ ਕਰੋੜ ਰੁਪਏ ਸੀ ਜੋ 18 ਜੂਨ ਨੂੰ ਜਾਰੀ ਰਿਪੋਰਟ ਮੁਤਾਬਕ ਵਧ ਕੇ 25.62 ਲੱਖ ਕਰੋੜ ਰੁਪਏ ਹੋ ਗਿਆ ਸੀ। ਪਿਛਲੇ ਸਾਲ ਦੇਸ਼ ਭਰ ’ਚ ਲਾਗੂ ਹੋਏ ਲਾਕਡਾਊਨ ਕਾਰਨ ਲੋਕਾਂ ਨੇ ਦਵਾਈਆਂ ਅਤੇ ਹੋਰ ਐਮਰਜੈਂਸੀ ਖਰਚਿਆਂ ਲਈ ਏ. ਟੀ. ਐੱਮ. ਤੋਂ ਵੱਡੀ ਮਾਤਰਾ ’ਚ ਨਕਦੀ ਕਢਵਾਈ ਸੀ, ਜਿਸ ਕਾਰਨ ਅਰਥਵਿਵਸਥਾ ’ਚ ਨਕਦੀ ਦਾ ਪ੍ਰਵਾਹ ਕਾਫੀ ਵਧ ਗਿਆ ਸੀ। ਜਦ ਕਿ ਜੁਲਾਈ ਅਤੇ ਸਤੰਬਰ ਦਰਮਿਆਨ ਲੋਕਾਂ ਵਲੋਂ ਬੈਂਕਾਂ ਤੋਂ ਕਢਵਾਈ ਗਈ ਨਕਦੀ ’ਚ 22305 ਕਰੋੜ ਰੁਪਏ ਦਾ ਵਾਧਾ ਹੋਈ ਅਤੇ ਅਕਤੂਬਰ ਅਤੇ ਨਵੰਬਰ ਦੇ ਮਹੀਨਿਆਂ ’ਚ ਇਹ ਵਾਧਾ 33500 ਕਰੋੜ ਰੁਪਏ ਰਿਹਾ। ਹਾਲਾਂਕਿ ਦਸੰਬਰ 2020 ਅਤੇ ਜਨਵਰੀ 2021 ਦੇ ਦੋ ਮਹੀਨਿਆਂ ’ਚ ਲੋਕਾਂ ਵਲੋਂ ਬੈਂਕਾਂ ਤੋਂ ਕਢਵਾਈ ਗਈ ਨਕਦੀ ’ਤੇ ਥੋੜੀ ਬ੍ਰੇਕ ਲੱਗੀ ਤੇ ਆਮ ਲੋਕਾਂ ਨੇ ਬੈਂਕਾਂ ਤੋਂ 33500 ਕਰੋੜ ਰੁਪਏ ਕਢਵਾਏ। ਨਵੰਬਰ 2016 ’ਚ ਸਰਕਾਰ ਵਲੋਂ ਨੋਟਬੰਦੀ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਹੁਣ ਤੱਕ ਅਰਥਵਿਵਸਥਾ ’ਚ ਮੌਜੂਦ ਨਕਦੀ ’ਚ 58 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਇਹ 10.4 ਲੱਖ ਕਰੋੜ ਰੁਪਏ ਵਧ ਚੁੱਕੀ ਹੈ। ਨੋਟਬੰਦੀ ਤੋਂ ਪਹਿਲਾਂ ਅਰਥਵਿਵਸਥਾ ’ਚ ਆਮ ਲੋਕਾਂ ਕੋਲ 17.97 ਲੱਖ ਕਰੋੜ ਰੁਪਏ ਦੀ ਨਕਦੀ ਸੀ।
ਅਰਥਵਿਵਸਥਾ ’ਚ ਨਕਦੀ ਦਾ ਪ੍ਰਵਾਹ ਕਿਉਂ ਵਧ ਰਿਹਾ ਹੈ?
ਆਮ ਤੌਰ ’ਤੇ ਦੇਖਣ ’ਚ ਆਉਂਦਾ ਹੈ ਕਿ ਆਰਥਿਕ ਅਸਥਿਰਤਾ ਦੇ ਮਾਹੌਲ ’ਚ ਲੋਕਾਂ ਕੋਲ ਮੌਜੂਦ ਨਕਦੀ ਦੀ ਮਾਤਰਾ ’ਚ ਵਾਧਾ ਹੁੰਦਾ ਹੈ ਅਤੇ ਦੇਸ਼ ’ਚ ਕੋਰੋਨਾ ਦੀ ਦੂਜੀ ਲਹਿਰ ਕਾਰਨ ਲੋਕਾਂ ਨੂੰ ਆਰਥਿਕ ਅਸਥਿਰਤਾ ਦੀ ਚਿੰਤਾ ਸਤਾਉਣ ਲੱਗੀ ਸੀ। ਅਪ੍ਰੈਲ ਦੇ ਪਹਿਲੇ ਹਫਤੇ ’ਚ ਦੇਸ਼ ’ਚ ਰੋਜ਼ਾਨਾ ਕੋਰੋਨਾ ਦੇ 1 ਲੱਖ ਮਾਮਲੇ ਸਾਹਮਣੇ ਆ ਰਹੇ ਸਨ ਜੋ ਮਈ ਦੇ ਪਹਿਲੇ ਹਫਤੇ ’ਚ ਵਧ ਕੇ 4 ਲੱਖ ਨੂੰ ਪਾਰ ਕਰ ਗਏ। ਅਸਥਿਰਤਾ ਦੇ ਇਸ ਮਾਹੌਲ ਦਰਮਿਆਨ ਲੋਕਾਂ ਨੂੰ ਸੰਪੂਰਨ ਲਾਕਡਾਊਨ ਦੀ ਚਿੰਤਾ ਸਤਾਉਣ ਲੱਗੀ ਤਾਂ ਉਨ੍ਹਾਂ ਨੇ ਬੈਂਕਾਂ ਤੋਂ ਪੈਸਾ ਕਢਵਾ ਕੇ ਆਪਣੇ ਕੋਲ ਰੱਖਣਾ ਸ਼ੁਰੂ ਕਰ ਿਦੱਤਾ। ਇਸ ਦਰਮਿਆਨ ਸੂਬਾ ਸਰਕਾਰਾਂ ਨੇ ਨਾਈਟ ਕਰਫਿਊ ਅਤੇ ਹੋਰ ਸਖਤ ਕਦਮ ਚੁੱਕੇ ਤਾਂ ਲੋਕਾਂ ਨੇ ਆਪਣੀਆਂ ਖਾਣ-ਪੀਣ ਦੀਆਂ ਲੋੜਾਂ ਅਤੇ ਦਵਾਈਆਂ ਅਤੇ ਹੋਰ ਐਮਰਜੈਂਸੀ ਸੇਵਾਵਾਂ ਲਈ ਆਪਣੇ ਕੋਲ ਨਕਦੀ ਰੱਖਣ ਲਈ ਵੀ ਬੈਂਕਾਂ ਤੋਂ ਪੈਸੇ ਕਢਵਾਏ, ਜਿਸ ਕਾਰਨ 7 ਮਈ ਨੂੰ ਸਮਾਪਤ ਹੋਏ ਪੰਦਰਵਾੜੇ ਦੌਰਾਨ ਲੋਕਾਂ ਵਲੋਂ ਵੱਡੀ ਮਾਤਰਾ ’ਚ ਨਕਦੀ ਕਢਵਾਉਣ ਦੇ ਅੰਕੜੇ ਸਾਹਮਣੇ ਆ ਰਹੇ ਹਨ। ਇਸ ਤੋਂ ਇਲਾਵਾ ਕੋਰੋਨਾ ਕਾਰਨ ਕਈ ਲੋਕਾਂ ਦੀ ਨੌਕਰੀ ਚਲੀ ਗਈ ਹੈ ਅਤੇ ਅਜਿਹੇ ਲੋਕ ਰੋਜ਼ਗਾਰ ਚਲੇ ਜਾਣ ਕਾਰਨ ਆਪਣੇ ਕੋਲ ਪਈ ਪੈਂਡਿੰਗ ਸੇਵਾ ਦਾ ਪੈਸਾ ਬੈਂਕਾਂ ’ਚੋਂ ਕੱਡ ਕੇ ਆਪਣੇ ਰੋਜ਼ਾਨਾ ਦੇ ਖਰਚੇ ਚਲਾ ਰਹੇ ਹਨ। ਇਸ ਨਾਲ ਵੀ ਅਰਥਵਿਵਸਥਾ ’ਚ ਨਕਦੀ ਦਾ ਪ੍ਰਵਾਹ ਵਧਿਆ ਹੈ।
‘ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ, ਨਵੇਂ ਨਿਵੇਸ਼ ਤੋਂ ਪਿੱਛੇ ਹਟਣ ਲੱਗੇ ਕਾਰੋਬਾਰੀ’
NEXT STORY