ਜਲੰਧਰ (ਖੁਰਾਣਾ)-ਕੁਝ ਮਹੀਨੇ ਪਹਿਲਾਂ ਸਟੇਟ ਵਿਜੀਲੈਂਸ ਬਿਊਰੋ ਦੀ ਇਕ ਟੀਮ ਨੇ ਜਲੰਧਰ ਨਗਰ ਨਿਗਮ ਵਿਚ ਛਾਪੇਮਾਰੀ ਕਰਕੇ ਬਿਲਡਿੰਗ ਬ੍ਰਾਂਚ ਵਿਚ ਭਾਰੀ ਬੇਨਿਯਮੀਆਂ ਅਤੇ ਗੜਬੜੀਆਂ ਦਾ ਪਰਦਾਫ਼ਾਸ਼ ਕੀਤਾ। ਉਸ ਸਮੇਂ ਕੁਝ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ ਅਤੇ ਉਹ ਜਾਂਚ ਅੱਜ ਵੀ ਜਾਰੀ ਹੈ। ਵਿਜੀਲੈਂਸ ਦੀ ਕਾਰਵਾਈ ਤੋਂ ਬਾਅਦ ਬਿਲਡਿੰਗ ਬ੍ਰਾਂਚ ਵਿਚ ਕੁਝ ਸਮੇਂ ਲਈ ਠਹਿਰਾਅ ਜ਼ਰੂਰ ਵਿਖਾਈ ਦਿੱਤਾ ਪਰ ਹੁਣ ਨਿਗਮ ਦੀ ਇੰਜੀਨੀਅਰਿੰਗ ਬ੍ਰਾਂਚ ਵਿਚ ਵੱਡੇ ਪੱਧਰ ’ਤੇ ਬੇਨਿਯਮੀਆਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ। ਸੂਤਰਾਂ ਅਨੁਸਾਰ ਨਗਰ ਨਿਗਮ ਦੇ ਬੀ. ਐਂਡ ਆਰ. ਅਤੇ ਓ. ਐਂਡ ਐੱਮ. ਸੈੱਲ ਅੰਦਰ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਹੁਣ ਪੰਜਾਬ ਦੇ ਲੋਕਲ ਬਾਡੀਜ਼ ਵਿਭਾਗ, ਚੰਡੀਗੜ੍ਹ ਸਥਿਤ ਉੱਚ ਅਧਿਕਾਰੀਆਂ, ਮੁੱਖ ਮੰਤਰੀ ਦਫ਼ਤਰ ਅਤੇ ਇਥੋਂ ਤੱਕ ਕਿ ਸਟੇਟ ਵਿਜੀਲੈਂਸ ਵਿਭਾਗ ਤੱਕ ਵੀ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਨ। ਮੰਨਿਆ ਜਾ ਰਿਹਾ ਹੈ ਕਿ ਕੁਝ ਮਹੀਨੇ ਪਹਿਲਾਂ ਵਿਜੀਲੈਂਸ ਵਿਭਾਗ ਵੱਲੋਂ ਬਿਲਡਿੰਗ ਬ੍ਰਾਂਚ ਦੇ ਅਧਿਕਾਰੀਆਂ ਵਿਰੁੱਧ ਕੀਤੀ ਗਈ ਕਾਰਵਾਈ ਵਾਂਗ ਹੀ ਹੁਣ ਬੀ. ਐਂਡ ਆਰ. ਅਤੇ ਓ. ਐਂਡ ਐੱਮ. ਸੈੱਲ ਵਿਚ ਵੀ ਕਾਰਵਾਈ ਦੇਖਣ ਨੂੰ ਮਿਲ ਸਕਦੀ ਹੈ।
ਇਹ ਵੀ ਪੜ੍ਹੋ: ਜਲੰਧਰ : ਜਿਊਲਰ ਸ਼ਾਪ ਡਕੈਤੀ ਮਾਮਲੇ 'ਚ ਮੁਲਜ਼ਮਾਂ ਦੀ ਨਵੀਂ CCTV ਆਈ ਸਾਹਮਣੇ, ਖੁੱਲ੍ਹਿਆ ਵੱਡਾ ਰਾਜ਼
ਸੈਂਕਸ਼ਨ ਅਤੇ ਮੇਨਟੀਨੈਂਸ ਦੀ ਆੜ ਵਿਚ ਹੋ ਰਹੇ ਘਪਲੇ
ਇਸ ਸਮੇਂ ਨਗਰ ਨਿਗਮ ਦੇ ਬੀ. ਐਂਡ ਆਰ. ਅਤੇ ਓ. ਐਂਡ ਐੱਮ. ਸੈੱਲ ਵਿਚ ਸੈਂਕਸ਼ਨ ਅਤੇ ਮੇਨਟੀਨੈਂਸ ਦੇ ਨਾਂ ’ਤੇ ਭਾਰੀ ਗੜਬੜੀ ਚੱਲ ਰਹੀ ਹੈ। ਕੋਟੇਸ਼ਨ-ਆਧਾਰਿਤ ਕੰਮਾਂ ਵਿਚ ਚਹੇਤੇ ਠੇਕੇਦਾਰਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ, ਫਰਜ਼ੀ ਕੋਟੇਸ਼ਨ ਲਾਈਆਂ ਜਾ ਰਹੀਆਂ ਹਨ ਅਤੇ ਠੇਕੇਦਾਰਾਂ ਨੂੰ ਪੂਰੇ ਰੇਟ ਦਿੱਤੇ ਜਾ ਰਹੇ ਹਨ। ਕੰਮਾਂ ਦੀ ਕੋਈ ਜਾਂਚ ਨਹੀਂ ਕੀਤੀ ਜਾ ਰਹੀ, ਅਦਾਇਗੀ ਜਲਦ ਕੀਤੀ ਜਾ ਰਹੀ ਹੈ ਅਤੇ ਠੇਕੇਦਾਰਾਂ ਨੂੰ ਮਨਮਾਨੇ ਢੰਗ ਨਾਲ ਕੰਮ ਵੰਡੇ ਜਾ ਰਹੇ ਹਨ।
ਦੂਜੀ ਵੱਡੀ ਗੜਬੜੀ ਐਸਟੀਮੇਟ ਬਣਾਉਣ ਅਤੇ ਮੇਨਟੀਨੈਂਸ ਦੇ ਕੰਮਾਂ ਵਿਚ ਸਾਹਮਣੇ ਆ ਰਹੀ ਹੈ। ਕਈ ਵਾਰ ਬਿਨਾਂ ਫੀਲਡ ਵਿਜ਼ਿਟ ਕੀਤੇ ਜਾਂ ਸਾਈਟ ਇੰਸਪੈਕਸ਼ਨ ਦੇ ਬਿਨਾਂ ਹੀ ਐਸਟੀਮੇਟ ਤਿਆਰ ਕੀਤੇ ਜਾ ਰਹੇ ਹਨ। ਕੁਝ ਅਜਿਹੇ ਕੰਮਾਂ ਦੇ ਟੈਂਡਰ ਵੀ ਕੱਢੇ ਜਾ ਰਹੇ ਹਨ, ਜਿਨ੍ਹਾਂ ਦੀ ਹਲਕੇ ਵਿਚ ਅਸਲ ਵਿਚ ਜ਼ਰੂਰਤ ਨਹੀਂ ਹੈ। ਠੇਕੇਦਾਰਾਂ ਨੂੰ ਮੇਨਟੀਨੈਂਸ ਵਰਕਸ ਵਿਚ ਗੈਰ-ਜ਼ਰੂਰੀ ਢੰਗ ਨਾਲ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਕਈ ਵਾਰ ਬਿਨਾਂ ਕੰਮ ਕੀਤੇ ਹੀ ਉਨ੍ਹਾਂ ਦੇ ਬਿੱਲ ਤਿਆਰ ਕਰ ਕੇ ਪਾਸ ਕੀਤੇ ਜਾ ਰਹੇ ਹਨ। ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਅਧਿਕਾਰੀਆਂ ਅਤੇ ਠੇਕੇਦਾਰਾਂ ਵਿਚਕਾਰ ਨੈਕਸਸ ਹੁਣ ਇੰਨਾ ਮਜ਼ਬੂਤ ਹੋ ਚੁੱਕਾ ਹੈ ਕਿ ਬਿਨਾਂ ਥਰਡ ਪਾਰਟੀ ਜਾਂਚ ਦੇ ਹੀ ਬਿੱਲ ਪਾਸ ਹੋ ਰਹੇ ਹਨ ਅਤੇ ਪੇਮੈਂਟਸ ਧੜਾਧੜ ਕੀਤੀਆਂ ਜਾ ਰਹੀਆਂ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਭਾਵੇਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਲੱਖ ਦਾਅਵੇ ਕਰੇ ਪਰ ਨਗਰ ਨਿਗਮ ਵਿਚ ਕਮੀਸ਼ਨਖੋਰੀ ਦਾ ਸਿਸਟਮ ਅਜੇ ਵੀ ਪੂਰੀ ਤਰ੍ਹਾਂ ਸਰਗਰਮ ਹੈ ਅਤੇ ਠੇਕੇਦਾਰਾਂ ਤੋਂ ਤੈਅ ਕਮੀਸ਼ਨ ਵਸੂਲੀ ਜਾ ਰਹੀ ਹੈ।
ਇਹ ਵੀ ਪੜ੍ਹੋ: ਪਾਕਿ ਡੌਂਕਰ ਮਿੱਠੂ ਬਾਰੇ ਖੁੱਲ੍ਹੇ ਵੱਡੇ ਰਾਜ਼! ਡੌਂਕੀ ਲਾ ਰਹੇ ਨੌਜਵਾਨਾਂ ਨੂੰ ਬੰਦੀ ਬਣਾ ਕੇ ਕ੍ਰਿਪਟੋ ਐਪ ਜ਼ਰੀਏ ...
ਐੱਸ. ਈ. ਅਤੇ ਐਕਸੀਅਨ ਨੇ ਦਿਖਾਈ ਸਖ਼ਤੀ, ਜੇ. ਈ.-ਐੱਸ. ਡੀ. ਓ. ਤੋਂ ਮੰਗੀਆਂ ਸਾਰੀਆਂ ਫਾਈਲਾਂ
ਨਗਰ ਨਿਗਮ ਦੇ ਓ. ਐਂਡ ਐੱਮ. ਸੈੱਲ, ਜਿਸ ਅਧੀਨ ਸੀਵਰੇਜ ਅਤੇ ਵਾਟਰ ਸਪਲਾਈ ਸਿਸਟਮ ਦੀ ਜ਼ਿੰਮੇਵਾਰੀ ਆਉਂਦੀ ਹੈ, ਵਿਚ ਵਧਦੀਆਂ ਗੜਬੜੀਆਂ ਨੂੰ ਦੇਖਦੇ ਹੋਏ ਨਵੇਂ ਐੱਸ. ਈ. ਨੇ ਹੁਣ ਸਖ਼ਤੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਆਪਣੇ ਸੈੱਲ ਨਾਲ ਸਬੰਧਤ ਸਾਰੇ ਜੇ. ਈ. ਅਤੇ ਐੱਸ. ਡੀ. ਓਜ਼ ਨੂੰ ਚਿੱਠੀ ਲਿਖ ਕੇ ਨਿਰਦੇਸ਼ ਦਿੱਤੇ ਹਨ ਕਿ ਦੋ ਦਿਨਾਂ ਅੰਦਰ ਵਾਟਰ ਸਪਲਾਈ, ਸੀਵਰੇਜ ਅਤੇ ਸਟਰੀਟ ਲਾਈਟ ਨਾਲ ਸਬੰਧਤ ਸਾਰੀਆਂ ਫਾਈਲਾਂ 2 ਦਿਨਾਂ ਅੰਦਰ ਉਨ੍ਹਾਂ ਦੇ ਦਫ਼ਤਰ ਵਿਚ ਪਹੁੰਚਾਉਣ, ਨਹੀਂ ਤਾਂ ਉਨ੍ਹਾਂ ਫਾਈਲਾਂ ਦੇ ਬਿੱਲ ਨਹੀਂ ਬਣਾਏ ਜਾਣਗੇ।
ਐੱਸ. ਈ. ਨੇ ਟੈਂਡਰ ਸੈੱਲ ਦੇ ਮੁਖੀ ਨੂੰ ਵੀ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਭਵਿੱਖ ਵਿਚ ਕੋਈ ਵੀ ਫਾਈਲ ਉਨ੍ਹਾਂ ਦੀ ਮਨਜ਼ੂਰੀ ਦੇ ਬਿਨਾਂ ਕਿਸੇ ਜੇ. ਈ. ਜਾਂ ਐੱਸ. ਡੀ. ਓ. ਨੂੰ ਨਾ ਦਿੱਤੀ ਜਾਵੇ। ਇਸੇ ਤਰ੍ਹਾਂ, ਉੱਤਰੀ ਹਲਕੇ ਦੇ ਐਕਸੀਅਨ ਨੇ ਆਪਣੇ ਸਾਰੇ ਜੇ. ਈਜ਼ ਅਤੇ ਐੱਸ. ਡੀ. ਓਜ਼ ਨੂੰ ਚਿੱਠੀ ਲਿਖ ਕੇ ਕਿਹਾ ਕਿ ਇਸ ਹਲਕੇ ਨਾਲ ਸਬੰਧਤ ਵਾਟਰ ਸਪਲਾਈ, ਟਿਊਬਵੈੱਲ ਮੇਨਟੀਨੈਂਸ ਅਤੇ ਸੀਵਰ ਦੇ ਕੰਮਾਂ ਨਾਲ ਸਬੰਧਤ ਸਾਰੀਆਂ ਫਾਈਲਾਂ ਦੋ ਦਿਨਾਂ ਅੰਦਰ ਉਨ੍ਹਾਂ ਦੇ ਦਫਤਰ ਵਿਚ ਜਮ੍ਹਾ ਕਰਵਾਉਣ। ਅਜਿਹਾ ਨਾ ਕਰਨ ’ਤੇ ਵਿਭਾਗੀ ਕਾਰਵਾਈ ਲਈ ਰਿਪੋਰਟ ਭੇਜਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।
ਇਹ ਵੀ ਪੜ੍ਹੋ: ਵਿਦੇਸ਼ੀ ਧਰਤੀ ਨੇ ਖੋਹਿਆ ਮਾਪਿਆਂ ਦਾ ਇਕਲੌਤਾ ਪੁੱਤਰ, ਇਟਲੀ 'ਚ ਪੰਜਾਬੀ ਨੌਜਵਾਨ ਦੀ ਮੌਤ
ਇਕ ਹੀ ਕੰਮ ਦੀਆਂ ਦੋ-ਦੋ ਪੇਮੈਂਟਸ ਹੋਣ ਦੇ ਦੋਸ਼
ਨਗਰ ਨਿਗਮ ਦੀ ਇੰਜੀਨੀਅਰਿੰਗ ਸ਼ਾਖਾ ’ਤੇ ਹੁਣ ਇਹ ਦੋਸ਼ ਵੀ ਲੱਗਣ ਲੱਗੇ ਹਨ ਕਿ ਕੁਝ ਅਧਿਕਾਰੀ ਠੇਕੇਦਾਰਾਂ ਨਾਲ ਮਿਲ ਕੇ ਇਕ ਹੀ ਕੰਮ ਦੀਆਂ ਦੋ-ਦੋ ਪੇਮੈਂਟਸ ਕਰਵਾ ਰਹੇ ਹਨ। ਕਈ ਵਾਰ ਅਜਿਹੇ ਕੰਮਾਂ ਦੇ ਬਿੱਲ ਵੀ ਪਾਸ ਕਰ ਦਿੱਤੇ ਗਏ ਹਨ, ਜੋ ਅਸਲ ਵਿਚ ਹੋਏ ਹੀ ਨਹੀਂ। ਉਦਾਹਰਣ ਵਜੋਂ, ਜਦੋਂ ਬੀ. ਐਂਡ ਆਰ. ਬ੍ਰਾਂਚ ਕਿਸੇ ਨਵੀਂ ਸੜਕ ਦਾ ਨਿਰਮਾਣ ਕਰਦੇ ਹੋਏ ਸੀਵਰ ਚੈਂਬਰ ਦੇ ਢੱਕਣ ਉੱਚੇ ਕਰਦੀ ਹੈ, ਤਾਂ ਉਹੀ ਕੰਮ ਓ. ਐਂਡ ਐੱਮ. ਸੈੱਲ ਵੀ ਆਪਣੇ ਪੱਧਰ ’ਤੇ ਕਰਵਾ ਕੇ ਉਸ ਦਾ ਵੱਖ ਤੋਂ ਬਿੱਲ ਤਿਆਰ ਕਰਵਾ ਦਿੰਦਾ ਹੈ।
ਹਾਲਾਂਕਿ ਓ. ਐਂਡ ਐੱਮ. ਸੈੱਲ ਵਿਚ ਹਾਲ ਹੀ ਵਿਚ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ ਪਰ ਪੁਰਾਣੇ ਅਧਿਕਾਰੀ ਅਜੇ ਵੀ ਪੁਰਾਣੇ ਕੰਮਾਂ ’ਤੇ ਦਸਤਖਤ ਕਰ ਕੇ ਪੁਰਾਣੀਆਂ ਤਰੀਕਾਂ ਵਿਚ ਫਾਈਲਾਂ ਤਿਆਰ ਕਰ ਰਹੇ ਹਨ। ਇਹੀ ਵਜ੍ਹਾ ਹੈ ਕਿ ਵਿਭਾਗ ਦੇ ਅੰਦਰ ਦੋ ਚਿੱਠੀਆਂ ਜਾਰੀ ਕੀਤੀ ਗਈਆਂ ਹਨ, ਜੋ ਇਸ ਗੱਲ ਵੱਲ ਸਾਫ ਸੰਕੇਤ ਕਰਦੀਆਂ ਹਨ ਕਿ ਗੜਬੜੀਆਂ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਕੁੱਲ੍ਹ ਮਿਲਾ ਕੇ ਇਹ ਮੰਨਿਆ ਜਾ ਰਿਹਾ ਹੈ ਕਿ ਨਗਰ ਨਿਗਮ ਦੀ ਇੰਜੀਨੀਅਰਿੰਗ ਬ੍ਰਾਂਚ ਵਿਚ ਵਧ ਰਹੀਆਂ ਬੇਨਿਯਮੀਆਂ ਅਤੇ ਭ੍ਰਿਸ਼ਟਾਚਾਰ ਨਾ ਸਿਰਫ਼ ਨਿਗਮ ਪ੍ਰਸ਼ਾਸਨ ਦੀ ਕਾਰਜਸ਼ੈਲੀ ’ਤੇ ਸਵਾਲ ਖੜ੍ਹੇ ਕਰਦੇ ਹਨ, ਸਗੋਂ ਆਮ ਆਦਮੀ ਪਾਰਟੀ ਸਰਕਾਰ ਦੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇ ਦਾਅਵਿਆਂ ਨੂੰ ਵੀ ਚੁਣੌਤੀ ਦਿੰਦੇ ਹਨ। ਬਿਲਡਿੰਗ ਬ੍ਰਾਂਚ ਵਿਚ ਵਿਜੀਲੈਂਸ ਦੀ ਕਾਰਵਾਈ ਤੋਂ ਬਾਅਦ ਹੁਣ ਸਭ ਦੀਆਂ ਨਜ਼ਰਾਂ ਬੀ. ਐਂਡ ਆਰ. ਅਤੇ ਓ. ਐਂਡ ਐੱਮ. ਸੈੱਲ ਦੀ ਸੰਭਾਵਿਤ ਜਾਂਚ ’ਤੇ ਟਿਕੀਆਂ ਹਨ।
ਇਹ ਵੀ ਪੜ੍ਹੋ: Punjab:ਹੈਂ ਇਹ ਕੀ! 4 ਸਾਲ ਬਾਅਦ ਜ਼ਿੰਦਾ ਨਿਕਲਿਆ ਜਬਰ-ਜ਼ਿਨਾਹ ਦਾ ਮੁਲਜ਼ਮ, ਹੈਰਾਨ ਕਰੇਗਾ ਮਾਮਲਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਲੰਧਰ ਕਮਿਸ਼ਨਰੇਟ ਪੁਲਸ ਦਾ ਹੋਰ ਇਕ ਕਦਮ, 50 ਗੁੰਮ ਹੋਏ ਮੋਬਾਇਲ ਫੋਨ ਲੱਭ ਕੇ ਮਾਲਕਾਂ ਨੂੰ ਸੌਂਪੇ
NEXT STORY