ਨਵੀਂ ਦਿੱਲੀ (ਭਾਸ਼ਾ) – ਕੋਰੋਨਾ ਮਹਾਮਾਰੀ ਕਾਰਣ ਦੁਨੀਆ ਭਰ ਦੇ ਕਈ ਦੇਸ਼ਾਂ ’ਚ ਲੱਗੇ ਲਾਕਡਾਊਨ ਨੇ ਉਨ੍ਹਾਂ ਦੀ ਆਰਥਿਕਤਾ ਨੂੰ ਡਾਊਨ ਕਰ ਦਿੱਤਾ ਹੈ। ਚਾਲੂ ਵਿੱਤੀ ਸਾਲ 2020-21 ਦੀ ਅਪ੍ਰੈਲ-ਜੂਨ ਤਿਮਾਹੀ ’ਚ ਭਾਰਤ ਦੀ ਆਰਥਿਕਤਾ ’ਚ 23.9 ਫੀਸਦੀ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਤਿਮਾਹੀ ਗਿਰਾਵਟ ਆਈ। ਉਥੇ ਹੀ ਸਖਤ ਲਾਕਡਾਊਨ ਕਾਰਣ ਨਿਊਜ਼ੀਲੈਂਡ ਦੀ ਆਰਥਿਕਤਾ ਚਾਲੂ ਸਾਲ ਦੀ ਦੂਜੀ ਤਿਮਾਹੀ ’ਚ ਰਿਕਾਰਡ 12.2 ਫੀਸਦੀ ਡਿਗ ਗਈ। ਚੀਨ ਨੂੰ ਛੱਡ ਕੇ ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਦੀ ਆਰਥਿਕਤਾ ਨੂੰ ਕੋਰੋਨਾ ਨੇ ਬੀਮਾਰ ਕਰ ਦਿੱਤਾ ਹੈ।
ਨਿਊਜ਼ੀਲੈਂਡ ’ਚ 11 ਸਾਲਾਂ ’ਚ ਪਹਿਲੀ ਵਾਰ ਮੰਦੀ ਦੇ ਸੰਕੇਤ
ਨਿਊਜ਼ੀਲੈਂਡ ਦੀ ਆਰਥਿਕਤਾ ਚਾਲੂ ਸਾਲ ਦੀ ਦੂਜੀ ਤਿਮਾਹੀ ’ਚ ਰਿਕਾਰਡ 12.2 ਫੀਸਦੀ ਡਿੱਗ ਗਈ, ਹਾਲਾਂਕਿ ਅਜਿਹਾ ਅਨੁਮਾਨ ਪ੍ਰਗਟਾਇਆ ਜਾ ਰਿਹਾ ਹੈ ਕਿ ਆਰਥਿਕ ਸਰਗਰਮੀਆਂ ’ਚ ਮੁੜ ਉਛਾਲ ਆ ਰਿਹਾ ਹੈ। ਨਿਊਜ਼ੀਲੈਂਡ ਵਲੋਂ ਅੱਜ ਜਾਰੀ ਅੰਕੜਿਆਂ ਮੁਤਾਬਕ ਜੀ. ਡੀ. ਪੀ. ਪਹਿਲਾਂ ਦੀ ਤੁਲਨਾ ’ਚ ਘਟ ਗਈ ਹੈ ਅਤੇ 11 ਸਾਲਾਂ ’ਚ ਪਹਿਲੀ ਵਾਰ ਉਥੇ ਮੰਦੀ ਦੇ ਸੰਕੇਤ ਹਨ। ਨਿਊਜ਼ੀਲੈਂਡ ’ਚ ਸਾਲਾਨਾ ਆਧਾਰ ’ਤੇ ਜੀ. ਡੀ. ਪੀ. 2 ਫੀਸਦੀ ਘਟੀ ਹੈ। ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਤੀਜੀ ਤਿਮਾਹੀ ਦੌਰਾਨ ਆਰਥਿਕ ਸਰਗਰਮੀਆਂ ’ਚ ਵਾਧੇ ਦੀ ਉਮੀਦ ਹੈ।
ਜਾਪਾਨ ਦੀ ਆਰਥਿਕਤਾ ’ਚ 28.1 ਫੀਸਦੀ ਦੀ ਰਿਕਾਰਡ ਗਿਰਾਵਟ
ਜਾਪਾਨ ਦੀ ਆਰਥਿਕਤਾ ’ਚ ਅਪ੍ਰੈਲ-ਜੂਨ ਦੀ ਦੂਜੀ ਤਿਮਾਹੀ ’ਚ ਰਿਕਾਰਡ ਗਿਰਾਵਟ ਆਈ ਹੈ। ਆਰਥਿਕਤਾ ’ਚ ਇਹ ਗਿਰਾਵਟ ਸ਼ੁਰੂਆਤੀ ਅਨੁਮਾਨ ਤੋਂ ਕਿਤੇ ਵੱਧ ਰਹੀ ਹੈ। ਕੈਬਨਿਟ ਦਫਤਰ ਨੇ ਕਿਹਾ ਕਿ ਜਾਪਾਨ ਦੇ ਐਡਜਸਟਿਡ ਅਸਲ ਜੀ. ਡੀ. ਪੀ. ’ਚ ਸਾਲਾਨਾ ਆਧਾਰ ’ਤੇ 28.1 ਫੀਸਦੀ ਦੀ ਗਿਰਾਵਟ ਆਈ ਹੈ। ਇਹ ਅੰਕੜਾ ਪਿਛਲੇ ਮਹੀਨੇ ਦਿੱਤੇ ਗਏ 27.8 ਫੀਸਦੀ ਦੇ ਅਨੁਮਾਨ ਤੋਂ ਵੀ ਵੱਧ ਰਿਹਾ ਹੈ। ਬਰਾਮਦ ’ਤੇ ਨਿਰਭਰ ਜਾਪਾਨੀ ਆਰਥਿਕਤਾ ਨੂੰ ਇਸ ਮਹਾਮਾਰੀ ਨਾਲ ਹੋਰ ਅਰਥਵਿਵਸਥਾਵਾਂ ਦੀ ਤੁਲਨਾ ’ਚ ਕਿਤੇ ਵੱਧ ਸੱਟ ਲੱਗੀ ਹੈ।
ਇਹ ਵੀ ਦੇਖੋ : ਕੋਰੋਨਾ ਦੌਰ 'ਚ ਇਨ੍ਹਾਂ ਵਸਤੂਆਂ ਦੀ ਲਗਾਤਾਰ ਵਧੀ ਮੰਗ; ਬਾਜ਼ਾਰ 'ਚ ਨਵੇਂ ਉਤਪਾਦਾਂ ਦੀ ਭਰਮਾਰ
ਆਸਟ੍ਰੇਲੀਆ ਦੀ ਅਰਥਵਿਵਸਥਾ 28 ਸਾਲਾਂ ’ਚ ਪਹਿਲੀ ਵਾਰ ਮੰਦੀ ਦੀ ਲਪੇਟ ’ਚ
ਆਸਟ੍ਰੇਲੀਆ ਦੀ ਅਰਥਵਿਵਸਥਾ ਨੂੰ ਕੋਰੋਨਾ ਵਾਇਰਸ ਮਹਾਮਾਰੀ ਕਾਰਣ ਵੱਡਾ ਝਟਕਾ ਝਲਣਾ ਪਿਆ ਹੈ ਅਤੇ ਬੁੱਧਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਦੇਸ਼ ਪਿਛਲੇ 28 ਸਾਲਾਂ ’ਚ ਪਹਿਲੀ ਵਾਰ ਮੰਦੀ ਦਾ ਸਾਹਮਣਾ ਕਰ ਰਿਹਾ ਹੈ। ਤਾਜ਼ਾ ਰਾਸ਼ਟਰੀ ਖਾਤਿਆਂ ਮੁਤਾਬਕ ਜੂਨ ਤਿਮਾਹੀ ’ਚ ਅਰਥਵਿਵਸਥਾ 7 ਫੀਸਦੀ ਘਟ ਗਈ, ਜੋ 1959 ’ਚ ਇਨ੍ਹਾਂ ਅੰਕੜਿਆਂ ਦੀ ਸ਼ੁਰੂਆਤ ਤੋਂ ਬਾਅਦ ਸਭ ਤੋਂ ਘੱਟ ਹੈ। ਇਸ ਤੋਂ ਪਹਿਲਾਂ ਜੂਨ 1974 ’ਚ ਅਰਥਵਿਵਸਥਾ ’ਚ 2 ਫੀਸਦੀ ਦੀ ਗਿਰਾਵਟ ਹੋਈ ਸੀ।
ਇਹ ਵੀ ਦੇਖੋ : ਸਸਤਾ ਹੋਇਆ ਸੋਨਾ-ਚਾਂਦੀ, 1200 ਰੁਪਏ ਤੱਕ ਘਟੀਆਂ ਕੀਮਤਾਂ, ਜਾਣੋ ਅੱਜ ਦਾ ਨਵਾਂ ਭਾਅ
ਬ੍ਰਿਟੇਨ ਦੀ ਅਰਥਵਿਵਸਥਾ ’ਚ ਸੁਧਾਰ ਜਾਰੀ
ਬ੍ਰਿਟੇਨ ਦੀ ਅਰਥਵਿਵਸਥਾ ’ਚ ਸੁਧਾਰ ਜਾਰੀ ਹੈ। ਅਧਿਕਾਰਿਕ ਅੰਕੜਿਆਂ ਮੁਤਾਬਕ ਜੁਲਾਈ ’ਚ ਬ੍ਰਿਟੇਨ ਦੀ ਅਰਥਵਿਵਸਥਾ ਉਸ ਗੁਆਚੀ ਜ਼ਮੀਨ ਨੂੰ ਕੁਝ ਹੱਦ ਤੱਕ ਵਾਪਸ ਪਾਉਣ ’ਚ ਸਫਲ ਰਹੀ ਜੋ ਕੋਰੋਨਾ ਵਾਇਰਸ ਕਾਰਣ ਲਗਾਏ ਗਏ ਲਾਕਡਾਊਨ ’ਚ ਗੁਆਉਣੀ ਪਈ ਸੀ। ਹਾਲਾਂਕਿ ਇਹ ਲਾਕਡਾਊਨ ਦੇ ਸਿਖਰ ’ਤੇ ਹੋਏ ਨੁਕਸਾਨ ਦੇ 50 ਫੀਸਦੀ ਬਰਾਬਰ ਦਾ ਹੀ ਸੁਧਾਰ ਹੈ ਅਤੇ ਹੁਣ ਇਸ ਦੇ ਸਾਹਮਣੇ ਬ੍ਰੈਗਜਿਟ ਨਾਲ ਜੁੜੇ ਨਵੇਂ ਜੋਖਮ ਹਨ। ਰਾਸ਼ਟਰੀ ਸਟੈਟਿਕਸ ਦਫਤਰ (ਓ. ਐੱਨ. ਐੱਸ.) ਨੇ ਕਿਹਾ ਕਿ ਬ੍ਰਿਟੇਨ ਦੀ ਅਰਥਵਿਵਸਥਾ ਨੇ ਜੁਲਾਈ ’ਚ ਮਹੀਨਾ-ਦਰ-ਮਹੀਨਾ ਆਧਾਰ ’ਤੇ 6.6 ਫੀਸਦੀ ਦਾ ਵਾਧਾ ਦਰਜ ਕੀਤਾ ਹੈ। ਕਈ ਖੇਤਰਾਂ ’ਚ ਕੰਮਕਾਜ਼ ਮੁੜ ਸ਼ੁਰੂ ਹੋਇਆ ਹੈ ਜੋ ਕਈ ਮਹੀਨਿਆਂ ਤੋਂ ਲਾਕਡਾਊਨ ਕਾਰਣ ਬੰਦ ਪਏ ਸਨ।
ਇਹ ਵੀ ਦੇਖੋ : ਸੀਮਾ ਸ਼ੁਲਕ ਮਹਿਕਮਾ ਪੂਰੇ ਦੇਸ਼ 'ਚ ਲਾਗੂ ਕਰੇਗਾ ਇਹ ਯੋਜਨਾ, ਸਾਮਾਨ ਦੇ ਮੁਲਾਂਕਣ 'ਚ ਹੋਵੇਗੀ ਅਸਾਨੀ
ਸਸਤਾ ਹੋਇਆ ਸੋਨਾ-ਚਾਂਦੀ, 1200 ਰੁਪਏ ਤੱਕ ਘਟੀਆਂ ਕੀਮਤਾਂ, ਜਾਣੋ ਅੱਜ ਦਾ ਨਵਾਂ ਭਾਅ
NEXT STORY