ਨਵੀਂ ਦਿੱਲੀ - ਪੱਛਮੀ ਏਸ਼ੀਆ ਦੇ ਸੰਕਟ ਅਤੇ ਵਧਦੀਆਂ ਕੀਮਤਾਂ ਦਰਮਿਆਨ ਭਾਰਤੀ ਸੈਲਾਨੀਆਂ ਨੇ ਆਪਣੀਆਂ ਵਿਦੇਸ਼ੀ ਛੁੱਟੀਆਂ ਬਾਰੇ ਮੁੜ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਇਕ ਸਾਲ ਤੱਕ ਵਿਦੇਸ਼ੀ ਯਾਤਰਾਵਾਂ ਟਾਲਣ ਅਤੇ ਘਰੇਲੂ ਸੈਰ-ਸਪਾਟੇ ਨੂੰ ਪਹਿਲ ਦੇਣ ਦੀ ਅਪੀਲ ਤੋਂ ਬਾਅਦ ਵਿਦੇਸ਼ੀ ਬੁਕਿੰਗਾਂ 'ਚ ਨਰਮੀ ਦੇਖੀ ਜਾ ਰਹੀ ਹੈ।
ਵਧਦੇ ਖਰਚੇ ਅਤੇ ਕਮਜ਼ੋਰ ਰੁਪਿਆ ਵੱਡੀ ਚੁਣੌਤੀ
ਹਵਾਈ ਕਿਰਾਇਆਂ 'ਚ ਭਾਰੀ ਵਾਧਾ ਅਤੇ ਰੁਪਏ ਦੀ ਲਗਾਤਾਰ ਹੋ ਰਹੀ ਕਮਜ਼ੋਰੀ ਕਾਰਨ ਵਿਦੇਸ਼ੀ ਯਾਤਰਾ ਕਾਫ਼ੀ ਮਹਿੰਗੀ ਹੋ ਗਈ ਹੈ। ਹਾਲਾਂਕਿ ਹਾਲੇ ਤੱਕ ਵੱਡੇ ਪੱਧਰ 'ਤੇ ਟਿਕਟਾਂ ਕੈਂਸਲ ਹੋਣ ਦੀਆਂ ਖ਼ਬਰਾਂ ਨਹੀਂ ਹਨ ਪਰ ਏਅਰਲਾਈਨਾਂ ਦਾ ਕਹਿਣਾ ਹੈ ਕਿ ਅਗਲੇ ਸਮੇਂ ਲਈ ਹੋਣ ਵਾਲੀਆਂ 'ਫਾਰਵਰਡ ਬੁਕਿੰਗਜ਼' ਕਾਫ਼ੀ ਘੱਟ ਹਨ। ਏਅਰ ਇੰਡੀਆ ਵਰਗੀਆਂ ਕੰਪਨੀਆਂ ਨੇ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਯੂਰਪ ਅਤੇ ਉੱਤਰੀ ਅਮਰੀਕਾ ਦੇ ਕਈ ਸ਼ਹਿਰਾਂ ਲਈ ਆਪਣੀਆਂ ਉਡਾਣਾਂ ਦੀ ਗਿਣਤੀ ਵੀ ਘਟਾ ਦਿੱਤੀ ਹੈ।
ਘਰੇਲੂ ਸੈਰ-ਸਪਾਟੇ ਨੂੰ ਮਿਲੇਗਾ ਹੁਲਾਰਾ
ਯਾਤਰਾ ਉਦਯੋਗ ਦੇ ਮਾਹਰਾਂ ਅਨੁਸਾਰ, ਹੁਣ ਸੈਲਾਨੀਆਂ ਦਾ ਰੁਝਾਨ ਭਾਰਤ ਦੇ ਅੰਦਰ ਹੀ ਪ੍ਰੀਮੀਅਮ ਛੁੱਟੀਆਂ, ਰੋਡ ਟ੍ਰਿਪਸ ਅਤੇ ਐਡਵੈਂਚਰ ਟ੍ਰੈਵਲ ਵੱਲ ਵਧ ਰਿਹਾ ਹੈ। ਜ਼ਿਕਰਯੋਗ ਹੈ ਕਿ ਭਾਰਤ ਦਾ ਘਰੇਲੂ ਯਾਤਰਾ ਬਾਜ਼ਾਰ ਦੁਨੀਆ ਦੇ ਸਭ ਤੋਂ ਮਜ਼ਬੂਤ ਬਾਜ਼ਾਰਾਂ 'ਚੋਂ ਇਕ ਵਜੋਂ ਉੱਭਰਿਆ ਹੈ, ਜਿਸ ਨਾਲ ਰੁਜ਼ਗਾਰ ਦੇ ਮੌਕੇ ਵਧਣਗੇ ਅਤੇ ਬੁਨਿਆਦੀ ਢਾਂਚੇ ਦੀ ਵਰਤੋਂ 'ਚ ਸੁਧਾਰ ਹੋਵੇਗਾ।
ਵਿਦੇਸ਼ੀ ਮੁਦਰਾ ਦੀ ਬਚਤ
ਮਾਹਰਾਂ ਦਾ ਮੰਨਣਾ ਹੈ ਕਿ ਘਰੇਲੂ ਸੈਰ-ਸਪਾਟੇ 'ਤੇ ਧਿਆਨ ਦੇਣ ਨਾਲ ਜਿੱਥੇ ਵਿਦੇਸ਼ੀ ਮੁਦਰਾ ਦੀ ਬਚਤ ਹੋਵੇਗੀ, ਉੱਥੇ ਹੀ ਭਾਰਤ ਨੂੰ ਇਕ ਸਵੈ-ਨਿਰਭਰ ਯਾਤਰਾ ਪ੍ਰਣਾਲੀ ਬਣਾਉਣ 'ਚ ਵੀ ਮਦਦ ਮਿਲੇਗੀ। ਹਾਲਾਂਕਿ, ਟੂਰਿਜ਼ਮ ਇੰਡਸਟਰੀ ਨਾਲ ਜੁੜੀਆਂ ਸੰਸਥਾਵਾਂ ਦਾ ਕਹਿਣਾ ਹੈ ਕਿ ਭਾਰਤ 'ਚ ਵਿਦੇਸ਼ੀ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਵੀ ਓਨਾ ਹੀ ਜ਼ੋਰ ਦੇਣਾ ਚਾਹੀਦਾ ਹੈ ਤਾਂ ਜੋ ਦੇਸ਼ 'ਚ ਵਿਦੇਸ਼ੀ ਮੁਦਰਾ ਦੀ ਆਮਦ ਵਧ ਸਕੇ।
ਕੀ ਅੱਜ ਵਧ ਸਕਦੀਆਂ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਜਾਣੋ ਕੀ ਨੇ ਅੱਜ ਦੇ ਭਾਅ
NEXT STORY