ਨਵੀਂ ਦਿੱਲੀ— ਬਿਗ ਬਾਜ਼ਾਰ ਸਟੋਰ ਚਲਾਉਣ ਵਾਲੀ ਫਿਊਚਰ ਰਿਟੇਲ ਨੇ ਸਤੰਬਰ 2020 ਨੂੰ ਖ਼ਤਮ ਹੋਈ ਤਿਮਾਹੀ 'ਚ 692.36 ਕਰੋੜ ਰੁਪਏ ਦਾ ਘਾਟਾ ਦਰਜ ਕੀਤਾ ਹੈ, ਜਦੋਂ ਕਿ ਪਿਛਲੇ ਸਾਲ ਦੀ ਇਸੇ ਤਿਮਾਹੀ 'ਚ ਕੰਪਨੀ ਨੂੰ 165.08 ਦਾ ਮੁਨਾਫ਼ਾ ਹੋਇਆ ਸੀ। ਇਸ ਤਿਮਾਹੀ ਦੌਰਾਨ ਇਸ ਦਾ ਮਾਲੀਆ ਪਿਛਲੇ ਸਾਲ ਦੀ ਸਤੰਬਰ ਤਿਮਾਹੀ ਦੇ 5,449 ਕਰੋੜ ਰੁਪਏ ਦੇ ਮੁਕਾਬਲੇ ਘੱਟ ਕੇ 1,424 ਕਰੋੜ ਰੁਪਏ ਰਿਹਾ।
ਗੌਰਤਲਬ ਹੈ ਕਿ ਫਿਊਚਰ ਰਿਟੇਲ ਰਿਲਾਇੰਸ ਨੂੰ ਕਾਰੋਬਾਰ ਵੇਚ ਰਿਹਾ ਹੈ ਪਰ ਇਸ 'ਚ ਐਮਾਜ਼ੋਨ ਨੇ ਵਿਵਾਦ ਖੜ੍ਹਾ ਕਰ ਦਿੱਤਾ ਹੈ। ਫਿਊਚਰ ਗਰੁੱਪ ਅਤੇ ਰਿਲਾਇੰਸ ਵਿਚਕਾਰ ਸੌਦੇ ਨੂੰ ਲੈ ਕੇ ਐਮਾਜ਼ੋਨ ਨੇ ਫਿਊਚਰ ਖ਼ਿਲਾਫ ਕਾਨੂੰਨੀ ਲੜਾਈ ਸ਼ੁਰੂ ਕੀਤੀ ਹੈ। 25 ਅਕਤੂਬਰ ਨੂੰ ਸਿੰਗਾਪੁਰ ਇੰਟਰਨੈਸ਼ਨਲ ਆਰਬਿਟਰੇਸ਼ਨ ਸੈਂਟਰ ਨੇ ਐਮਾਜ਼ੋਨ ਦੇ ਪੱਖ 'ਚ ਅੰਤਰਿਮ ਹੁਕਮ ਜਾਰੀ ਕਰਦੇ ਹੋਏ ਫਿਊਚਰ ਰਿਟੇਲ ਨੂੰ ਆਪਣੀ ਸੰਪਤੀ ਵੇਚਣ ਜਾਂ ਫੰਡ ਪ੍ਰਾਪਤ ਕਰਨ ਨੂੰ ਲੈ ਕੇ ਕੋਈ ਵੀ ਸਕਿਓਰਿਟੀ ਜਾਰੀ ਕਰਨ 'ਤੇ ਰੋਕ ਲਾ ਦਿੱਤੀ ਸੀ।
ਕਿਸ਼ੋਰ ਬਿਆਨੀ ਦੀ ਅਗਵਾਈ ਵਾਲੀ ਫਿਊਚਰ ਰਿਟੇਲ ਲਿਮਟਿਡ (ਐੱਫ. ਆਰ. ਐੱਲ.) ਨੇ ਵੀਰਵਾਰ ਨੂੰ ਦਿੱਲੀ ਹਾਈ ਕੋਰਟ ਨੂੰ ਕਿਹਾ ਕਿ ਐਮਾਜ਼ੋਨ ਉਸ ਦੀ ਹਿੱਸੇਦਾਰ ਨਹੀਂ ਹੈ ਅਤੇ ਉਸ ਨੂੰ ਕੰਪਨੀ ਦੇ ਮਾਮਲਿਆਂ 'ਚ ਬੋਲਣ ਦਾ ਵੀ ਕੋਈ ਅਧਿਕਾਰ ਨਹੀਂਂ ਹੈ। ਫਿਊਚਰ ਰਿਟੇਲ ਨੇ ਇਹ ਵੀ ਕਿਹਾ ਕਿ ਸਿੰਗਾਪੁਰ ਇੰਟਰਨੈਸ਼ਨਲ ਆਰਬਿਟਰੇਸ਼ਨ ਸੈਂਟਰ (ਐੱਸ. ਆਈ. ਏ. ਸੀ.) ਵੱਲੋਂ ਦਿੱਤਾ ਗਿਆ ਅੰਤਰਿਮ ਆਦੇਸ਼ ਕੋਈ ਮਹੱਤਵ ਨਹੀਂ ਰੱਖਦਾ ਹੈ।
ਕੀ ਹੈ ਐਮਾਜ਼ੋਨ ਦਾ ਦੋਸ਼-
ਈ-ਕਾਮਰਸ ਕੰਪਨੀ ਐਮਾਜ਼ੋਨ ਦਾ ਦੋਸ਼ ਹੈ ਕਿ ਉਸ ਦੀ ਫਿਊਚਰ ਕੂਪਨਸ 'ਚ 49 ਫੀਸਦੀ ਹਿੱਸੇਦਾਰੀ ਹੈ, ਜੋ ਉਸ ਨੇ ਪਿਛਲੇ ਸਾਲ ਖ਼ਰੀਦੀ ਸੀ, ਅੱਗੋਂ ਫਿਊਚਰ ਕੂਪਨਸ ਦੀ ਫਿਊਚਰ ਰਿਟੇਲ 'ਚ 9.82 ਫੀਸਦੀ ਹਿੱਸੇਦਾਰੀ ਹੈ। ਐਮਾਜ਼ੋਨ ਦਾ ਕਹਿਣਾ ਹੈ ਕਿ ਜਦੋਂ ਫਿਊਚਰ ਨਾਲ ਉਸ ਦੀ ਡੀਲ ਹੋਈ ਸੀ ਤਾਂ ਉਸ ਸਮੇਂ ਨਿਰਧਾਰਤ ਸ਼ਰਤਾਂ ਮੁਤਾਬਕ, ਰਿਲਾਇੰਸ ਉਨ੍ਹਾਂ ਕੰਪਨੀਆਂ 'ਚ ਸ਼ਾਮਲ ਸੀ, ਜਿਨ੍ਹਾਂ ਨਾਲ ਫਿਊਚਰ ਸੌਦਾ ਨਹੀਂ ਕਰ ਸਕਦਾ ਸੀ। ਇਸ ਸ਼ਰਤ ਦੇ ਬਾਵਜੂਦ ਫਿਊਚਰ ਰਿਟੇਲ ਨੇ ਰਿਲਾਇੰਸ ਨਾਲ ਤਕਰੀਬਨ 25,000 ਕਰੋੜ ਰੁਪਏ ਦਾ ਸੌਦਾ ਕਰ ਲਿਆ।
ਇਨ੍ਹਾਂ ਤਰੀਕਿਆਂ ਨਾਲ ਕਰੋ ਗਹਿਣਿਆਂ ਵਿਚ ਅਸਲ 'ਹੀਰੇ' ਦੀ ਪਛਾਣ
NEXT STORY