ਨਵੀਂ ਦਿੱਲੀ– ਸੋਨੇ ਪ੍ਰਤੀ ਦੀਵਾਨਗੀ ਰੱਖਣ ਵਾਲੇ ਭਾਰਤ ’ਚ ਵੀ ਹੁਣ ਸੋਨੇ ਦੀ ਥਾਂ ਕ੍ਰਿਪਟੋ ਕਰੰਸੀ ਕਾਰੋਬਾਰ ’ਚ ਤੇਜ਼ੀ ਰਹੀ ਹੈ। ਭਾਰਤੀਆਂ ਕੋਲ ਕਰੀਬ 25 ਹਜ਼ਾਰ ਟਨ ਸੋਨੇ ਦਾ ਭੰਡਾਰ ਹੈ ਪਰ ਉਹ ਹੌਲੀ-ਹੌਲੀ ਨਿਵੇਸ਼ ਦਾ ਇਹ ਰਵਾਇਤੀ ਜ਼ਰੀਆ ਛੱਡ ਕੇ ਕ੍ਰਿਪਟੋ ਕਰੰਸੀ ’ਚ ਨਿਵੇਸ਼ ਵਧਾ ਰਹੇ ਹਨ। ਪਿਛਲੇ ਇਕ ਸਾਲ ’ਚ ਦੇਸ਼ ’ਚ ਕ੍ਰਿਪਟੋ ਕਰੰਸੀ ਦਾ ਕਾਰੋਬਾਰ 200 ਮਿਲੀਅਨ ਡਾਲਰ ਤੋਂ ਵਧ ਕੇ 40 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ ਅਤੇ ਦੇਸ਼ ਦੇ 18 ਤੋਂ ਲੈ ਕੇ 35 ਸਾਲ ਤੱਕ ਦੇ ਨੌਜਵਾਨ ਇਸ ’ਚ ਹੱਥ ਅਜਮਾ ਰਹੇ ਹਨ।
ਕੁਇਨ ਗੀਕੋ ਦੇ ਅੰਕੜਿਆਂ ਮੁਤਾਬਕ ਇਕ ਸਾਲ ਪਹਿਲਾਂ ਦੇਸ਼ ’ਚ ਰੋਜ਼ਾਨਾ 10.6 ਮਿਲੀਅਨ ਡਾਲਰ ਦਾ ਕਾਰੋਬਾਰ ਹੋ ਰਿਹਾ ਸੀ ਜੋ ਹੁਣ ਵਧ ਕੇ 102 ਮਿਲੀਅਨ ਡਾਲਰ ਹੋ ਚੁੱਕਾ ਹੈ। ਚੀਨ ’ਚ ਭਾਰਤ ਦੇ ਮੁਕਾਬਲੇ ਚਾਰ ਗੁਣਾ ਕਾਰੋਬਾਰ ਹੁੰਦਾ ਹੈ ਅਤੇ ਚੀਨ ਦਾ ਕ੍ਰਿਪਟੋ ਕਰੰਸੀ ਕਾਰੋਬਾਰ 161 ਬਿਲੀਅਨ ਡਾਲਰ ਦਾ ਹੈ।
32 ਸਾਲ ਦੀ ਮਹਿਲਾ ਉੱਦਮੀ ਰਿਚੀ ਸੂਦ ਨੇ ਪਿਛਲੇ ਸਾਲ ਦਸੰਬਰ ’ਚ ਬਿਟਕੁਆਈਨ, ਡੋਜ਼ੀ ਕੁਆਈਨ ਅਤੇ ਈਥਰੀਅਮ ’ਚ 10 ਲੱਖ ਰੁਪਏ ਦਾ ਨਿਵੇਸ਼ ਕੀਤਾ ਸੀ ਅਤੇ ਬਿਟਕੁਆਈਨ ਦੇ 50 ਹਜ਼ਾਰ ਦੇ ਪੱਧਰ ’ਤੇ ਪਹੁੰਚਦੇ ਹੀ ਰਿਚੀ ਨੇ ਆਪਣੇ ਕੋਲ ਮੌਜੂਦ ਕ੍ਰਿਪਟੋ ਕਰੰਸੀ ਵੇਚ ਦਿੱਤੀ ਅਤੇ ਇਸ ਤੋਂ ਹੋਏ ਮੁਨਾਫੇ ਨੂੰ ਆਪਣੇ ਐਜ਼ੂਕੇਸ਼ਨ ਸਟਾਰਟਅਪ ਸਟੱਡੀ ਮੇਟ ਇੰਡੀਆ ’ਚ ਨਿਵੇਸ਼ ਕਰ ਦਿੱਤਾ।
ਰਿਚੀ ਸੂਦ ਖੁਸ਼ਕਿਸਮਤ ਰਹੀ ਕਿ ਜਦੋਂ ਉਨ੍ਹਾਂ ਨੇ ਆਪਣੀ ਕ੍ਰਿਪਟੋ ਕਰੰਸੀ ਵੇਚੀ ਤਾਂ ਉਸ ਤੋਂ ਬਾਅਦ ਇਸ ’ਚ ਗਿਰਾਵਟ ਆ ਗਈ ਅਤੇ ਉਨ੍ਹਾਂ ਨੇ ਇਕ ਵਾਰ ਮੁੜ ਹੇਠਲੇ ਰੇਟ ’ਤੇ ਖਰੀਦ ਕਰ ਲਈ। ਰਿਚੀ ਵਾਂਗ ਜੋਖਮ ਉਠਾ ਸਕਣ ਵਾਲੇ ਲੱਖਾਂ ਭਾਰਤੀ ਨਿਵੇਸ਼ਕ ਇਸ ’ਚ ਨਿਵੇਸ਼ ਕਰ ਰਹੇ ਹਨ।
ਕ੍ਰਿਪਟੋ ਕਰੰਸੀ ’ਚ ਨਿਵੇਸ਼ ਕਰਨਾ ਜੋਖਮ ਭਰਿਆ ਇਸ ਲਈ ਹੈ ਕਿਉਂਕਿ ਭਾਰਤ ’ਚ ਸਰਕਾਰ ਇਸ ਮਾਮਲੇ ’ਚ ਉਦਾਰਵਾਦੀ ਨਹੀਂ ਰਹੀ ਹੈ ਅਤੇ ਕਿਸੇ ਵੀ ਸਮੇਂ ਸਰਕਾਰ ਇਸ ’ਤੇ ਪਾਬੰਦੀ ਲਗਾਉਣ ਦਾ ਫੈਸਲਾ ਲੈ ਸਕਦੀ ਹੈ। ਅਜਿਹੀ ਸਥਿਤੀ ’ਚ ਨਿਵੇਸ਼ਕਾਂ ਦੇ ਪੈਸੇ ਫਸ ਸਕਦੇ ਹਨ।
ਨੌਜਵਾਨਾਂ ਨੇ ਸੋਨੇ ਤੋਂ ਮੂੰਹ ਮੋੜਿਆ
ਭਾਰਤ ’ਚ ਕਰੀਬ ਡੇਢ ਕਰੋੜ ਨਿਵੇਸ਼ਕ ਕ੍ਰਿਪਟੋ ਕਰੰਸੀ ’ਚ ਨਿਵੇਸ਼ ਕਰਦੇ ਹਨ ਜਦ ਕਿ ਅਮਰੀਕਾ ’ਚ ਇਨ੍ਹਾਂ ਨਿਵੇਸ਼ਕਾਂ ਦੀ ਗਿਣਤੀ 2 ਕਰੋੜ 30 ਲੱਖ ਅਤੇ ਯੂ. ਕੇ. ’ਚ ਇਹ ਗਿਣਤੀ ਕਰੀਬ 23 ਲੱਖ ਹੈ। ਭਾਰਤ ’ਚ 18 ਤੋਂ ਲੈ ਕੇ 35 ਸਾਲ ਤੱਕ ਦੇ ਨੌਜਵਾਨ ਇਸ ’ਚ ਨਿਵੇਸ਼ ਕਰ ਰਹੇ ਹਨ ਅਤੇ ਵਰਲਡ ਗੋਲਡ ਕਾਊਂਸਲ ਦੀ ਤਾਜ਼ਾ ਰਿਪੋਰਟ ’ਚ ਵੀ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਉਮਰ ਵਰਗ ਦੇ ਨਿਵੇਸ਼ਕ ਸੋਨੇ ’ਚ ਘੱਟ ਰੁਝਾਨ ਦਿਖਾ ਰਹੇ ਹਨ।
ਨੌਜਵਾਨਾਂ ਦੇ ਕ੍ਰਿਪਟੋ ਕਰੰਸੀ ’ਚ ਵਧ ਰਹੇ ਰੁਝਾਨ ਦਾ ਸਭ ਤੋਂ ਵੱਡਾ ਕਾਰਨ ਇਸ ’ਚ ਟ੍ਰੇਡਿੰਗ ਦੀ ਸੌਖਾਲੀ ਪ੍ਰਕਿਰਿਆ ਹੈ। ਨੌਜਵਾਨ ਆਨਲਾਈਨ ਜਾ ਕੇ ਸਾਧਾਰਣ ਤਰੀਕੇ ਨਾਲ ਰਜਿਸਟ੍ਰੇਸ਼ਨ ਕਰ ਕੇ ਇਸ ’ਚ ਨਿਵੇਸ਼ ਕਰ ਸਕਦੇ ਹਨ ਜਦ ਕਿ ਸੋਨੇ ਦੀ ਖਰੀਦ ’ਚ ਤੁਹਾਨੂੰ ਪਹਿਲਾਂ ਆਪਣੀ ਪਛਾਣ ਉਜਾਗਰ ਕਰਨੀ ਪੈਂਦੀ ਹੈ। ਲਿਹਾਜਾ ਇਸ ’ਚ ਨੌਜਵਾਨਾਂ ਦਾ ਰੁਝਾਨ ਲਗਾਤਾਰ ਵਧ ਰਿਹਾ ਹੈ। -ਸੰਦੀਪ ਗੋਇਨਕਾ, ਸਹਿ ਸੰਸਥਾਪਕ ਜੇਬ ਪੇ
ਮੈਂ ਸੋਨਾ-ਚਾਂਦੀ ਖਰੀਦਣ ਦੀ ਬਜਾਏ ਆਪਣਾ ਪੈਸਾ ਕ੍ਰਿਪਟੋ ਕਰੰਸੀ ’ਚ ਨਿਵੇਸ਼ ਕਰਨ ਨੂੰ ਪਹਿਲ ਦੇਵਾਂਗੀ ਕਿਉਂਕਿ ਇਸ ’ਚ ਪਾਰਦਰਸ਼ਿਤਾ ਵਧੇਰੇ ਹੈ ਅਤੇ ਸੋਨੇ ਅਤੇ ਪ੍ਰਾਪਰਟੀ ਦੇ ਮੁਕਾਬਲੇ ਇਸ ’ਚ ਤੇਜ਼ੀ ਨਾਲ ਅਤੇ ਹੋਰ ਜ਼ਿਆਦਾ ਰਿਟਰਨ ਮਿਲਦੇ ਹਨ। ਹਾਲਾਂਕਿ ਇਸ ’ਚ ਨਿਵੇਸ਼ ਕਰਨਾ ਜੋਖਮ ਭਰਿਆ ਵੀ ਹੈ ਅਤੇ ਸਰਕਾਰ ਕਿਸੇ ਵੀ ਸਮੇਂ ਇਸ ’ਤੇ ਪਾਬੰਦੀ ਦਾ ਐਲਾਨ ਕਰ ਸਕਦੀ ਹੈ ਪਰ ਮੇਰੇ ’ਚ ਜੋਖਮ ਸਹਿਣ ਦੀ ਸਮਰੱਥਾ ਹੈ। ਲਿਹਾਜਾ ਮੈਂ ਇਸ ’ਚ ਨਿਵੇਸ਼ ਜਾਰੀ ਰੱਖਾਂਗੀ। -ਰਿਚੀ ਸੂਦ, ਕ੍ਰਿਪਟੋ ਕਰੰਸੀ ਨਿਵੇਸ਼ਕ
‘ਅਗਲੇ ਮਹੀਨੇ ਭਾਰਤ ’ਚ ਲਾਂਚ ਹੋਵੇਗੀ ਆਡੀ ਦੀ ਇਲੈਕਟ੍ਰਿਕ ਐੱਸ. ਯੂ. ਵੀ., ਬੁਕਿੰਗ ਸ਼ੁਰੂ
NEXT STORY