ਨਵੀਂ ਦਿੱਲੀ– ਆਮਦਨ ਕਰ ਵਿਭਾਗ ਨੇ ਲੈਪਟਾਪ, ਮੋਬਾਇਲ ਫੋਨ ਤੇ ਉਨ੍ਹਾਂ ’ਤੇ ਕਲਪੁਰਜ਼ਿਆਂ ਦੇ ਇਕ ਦਰਾਮਦਕਾਰ ’ਤੇ ਸ਼ਨੀਵਾਰ ਛਾਪੇ ਮਾਰੇ। ਇਸ ਦੌਰਾਨ 2000 ਕਰੋੜ ਰੁਪਏ ਦੀਆਂ ਵਸਤਾਂ ਦੀ ਦਰਾਮਦ ’ਤੇ ਟੈਕਸ ਚੋਰੀ ਦਾ ਪਤਾ ਲੱਗਾ ਹੈ। 2 ਕਰੋੜ 75 ਲੱਖ ਰੁਪਏ ਦੀ ਨਕਦੀ ਵੀ ਜ਼ਬਤ ਕੀਤੀ ਗਈ। ਵਿਭਾਗ ਵਲੋਂ ਜਾਰੀ ਬਿਆਨ ਮੁਤਾਬਕ ਕੌਮੀ ਰਾਜਧਾਨੀ ਖੇਤਰ, ਹਰਿਆਣਾ ਅਤੇ ਪੱਛਮੀ ਬੰਗਾਲ ’ਚ ਫੈਲੇ ਨੈੱਟਵਰਕ ਵਿਰੁੱਧ ਇਹ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ।
ਤਲਾਸ਼ੀਆਂ ਦੌਰਾਨ ਕਈ ਇਤਰਾਜ਼ਯੋਗ ਦਸਤਾਵੇਜ਼, ਡਾਇਰੀਆਂ ਅਤੇ ਡਿਜੀਟਲ ਸਬੂਤ ਮਿਲੇ। ਇਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਉਕਤ ਗਰੁੱਪ ਵੱਡੀ ਪੱਧਰ ’ਤੇ ਅੰਡਰ ਐਨਵਾਇਸਿੰਗ ਅਤੇ ਉਸ ਰਾਹੀਂ ਦਰਾਮਦ ਕੀਤੇ ਗਏ ਸਾਮਾਨ ਦੀ ਗਲਤ ਜਾਣਕਾਰੀ ਦੇਣ ’ਚ ਸ਼ਾਮਲ ਹੈ। ਤਲਾਸ਼ੀਆਂ ਦੌਰਾਨ ਸ਼ੱਕੀ ਲੈਣ-ਦੇਣ, ਜਾਇਦਾਦਾਂ ’ਚ ਬੇਹਿਸਾਬਾ ਨਿਵੇਸ਼, ਫਰਜ਼ੀ ਕਰਜ਼ੇ ਆਦਿ ਵਰਗੇ ਵੱਡੀ ਗਿਣਤੀ ਵਿਚ ਸਬੂਤ ਵੀ ਇਕੱਠੇ ਕੀਤੇ ਗਏ ਹਨ।
ਇਸ ਕਥਿਤ ਵਪਾਰ ’ਚ ਕਸਟਮ ਡਿਊਟੀ ਤੋਂ ਬਚਣ ਲਈ ਘੱਟ ਕੀਮਤ ਵਾਲੇ ਅਤੇ ਦਰਾਮਦ ਸਾਮਾਨ ਦੇ ਵੇਰਵੇ ਦੀ ਗਲਤ ਜਾਣਕਾਰੀ ਦੇ ਨਾਲ ਹੀ ਕਈ ਸ਼ੈੱਲ ਅਦਾਰਿਆਂ ਦੇ ਨਾਂ ’ਤੇ ਸਾਮਾਨ ਦੀ ਦਰਾਮਦ ਕੀਤੀ ਗਈ ਹੈ। ਬੰਦਰਗਾਹਾਂ ’ਤੇ ਪ੍ਰਵਾਨਗੀ ਮਿਲਣ ’ਤੇ ਅਜਿਹੇ ਸਾਮਾਨ ਨੂੰ ਆਊਟ ਆਫ ਬੁੱਕ ਭਾਵ ਨਕਦ ਲੈਣ-ਦੇਣ ਰਾਹੀਂ ਪੂਰੇ ਭਾਰਤ ਵਿਚ ਵੰਡਿਆ ਗਿਆ ਹੈ।
ਸਟੈਂਪ ਡਿਊਟੀ ’ਚ ਕਟੌਤੀ ਤੋਂ ਬਾਅਦ ਇਸ ਸ਼ਹਿਰ 'ਚ ਦੁੱਗਣੀ ਤੋਂ ਵੱਧ ਹੋਈ ਘਰਾਂ ਦੀ ਰਜਿਸਟ੍ਰੇਸ਼ਨ
NEXT STORY