ਨਵੀਂ ਦਿੱਲੀ— ਕੋਰੋਨਾ ਵਾਇਰਸ ਮਹਾਮਾਰੀ ਅਤੇ ਤਾਲਾਬੰਦੀ ਕਾਰਨ ਕਾਰੋਬਾਰ ਠੱਪ ਰਹਿਣ ਅਤੇ ਖਪਤਕਾਰ ਮੰਗ 'ਚ ਭਾਰੀ ਕਮੀ ਕਾਰਨ ਭਾਰਤ ਦੀ ਅਰਥਵਿਵਸਥਾ ਚਾਲੂ ਵਿੱਤੀ ਸਾਲ ਦੀ ਅਪ੍ਰੈਲ-ਜੂਨ ਤਿਮਾਹੀ 'ਚ ਹੁਣ ਤੱਕ ਸਭ ਤੋਂ ਖਰਾਬ ਰਹੀ। ਜੀ. ਡੀ. ਪੀ. 'ਚ ਗਿਰਾਵਟ ਦਾ ਮਤਲਬ ਹੈ ਕਿ ਲੋਕਾਂ ਨੂੰ ਰੋਜ਼ਗਾਰ ਦੀ ਤੰਗੀ ਰਹੀ ਅਤੇ ਅਰਥਵਿਵਸਥਾ 'ਚ ਨਿਵੇਸ਼ ਵੀ ਸੁਸਤ ਰਿਹਾ।
ਸੋਮਵਾਰ ਨੂੰ ਰਾਸ਼ਟਰੀ ਅੰਕੜਾ ਦਫਤਰ (ਐੱਨ. ਐੱਸ. ਓ.) ਵੱਲੋਂ ਪੇਸ਼ ਅੰਕੜਿਆਂ ਮੁਤਾਬਕ, ਜੂਨ ਤਿਮਾਹੀ 'ਚ ਭਾਰਤੀ ਅਰਥਵਿਵਸਥਾ ਨੇ 23.9 ਫੀਸਦੀ ਦੀ ਵੱਡੀ ਗਿਰਾਵਟ ਦਰਜ ਕੀਤੀ ਹੈ। ਇਹ ਭਾਰਤ ਵੱਲੋਂ 1996 ਤੋਂ ਤਿਮਾਹੀ ਅੰਕੜੇ ਜਾਰੀ ਹੋਣ ਦੀ ਸ਼ੁਰੂਆਤ ਤੋਂ ਬਾਅਦ ਦਾ ਸਭ ਤੋਂ ਖ਼ਰਾਬ ਅੰਕੜਾ ਹੈ। ਪਿਛਲੇ ਸਾਲ ਦੀ ਇਸੇ ਮਿਆਦ 'ਚ ਵਿਕਾਸ ਦਰ 5.2 ਫੀਸਦੀ ਸਕਾਰਾਤਮਕ ਰਹੀ ਸੀ। ਸਰਕਾਰੀ ਅੰਕੜਿਆਂ ਅਨੁਸਾਰ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਦੇਸ਼ ਦੀ ਜੀ. ਡੀ. ਪੀ. 26,89,556 ਕਰੋੜ ਰੁਪਏ ਰਹੀ ਜੋ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਵਿਚ 35,35,267 ਕਰੋੜ ਰੁਪਏ ਨਾਲੋਂ 23.9 ਫ਼ੀਸਦ ਘੱਟ ਹੈ।
ਹੁਣ ਤੱਕ ਵਿਸ਼ਵ ਦੀਆਂ ਚੋਟੀਆਂ ਦੀਆਂ 20 ਅਰਥਵਿਵਸਥਾਂ 'ਚੋਂ ਯੂ. ਕੇ. ਦੀ ਜੀ. ਡੀ. ਪੀ. ਨੇ ਜੂਨ ਤਿਮਾਹੀ 'ਚ ਸਭ ਤੋਂ ਵੱਡੀ ਮੰਦੀ ਵੇਖੀ ਸੀ। ਬ੍ਰਿਟੇਨ ਦੀ ਜੂਨ ਤਿਮਾਹੀ ਜੀ. ਡੀ. ਪੀ. 'ਚ ਸਾਲ-ਦਰ-ਸਾਲ ਦੇ ਆਧਾਰ 'ਤੇ 21.7 ਫੀਸਦੀ ਦੀ ਵੱਡੀ ਗਿਰਾਵਟ ਰਹੀ ਹੈ।
ਗੌਰਤਲਬ ਹੈ ਕਿ ਭਾਰਤ 'ਚ ਰਾਸ਼ਟਰ ਪੱਧਰੀ ਤਾਲਾਬੰਦੀ 25 ਮਾਰਚ ਨੂੰ ਸ਼ੁਰੂ ਹੋਈ ਅਤੇ ਮਈ ਦੇ ਅੰਤ ਤੱਕ ਜਾਰੀ ਰਹੀ, ਜਿਸ ਤੋਂ ਬਾਅਦ ਪਾਬੰਦੀਆਂ ਨੂੰ ਹੌਲੀ ਹੌਲੀ 1 ਜੂਨ ਤੋਂ ਹਟਾ ਦਿੱਤਾ ਗਿਆ। ਹਾਲਾਂਕਿ, ਅਪ੍ਰੈਲ ਅਤੇ ਮਈ ਮਹੀਨੇ 'ਚ ਜ਼ਿਆਦਾਤਰ ਕਾਰੋਬਾਰਾਂ 'ਚ ਕੰਮਕਾਰ ਠੱਪ ਰਹੇ, ਜੂਨ 'ਚ ਜਾ ਕੇ ਕੁਝ ਮੰਗ ਸੁਧਰੀ ਪਰ ਇਹ ਕੋਵਿਡ-19 ਤੋਂ ਪਹਿਲਾਂ ਦੇ ਪੱਧਰ ਤੋਂ ਹੇਠਾਂ ਹੀ ਰਹੀ।
GDP ਤੁਹਾਡੇ 'ਤੇ ਕੀ ਪ੍ਰਭਾਵ ਪਾਉਂਦੀ ਹੈ?
ਜੀ. ਡੀ. ਪੀ. ਆਰਥਿਕ ਉਤਪਾਦਨ ਅਤੇ ਵਿਕਾਸ ਨੂੰ ਦਰਸਾਉਂਦੀ ਹੈ। ਇਹ ਦੇਸ਼ ਦੀ ਆਰਥਿਕਤਾ ਨਾਲ ਜੁੜੇ ਹਰੇਕ ਨੂੰ ਪ੍ਰਭਾਵਿਤ ਕਰਦੀ ਹੈ। ਇਸ ਦੇ ਵਧਣ ਜਾਂ ਘੱਟ ਹੋਣ ਦੀ ਸਥਿਤੀ 'ਚ ਸਟਾਕ ਮਾਰਕੀਟ ਪ੍ਰਭਾਵਿਤ ਹੁੰਦੀ ਹੈ। ਨਕਾਰਾਤਮਕ ਜੀ. ਡੀ. ਪੀ. ਨਿਵੇਸ਼ਕਾਂ ਲਈ ਚਿੰਤਾ ਦਾ ਵਿਸ਼ਾ ਬਣ ਜਾਂਦੀ ਹੈ। ਨਕਾਰਾਤਮਕ ਜੀ. ਡੀ. ਪੀ. ਅਸਲ 'ਚ ਦੇਸ਼ ਦੇ ਆਰਥਿਕ ਮੰਦੀ 'ਚੋਂ ਲੰਘਣ ਦੀ ਨਿਸ਼ਾਨੀ ਹੈ। ਅਜਿਹੇ ਸਮੇਂ ਜਦੋਂ ਦੇਸ਼ 'ਚ ਉਤਪਾਦਨ ਘੱਟਦਾ ਹੈ ਤਾਂ ਬੇਰੋਜ਼ਗਾਰੀ 'ਚ ਵਾਧਾ ਹੁੰਦਾ ਹੈ। ਇਸ ਕਾਰਨ ਹਰ ਵਿਅਕਤੀ ਦੇ ਕੰਮ, ਆਮਦਨੀ, ਖਰਚ ਕਰਨ ਤੇ ਨਿਵੇਸ਼ ਕਰਨ ਦੀ ਸਮਰੱਥਾ ਅਤੇ ਦੇਸ਼ ਦੀ ਆਰਥਿਕਤਾ ਪ੍ਰਭਾਵਿਤ ਹੁੰਦੀ ਹੈ।
ਸਟਾਕ ਮਾਰਕੀਟ ਵਿਚ ਨਿਵੇਸ਼ ਕਰਨ ਵਾਲਿਆਂ ਲਈ ਵੱਡੀ ਖਬਰ, ਕੱਲ੍ਹ ਤੋਂ ਲਾਗੂ ਹੋਣਗੇ ਨਵੇਂ ਨਿਯਮ
NEXT STORY