ਨਵੀਂ ਦਿੱਲੀ— ਜੇਕਰ ਤੁਸੀਂ ਫਲਾਈਟ 'ਚ ਯਾਤਰਾ ਤੋਂ ਪਹਿਲਾਂ ਆਨਲਾਈਨ ਚੈੱਕ-ਇਨ ਕਰਦੇ ਹੋ ਤਾਂ ਹੁਣ ਇਹ ਸਰਵਿਸ ਮੁਫਤ ਨਹੀਂ ਮਿਲੇਗੀ। ਸਪਾਈਸ ਜੈੱਟ ਤੇ ਇੰਡੀਗੋ ਦੋਹਾਂ ਹਵਾਈ ਜਹਾਜ਼ ਕੰਪਨੀਆਂ ਨੇ ਇਸ ਲਈ ਫੀਸ ਲੈਣ ਦਾ ਫੈਸਲਾ ਕੀਤਾ ਹੈ। ਇਹ ਸੁਵਿਧਾ ਫਲਾਈਟ ਦੇ ਰਵਾਨਾ ਹੋਣ ਤੋਂ 48 ਘੰਟੇ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਤੇ ਫਲਾਈਟ ਦੇ ਉਡਾਣ ਭਰਨ ਤੋਂ 2 ਘੰਟੇ ਪਹਿਲਾਂ ਤਕ ਚਾਲੂ ਰਹਿੰਦੀ ਹੈ। ਇਸ ਦਾ ਮਕਸਦ ਹਵਾਈ ਅੱਡੇ 'ਤੇ ਲੰਬੀਆਂ ਕਤਾਰਾਂ ਨੂੰ ਘੱਟ ਕਰਨਾ ਹੁੰਦਾ ਹੈ।
ਰਿਪੋਰਟਾਂ ਮੁਤਾਬਕ, ਇੰਡੀਗੋ ਨੇ ਵੈੱਬ-ਚੈੱਕ-ਇਨ ਲਈ ਹੁਣ ਚਾਰਜ ਵਸੂਲਣਾ ਸ਼ੁਰੂ ਕਰ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਹਵਾਈ ਅੱਡੇ 'ਤੇ ਲੰਬੀ ਕਤਾਰ ਤੋਂ ਬਚਣ ਲਈ ਵੈੱਬ ਚੈੱਕ-ਇਨ ਕਰਦੇ ਹੋ ਤਾਂ ਤੁਹਾਨੂੰ ਇਸ ਲਈ ਪੈਸੇ ਦੇਣੇ ਹੋਣਗੇ। ਇੰਡੀਗੋ ਘਰੇਲੂ ਬਾਜ਼ਾਰ ਦੀ ਕਿੰਗ ਹੈ ਤੇ ਮਾਰਕੀਟ ਦੇ 43 ਫੀਸਦੀ ਹਿੱਸੇ 'ਤੇ ਇਸ ਦਾ ਕਬਜ਼ਾ ਹੈ। ਇਸ ਲਈ ਬਾਕੀ ਏਅਰਲਾਈਨਸ ਵੀ ਇਹ ਕਦਮ ਉਠਾ ਸਕਦੀਆਂ ਹਨ। ਇੰਡੀਗੋ ਦੀ ਨਵੀਂ ਪਾਲਿਸੀ ਮੁਤਾਬਕ ਵੈੱਬ-ਚੈੱਕ-ਇਨ ਲਈ ਹੁਣ ਕੋਈ ਵੀ ਸੀਟ ਮੁਫਤ ਨਹੀਂ ਹੋਵੇਗੀ। ਵੈੱਬ ਚੈੱਕ-ਇਨ 'ਚ ਸੀਟ ਦੇ ਹਿਸਾਬ ਨਾਲ ਯਾਤਰੀ ਨੂੰ ਚਾਰਜ ਦੇਣਾ ਹੋਵੇਗਾ। ਜੇਕਰ ਤੁਸੀਂ ਪਹਿਲੀ ਕਤਾਰ ਦੀ ਸੀਟ ਤੇ ਐਮਰਜੈਂਸੀ ਸੀਟ ਦੀ ਚੋਣ ਕਰਦੇ ਹੋ ਤਾਂ ਚਾਰਜ ਜ਼ਿਆਦਾ ਲਿਆ ਜਾਵੇਗਾ। ਸੀਟ ਚੁਣਨ ਦੇ ਆਧਾਰ 'ਤੇ ਚਾਰਜ 200 ਰੁਪਏ ਤੋਂ 1,000 ਰੁਪਏ ਵਿਚਕਾਰ ਹੈ।
ਹਾਲਾਂਕਿ ਹਵਾਈ ਅੱਡੇ 'ਤੇ ਚੈੱਕ-ਇਨ ਸੁਵਿਧਾ ਮੁਫਤ ਹੋਵੇਗੀ। ਰਿਪੋਰਟਾਂ ਮੁਤਾਬਕ, ਸਪਾਈਸ ਜੈੱਟ ਦੀ ਘੱਟੋ-ਘੱਟ ਫੀਸ 99 ਰੁਪਏ ਹੈ। ਇਸ ਤੋਂ ਪਹਿਲਾਂ ਸਿਰਫ ਕੁਝ ਸੀਟਾਂ ਜਿਵੇਂ ਕਿ ਲੈਗਰੂਮ ਜਾਂ ਫਿਰ ਵਿੰਡੋ ਸੀਟ ਲਈ ਹੀ ਆਨਲਾਈਨ ਚੈੱਕ-ਇਨ ਚਾਰਜ ਦੇਣਾ ਪੈਂਦਾ ਸੀ ਪਰ ਇਨ੍ਹਾਂ ਏਅਰਲਾਈਨਸ ਨੇ ਹੁਣ ਸਭ ਸੀਟਾਂ 'ਤੇ ਵੈੱਬ-ਚੈੱਕ-ਇਨ ਲਈ ਚਾਰਜ ਲੈਣਾ ਸ਼ੁਰੂ ਕਰ ਦਿੱਤਾ ਹੈ। ਜਾਣਕਾਰਾਂ ਮੁਤਾਬਕ ਮੁਫਤ ਆਨਲਾਈਨ ਚੈੱਕ-ਇਨ ਸੁਵਿਧਾ ਖਤਮ ਹੋਣ ਨਾਲ ਮੁੰਬਈ ਤੇ ਦਿੱਲੀ ਵਰਗੇ ਸ਼ਹਿਰਾਂ 'ਚ ਹਵਾਈ ਅੱਡਿਆਂ 'ਤੇ ਦਬਾਅ ਵਧੇਗਾ। ਹਰ ਸੀਟ ਲਈ ਫੀਸ ਕਾਰਨ ਜ਼ਿਆਦਾ ਤੋਂ ਜ਼ਿਆਦਾ ਲੋਕ ਹਵਾਈ ਅੱਡੇ 'ਤੇ ਚੈੱਕ-ਇਨ ਕਰਨਗੇ। ਇਸ ਨਾਲ ਚੈੱਕ-ਇਨ ਲਾਈਨ ਹੋਰ ਲੰਬੀ ਹੋਵੇਗੀ ਤੇ ਏਅਰਲਾਈਨਸ ਨੂੰ ਹੋਰ ਕਾਊਂਟਰਾਂ ਦੀ ਵੀ ਵਿਵਸਥਾ ਕਰਨੀ ਪੈ ਸਕਦੀ ਹੈ।
ਪੰਜਾਬ ਦੇ ਲੋਕਾਂ ਨੂੰ ਰਾਹਤ, ਪੈਟਰੋਲ 80 ਰੁ: 'ਤੇ ਡਿੱਗਾ, ਡੀਜ਼ਲ 7 ਰੁਪਏ ਸਸਤਾ
NEXT STORY