ਨਵੀਂ ਦਿੱਲੀ : ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ. ਜੀ. ਸੀ. ਏ.) ਦੇ ਹੁਕਮਾਂ ਤੋਂ ਬਾਅਦ ਇੰਡੀਗੋ ਨੇ 31 ਮਈ, 2020 ਤੱਕ ਆਪਣੀ ਬੁਕਿੰਗ ਬੰਦ ਕਰ ਦਿੱਤੀ ਹੈ।
ਹੋਰ ਪ੍ਰਾਈਵੇਟ ਏਅਰਲਾਈਨਾਂ ਨੂੰ ਵੀ ਡੀ. ਜੀ. ਸੀ. ਏ. ਦੇ ਹੁਕਮਾਂ ਦੀ ਪਾਲਣਾ ਕਰਨੀ ਹੋਵੇਗੀ ਅਤੇ ਇਸ ਦੇ ਨਾਲ ਹੀ ਮਈ ਦੇ ਅੰਤ ਤੱਕ ਦੇਸ਼ ਅੰਦਰ ਉਡਾਣਾਂ ਦਾ ਸੰਚਾਲਨ ਮੁਅੱਤਲ ਰਹਿਣ ਦੀ ਸੰਭਾਵਨਾ ਹੈ, ਜਦ ਤੱਕ ਸਰਕਾਰ ਇਸ ਦੀ ਆਗਿਆ ਦੇਣ ਦਾ ਫੈਸਲਾ ਨਹੀਂ ਕਰਦੀ। ਇਸ ਤੋਂ ਪਹਿਲਾਂ ਰਾਸ਼ਟਰੀ ਜਹਾਜ਼ ਕੰਪਨੀ ਏਅਰ ਇੰਡੀਆ ਨੇ ਸ਼ਨੀਵਾਰ ਨੂੰ ਹੀ ਮਈ ਦੇ ਅੰਤ ਤੱਕ ਲਈ ਬੁਕਿੰਗ ਰੋਕ ਦਿੱਤੀ ਸੀ।
ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਰਾਸ਼ਟਰ ਪੱਧਰੀ ਲਾਕਡਾਊਨ ਦੀ ਮਿਆਦ 3 ਮਈ 2020 ਤੱਕ ਵਧਾਏ ਜਾਣ ਤੋਂ ਬਾਅਦ ਏਅਰਲਾਈਨਾਂ ਨੇ ਉਸ ਤੋਂ ਅਗਲੇ ਦਿਨਾਂ ਲਈ ਟਿਕਟਾਂ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਸੀ, ਇਹ ਮੰਨਦਿਆਂ ਕਿ ਫਲਾਈਟ ਸਰਵਿਸ ਮੁੜ ਤੋਂ ਸ਼ੁਰੂ ਹੋ ਜਾਵੇਗੀ। ਇਸ ਵਿਚਕਾਰ ਐਤਵਾਰ ਨੂੰ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ ਨੇ ਇਕ ਸਰਕੂਲਰ ਜਾਰੀ ਕੀਤਾ, ਜਿਸ ਵਿਚ ਸਾਰੀਆਂ ਏਅਰਲਾਈਨਾਂ ਨੂੰ ਇਹ ਹੁਕਮ ਜਾਰੀ ਕੀਤਾ ਗਿਆ ਕਿ ਉਹ ਤੁਰੰਤ ਟਿਕਟ ਬੁਕਿੰਗ ਬੰਦ ਕਰ ਦੇਣ। ਹਵਾਈ ਸਰਵਿਸ ਕਦੋਂ ਸ਼ੁਰੂ ਹੋਵੇਗੀ ਇਸ ਦੀ ਜਾਣਕਾਰੀ ਉਨ੍ਹਾਂ ਨੂੰ ਸਮਾਂ ਰਹਿੰਦੇ ਦੇ ਦਿੱਤੀ ਜਾਵੇਗੀ ਤਾਂ ਕਿ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ। ਅਗਲੇ ਹੁਕਮਾਂ ਤੱਕ ਟਿਕਟ ਬੁਕਿੰਗ ਬੰਦ ਰਹੇਗੀ।
ਕੋਵਿਡ-19 : ਬਿਨਾਂ ਤਖਨਾਹ ਛੁੱਟੀ 'ਤੇ ਭੇਜੇ ਜਾਣਗੇ ਸਪਾਈਸਜੈੱਟ ਦੇ ਕਰਮਚਾਰੀ
NEXT STORY